ਵੈਸੇ ਤਾਂ ਦੇਸ਼ ਵਿਚ ਕਈ ਤਰਾਂ ਦੇ ਸਾਮਰਾਜ ਹਨ ਜਿਵੇਂ ਡਰੱਗ ਮਾਫੀਆ ,ਭੌਂ -ਮਾਫੀਆ, ਖਨਣ-ਮਾਫੀਆ , ਕੇਬਲ ਮਾਫੀਆ , ਖੇਡ ਮਾਫੀਆ, ਹਵਾਲਾ ਮਾਫੀਆ, ਟਰਾਂਸਪੋਰਟ ਮਾਫੀਆ ਤੇ ਕਈ ਕੁੱਝ ਹੋਰ। ਪਰ ਇਹਨਾਂ ਵਿਚੋਂ ਕੋਚਿੰਗ ਅਕੈਡਮੀਆਂ ਵਾਲਾ ਸਾਮਰਾਜ ਬਹੁਤ ਵੱਡਾ ਹੈ, ਜੋ ਦੇਸ਼ ਦੇ ਹਰ ਵੱਡੇ ਤੇ ਛੋਟੇ ਸ਼ਹਿਰ ਵਿਚ ਆਪਣਾ ਤੰਦੂਆ ਜ਼ਾਲ ਖਿਲਾਰੀ ਬੈਠਾ ਹੈ।
ਰਾਜਸਥਾਨ ਦਾ ਸ਼ਹਿਰ ਕੋਟਾ ਇਸ ਸਾਮਰਾਜ ਦੀ ਇਕ ਤਰਾਂ ਰਾਜਧਾਨੀ ਹੈ। ਹਰ ਸਾਲ ਮੈਡੀਕਲ , ਨਾਨ ਮੈਡੀਕਲ , ਕਾਮਰਸ ਤੇ ਹੋਰ ਖੇਤਰ ਦੇ ਬੱਚੇ ਮੁਕਾਬਲੇ ਦੀਆਂ ਉਚੇਰੀਆਂ ਪਰੀਖਿਆਵਾਂ ਜਿਵੇਂ ਨੀਟ, ਜੇ ਈ.ਈ, ਆਦਿ ਦੀ ਕੋਚਿੰਗ ਲੈਣ ਲਈ ਕੋਟੇ ਜਾਂਦੇ ਹਨ। ਇਹ ਗਿਣਤੀ ਹਜਾਰਾਂ ਵਿਚ ਨਹੀਂ ਲੱਖਾਂ 'ਚ ਹੈ।
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਨਾਂ ਵੀ ਕੋਚਿੰਗ ਇੰਡਸਟਰੀ ਵਜੋਂ ਸਥਾਪਿਤ ਹੋ ਗਿਆ ਹੈ। ਮਾਲਵੇ ਦਾ ਬਠਿੰਡਾ,ਲੁਧਿਆਣਾ, ਦੁਆਬੇ ਦਾ ਜਲੰਧਰ ਤੇ ਮਾਝੇ 'ਚੋਂ ਸਿਰੀ ਅੰਮ੍ਰਿਤਸਰ ਸਾਹਿਬ , ਇਸ ਸਾਮਰਾਜ ਦੇ ਵੱਡੇ ਅੱਡੇ ਬਣ ਚੁੱਕੇ ਹਨ। ਦੇਸ਼ ਦੀਆਂ ਨਾਮਵਰ ਕੋਚਿੰਗ ਅਕੈਡਮੀਆਂ 'ਚ ਆਪਣੀ ਛੱਲ ਪਟਾਉਣ ਲਈ ਲੱਖਾਂ ਬੱਚੇ ਪੰਜਾਬ , ਹਰਿਆਣਾ , ਹਿਮਾਚਲ ਤੋਂ ਕੋਚਿੰਗ ਲੈਣ ਲਈ ਚੰਡੀਗੜ੍ਹ ਆਉਂਦੇ ਹਨ। ਇਕ ਮੋਟੇ ਅੰਦਾਜੇ ਮੁਤਾਬਕ ਕੋਟੇ ਵਿਚ ਹਰ ਸਾਲ 600ਕਰੋੜ ਅਤੇ ਚੰਡੀਗੜ੍ਹ ਵਿਚ 250 ਕਰੋੜ ਦਾ ਇਹ ਕਾਰੋਬਾਰ ਹੈ।
ਕਰੀਬ ਕਰੀਬ ਤੇਰਾ ਲੱਖ ਬੱਚੇ ਜੇ.ਈ.ਈ ਵਿਚ ਅਪੀਅਰ ਹੁੰਦੇ ਨੇ। ਸੀਟਾਂ ਕੇਵਲ ਦਸ ਹਜਾਰ ਹਨ। ਇੰਝ ਪਾਸ ਪ੍ਰਤੀਸ਼ਤ ਕੇਵਲ .007 % ਹੈ। ਇਸ ਵਿੱਚੋਂ ਕੋਟੇ 'ਤੇ ਚੰਡੀਗੜ੍ਹ ਵਾਲਿਆਂ ਦਾ ਅੱਗੋਂ ਹਿਸਾਬ ਲਗਾ ਲਵੋ।
ਇਸੇ ਤਰਾਂ ਐਨ.ਈ.ਈ.ਟੀ ਦਾ ਟੈਸਟ ਵੀ ਲਗਭਗ 13ਲੱਖ ਬੱਚਿਆਂ ਨੇ ਦਿੱਤਾ ਹੈ ਤੇ ਸਰਕਾਰੀ ਕੋਟੇ ਦੀਆਂ ਮੈਡੀਕਲ ਸੀਟਾਂ ਕੇਵਲ 20ਹਜਾਰ ਹਨ। ਪਾਸ %ਕੇਵਲ .14 ਹੈ। ਦੇਖਣ ਵਿਚ ਆਇਆ ਹੈ ਕਿ ਚੰਡੀਗੜ੍ਹ ਦੀ ਹਰੇਕ ਅਕੈਡਮੀ ਵਿਚ 4000 ਦੇ ਕਰੀਬ ਵਿਦਿਆਰਥੀ ਕੋਚਿੰਗ ਲੈਂਦੇ ਹਨ ਪਰ ਕੇਵਲ 50 ਤੋਂ 70 ਤੱਕ ਹੀ ਕਿਸੇ ਕੋਰਸ ਵਿਚ ਚੁਣੇ ਜਾਂਦੇ ਹਨ।
ਇਹਨਾਂ 50 ਜਾਂ 60 ਵਿਦਿਆਰਥੀਆਂ ਦੀਆਂ ਤਸਵੀਰਾਂ ਨਾਲ ਅਖਬਾਰਾਂ ਭਰਕੇ ਇਹ ਅਕੈਡਮੀ ਆਪਣੀ ਮਸ਼ਹੂਰੀ ਦਾ ਝੰਡਾ ਬੁਲੰਦ ਕਰ ਲੈਂਦੀ ਹੈ । ਕਰੀਬ ਹਰ ਵਿਦਿਆਰਥੀ ਦੋ-ਢਾਈ ਲੱਖ ਸਾਲਾਨਾ ਫੀਸ ਅਕੈਡਮੀ ਨੂੰ ਦਿੰਦਾ ਹੈ। ਇੰਝ ਅੱਸੀ ਕਰੋੜ ਦੀ ਰਕਮ ਕੋਚਿੰਗ ਅਕੈਡਮੀ ਵਾਲੇ ਬਣਾ ਲੈਂਦੇ ਹਨ। ਇਸ ਵਿਚੋਂ ਜੇ ਸਟਾਫ ਦੀਆਂ ਤਨਖਾਹਾਂ , ਅਫਸਰਾਂ/ਸਿਆਸਤਦਾਨਾ ਦੀਆਂ ਵਗਾਰਾਂ ਅਤੇ ਅਖਬਾਰੀ ਇਸ਼ਤਿਹਾਰਾਂ ਦੇ ਰੂਪ ਵਿਚ ਮੀਡੀਏ ਦੀ ਸੇਵਾ ਦੇ ਪੰਜ-ਸੱਤ ਕਰੋੜ ਕੱਢ ਵੀ ਦਿੱਤੇ ਜਾਣ ਤਾਂ ਵੀ ਇਕ ਅਕੈਡਮੀ ਵਾਲੇ ਸਾਮਰਾਜ ਦੀ ਕਮਾਈ 70ਕਰੋੜ ਨੂੰ ਜਾ ਢੁਕਦੀ ਹੈ। ਇਹ ਕਾਰੋਬਾਰ ਸ਼ੈਤਾਨ ਦੀ ਆਂਤ ਵਾਂਗ ਦਿਨੋ ਦਿਨ ਵਧਦਾ ਹੀ ਜਾ ਰਿਹਾ।
ਇਸ ਸਿੱਖਿਆ ਮਾਫੀਏ ਨੇ ਸਕੂਲਾਂ ਵਿਚੋਂ ਪੜ੍ਹਾਈ ਦਾ ਵੀ ਸੱਭਿਆਚਾਰ ਖਤਮ ਕਰ ਦਿੱਤਾ ਹੈ। ਵਿਦਿਆਰਥੀ ਦੂਰ-ਦੁਰਾਡੇ ਦੇ ਸਕੂਲਾਂ ਵਿਚ ਡੰਮੀ ਦਾਖਲਾ ਲੈਂਦੇ ਹਨ। ਕੋਚਿੰਗ ਅਕੈਡਮੀਆਂ ਦੇ ਢਹੇ ਚੜੇ ਬੱਚੇ ਦਿਨ ਰਾਤ ਕੋਹਲੂ ਦੇ ਬੈਲ ਵਾਂਗ ਪੜ੍ਹਾਈ ਕਰਦੇ ਹਨ। ਜੋ ਸਖਤ ਮਿਹਨਤ ਦੇ ਬਾਵਜੂਦ ,ਕਿਸਮਤ ਦੇ ਚੱਕਰਚੂੰਡੇ 'ਤੇ ਚੜ੍ਹਕੇ ਪਾਸ ਹੋਣ ਵਿਚ ਸਫਲ ਨਹੀਂ ਹੁੰਦੇ ,ਉਹ ਘੋਰ ਨਿਰਾਸ਼ਾ ਦਾ ਸ਼ਿਕਾਰ ਹੋ ਜਾਂਦੇ ਹਨ। ਕੋਟੇ ਤਾਂ ਖੁਦਕਸ਼ੀਆਂ ਦਾ ਅਮੁੱਕ ਦੌਰ ਵੀ ਚੱਲ ਪਿਆ ਸੀ। ਨਿਰਾਸ਼ ਵਿਦਿਆਰਥੀ ਕਿਸੇ ਪਾਸੇ ਦੇ ਨਹੀਂ ਰਹਿੰਦੇ। ਮਾਪੇ ਵੀ ਕੋਚਿੰਗ ਅਕੈਡਮੀ ਦੇ ਸਾਮਰਾਜੀ ਮਾਫੀਏ ਨੂੰ ਕੋਸਣ ਦੀ ਬਜਾਏ ਆਪਣੀ ਕਿਸਮਤ ਅਤੇ ਬੱਚੇ ਵਲੋਂ "ਸਹੀ ਢੰਗ" ਨਾਲ ਮਿਹਨਤ ਨਾ ਕਰਨ ਨੂੰ ਹੀ ਦੋਸ਼ ਦੇਣ ਲੱਗਦੇ ਹਨ। ਲੋਕ ਇਹ ਕਤਈ ਨਹੀਂ ਸੋਚਦੇ ਕਿ ਜੇਕਰ ਕੋਈ ਵੀ ਬੱਚਾ ਕੋਚਿੰਗ ਲੈਣ ਨਾ ਜਾਵੇ , ਪੱਧਰ ਫਿਰ ਵੀ ਇਹੀ ਰਹੇਗਾ। ਆਪਸੀ ਮੁਕਾਬਲੇ ਵਿਚ ਯੋਗ ਬੱਚਾ ਹੀ ਸੀਟ ਲੈਣ ਵਿਚ ਕਾਮਯਾਬ ਹੋਵੇਗਾ।
ਕੋਚਿੰਗ ਅਕੈਡਮੀ ਦੇ ਸਾਮਰਾਜ ਵਾਲੇ ਆਪਣੀ ਕਮਾਈ ਆਸਰੇ ਪਰੀਖਿਆਵਾਂ ਲੈਣ ਵਾਲੀਆਂ ਵੱਡੀਆਂ ਸੰਸਥਾਵਾਂ ਨੂੰ ਵੀ ਪ੍ਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਸੁਨਣ ਵਿਚ ਤਾਂ ਇਹ ਵੀ ਆਇਆ ਹੈ ਕਿ ਆਪਣੇ ਪੈਟਰਨ ਅਨੁਸਾਰ ਪੇਪਰ ਪਵਾਉਣ ਲਈ ਇਹ ,ਪੇਪਰ ਸੈੱਟ ਕਰਨ ਵਾਲੇ ਵਿਸ਼ਾ ਮਾਹਰਾਂ ਤੇ ਸੰਸਥਾਵਾਂ ਦੇ ਮੁੱਖੀਆਂ ਨੂੰ ਖਰੀਦਣ ਲਈ ਮਾਇਆ ਦਾ ਚੋਗਾ ਸੁਟਣ ਦੀ ਤਾਕ ਵਿਚ ਰਹਿੰਦੇ ਹਨ। ਕਾਬੂ ਨਾ ਆਉਣ ਵਾਲਿਆਂ ਨੂੰ ਧਮਕੀਆਂ ਦੇਣ ਤੋਂ ਵੀ ਬਾਜ਼ ਨਹੀਂ ਆਉਂਦੇ। ਇਹਨਾਂ ਵਲੋਂ ਵਿਦਿਆਰਥੀਆਂ ਵਿਚ ਭਰਮ ਵੀ ਪੈਦਾ ਕੀਤਾ ਜਾਂਦਾ ਕਿ ਅਕੈਡਮੀ ਵਾਲਿਆਂ ਦੀ ਉੱਪਰ ਸੈਟਿੰਗ ਹੈ ਤੇ ਪੇਪਰ ਇਹਨਾਂ ਦੀ ਮਰਜੀ ਦਾ ਹੀ ਆਉਣਾ ਹੈ। ਸੋ ਕੋਚਿੰਗ ਸਾਮਰਜੀਏ ਬੱਚਿਆਂ ਦੀ ਆਰਥਿਕ ਹੀ ਨਹੀਂ ਮਾਨਸਿਕ ਲੁੱਟ ਵੀ ਕਰਦੇ ਹਨ| ਹਰ ਹਫਤੇ ਅਕੈਡਮੀ ਅੰਦਰ ਟੈਸਟ ਲੈਣ ਦਾ ਅਡੰਬਰ ਕਰਦੇ ਨੇ ਤੇ ਬੱਚਿਆਂ ਦੀ ਜਾਅਲੀ ਰੈਕਿੰਗ ਦੇ ਮੈਸੇਜ ਕਰਕੇ ਮਾਪਿਆਂ ਦਾ ਦਿਲ ਧਰਾਈ ਰੱਖਦੇ ਨੇ ਮਾਪਿਆਂ ਨੂੰ ਆਪਣੇ ਨਾਲ ਵੱਜੀ ਠੱਗੀ ਦਾ ਗਿਆਨ ਬਹੁਤ ਦੇਰ ਨਾਲ ਹੁੰਦਾ ਹੈ।
ਇਹ ਕੋਚਿੰਗ ਅਕੈਡਮੀਆਂ ਦੇ ਸਾਮਰਾਜ ਨੂੰ ਕੌਣ ਕੰਟਰੋਲ ਕਰਦਾ ਹੈ ? ਇਹਨਾਂ ਦੀ ਭਰੋਸੇਯੋਗਤਾ ਕੀ ਹੈ ? ਇਹ ਕਾਰੋਬਾਰ ਦੇਸ਼ ਦੇ ਕਿਹੜੇ ਕਾਨੂੰਨ ਤਹਿਤ ਚੱਲ ਰਿਹਾ। ਆਮਦਨ ਟੈਕਸ ਕਿੰਨਾ ਕੁ ਅਦਾ ਕਰਦੇ ਨੇ ? ਸਰਕਾਰ ਦਾ ਕੀ ਰੋਲ ਹੈ ? ਕਿਤੇ ਸਕੂਲਾਂ ਦੀ ਹਾਲਤ ਨਾ ਸੁਧਰਨ ਦੇਣ ਲਈ ਇਹ ਮਾਫੀਆ ਤਾਂ ਜਿੰਮੇਵਾਰ ਨਹੀਂ ? ਜਦੋਂ ਸ਼ਹਿਰੋ-ਸ਼ਹਿਰ ਇਸ ਸਾਮਰਾਜ ਦੀਆਂ ਬਹੁ-ਮੰਜਲੀਆਂ ਇਮਾਰਤਾਂ ਉਸਰ ਰਹੀਆਂ ਹਨ , ਪਿੰਡਾਂ ਕਸਬਿਆਂ ਦੇ ਸਰਕਾਰੀ ਸਕੂਲ ਬਿਲਡਿੰਗ ਦੀ ਮਾੜੀ ਹਾਲਤ ਤੇ ਸਟਾਫ ਦੀ ਘਾਟ ਕਾਰਨ ਖੂਨ ਦੇ ਹੰਝੂ ਰੋ ਰਹੇ ਹਨ |
ਗੁਰਮੀਤ ਕੜਿਆਲਵੀ
ਮੋਗਾ
13.03.2019
-
ਗੁਰਮੀਤ ਕੜਿਆਲਵੀ, ਲੇਖਕ
*********
+91 98726 40994
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.