ਕਈ ਵਰ੍ਹੇ ਪਹਿਲਾਂ ਦੀ ਗੱਲ ਹੈ ਸ਼ਾਮ ਦੇ 6 ਕੁ ਵੱਜੇ ਹੋਣਗੇ ਮੇਰੇ ਫ਼ੋਨ ਦੀ ਘੰਟੀ ਵੱਜੀ ਫੋਨ ਚੁੱਕ ਮੈਂ ਹਾਂ ਜੀ ਆਖਿਆ ਤਾਂ ਅੱਗੋਂ ਇੱਕ ਕਲਾਕੰਦ ਨਾਲੋਂ ਮਿੱਠੀ ਤੇ ਕੋਮਲ ਜਿਹੀ ਆਵਾਜ਼ ਨੇ ਸਹਿਜਤਾ ਨਾਲ ਕਿਹਾ ਮਨਜਿੰਦਰ ਮੈਂ ਗੀਤਕਾਰ ਪ੍ਰਗਟ ਸਿੰਘ ਲਿੱਦੜਾਂ ਬੋਲ ਰਿਹਾਂ । ਜਦ ਵੀ ਕਦੇ ਗੀਤ ਸੰਗੀਤ ਦੇ ਵਿਹੜੇ ਅੰਦਰ ਉੱਠ ਰਹੀ ਨਵੀਂ ਲੋਅ ਦੀ ਗੱਲ ਚੱਲਦੀ ਤਾਂ ਪ੍ਰਗਟ ਸਿੰਘ ਦੇ ਇਹ ਬੋਲ ਮੇਰੇ ਜ਼ਹਿਨ ਤੇ ਆ ਕੇ ਤੈਰਨ ਲੱਗ ਜਾਂਦੇ । ਅਫ਼ਸੋਸ ਇਹ ਰੰਗਲਾ ਸੱਜਣ 4 ਮਾਰਚ ਦੀ ਰਾਤ ਨੂੰ ਪੰਜਾਬੀ ਗਾਇਕੀ ਤੇ ਗੀਤਕਾਰੀ ਦੇ ਪਿੜ ਨੂੰ ਸੁੰਨਾ ਕਰਦਿਆਂ ਇਸ ਸੰਸਾਰ ਨੂੰ ਛੱਡ ਗਿਐ ।
ਬਾਪੂ ਰਣ ਸਿੰਘ ਅਤੇ ਮਾਤਾ ਪ੍ਰੀਤਮ ਕੌਰ ਦੀ ਕੁੱਖ ਦੇ ਇਸ ਜੌਹਰੀ ਲਾਲ ਨੇ ਜ਼ਿਲਾ ਸੰਗਰੂਰ ਦੀ ਬੁੱਕਲ ਵਿੱਚ ਵਸਦੇ ਪਿੰਡ ਲਿੱਦੜਾਂ ਵਿਖੇ ਆਪਣੀ ਜ਼ਿੰਦਗੀ ਦੀਆਂ 56 ਕੁ ਪੱਤਝੜਾਂ ਨੂੰ ਮਾਣਦਿਆਂ ਉਸ ਮਰਤਬੇ ਨੂੰ ਪਾਇਆ। ਜੋ ਕਿਸੇ ਵਿਰਲੇ ਇਨਸਾਨ ਨੂੰ ਹਾਸਲ ਹੁੰਦਾ ਹੈ । ਉਸ ਦੇ ਅਚਨਚੇਤ ਤੁਰ ਜਾਣ ਤੇ ਉਦਾਸ ਨੇ ਪਿੰਡ ਲਿਦੜਾਂ ਤੇ ਇਲਾਕੇ ਦੀਆਂ ਉਹ ਜੂਹਾਂ ਜਿਨ੍ਹਾਂ ਤੇ ਕਦੇ ਪ੍ਰਗਟ ਗੀਤਕਾਰੀ ਨੂੰ ਸ਼ਬਦਾਂ ਦੇ ਪਰਾਗੇ ਵਿੱਚ ਪਰੋ ਕੇ ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਦਾ ਸਿਰ ਕਜਦਾ ਹੁੰਦਾ ਸੀ । ਜਿਵੇਂ ਉਸ ਦੇ ਵਿਛੋੜੇ ਦੀ ਖਬਰ ਨੇ ਮੈਨੂੰ ਉਦਾਸੀਨਤਾ ਦੀ ਡੂੰਘੀ ਖਾਈ ਵਿੱਚ ਧੱਕ ਦਿੱਤਾ ਹੋਵੇ ਯਕੀਨ ਨਹੀਂ ਸੀ ਆਇਆ ਅਦਬੀ ਗੀਤ ਸੰਗੀਤ ਦੇ ਇਸ ਸਟਾਰ ਦੇ ਤੁਰ ਜਾਣ ਤੇ ।
ਬਿਨਾਂ ਸ਼ੱਕ ਪੰਜਾਬੀ ਗਾਇਕੀ ਦਾ ਵੱਡਾ ਹਿੱਸਾ ਅੱਜ ਜਬਲੀਆਂ ਅਤੇ ਲੁੱਚਪੁਣੇ ਦੇ ਆਸਰੇ ਸੱਭਿਅਕ ਖੇਤਰ ਦੇ ਵਿਸ਼ਾਲ ਸਮੁੰਦਰ ਵਿਚ ਗੋਤੇ ਖਾਂਦਾ ਹੋਇਆ ਕਿਨਾਰੇ ਵੱਲ ਨੂੰ ਹੱਥ ਪੈਰ ਮਾਰਦਾ ਨਜ਼ਰ ਆਉਂਦਾ ਹੈ ਪਰ ਪ੍ਰਗਟ ਸਿੰਘ ਨੇ ਸਦਾ ਹੀ ਇਸ ਖੇਤਰ ਵਿੱਚ ਸਮਝੌਤੇ ਨੂੰ ਦਰਕਿਨਾਰ ਕਰਦਿਆਂ ਉਸ ਸੋਹਰਤ ਤੇ ਦੌਲਤ ਨੂੰ ਠੋਕਰ ਮਾਰੀ ਜੋ ਸਾਡੀ ਜਵਾਨੀ ਤੇ ਨਵੇਂ ਪੂਰ ਦੇ ਭਵਿੱਖ ਦੀ ਨਸਲਕੁਸ਼ੀ ਕਰਕੇ ਕਈ ਕਲਾਕਾਰਾਂ ਦੇ ਖੀਸਿਆਂ ਨੂੰ ਮਾਲਾ ਮਾਲ ਕਰ ਰਹੀ ਹੈ ।
ਉਸ ਨੇ ਉਮਰ ਦੇ ਇੱਕ ਪੜਾਅ ਤੇ ਪੱਤਰਕਾਰੀ ਵਿੱਚ ਵੀ ਹੱਥ ਅਜ਼ਮਾਇਆ ਪਰ ਸ਼ਾਇਦ ਕੁਦਰਤ ਉਸ ਨੂੰ ਇੱਕ ਸੰਪੂਰਨ ਗੀਤਕਾਰ ਦੇ ਰੂਪ ਵਿੱਚ ਵੇਖਣਾ ਚਾਹੁੰਦੀ ਸੀ । ਕਾਲਜ ਦੇ ਸਮੇਂ ਤੋਂ ਸੱਚੀ ਕਾਮਰੇਡੀ ਅਤੇ ਸਾਹਿਤਕ ਇਨਕਲਾਬ ਨਾਲ ਭਰੇ ਪ੍ਰਗਟ ਦੀ ਗੀਤਕਾਰੀ ਦੇ ਵਗਦੇ ਦਰਿਆ ਨੇ ਹਰਜੀਤ ਹਰਮਨ ਵਰਗੇ ਮੋਤੀ ਨੂੰ ਚਕਾਚੌੰਧ ਭਰੀ ਦੁਨੀਆਂ ਦੀ ਉਸ ਮੰਜ਼ਿਲ ਤੇ ਪੁੱਜਦਾ ਕਰ ਦਿੱਤੈ ਜੋ ਹਰ ਕਲਾਕਾਰ ਲੋਚਦਾ ਹੈ । ਜਿਸ ਦਿਨ ਤੋਂ ਪ੍ਰਗਟ ਸਿੰਘ ਨੇ ਹਰਮਨ ਨੂੰ ਤਰਾਸ਼ ਕੇ ਇੱਕ ਕਲਾਕਾਰ ਦੇ ਰੂਪ ਵਿੱਚ ਪੇਸ਼ ਕੀਤਾ ਤਾਂ ਨਾਲ ਦੀ ਨਾਲ ਉਹ ਸੰਗੀਤ ਦੀ ਦੁਨੀਆਂ ਵਿੱਚ ਪ੍ਰਵਾਨ ਚੜ ਗਿਆ ਇਹ ਸਭ ਪਰਗਟ ਦੀ ਗੀਤਕਾਰੀ ਤੇ ਹਰਮਨ ਦੇ ਸੁਮੇਲ ਦਾ ਨਤੀਜਾ ਸੀ ਨਹੀਂ ਤਾਂ ਕਲਾਕਾਰਾਂ ਦੇ ਇਸ ਤੱਤੇ ਰਣ ਖੇਤਰ ਵਿੱਚ ਦੁਨੀਆ ਨੇ ਬਹੁਤਿਆਂ ਨੂੰ ਪਛਾਣਿਆ ਤੱਕ ਨਹੀਂ । ਉਸ ਦੇ ਗੀਤਾਂ ਵਿੱਚ ਖਿੱਚ ਤੇ ਇੱਕ ਵੱਖਰੀ ਕਾਸ਼ਿਸ਼ ਹੈ ।
ਹਰ ਫਿਰਕੇ ਅਤੇ ਖੇਤਰ ਦੀ ਗੱਲ ਕਰਦੇ ਨੇ ਇਸ ਮਹਾਨ ਗੀਤਕਾਰ ਦੇ ਗੀਤ । ਕਦੇ ਖੇਤੀ ਦੀ ਗੱਲ ਕਰਦਿਆਂ , ਤੋਰੀਏ ਦੇ ਫੁੱਲਾਂ ਵਾਂਗੂੰ ਫੁੱਲ ਖਿੜੇ ਜ਼ਿੰਦਗੀ ਦੇ , ਗੀਤ ਨੂੰ ਉਸ ਨੇ ਆਪਣੀ ਕਲਮ ਦਾ ਸ਼ਿੰਗਾਰ ਬਣਾਇਆ ਫਿਰ ਦੋ ਕਦਮ ਹੋਰ ਅਗਾਹ ਜਾਂਦਿਆਂ ਦੁਨੀਆਂ ਦੇ ਲੋਭ ਲਾਲਚ ਤੇ ਸਵਾਰਥ ਨੂੰ ਛੂਹਦਿਆਂ , ਇਸ ਨਿਰਮੋਹੀ ਨਗਰੀ ਦਾ ਨੀ ਮਾਏ ਮੈਨੂੰ ਮੋਹ ਨਾ ਆਵੇ , ਵਰਗੇ ਗੀਤ ਲਿਖੇ । ਮਿੱਤਰਾਂ ਦਾ ਨਾਂ ਚੱਲਦਾ , ਚੰਨ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਾਂਗਾ ਮੈਂ । ਸਮੇਂ ਦੀ ਸਰਕਾਰ ਅਤੇ ਹਾਲਾਤ ਤੇ ਡੂੰਘੀ ਚੋਟ ਕਰਦਿਆਂ ਪ੍ਰਦੇਸੀ ਧਰਤੀ ਤੇ ਆਪਣਿਆਂ ਤੋਂ ਦੂਰ ਦਾ ਦਰਦ ਹੰਢਾਉਣ ਦੀ ਗੱਲ ਕਰਦਾ ਗੀਤ , ਅਸੀਂ ਕਿੰਝ ਪ੍ਰਦੇਸੀ ਹੋਏ ਸਾਡੇ ਦਿਲ ਤੋਂ ਪੁੱਛ ਸੱਜਣਾ , ਵੀ ਪਰਗਟ ਸਿੰਘ ਦਾ ਲਿਖਿਆ ਹੋਇਆ ਹੈ ।
ਉਸ ਦੀ ਕਲਮ ਵਿੱਚੋਂ ਨਿਕਲੇ ਗੀਤ ਲੱਚਰਤਾ ਦੇ ਘੋੜੇ ਚੜ ਲਿਖੇ ਗੀਤਾਂ ਦੀ ਹਿੱਕ ਵਿੱਚ ਸੇਹ ਦੇ ਤੱਕਲੇ ਵਾਂਗ ਵੱਜਦੇ ਹਨ । ਗੀਤਕਾਰ ਬਹੁਤ ਆਏ ਤੇ ਹੁਣ ਵੀ ਨੇ ਪਰ ਉਨ੍ਹਾਂ ਵਿੱਚੋਂ ਕਈਆਂ ਨੇ ਆਸ਼ਕੀ ਮਾਸ਼ੂਕੀ ਦੇ ਚਿੱਠਿਆਂ ਨੂੰ ਸਕੂਲਾਂ ਕਾਲਜਾਂ ਦੀ ਦਹਿਲੀਜ਼ ਅੱਗੇ ਲੈ ਕੇ ਜਾਣ ਵਿੱਚ ਡਾਢਾ ਯੋਗਦਾਨ ਪਾਇਐ , ਇਨ੍ਹਾਂ ਗੱਲਾਂ ਤੋਂ ਦੂਰ ਪ੍ਰਗਟ ਵੱਖਰੀ ਹੀ ਦੁਨੀਆਂ ਦੇ ਰੂਹਾਨੀਅਤ ਗੁਣਾਂ ਨਾਲ ਭਰਪੂਰ ਗੀਤਕਾਰ ਸੀ । ਮੇਰੇ ਕਲਾਕਾਰਾਂ ਬਾਰੇ ਵਰਿਆਂ ਦੇ ਲਿਖਣ ਦੇ ਸਫਰ ਦੌਰਾਨ ਇਸ ਫ਼ਨਕਾਰ ਦੀ ਕਲਾ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ । ਧਾਰਮਿਕ ਖੇਤਰ ਵਿੱਚ ਉਸ ਦੇ ਲਿਖੇ ਗੀਤ ਸ਼ਾਨ ਏ ਕੌਮ, ਨੇ ਪੰਥਕ ਸੋਚ ਤੇ ਕੌਮੀ ਜਜ਼ਬੇ ਦੀ ਗਾਥਾ ਨੂੰ ਹੂ ਬੂ ਹੂ ਰੂਪਮਾਨ ਕਰਨ ਦੀ ਗੱਲ ਕੀਤੀ । ਜਿਹੜੇ ਕਹਿੰਦੇ ਨੇ ਚੰਗੇ ਗੀਤਾਂ ਨੂੰ ਸੁਣਦਾ ਕੌਣ ਹੈ ਉਨ੍ਹਾਂ ਲੋਕਾਂ ਲਈ ਨਸੀਹਤ ਦਾ ਬਦਲਿਆ ਹੋਇਆ ਰੂਪ ਹਨ ਇਹ ਗੀਤ ।
ਪਰਗਟ ਦੇ ਲਿਖੇ ਪੰਜੇਬਾਂ , ਝਾਂਜਰ, ਚੌਵੀ ਕੈਰਟ ਵਰਗੇ 100 ਦੇ ਲਗਪਗ ਗੀਤਾਂ ਨੇ ਵਪਾਰਕ ਮੰਡੀ ਨੂੰ ਪਾਰ ਕਰਦਿਆਂ ਆਪਣੇ ਸਰੋਤਿਆਂ ਦੇ ਦਿਲਾਂ ਵਿੱਚ ਜਗਾ ਬਣਾਈ । ਉਸ ਦੀ ਗੀਤਕਾਰੀ ਅਦਬੀ , ਪਿਆਰ, ਮੁਹੱਬਤ ਦੇ ਮੁਜੱਸਮੇ ਵਿੱਚ ਗੜੁੱਚ ਤੇ ਤ੍ਰੇਲ ਧੋਤੇ ਫੁੱਲਾਂ ਦੀ ਖੁਸ਼ਬੂ ਦੀ ਤਰਾਂ ਪਾਕਿ ਤੇ ਸੰਜੀਦਗੀ ਦੀ ਮੂਰਤ ਦਾ ਪ੍ਰਤੀਕ ਹੈ । ਭੁੱਬੀ ਰੋਂਦੇ ਨੇ ਉਸ ਨੂੰ ਚਾਹੁਣ ਵਾਲੇ ਜਿਨ੍ਹਾਂ ਦੇ ਦਿਲਾਂ ਨੂੰ ਜਾਂਦੇ ਰਾਹ ਅੱਜ ਵੀ ਪ੍ਰਗਟ ਦੇ ਗੀਤ ਮੱਲੀ ਬੈਠੇ ਹਨ । ਇੰਝ ਲੱਗਦੈ ਜਿਵੇਂ ਅਪਣੇ ਹਿੱਸੇ ਆਈਆਂ ਜ਼ਿੰਦਗੀ ਭਰ ਦੀਆਂ ਪੂਣੀਆਂ ਨੂੰ ਉਸ ਨੇ ਕੁਝ ਵਰਿਆਂ ਵਿੱਚ ਹੀ ਕੱਤ ਕੇ ਲਪੇਟ ਸੁੱਟਿਆ ਹੋਵੇ ।
ਆਪਣੀ ਜੀਵਨ ਸਾਥਣ ਬੀਬੀ ਪਰਮਿੰਦਰ ਕੌਰ ਤੇ ਪੁੱਤਰ ਸਟਾਲਨਵੀਰ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਇਹ ਅਲਬੇਲਾ ਸ਼ਾਇਰ ਭਾਂਵੇ ਇਸ ਦੁਨੀਆਂ ਤੋਂ ਕੂਚ ਕਰ ਗਿਐ ਪਰ ਅਪਣੀ ਜ਼ਿੰਦਗੀ ਦੇ ਲਿਖੇ ਇੱਕ ਆਖਰੀ ਗੀਤ ਜੇ ਰੱਬ ਨੇ ਚਾਹਿਆ ਤਾਂ ਮਿਲਾਂਗੇ ਜ਼ਰੂਰ , ਰਾਹੀਂ ਇੱਕ ਸੁਨੇਹਾ ਜ਼ਰੂਰ ਛੱਡ ਗਿਆ ਕਿ ਉਸ ਡਾਢੇ ਮਾਲਕ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ । ਹਰਜੀਤ ਹਰਮਨ ਤੇ ਉਸ ਦੀ ਜ਼ਿੰਦਗੀ ਦੇ ਪਰਮ ਮਿੱਤਰ ਨਰਿੰਦਰ ਖੇੜੀਮਾਨੀਆਂ ਦੇ ਚਿਹਰੇ ਤੋਂ ਇਸ ਰੰਗਲੇ ਸੱਜਣ ਦੇ ਜਾਣ ਦਾ ਮਣਾਂ ਮੂੰਹੀਂ ਦੁੱਖ ਸਪੱਸ਼ਟ ਝਲਕਦਾ ਹੈ ।
ਪ੍ਰਗਟ ਦੇ ਵਿਛੋੜੇ ਤੇ ਸਮੁੱਚੀ ਸੰਗੀਤ ਇੰਡਸਟਰੀ ਦੇ ਵਿਹੜੇ ਦੁੱਖ ਅਤੇ ਨਿਰਾਸ਼ਾ ਦਾ ਆਲਮ ਹੈ । ਉਸ ਦੇ ਲਿਖੇ ਗੀਤ ਲੰਬਾ ਸਮਾਂ ਲੋਕ ਚੇਤਿਆਂ ਵਿੱਚ ਲੋਕ ਗੀਤ ਬਣ ਕੇ ਗੂੰਜਦੇ ਰਹਿਣਗੇ । ਅਲਵਿਦਾ ਪ੍ਰਗਟ ਸਿੰਘ
-
ਮਨਜਿੰਦਰ ਸਿੰਘ ਸਰੌਦ, ਮੁੱਖ ਪ੍ਰਚਾਰ ਸਕੱਤਰ ( ਵਿਸ਼ਵ ਪੰਜਾਬੀ ਲੇਖਕ ਮੰਚ )
manjindersinghkalasaroud@gmail.com
094634-63136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.