ਜੱਦੀ ਪਿੰਡ ਸੰਗ ਢੇਸੀਆਂ(ਜਲੰਧਰ) ਤੋਂ ਉਸਦੇ ਮਾਪੇ ਕਦੋਂ ਅਫ਼ਰੀਕਾ ਗਏ, ਉਸ ਨੂੰ ਕੱਖ ਵੀ ਯਾਦ ਨਹੀਂ। ਉਹ ਓਥੇ ਜੰਮਿਆ 15 ਜੁਲਾਈ 1934 ਚ। ਮਾਪਿਆਂ ਨੇ ਨਾਮ ਗੁਰਬਖ਼ਸ਼ ਸਿੰਘ ਰੱਖਿਆ। ਨਾਲ ਪੜ੍ਹਦੇ ਅਫ਼ਰੀਕਨ ਬੱਚਿਆਂ ਨੇ ਬੱਕ ਕਰ ਲਿਆ ਤੇ ਰਹਿੰਦੀ ਉਮਰ ਗੁਰਬਖ਼ਸ਼ ਸਿੰਘ ਢੇਸੀ ਬੱਕ ਢੇਸੀ ਵਜੋਂ ਵਿਚਰਿਆ।
ਮੇਰੇ ਬੇਕਰਜ਼ਫੀਲਡ ਵਾਲੇ ਮਿੱਤਰ ਪਿਆਰਿਆਂ ਅਜੀਤ ਭੱਠਲ ਤੇ ਪਰਮਜੀਤ ਦੋਸਾਂਝ ,ਬੱਬੂ ਗੁਰਪਾਲ, ਜਤਿੰਦਰ ਗਿੱਲ ਤੇ ਗੁਰਦੀਪ ਢੀਂਡਸਾ ਲਈ ਉਹ ਬੱਕ ਅੰਕਲ ਸੀ।
ਬੜਾ ਔਖਾ ਹੈ , ਹੈ ਨੂੰ ਸੀ ਕਹਿਣਾ।
ਮੈਨੂੰ ਅੱਜ ਸਵੇਰੇ ਹੀ ਖ਼ਬਰ ਮਿਲੀ ਹੈ ਅਜੀਤ ਭੱਠਲ ਕੋਲੋਂ ਕਿ ਅੰਕਲ ਸਦੀਵੀ ਅਲਵਿਦਾ ਕਹਿ ਗਿਆ ਹੈ।
ਉਹ ਵਿਸ਼ਵ ਸਾਹਿਤ ਦਾ ਗਿਆਨਵਾਨ ਰਸੀਆ ਸੀ। ਅਫ਼ਰੀਕਾ ਤੋਂ ਕੈਲਗਰੀ ਕੈਨੇਡਾ ਤੇ 1980 ਤੋਂ ਅਮਰੀਕਾ ਚ ਆ ਗਿਆ ਸੀ ਢੇਸੀ ਅੰਕਲ।
ਛੇ ਸੱਤ ਜ਼ਬਾਨਾਂ ਲਿਖ ਪੜ੍ਹ ਤੇ ਬੋਲ ਲੈਂਦਾ ਸੀ ਉਹ ਰੱਜ ਕੇ ਮੁਹੱਬਤੀ ਜੀਅ।
ਛੇ ਫੁੱਟ ਤੋਂ ਦੋ ਤਿੰਨ ਇੰਚ ਉੱਚਾ ਸਿਰਫ਼ ਕੱਦ ਹੀ ਨਹੀਂ ਸੀ, ਲਿਆਕਤ ਵੀ ਸੀ।
ਤਿੰਨ ਧੀਆਂ ਦਾ ਬਾਬਲ ਸੀ ਉਹ।
ਗੁਰਬਾਣੀ, ਸੂਫ਼ੀ ਕਵਿਤਾ ਤੇ ਕਿੱਸਾ ਕਵਿਤਾ ਤੋਂ ਇਲਾਵਾ ਵਿਸ਼ਵ ਦੀਆਂ ਸ਼ਾਹਕਾਰ ਰਚਨਾਵਾਂ ਦਾ ਪੈਰ ਪੈਰ ਤੇ ਹਵਾਲਾ ਦਿੰਦਾ।
2006 ਚ ਮੈਂ ਪਹਿਲੀ ਵਾਰ ਮਿਲਿਆ ਸਾਂ। ਪੰਜਾਬੀ ਹੈਰੀਟੇਜ ਸੰਸਥਾ ਦੀ ਮੀਟਿੰਗ ਵਿੱਚ। ਫਿਰ ਮੁਲਾਕਾਤਾਂ ਲਗਾਤਾਰ ਹੁੰਦੀਆਂ ਰਹੀਆਂ।
ਉਹ ਪੰਜਾਬ ਚ ਕਦੇ ਨਹੀਂ ਸੀ ਰਿਹਾ ਪਰ ਅੰਦਰੋਂ ਬਾਹਰੋਂ ਪੰਜਾਬੀ ਸੀ। ਤੁਰਦਾ ਫਿਰਦਾ ਪੰਜਾਬ।
ਦੋ ਵਾਰ ਸਭਿਆਚਾਰਕ ਸੱਥ ਪੰਜਾਬ ਵੱਲੋਂ ਮਿਸ ਵਰਲਡ ਪੰਜਾਬਣ ਮੁਕਾਬਲੇ ਜਦ ਬੇਕਰਜ਼ਫੀਲਡ ਚ ਹੋਏ ਤਾਂ ਬੱਕ ਅੰਕਲ ਪਹਿਲੀ ਕਤਾਰ ਚ ਸੀ।
ਉਸ ਬਿਨ ਬੇਕਰਜ਼ਫੀਲਡ ਕਿੰਨਾ ਉਦਾਸ ਹੋਵੇਗਾ, ਮੈਂ ਲੁਧਿਆਣੇ ਬੈਠਾ ਕਿਆਸ ਕਰ ਸਕਦਾ ਹਾਂ।
ਉਹ ਭਰ ਵਗਦਾ ਦਰਿਆ ਸੀ, ਮੌਤ ਦੇ ਟਿੱਬੇ ਚ ਸਮਾ ਗਿਆ। ਕੁਝ ਸਮਾਂ ਪਹਿਲਾਂ ਹੀ ਜਾਨ ਲੇਵਾ ਬੀਮਾਰੀ ਨੇ ਘੇਰਾ ਪਾਇਆ ਸੀ ਪਰ ਉਹ ਸੂਰਮੇ ਵਾਂਗ ਰੋਗ ਨਾਲ ਲੜਿਆ ਤੇ ਅਖੀਰ ਟੁੱਟ ਗਿਆ।
ਉਹ ਪੰਜਾਬ ਚ ਭਾਵੇਂ ਕਦੇ ਨਹੀਂ ਰਿਹਾ ਸੀ ਪਰ ਗੁਰੂ ਪਿਆਰਾ ਸੀ। ਤਾਂਹੀਂਓ ਬੱਕ ਅੰਕਲ ਦੀ ਬਾਂਹ ਵਿੱਚ ਪਿਆ ਕੜਾ ਮੌਤ ਪਿੱਛੋਂ ਹਸਪਤਾਲ ਵਾਲਿਆਂ ਹੀ ਉਤਾਰਿਆ।
17 ਮਾਰਚ ਨੂੰ ਉਸ ਦਾ ਅੰਤਿਮ ਸੰਸਕਾਰ ਤੇ ਅਰਦਾਸ ਹੋ ਜਾਵੇਗੀ।
ਮਿੱਤਰ ਦਾਇਰੇ ਦਾ ਖਿਲਾਅ ਪੂਰਨਾ ਮੁਹਾਲ ਹੈ।
ਰੰਗਲੇ ਸੱਜਣ ਨੂੰ ਆਖਰੀ ਸਲਾਮ ਕਹਿਣ ਲਈ ਡਾ: ਜਗਤਾਰ ਦੇ ਸ਼ਿਅਰ ਦਾ ਆਸਰਾ ਲਵਾਂਗਾ।
ਕਾਫ਼ਲੇ ਵਿੱਚ ਤੂੰ ਨਹੀਂ ਭਾਵੇਂ ਰਿਹਾ,
ਯਾਦ ਤੇਰੀ ਦਿਲ ਚੋਂ ਪਰ ਜਾਣੀ ਨਹੀਂ।
ਅਲਵਿਦਾ ਪਿਆਰੇ ਅੰਕਲ ਢੇਸੀ
ਅਲਵਿਦਾ
ਗੁਰਭਜਨ ਗਿੱਲ
14.3.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.