ਇੰਗਲੈਂਡ ਵੱਸਦੇ ਸ: ਨਰਪਾਲ ਸਿੰਘ ਸ਼ੇਰਗਿੱਲ ਅੰਤਰ ਰਾਸ਼ਟਰੀ ਅਖ਼ਬਾਰਾਂ, ਮੈਗਜ਼ੀਨਜ਼, ਰੇਡੀਓ ਟੀ ਵੀ ਚੈਨਲਜ਼ ਦੇ ਪੱਤਰਕਾਰ ਲੰਮੇ ਸਮੇਂ ਤੋਂ ਇੰਡੀਅਨਜ਼ ਐਬਰੌਡ ਨਾਂ ਦੀ ਡਾਇਰੈਕਟਰੀ ਪ੍ਰਕਾਸ਼ਿਤ ਕਰਦੇ ਹਨ।
ਇਸ ਸਾਲ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ 550 ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਲੇਖਾਂ ਭਰਪੂਰ ਵਿਸ਼ੇਸ਼ ਅੰਕ ਛਾਪਿਆ ਹੈ।
ਅੱਜ ਹੀ ਇਸ ਦਾ ਸੱਜਰਾ ਅੰਕ ਸੱਤ ਸਮੁੰਦਰੋਂ ਪਾਰ ਮੈਗਜ਼ੀਨ ਦੇ ਮੁੱਖ ਸੰਪਾਦਕ ਇੰਦਰਜੀਤ ਸਿੰਘ ਹੱਥ ਇਸ ਦੀਆਂ ਚਾਰ ਕਾਪੀਆਂ ਮਿਲੀਆਂ ਨੇ। ਇੱਕ ਮੇਰੇ ਲਈ, ਇੱਕ ਕਲਕੱਤਾ ਵੱਸਦੇ ਖੋਜੀ ਵਿਦਵਾਨ ਲੇਖਕ ਜਗਮੋਹਨ ਸਿੰਘ ਗਿੱਲ ਲਈ, ਇੱਕ ਕਾਪੀ ਸਰੀ ਕੈਨੇਡਾ ਵੱਸਦੇ ਸ਼ਾਇਰ ਮਿੱਤਰ ਮੋਹਨ ਗਿੱਲ ਲਈ, ਜਿਸ ਨੇ ਪਰਸੋਂ ਵਾਪਸ ਜਾਣਾ ਹੈ ਕੈਨੇਡਾ।
ਚੌਥੀ ਕਾਪੀ ਕਿਸੇ ਅਰਥਵਾਨ ਦੋਸਤ ਲਈ ਹੈ। ਮੈਂ ਅਜੇ ਅਰਥਵਾਨ ਦੋਸਤ ਨੂੰ ਲੱਭ ਹੀ ਰਿਹਾ ਸਾਂ ਕਿ ਮਾਰਕਫੈੱਡ ਦਾ ਹਿੰਮਤੀ ਤੇ ਵਿਵੇਕਸ਼ੀਲ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਜਸਵਿੰਦਰ ਭੱਲਾ ਦਾ ਹਮ ਪੱਲਾ ਬਾਲ ਮੁਕੰਦ ਸ਼ਰਮਾ ਘਰ ਆ ਗਿਆ। ਨਾਲ ਤੇਜਿੰਦਰ ਸਿੰਘ ਗਿੱਲ ਵੀ ਸੀ, ਮੇਰੇ ਬੇਲੀ ਭਗਵਾਨ ਸਿੰਘ ਦਾ ਪੁੱਤਰ। ਮਾਰਕਫੈੱਡ ਦਾ ਉਤਸ਼ਾਹੀ ਨੌਜਵਾਨ ਅਧਿਕਾਰੀ।
ਚੌਥੀ ਕਾਪੀ ਮੈਂ ਬਾਲ ਮੁਕੰਦ ਨੂੰ ਸੌਪ ਦਿੱਤੀ ਕਿਉਂਕਿ ਉਹ ਮਾਰਕਫੈੱਡ ਦਾ ਵਿਸ਼ਵ ਵਪਾਰ ਕੰਮ ਕਾਜ ਵੀ ਦੇਖਦਾ ਹੈ। ਉਹ ਬੜਾ ਪ੍ਰਸੰਨ ਹੋਇਆ ਇਹ ਜਾਣਕਾਰੀ ਭਰਪੂਰ ਤੋਹਫਾ ਲੈ ਕੇ।
ਸਰੀ ਕੈਨੇਡਾ ਚ ਇਹ ਡਾਇਰੈਕਟਰੀ 19 ਮਾਰਚ ਨੂੰ ਲੋਕ ਅਰਪਨ ਹੋ ਰਹੀ ਹੈ ਮੋਹਨ ਦੇ ਪਹੁੰਚਣ ਮਗਰੋਂ।
ਭਾਰਤ ਚ ਫਗਵਾੜਾ ਵਿਖੇ ਗੁਰਮੀਤ ਪਲਾਹੀ ਤੇ ਹੋਰ ਦੋਸਤ ਕਰ ਚੁਕੇ ਹਨ।
ਗੁਰਮੀਤ ਮੁਤਾਬਕ ਇਹ ਡਾਇਰੈਕਟਰੀ ਸਮੁੰਦਰੋਂ ਪਾਰ ਦੇ ਪੰਜਾਬੀ ਸੰਸਾਰ ਦੀ ਪੂਰੀ ਵਿਸ਼ਵ ਪਰਿਕਰਮਾ ਹੈ।
ਨਰਪਾਲ ਸਿੰਘ ਸ਼ੇਰਗਿੱਲ ਵਰਗੇ ਹਿੰਮਤੀ ਜੀਅ ਵਿਰਲੇ ਨੇ।
ਇਸ ਚ ਗੁਰੂ ਨਾਨਕ ਦੇਵ ਜੀ ਬਾਰੇ ਗਿਆਨ ਸਮੱਗਰੀ ਤਾਂ ਭਰਪੂਰ ਹੈ ਹੀ, ਵਿਸ਼ਵ ਦੇ ਮਹੱਤਵਪੂਰਨ ਗੁਰੂ ਘਰ, ਵਿਦਿਅਕ, ਸਾਹਿੱਤਕ, ਸਭਿਆਚਾਰਕ ਸਿਆਸੀ ਤੇ ਸਮਾਜਿਕ ਵਿਅਕਤੀ ਤੇ ਉਨ੍ਹਾਂ ਦੇ ਅਤੇ ਪਤੇ ਵੀ ਅੰਕਿਤ ਹਨ।
ਵਧੀਆ ਰੇਸ਼ਮੀ ਕਾਗ਼ਜ਼ ਤੇ408 ਪੰਨਿਆਂ ਦੀ ਵੱਡ ਆਕਾਰੀ ਪੁਸਤਕ ਦਾ ਸਵਾਗਤ ਹੈ।
ਇਸ ਵਿੱਚ ਜਗਮੋਹਨ ਸਿੰਘ ਗਿੱਲ , ਡਾ: ਤਾਰਾ ਸਿੰਘ ਆਲਮ,ਡਾ: ਮਨਜੀਤ ਸਿੰਘ ਬੱਲ, ਹਰਗੁਣਪ੍ਰੀਤ ਸਿੰਘ,ਪਰਮਿੰਦਰ ਸਿੰਘ ਸ਼ੌਕੀ,ਬਿੱਟੂ ਖੰਗੂੜਾ,ਜਰਨੈਲ ਸਿੰਘ ਆਰਟਿਸਟ, ਐੱਸ ਬਲਵੰਤ,ਸੰਤੋਖ ਸਿੰਘ ਭੁੱਲਰ, ਉਜਾਗਰ ਸਿੰਘ,ਸਰਦੂਲ ਸਿੰਘ ਮਰਵਾ,ਅਜ਼ੀਮ ਸ਼ੇਖਰ, ਡਾ: ਆਸਾ ਸਿੰਘ ਘੁੰਮਣ ਪ੍ਰੋ: ਸ਼ਿੰਗਾਰਾ ਸਿੰਘ ਢਿੱਲੋਂ,ਭੁਪਿੰਦਰ ਸਿੰਘ ਹਾਲੈਂਡ,ਬਘੇਲ ਸਿੰਘ ਧਾਲੀਵਾਲ,ਡਾ: ਹਰਸ਼ਿੰਦਰ ਕੌਰ ਐੱਮ ਡੀ,ਗੁਰਮੀਤ ਸੰਧੂ,ਬਿੰਦੂ ਮਠਾਰੂ,ਡਾ: ਸ਼ਿਆਮ ਸੁੰਦਰ ਦੀਪਤੀ,ਡਾ: ਹਰਕੇਸ਼ ਸਿੰਘ ਸਿੱਧੂ,ਨਰਿੰਜਨ ਸਿੰਘ ਸਾਥੀ,ਡਾ: ਜਸਵੰਤ ਸਿੰਘ ਬੱਗਰਾਂ,ਪ੍ਰਿੰਸੀਪਲ ਡਾ: ਸੁਜਿੰਦਰ ਸਿੰਘ ਸੰਘਾ,ਪ੍ਰੋ: ਜਸਵੰਤ ਸਿੰਘ ਗੰਢਮ,ਡਾ: ਹਰਪਾਲ ਸਿੰਘ ਪੰਨੂ,ਅਵਤਾਰ ਸਿੰਘ ਗੈਰਤ ਤੇ ਸਿਮਰਜੀਤ ਸਿੰਘ ਸੰਪਾਦਕ ਗੁਰਮਤਿ ਪ੍ਰਕਾਸ਼ ਵਰਗੇ ਲੇਖਕਾਂ ਦੇ ਲੇਖ ਤੇ ਸ: ਜਰਨੈਲ ਸਿੰਘ ਆਰਟਿਸਟ ਦੀਆਂ ਦੁਰਲੱਭ ਰੰਗੀਨ ਪੇਟਿੰਗਜ਼ ਦੇ ਉਤਾਰੇਛਾਪੇ ਗਏ ਹਨ।
ਇੰਗਲੈਂਡ ਤੋਂ ਅੱਜ ਹੀ ਸ਼ੇਰਗਿੱਲ ਜੀ ਨੇ ਦੱਸਿਆ ਕਿ ਸਾਲ 2020 ਦੀ ਡਾਇਰੈਕਟਰੀ ਉਹ ਸਿੱਖ ਵਿਰਾਸਤ ਬਾਰੇ ਤਿਆਰ ਕਰ ਰਹੇ ਹਨ।
ਮੇਰਾ ਸੁਝਾਅ ਹੈ ਕਿ 2021 ਦੀ ਡਾਇਰੈਕਟਰੀ ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਦੀ ਸ਼ਤਾਬਦੀ ਨੂੰ ਧਿਆਨ ਚ ਰੱਖ ਕੇ ਵਿਉਂਤੀ ਜਾਵੇ।
ਨਰਪਾਲ ਸਿੰਘ ਸ਼ੇਰਗਿੱਲ ਟੀਮ ਦੀ
ਹਿੰਮਤ ਨੂੰ ਸਲਾਮ!
ਇਹੋ ਜਹੇ ਵਡੇਰੇ ਕਾਰਜਾਂ ਕਾਰਨ ਮੇਰਾ ਦਿਲ ਕਰਦੈ ਨਰਪਾਲ ਸਿੰਘ ਨੂੰ ਬੱਬਰਸ਼ੇਰ ਗਿੱਲ ਕਹਾਂ।
ਗੁਰਭਜਨ ਗਿੱਲ
15.3.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.