ਖ਼ਬਰ ਹੈ ਕਿ ਪੰਜਾਬ ਦੀ ਸਿਆਸਤ ਦਾ ਸਾਰਾ ਗਣਿਤ ਇੱਥੇ ਬਣੇ ਹਜ਼ਾਰਾਂ ਡੇਰਿਆਂ ਦੇ ਭਗਤਾਂ ਦੇ ਰੁਖ ਤੇ ਟਿਕਿਆ ਹੋਇਆ ਹੈ। ਡੇਰਾ ਸੱਚਾ ਸੌਦਾ, ਡੇਰਾ ਭਨਿਆਰਾਂਵਾਲਾ ਬਾਬਾ, ਰਾਧਾ ਸੁਆਮੀ ਡੇਰਾ, ਨਿਰੰਕਾਰੀ, ਨੂਰਮਹਿਲ ਡੇਰਾ, ਦਿਵਿਆ ਜੋਤੀ ਅਤੇ ਰੂਮੀ ਵਾਲਾ ਡੇਰਾ ਇਹਨਾ ਵਿਚੋਂ ਵਿਸ਼ੇਸ਼ ਹਨ। ਮੰਨਿਆ ਜਾਂਦਾ ਹੈ ਕਿ ਸੂਬੇ ਵਿੱਚ ਛੋਟੇ-ਵੱਡੇ 9000 ਡੇਰੇ ਹਨ। ਸਾਲ 1998 ਤੋਂ 2014 ਤੱਕ ਪੰਜਾਬ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਸਾਰੇ ਸਾਰੀਆਂ ਚੋਣਾਂ ਵਿੱਚ ਡੇਰਾ ਸੱਚਾ ਸੌਦਾ ਅਕਾਲੀ-ਭਾਜਪਾ ਗੱਠਬੰਧਨ ਦਾ ਸਮਰਥਨ ਕਰਦਾ ਰਿਹਾ ਹੈ, ਜਿਸ ਵਿੱਚ ਰੂਮੀ ਵਾਲੇ ਡੇਰੇ ਦਾ ਖਾਸ ਪ੍ਰਭਾਵ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਡੇਰੇ ਵਿੱਚ ਅਸ਼ੀਰਵਾਦ ਲੈਣ ਜਾਂਦੇ ਰਹੇ ਹਨ।
ਮੈਂ ਲਿਖ ਦੇਨਾਂ ਪਰ ਫਿਰ ਵੀ ਲੋਕ ਨਹੀਂ ਮੰਨਦੇ ਕਿ ਸਿਆਸੀ ਲੋਕ ਇੱਕ-ਮਿੱਕ ਨੇ, ਲੋਕਾਂ ਦੀਆਂ ਵੋਟਾਂ ਵਟੋਰਦੇ ਨੇ ਅਤੇ ਰਾਜਧਾਨੀ ਜਾਕੇ ਐਸ਼ਾਂ ਕਰਦੇ ਨੇ। ਮੈਂ ਲਿਖ ਦੇਨਾਂ ਪਰ ਫਿਰ ਵੀ ਲੋਕ ਨਹੀਂ ਮੰਨਦੇ ਹਨ ਕਿ ਕੁਰਸੀ ਬਚਾਉਣ, ਕੁਰਸੀ ਖੋਹਣ ਅਤੇ ਕੁਰਸੀ ਪ੍ਰਾਪਤ ਕਰਨ ਲਈ ਨੇਤਾ ਕੁਝ ਵੀ ਕਰਨ ਨੂੰ ਤਤਪਰ ਰਹਿੰਦੇ ਨੇ, ਪੈਸੇ ਖਰਚਦੇ ਨੇ, ਨਸ਼ਿਆਂ ਦੀ ਵਰਤੋਂ ਕਰਦੇ ਨੇ, ਸਾਮ, ਦਾਮ, ਦੰਡ ਤੇ ਹਥਿਆਰ ਦੀ ਵਰਤੋਂ ਕਰਦਿਆਂ ਰਤਾ ਵੀ ਨਹੀਂ ਝਿਜਕਦੇ।
ਮੈਂ ਲਿਖ ਦੇਨਾਂ ਪਰ ਫਿਰ ਵੀ ਲੋਕ ਨਹੀਂ ਮੰਨਦੇ ਕਿ ਵੱਡੇ-ਵੱਡੇ ਨੇਤਾ ਡੇਰਿਆਂ ਤੇ ਜਾਕੇ ਫਰਿਆਦਾਂ ਕਰਦੇ ਨੇ, ਨੱਕ ਰਗੜਦੇ ਨੇ, ਸਾਧਾਂ ਦੇ ਪੈਰ ਫੜ ਡੰਡੋਤ ਬੰਦਨਾ ਕਰਦੇ ਨੇ ਅਤੇ ਫਿਰ ਇਕੋ ਗੱਲ ਆਖਦੇ ਨੇ "ਬਾਬਿਓ ਰਤਾ ਮਿਹਰ ਦਾ ਹੱਥ ਰੱਖਿਓ'
ਤਦੇ ਤਾਂ ਭਾਈ, ਸਾਧ ਫਿਰ "ਬਖਸ਼ਸ਼ਾਂ ਕਰਦੇ ਨੇ ਚੇਲਿਆਂ ਤੇ। ਉਹਨਾ ਨੂੰ ਜਲਵਾ ਦਿਖਾਉਂਦੇ ਨੇ। ਉਹਨਾ ਦੇ ਪੱਲੇ ਕੁਰਸੀ ਪਾਉਂਦੇ ਨੇ ਤੇ ਫਿਰ ਕੁਰਸੀ ਵਾਲਿਆਂ ਤੋਂ ਆਪਣਾ ਮਨ-ਚਾਹਿਆ ਫਲ ਪਾਉਂਦੇ ਨੇ"। ਸੁਣੋ ਕਵੀਓ ਵਾਚ, "ਕਿਸੇ ਸਾਧ ਦਾ ਬਣ ਜਾ ਤੂੰ ਚੇਲਾ, ਫਿਰ ਜਾਣਗੇ ਸੱਜਣਾ ਦਿਨ ਤੇਰੇ'।
ਤਿੱਖੇ ਹਰ ਸਰਕਾਰ ਦੇ ਦੰਦ ਹੁੰਦੇ,
ਉਹਦਾ ਸੱਜਣੋ ਕੋਈ ਵੀ ਰੂਪ ਹੋਵੇ।
ਖ਼ਬਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਰਤਾਰਪੁਰ ਕਾਰੀਡੋਰ ਉਤੇ ਪਾਕਿਸਤਾਨ ਦਾ ਰਵੱਈਆ ਦੋਹਰਾ ਹੈ। ਉਹਨਾ ਕਿਹਾ ਕਿ ਸਾਡੇ ਲਈ ਕਰਤਾਰਪੁਰ ਕਾਰੀਡੋਰ ਦਾ ਉਦੇਸ਼ ਧਾਰਮਿਕ ਹੈ ਜਦਕਿ ਪਾਕਿਸਤਾਨ ਦਾ ਏਜੰਡਾ ਸਿਆਸੀ ਅਤੇ ਬਦਲਾਖੋਰੀ ਵਾਲਾ ਹੈ। ਉਹਨਾ ਨੇ ਪਾਕਸਿਤਾਨ ਦੇ 500 ਸਿੱਖਾਂ ਨੂੰ ਰੋਜ਼ਾਨਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਆਗਿਆ ਦੇਣਾ ਗਲਤ ਹੈ ਕਿਉਂਕਿ ਸਾਰੇ ਧਰਮਾਂ ਦੇ ਲੋਕ ਗੁਰੂ ਨਾਨਕ ਜੀ ਦੇ ਅਨੁਆਈ ਹਨ। ਉਹਨਾ ਕਿਹਾ ਕਿ ਪਾਕਸਿਤਾਨ ਸਰਕਾਰ ਦਾ ਏਜੰਡਾ ਸਿੱਖਾਂ ਦੀਆਂ ਭਾਵਨਾਵਾਂ ਦਾ ਦੋਹਨ ਕਰਨਾ ਹੈ।
ਸਰਕਾਰਾਂ ਬਾਰੇ ਕਿਸੇ ਕਵੀ ਨੇ ਸੱਚ ਹੀ ਲਿਖਿਆ ਹੈ, "ਚਿੱਟੇ ਰੰਗ ਦਾ ਬਗਲਾ ਖਾਏ ਡੱਡਾਂ, ਕਾਲ਼ੇ ਨਾਗ ਦਾ ਹੁੰਦਾ ਏ ਫ਼ਨ ਕਾਲਾ"। ਸਰਕਾਰਾਂ ਸੱਚਮੁੱਚ ਭਾਈ ਇਵੇਂ ਦੀਆਂ ਹੀ ਹੁੰਦੀਆਂ ਨੇ। ਵੇਖੋ ਨਾ ਜੀ ਭਾਰਤ ਦੀ ਸਰਕਾਰ 'ਰਾਮ ਮੰਦਰ' ਤੇ ਸਿਆਸਤ ਕਰ ਰਹੀ ਹੈ, ਲੋਕਾਂ ਦੇ ਜ਼ਜ਼ਬਿਆਂ ਨੂੰ ਉਭਾਰ ਰਹੀ ਆ ਅਤੇ ਹਿੰਦੀ, ਹਿੰਦੂ, ਹਿੰਦੋਸਤਾਨ ਦਾ ਰਾਗ ਅੰਦਰੋ ਗਤੀ ਅਲਾਪ ਰਹੀ ਆ।
ਵੇਖੋ ਨਾ ਜੀ ਪਾਕਸਿਤਾਨ ਦੀ ਸਰਕਾਰ ਬਾਰਾਂ ਕਰੋੜ ਗੁਰੂ ਨਾਨਕ ਲੇਵਾ- ਸ਼ਰਧਾਲੂਆਂ ਦੇ ਜ਼ਜ਼ਬਿਆਂ ਨਾਲ ਖੇਡ, ਦਰਸ਼ਨ, ਦੀਦਾਰਿਆਂ ਤੇ ਰੰਗ ਬਰੰਗੀਆਂ ਰੋਕਾਂ ਲਾ ਰਹੀ ਆ। ਬਾਬੇ ਨਾਨਕ ਦੇ ਖੇਤਾਂ, ਜੋ ਕਰਤਾਰਪੁਰ ਗੁਰਦੁਆਰਾ ਸਾਹਿਬ ਦੀ ਮਾਲਕੀ ਵਾਲੇ ਸਨ, ਹਥਿਆ ਕੇ ਉਹ ਕਾਰੋਬਾਰੀਆਂ ਹੱਥ ਸੌਂਪ ਰਹੀ ਆ, ਤਾਂ ਕਿ ਗੁਰੂ ਨਾਨਕ ਜੀ ਦੇ ਸ਼ਰਧਾਲੂਆਂ ਦੀਆਂ ਜੇਬਾਂ ਫੋਲੀਆਂ ਜਾ ਸਕਣ।
ਬੜੀਆਂ ਹੀ ਡਾਹਢੀਆਂ ਹਨ ਸਰਕਾਰਾਂ । ਸਰਕਾਰਾਂ ਭਾਵੇਂ ਇਧਰਲੀਆਂ ਨੇ, ਸਰਕਾਰਾਂ ਭਾਵੇਂ ਉਧਰਲੀਆਂ ਨੇ, ਭਾਈ ਬੱਸ ਉਹ ਲੋਕਾਂ ਦਾ ਵਢਾਂਗਾਂ ਕਰਦੀਆਂ ਨੇ ਅਤੇ ਆਪਣੇ ਢਿੱਡ ਭਰਦੀਆਂ ਨੇ। ਤਦੇ ਕਵੀ ਨੇ ਸੱਚ ਲਿਖਿਆ ਆ, "ਤਿੱਖੇ ਹਰ ਸਰਕਾਰ ਦੇ ਦੰਦ ਹੁੰਦੇ,ੳਹਦਾ ਸੱਜਣੋ ਕੋਈ ਵੀ ਰੂਪ ਹੋਵੇ"।
ਰਾਸ਼ਟਰਵਾਦ ਮਖੌਟਾ ਹੈ ਚਿਹਰਿਆਂ ਤੇ, ਉਤੋਂ ਮੋਰ ਨੇ ਵਿਚੋਂ ਪਰ ਗਿੱਧ ਯਾਰੋ!
ਖ਼ਬਰ ਹੈ ਕਿ ਬਾਲਾਕੋਟ (ਪਾਕਿਸਤਾਨ) ਅਤੇ ਪੁਲਾਵਾਮਾ (ਹਿੰਦੋਸਤਾਨ) ਦੀਆਂ ਘਟਨਾਵਾਂ ਦੇ ਆਸਰੇ ਕੇਂਦਰ ਸਰਕਾਰ ਨੇ ਰਾਸ਼ਟਰਵਾਦ ਬਨਾਮ ਆਤੰਕਵਾਦ ਦੇ ਮੁੱਦੇ ਨੂੰ ਉਭਾਰਿਆ ਹੈ ਅਤੇ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਪਿੜ ਬੰਨ੍ਹ ਲਿਆ ਹੈ। 13 ਫਰਵਰੀ 2019 ਤੋਂ ਪ੍ਰਧਾਨ ਮੰਤਰੀ ਨੇ 155 ਯੋਜਨਾਵਾਂ ਦੀ ਜਾਂ ਤਾਂ ਸ਼ੁਰੂਆਤ ਕੀਤੀ ਹੈ ਜਾਂ ਵੱਖੋ-ਵੱਖਰੇ ਥਾਵਾਂ ਉਤੇ ਜਾਕੇ ਨੀਂਹ ਪੱਥਰ ਰੱਖੇ ਹਨ, ਉਦਘਾਟਨ ਕੀਤੇ ਹਨ। ਅਪ੍ਰੈਲ 11 ਤੋਂ ਦੇਸ਼ ਵਿੱਚ ਚੋਣਾਂ ਹਨ ਅਤੇ 90 ਕਰੋੜ ਵੋਟਰ ਇਹਨਾ ਚੋਣਾਂ ਵਿੱਚ ਵੋਟਾਂ ਪਾਉਣਗੇ ਅਤੇ ਸਰਕਾਰ ਚੁਨਣਗੇ।
ਹਿੰਦੋਸਤਾਨ ਦੇ ਪੁਲਵਾਮਾ 'ਚ 'ਜੁਆਨ' ਮਾਰੇ ਗਏ, ਬਾਲਾਕੋਟ 'ਚ ਫੌਜੀ ਸਟਰਾਈਕ ਕੀਤੀ ਗਈ। ਆਤੰਕਵਾਦ ਖਤਮ ਕਰਨ ਲਈ ਵੱਡੇ-ਵੱਡੇ ਲੈਕਚਰ ਦਿੱਤੇ ਗਏ। ਲੋਕਾਂ ਨੂੰ ਜੰਗ ਲਈ ਤਿਆਰ ਕੀਤਾ ਗਿਆ। ਪਰ ਜਦ ਮਕਸਦ ਹੱਲ ਹੋ ਗਿਆ, ਲੋਕਾਂ ਨੂੰ ਸ਼ਾਂਤ ਕਰ ਦਿੱਤਾ ਗਿਆ। 56 ਇੰਚ ਦੀ ਚੌੜੀ ਛਾਤੀ, ਅੱਗ ਉਗਲਣ ਤੋਂ ਬਾਅਦ ਸ਼ਾਂਤ ਹੋ ਗਈ। ਹੈ ਕਿ ਨਾ?
ਯਾਦ ਆ ਭਾਈ ਕਿ ਹਿੰਦੋਸਤਾਨ 'ਚ ਭੀੜਾਂ ਕਿਵੇਂ ਬਿਨਾਂ ਕਾਰਨ ਬੰਦਿਆਂ ਨੂੰ ਕੁੱਟ-ਕੁੱਟ ਕੇ ਮਾਰ ਦਿੰਦੀਆਂ ਨੇ। ਯਾਦ ਆ ਭਾਈ ਕਿ ਹਿੰਦੋਸਤਾਨ 'ਚ ਧਰਮ ਦੇ ਨਾਮ ਉਤੇ ਦੰਗੇ ਹੁੰਦੇ ਨੇ, ਤੇ ਸਾੜ ਫੂਕ, ਅੱਗਜਨੀ, ਕਤਲੋਗਾਰਤ ਨਾਲ ਵਿਰੋਧੀਆਂ ਦੇ ਮੂੰਹ ਉਤੇ ਚੇਪੀ ਲਾ ਦਿੱਤੀ ਜਾਂਦੀ ਆ।
ਯਾਦ ਆ ਭਾਈ ਕਿ ਵਿਜੈ ਮਾਲਿਆ, ਨੀਰਵ ਮੋਦੀ ਭਾਰਤੀ ਧਨ ਲੈਕੇ ਤੁਰ ਜਾਂਦੇ ਹਨ ਤੇ ਸਰਕਾਰ ਦੇਖਦੀ ਰਹਿ ਜਾਂਦੀ ਆ। ਯਾਦ ਆ ਭਾਈ ਕਿ ਵਿਰੋਧੀ ਦੇ ਪੋਤੜੇ ਸਰਕਾਰ ਫੋਲਦੀ ਆ, ਪਰ ਆਪ ਹਵਾਈ ਜਹਾਜ਼ ਰਾਫੇਲ ਦੇ ਸੌਦੇ 'ਤੇ 'ਚੁੱਪ' 'ਚੁੱਪ' ਦਿਖਾਈ ਦਿੰਦੀ ਆ।
ਰਾਸ਼ਟਰਵਾਦ, ਆਤੰਕਵਾਦ, ਤਾਂ ਪੌੜੀ ਦੇ ਡੰਡੇ ਹਨ, ਜਿਹਨਾ ਆਸਰੇ ਭਾਈ ਹਾਕਿਮ ਮੁੜ ਛੱਤ ਤੇ ਚੜ੍ਹਦੇ ਆ। ਲੋਕਾਂ ਨੂੰ ਲੁੱਟਦੇ ਆ। ਲੋਕਾਂ ਨੂੰ ਭੁੱਖੇ ਮਾਰਦੇ ਆ ਅਤੇ ਆਪ ਮੌਜਾਂ ਕਰਦੇ ਆ। ਕਵੀ ਦੀਆਂ ਲਿਖੀਆਂ ਸਤਰਾਂ "ਰਾਸ਼ਟਰਵਾਦ ਮਖੌਟਾ ਹੈ ਚਿਹਰਿਆਂ 'ਤੇ, ਉਤੋਂ ਮੋਰ ਨੇ ਵਿਚੋਂ ਪਰ ਗਿੱਧ ਯਾਰੋ" ਕੀ ਸੱਚ ਨਹੀਂ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਇੰਟਰਨੈਟ ਦੀ ਰਫ਼ਤਾਰ ਦੇ ਮਾਮਲੇ 'ਚ ਭਾਰਤ ਦਾ 111ਵਾਂ ਸਥਾਨ ਹੈ, ਜਦਕਿ ਦੇਸ਼ ਦੀ ਲਗਭਗ ਇੱਕ ਤਿਹਾਈ ਆਬਾਦੀ ਇਸਦੀ ਵਰਤੋਂ ਕਰਦੀ ਹੈ।
ਇੰਟਰਨੈਟ ਦੀ ਰਫ਼ਤਾਰ ਦੇ ਮਾਮਲੇ ਤੇ ਆਈਸਲੈਂਡ ਦਾ ਪਹਿਲਾ ਸਥਾਨ ਹੈ। ਭਾਰਤ 'ਚ ਇੰਟਰਨੈਟ ਦੀ ਰਫ਼ਤਾਰ 9.9 ਐਮ ਬੀ ਪੀ ਐਸ ਹੈ ਜਦਕਿ ਆਈਸਲੈਂਡ 'ਚ ਰਫ਼ਤਾਰ 72.5, ਅਮਰੀਕਾ ਵਿੱਚ 3.12, ਬਰਤਾਨੀਆ ਵਿੱਚ 28.3 ਐਮ ਬੀ ਪੀ ਐਸ ਹੈ।
ਇੱਕ ਵਿਚਾਰ
ਔਰਤਾਂ ਦੁਨੀਆ ਵਿੱਚ ਪ੍ਰਤੀਭਾ ਦਾ ਸਭ ਤੋਂ ਵੱਡਾ ਭੰਡਾਰ ਹਨ , ਜਿਹਨਾ ਦੀ ਵਰਤੋਂ ਨਹੀਂ ਕੀਤੀ ਗਈ।...............ਹਿਲੇਰੀ ਕਲਿੰਟਨ
-
ਗੁਰਮੀਤ ਪਲਾਹੀ, ਲੇਖਕ ਤੇ ਕਾਲਮਨਿਸਟ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.