ਜੇਕਰ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਸਿਆਸਤਦਾਨਾਂ ਨੂੰ ਸਿਆਸਤ ਵਿੱਚ ਕਾਮਯਾਬ ਰਹਿਣ ਲਈ ਇੱਕ ਇੱਕ ਵੋਟ ਨੀਂਹ ਪੱਥਰ ਦਾ ਕੰਮ ਕਰਦੀ ਹੈ,ਪਰ ਜੇਕਰ ਗੱਲ ਵੋਟਾਂ ਦੀ ਹੈ ਤਾਂ ਵੋਟ ਪਿਆਰੀ ਹੁੰਦੀ ਹੈ ਜਾਂ ਵੋਟਰ ?ਪਰ ਵੋਟ ਵੀ ਤਾਂ ਹੈ ਜੇ ਵੋਟਰ ਹੈ,ਜੇ ਵੋਟ ਪਿਆਰੀ ਹੈ ਤਾਂ ਵੋਟਰ ਕਿਉਂ ਨਹੀਂ?ਕਦੇ ਕਦੇ ਤਾਂ ਇਹ ਗੱਲ ਸੋਚਣ ਲਈ ਮਜ਼ਬੂਰ ਕਰ ਦਿੰਦੀ ਹੈ ਕਿ ਅਸੀਂ ਪੰਜਾਬ ਵਾਸੀ ਜਾਂ ਭਾਰਤ ਵਾਸੀ ਇਹਨਾਂ ਸਿਆਸਤਦਾਨਾਂ ਲਈ ਕਿ ਅਹਿਮੀਅਤ ਰੱਖਦੇ ਹਾਂ, ਜਾਂ ਤਾਂ ਕੁੱਝ ਵੀ ਨਹੀਂ ਜਾਂ ਬਹੁਤ ਕੁੱਝ ਪਰ ਸਾਡੀ ਵੋਟਰਾਂ ਦੀ ਔਕਾਤ ਕਿ ਹੈ?ਜੇ ਵੋਟਰਾਂ ਦੀ ਔਕਾਤ ਨਹੀਂ ਤਾਂ ਫੇਰ ਸਿਆਸਤਦਾਨਾਂ ਦੀ ਵੀ ਔਕਾਤ ਕਿ ਹੈ ?ਕਿ ਕੋਈ ਸਾਨੂੰ ਹਰ ਵਾਰ ਸਿਰਫ਼ ਤੇ ਸਿਰਫ਼ ਇੱਕ ਨੈਪਕਿਨ ਵਾਂਗੂ ਵਰਤਣ ਤੇ ਸੁੱਟ ਦੇਣ ਕਿ ਅਸੀਂ ਵੋਟਰ ਇਸੇ ਦੇ ਕਾਬਿਲ ਹਾਂ ਜਾਂ ਕੋਈ ਹੋਰ ਵੀ ਪਾਵਰ ਰੱਖਦੇ ਹਾਂ।
ਪਤਾ ਨਹੀਂ ਕਿਉਂ ਅਸੀਂ ਆਪਣੇ ਦੇਸ ਦੇ ਹੀ ਵਾਸੀ ਹੋਕੇ ਪਰਾਇਆ ਵਰਗੀ ਜ਼ਿੰਦਗੀ ਬਿਤਾ ਰਹੇ ਹਾਂ, ਕਿਉ ਹਰੇਕ ਮੰਗ ਨੂੰ ਜਾਂ ਲੋੜ ਲਈ ਸਾਨੂੰ ਤਰਲੇ ਮਿੰਨਤਾਂ ਕਰਨੀਆਂ ਪੈਂਦੀਆਂ ਹਨ ਜਾਂ ਧਰਨੇ ਲਾਕੇ ਆਪਣੇ ਹੱਕ ਮਨਾਉਣੇ ਪੈਂਦੇ ਹਨ,ਜ਼ਰਾ ਸੋਚੋ ਕਿ ਇਸ ਲੋਕਤੰਤਰ ਦੇ ਹੁੰਦਿਆਂ ਅਸੀਂ ਫੇਲ ਹੋਏ ਜਾ ਇਹ ਸਿਆਸੀ ਬੰਦੇ ਪਰ ਜੋ ਵੀ ਹੋਵੇ ਨਰਕ ਤਾਂ ਆਮ ਬੰਦੇ ਹੀ ਭੋਗ ਰਹੇ ਹਨ, ਆਖਿਰ ਕਦੋ ਤੱਕ ਇਹੋ ਜੇਹੀ ਜ਼ਿੰਦਗੀ ਬਿਤਾਉਣੀ ਪਵੇਗੀ।ਇੱਕ ਗੱਲ ਦਿਲ ਦਿਮਾਗ ਵਿੱਚ ਇਹ ਵੀ ਘਰ ਕਰ ਗਈ ਹੈ, ਕਿ ਸਰਕਾਰਾਂ ਨੂੰ ਤੇ ਸਿਆਸਤ ਦੇ ਭੁਖਿਆਂ ਨੂੰ ਵੋਟਰਾਂ ਜਾਂ ਲੋਕਾਂ ਦੀ ਯਾਦ ਚੋਣਾਂ ਦੇ ਹੀ ਨੇੜੇ ਕਿਉ ਆਉਂਦੀ ਹੈ,ਪਰ ਸਾਡੇ ਲੋਕ ਵੀ ਅਕਲ ਵਾਜੋ ਪੈਦਲ ਹੀ ਲੱਗਦੇ ਹਨ,ਜਿਨ੍ਹਾਂ ਨੂੰ ਐਨੀਆਂ ਚਪੇੜਾਂ ਪੈਣ ਦੇ ਬਾਅਦ ਵੀ ਕੋਈ ਸੂਰਤ ਨਹੀਂ ਆਈ।ਹੁਣ ਤੁਸੀਂ ਆਪੇ ਸੋਚੋ ਮੂਰਖ਼ ਕੌਣ ਤੇ ਚਲਾਕ ਕੌਣ?
ਮੈ ਤਾਂ ਸੋਚਦਾ ਸੀ ਕਿ ਭੋਲ਼ੇ ਲੋਕ ਪਿੰਡਾਂ ਵਿੱਚ ਹੀ ਹਨ ਜੋ ਪਿੰਡ ਦੇ ਸਰਪੰਚ ਪੰਚ ਦੀਆਂ ਗੱਲਾਂ ਵਿੱਚ ਆਕੇ ਆਪਣੇ ਕੀਮਤੀ ਵੋਟ ਉਹਨਾਂ ਦੇ ਕਹੇ ਅਨੁਸਾਰ ਪਾ ਦਿੰਦੇ ਹਨ,ਪਰ ਜੇਕਰ ਨਿਗ੍ਹਾ ਮਾਰੀਏ ਤਾਂ ਸਾਰਾ ਆਵਾ ਹੀ ਊਤ ਹੋਇਆ ਫਿਰਦਾ ਹੈ ਨਾ ਕਿਸੇ ਚੰਗੇ ਦੀ ਪਛਾਣ ਰਹੀ ਨਾ ਹੀ ਬੁਰੇ ਦੀ ਪਤਾ ਨਹੀਂ ਕਿਹੜੇ ਭ੍ਰਿਸ਼ਟ ਲੀਡਰਾਂ ਦੇ ਕੰਮਾਂ ਨੂੰ ਵੋਟਾਂ ਪਾਈ ਜਾਂਦੇ ਹਨ, ਆਪਣੇ ਅਸਲ ਹੱਕ ਭੁਲੀ ਬੈਠੇ ਹਨ ਤੇ ਫੋਕੀ ਸ਼ੋਹਰਤ ਵਿੱਚ ਫੁਲੇ ਨਹੀਂ ਸਮਾਉਂਦੇ,ਜੋ ਆਪਣੇ ਸਹੀ ਗਲਤ ਦੀ ਪਛਾਣ ਨਾ ਕਰ ਸਕੇ ਹੋਣ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਗਾਉਣਾ ਕਿ ਕਦੇ ਉਹ ਲੋਕ ਜਾਂ ਵੋਟਰਾਂ ਵਿੱਚ ਜਾਗਰੂਕਤਾ ਪੈਦਾ ਹੋ ਪਾਵੇਗੀ ਜਾ ਨਹੀਂ?
ਇਹਨਾਂ ਆਮ ਲੋਕਾਂ ਦੀਆਂ ਵੋਟਾਂ ਤੇ ਬਹੁਤ ਸਾਰੇ ਮੋਹਰੀ ਬੰਦੇ ਆਪਣਾ ਉੱਲੂ ਸਿੱਧਾ ਕਰ ਲੈਂਦੇ ਹਨ ਤੇ ਪਿੱਛੇ ਰਹਿ ਜਾਂਦਾ ਪਛਤਾਵਾ ਕਿਉ ਕਿ ਅੱਜ ਵੀ ਬਹੁਤ ਸਾਰੇ ਲੋਕਾਂ ਆਪਣੇ ਅਸਲ ਅਧਿਕਾਰਾਂ ਤੋਂ ਸੱਖਣੇ ਤੇ ਅਣਜਾਣ ਹਨ,ਕਿ ਇਹਨਾਂ ਵੋਟਰਾਂ ਵਿੱਚ ਸਾਖ਼ਰਤਾ ਦੀਆਂ ਲਹਿਰਾਂ ਉੱਠ ਸਕਣਗੀਆਂ ਕਿ ਨਹੀਂ?ਇਹਨਾਂ ਦੇ ਮੂੰਹ ਜ਼ੁਬਾਨ ਹੁੰਦਿਆਂ ਵੀ ਗੁੰਗੇ ਬੋਹਲੇ ਕਦੋਂ ਤੱਕ ਬਣੇ ਰਹਿਣਗੇ, ਉਮੀਦ ਕਰਦੇ ਹਾਂ ਕਿ ਮੇਰੇ ਪੰਜਾਬ ਦਾ ਵੋਟਰ ਸਿਆਣਾ ਹੋ ਜਾਵੇ ਲਾਲਚ ਤੋਂ ਰਹਿਤ ਹੋ ਜਾਵੇ,ਇਹਨਾਂ ਸਿਆਸੀ ਬੰਦਿਆਂ ਤੋਂ ਸਵਾਲ ਪੁੱਛਣ ਵਾਲਾ ਹੋ ਜਾਵੇ ਤਾਂ ਹੀ ਪੰਜਾਬ ਦਾ ਸੁਧਾਰ ਹੋ ਸਕਦਾ ਨਹੀਂ ਤਾਂ ਸਾਡੇ ਲੋਕਾਂ ਦਾ ਹਾਲ ਸਹਿਦ ਦੀਆਂ ਮੱਖੀਆਂ ਵਾਲਾ ਹੀ ਹੁੰਦਾ ਹੈ ,ਜਿਵੇ ਮੱਖੀਆਂ ਰਲਕੇ ਤਰਾਂ ਤਰਾਂ ਦੇ ਫੁੱਲਾਂ ਤੋਂ ਸਹਿਦ ਬਣਾਉਂਦੀਆਂ ਹਨ ਤੇ ਸ਼ਿਕਾਰੀ ਇੱਕ ਪਲ ਵਿੱਚ ਹੀ ਸਾਰਾ ਸਹਿਦ ਲੈਕੇ ਉਹ ਗਿਆ ਉਹ ਗਿਆ, ਇਹ ਹੀ ਹਾਲ ਸਾਡੇ ਵੋਟਰਾਂ ਦਾ ਹੈ,ਵੋਟਰ ਵੋਟ ਨੂੰ ਇੱਕ ਵੋਟ ਨਾ ਸਮਝਣ ਉਸ ਨਾਲ ਸਾਡੇ ਸਭ ਦੇ ਅਰਮਾਣ ਜੁੜੇ ਹੁੰਦੇ ਹਨ ਆਉਣ ਵਾਲੇ ਸਮੇਂ ਦੀਆਂ ਉਮੀਦਾਂ ਹੁੰਦੀਆਂ ਹਨ,ਜੋ ਵੀ ਚੁਣੋ ਅੱਖਾਂ ਖੋਲਕੇ ਚੁਣੋ ਤੇ ਵਧੀਆ ਹੀ ਬੰਦੇ ਅੱਗੇ ਆਉਣੇ ਚਾਹੀਦੇ ਹਨ ਤਾਂ ਹੀ ਸੁਧਾਰ ਦੀ ਉਮੀਦ ਰੱਖ ਸਕਦੇ ਹਾਂ ਨਹੀਂ ਤਾਂ ਰੱਬ ਹੀ ਰਾਖਾ ਹੈ ਤੇ ਕੈਹ ਸਕਦੇ ਕਿ "ਦੱਸੀ ਵੇ ਪੰਜਾਬ ਸਿਆਂ ਤੇਰਾ ਅੱਗੇ ਕੀਏ ਹੋਣਾ"
-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.