ਰਾਤੀਂ ਡੇਢ ਵਜੇ ਤੀਕ ਜਾਗਦਾ ਰਿਹਾਂ। ਸੁਭਾਗ ਸੀ। ਮੇਰੇ ਸੱਜਣ ਪਿਆਰੇ ਜਸਵੰਤ ਜਫ਼ਰ ਤੇ ਉਸ ਦੀ ਜੀਵਨ ਸਾਥਣ ਨਾਲ ਦਿਲ ਦੀਆਂ ਬਾਤਾਂ ਕਰਦੇ ਰਹੇ ਮੈਂ ਤੇ ਜਸਵਿੰਦਰ।
ਉਸ ਦੀ ਕਿਤਾਬ ਭਗਤ ਸਤਿਗੁਰੂ ਹਮਾਰਾ ਦਾ ਨਵਾਂ ਐਡੀਸ਼ਨ ਤਿਆਰ ਹੋ ਰਿਹੈ। ਭਗਤ ਬਾਣੀ ਬਾਰੇ ਵਿਸ਼ਵ ਕੋਸ਼ੀ ਗਿਆਨ ਵਰਗੀ ਕਿਤਾਬ ਹੈ ਇਹ।
ਉਸ ਦੀਆਂ 1100 ਕਾਪੀਆਂ ਛਪੀਆਂ ਸਨ ਪਰੂੰ ਪਰਾਰ। ਚੇਤਨਾ ਪ੍ਰਕਾਸ਼ਨ ਰਾਹੀਂ। ਸਿੱਧਾਰਥ ਦੀਆਂ ਪੇਂਟਿੰਗਜ਼ ਨਾਲ ਸੁਸੱਜਿਤ ਕਿਤਾਬ ਮੇਰੇ ਲਈ ਨਾਯਾਬ ਰਚਨਾ ਹੈ। ਖਿੜਕੀ ਵਰਗੀ ਕਿਤਾਬ, ਭਗਤਾਂ ਦੇ ਮਨ ਅੰਦਰ ਵੜਨ ਲਈ।
ਜਸਵੰਤ ਜਦ ਗੁਰੂ ਨਾਨਕ ਇੰਜਨੀਰਿੰਗ ਕਾਲਿਜ ਲੁਧਿਆਣਾ ਚ ਪੜ੍ਹਨ ਆਇਆ ਸੀ ਤਾਂ ਪੇਟਿੰਗ ਕਰਦਾ ਸੀ। ਫਿਰ ਰੰਗ ਬੋਲਣ ਲੱਗ ਪਏ ਤਾਂ ਕਾਗਜ਼ਾਂ ਨੇ ਹਾਮੀ ਭਰੀ। ਉਹ ਸ਼ਾਇਰ ਹੋ ਗਿਆ।
ਜਨਕ ਰਾਜ ਸਿੰਘ ਨੇ ਪਾਲੀ ਢਾਬੇ ਤੇ
ਪਹਿਲੀ ਕਵਿਤਾ ਸੁਣੀ ਤਾਂ ਕਾਇਲ ਹੋ ਗਿਆ। ਸਿਰਨਾਵਾਂ ਮੈਗਜ਼ੀਨ ਦੇ ਅਗਲੇ ਅੰਕ ਚ ਪ੍ਰਕਾਸ਼ਮਾਨ ਕਰ ਦਿੱਤੀ। ਫਿਰ ਚਲ ਸੋ ਚੱਲ।
ਹੁਣ ਤੀਕ ਕਵਿਤਾ ਦੀਆਂ ਪੰਜ ਕਿਤਾਬਾਂ ਦੇ ਨਾਲ ਨਾਲ ਪੇਟਿੰਗ ਤੇ ਬਾਣੀ ਖੋਜ ਅਧਿਐਨ ਨਿਰੰਤਰ ਜਾਰੀ ਹੈ। ਜੀਵਨ ਸਾਥਣ ਬਲਬੀਰ ਅਰਥ ਸ਼ਾਸਤਰ ਦੀ ਗੋਲਡ ਮੈਡਲਿਸਟ ਹੈ ਪਰ ਨਾਲ ਹੀ ਆਈ ਟੀ 'ਚ ਮਾਸਟਰਜ਼ ਡਿਗਰੀ ਕਿਹੜੇ ਵੇਲੇ ਕਰ ਗਈ, ਪਤਾ ਹੀ ਨਹੀਂ ਲੱਗਿਆ। ਐਨ ਉਵੇਂ ਜਿਵੇਂ ਚੁੱਪ ਚੁਪੀਤੇ ਅਨਾਰ ਚ ਰਸ ਭਰਦਾ ਹੈ, ਗੁਲਾਬ ਪੂਰਾ ਸੁਰਖ਼ ਹੋ ਜਾਂਦਾ ਹੈ।
ਦਰਦ ਦਾ ਅਨੁਵਾਦ ਸਾਰਥਕ ਕਾਰਜਾਂ ਲਈ ਕਰਨਾ ਵਿਰਲਿਆਂ ਦਾ ਨਸੀਬ ਹੁੰਦਾ ਹੈ, ਜਫ਼ਰ ਦੰਪਤੀ ਵਿਰਲਿਆਂ ਚੋਂ ਹੈ। ਉਸ ਦਾ ਜੱਦੀ ਪਿੰਡ ਫਿਲੌਰ ਨੇੜੇ ਮਹਿਸਮਪੁਰ ਹੈ ਪਰ ਪਰਵਰਿਸ਼ ਪਿੰਡ ਗਹਿਲੇਵਾਲ ਹੈ ਜੀ ਕੂਮਕਲਾਂ(ਲੁਧਿਆਣਾ )ਨੇੜੇ। ਕੈਨੇਡਾ ਵੱਸਦੇ ਸ: ਗੁਰਪਾਲ ਸਿੰਘ ਤੇ ਬੀਬੀ ਪਰਕਾਸ਼ ਕੌਰ ਦਾ ਵੱਡਾ ਫਰਜ਼ੰਦ।
ਸਵੇਰੇ ਦਿਨ ਚੜ੍ਹਦੇ ਐਤਵਾਰੀ ਸੁਨੇਹੇ ਤੇ ਸ਼ੁਭ ਕਾਮਨਾਵਾਂ ਦੇ ਸੁਨੇਹਿਆਂ ਤੋਂ ਡਾ: ਧਰਮਿੰਦਰ ਸਿੰਘ ਉੱਭਾ ਤੇ ਕਾਲਾ ਪਾਇਲ ਵਾਲਾ ਦੇ ਕਾਵਿ ਬੋਲ ਚੰਗੇ ਨਹੀਂ, ਬਹੁਤ ਚੰਗੇ ਲੱਗੇ। ਜੀਅ ਕੀਤਾ ਸਾਂਝੇ ਕਰਾਂ।
ਧਰਮਿੰਦਰ ਪਿਛਲੇ 11 ਸਾਲ ਤੋਂ ਖਾਲਸਾ ਕਾਲਿਜ ਪਟਿਆਲਾ ਦਾ ਪ੍ਰਿੰਸੀਪਲ ਹੈ, ਨਿਰੰਤਰ ਜਾਗਦੇ ਮੱਥੇ ਤੇ ਜ਼ਮੀਰ ਵਾਲਾ ਸਿਰਜਣਸ਼ੀਲ ਅਕਾਦਮਿਕ ਯੋਜਨਾਕਾਰ। ਸਲਾਮ ਹੈ।
ਕਵਿਤਾ ਪੜ੍ਹੋ ਉਸ ਦੀ।
ਅਸੀਮ ਆਨੰਦ
ਮੁਹੱਬਤ
ਚਾਰ ਅੱਖਰਾਂ ਦਾ ਨਿੱਕਾ ਜਿਹੈ ਸ਼ਬਦ
ਪਰ ਇਸ ਦੀ ਗਹਿਰਾਈ ਤੇ ਵਿਸ਼ਾਲਤਾ
ਸਾਗਰ ਵਾਂਗ
ਅਸੀਮ ਤੇ ਲਾਸਾਨੀ!
ਕਿਉਂ ਨਾ ਡੁੱਬ ਜਾਈਏ
ਫਿਰ
ਸਾਗਰ ਵਿੱਚ!
ਆਨੰਦ ਲੈਣ ਲਈ
ਅਸੀਮ ਤੇ ਲਾਸਾਨੀ!
ਤੇ
ਹੋ ਜਾਈਏ ਵਿਸ਼ਾਲ ਤੇ ਗਹਿਰੇ!
ਹੁਣ ਗੱਲ ਕਰੀਏ ਕਾਲਾ ਪਾਇਲ ਵਾਲਾ ਦੀ। ਉਸ ਦਾ ਪੱਕਾ ਨਾਮ ਗੁਰਜੰਤ ਹੈ ਪਰ ਕਾਲਾ ਕਲਮੀ ਨਾਮ ਹੈ।
ਕਵਿਤਾ ਰਾਹੀਂ ਮੇਰਾ ਵਿਸ਼ਵਾਸ ਪਾਤਰ ਬਣ ਕੇ ਫੇਸ ਬੁੱਕ ਤੇ ਮੈਨੂੰ ਵਿਸ਼ਵ ਨਾਲ ਜੋੜਦਾ ਹੈ।
ਸਾਹਿੱਤ ਸਭਾ ਪਾਇਲ ਤੇ ਖੰਨਾ ਦਾ ਥੰਮ ਹੈ। ਰੇਡੀਓ ਟੀ ਵੀ ਦੇ ਸਰੋਤਾ ਮੰਡਲ ਦਾ ਗੰਭੀਰ ਕਾਰਕੁਨ।
ਉਸ ਦੀ ਕਵਿਤਾ ਵੀ ਹਿਲਾ ਕੇ ਰੱਖ ਗਈ ਸਵੇਰਸਾਰ।
ਤੁਸੀਂ ਵੀ ਪੜ੍ਹਿਓ ਜਨਾਬ!
ਚੋਰ ਸਿਪਾਹੀ ਖੇਡਦੇ ਜਿਹੜੇ ਬੱਚੇ ਹੋਏ ਜਵਾਨ।
ਹਿੰਦੂ ਮੁਸਲਿਮ ਖੇਡਣ ਲੱਗੇ ਕਰ ਬੈਠੇ ਨੁਕਸਾਨ।
ਮੰਦਰ ਦੇ ਵਿੱਚ ਹੋਵੇ ਆਰਤੀ ਮਸਜਿਦ ਵਿੱਚ ਅ਼ਜ਼ਾਨ ।
ਕਿਧਰੇ ਹਿੰਦੂ ਕਿਧਰੇ ਮੁਸਲਿਮ, ਲੱਭਦਾ ਨੀ ਇਨਸਾਨ।
ਕਿਹੜੇ ਰਾਹ ਅਸੀਂ ਪੈ ਗਏ, ਜ਼ਰਾ ਵੇਖੋ ਨਾਲ ਧਿਆਨ।
ਮੰਦਰ ਮਸੀਤ ਬਣਾਉਣ ਲੱਗੇ ਸੀ, ਬਣਾ ਬੈਠੇ ਸਮਸ਼ਾਨ।
ਕੋਈ ਹਿਦੋਸਤਾਨ ਲੈ ਗਿਆ ਕੋਈ ਲੈ ਗਿਆ ਪਾਕਿਸਤਾਨ।
ਸਰਹੱਦਾਂ ਤੇ ਕੁਰਬਾਨ ਹੋਣ ਲਈ, ਰਹਿਗੇ ਵੀਰ ਜਵਾਨ।
ਬੜੀ ਤਰੱਕੀ ਉੱਝ ਤਾਂ ਕਰ ਗਿਆ ਹੈ ਇਨਸਾਨ।
ਪਰ ਨਿੱਕੇ ਨਿੱਕੇ ਟੱਬਰ ਹੋਗੇ, ਵੱਡੇ ਹੋਏ ਮਕਾਨ।
ਨਸ਼ਿਆਂ ਦੇ ਮੱਕੜਜਾਲ ਚ ਫਸ ਗਏ, ਜੋ ਬੰਦੇ ਨਾਦਾਨ।
ਅਪਣੇ ਹੱਥੀ ਆਪ ਹੀ, ਉਹ ਲੈ ਰਹੇ ਅਪਣੀ ਜਾਨ।
ਨਿੱਤ ਘਪਲ਼ੇ ਨੇ ਹੋ ਰਹੇ, ਕਿੰਨਾ ਹੋ ਰਿਹਾ ਨੁਕਸਾਨ ।
ਹਾਕਮ ਪਿਆ ਘੁਰਾੜੇ ਮਾਰਦਾ, ਭਰਗੇ ਚੋਰ ਉਡਾਨ।
ਅੰਧ ਵਿਸ਼ਵਾਸ਼ਾਂ ਦੇ ਵਿੱਚ ਪੈਕੇ, ਥਾਂ ਥਾਂ ਭਟਕਦੇ ਫਿਰਨ ਨਾਦਾਨ
ਸਿੱਧੇ ਰਾਹ ਉਹ ਪੈ ਜਾਂਦੇ, ਜੇ ਪੜ ਲੈਂਦੇ ਵਿਗਿਆਨ।
ਇਸਤੋਂ ਵੱਡਾ ਮੈਨੂੰ ਤਾਂ ਨੀ, ਲੱਭਦਾ ਕੋਈ ਗਿਆਨ।
'ਨਾ ਕੋ ਵੈਰੀ ਨਹੀਂ ਬੇਗਾਨਾ' ਇਹ ਉਪਦੇਸ ਮਹਾਨ।
ਕੁਰਸੀਆਂ ਵਾਲੇ ਲੁੱਟੀ ਜਾਂਦੇ, ਰਿਹਾ ਨਾ ਧਰਮ ਇਮਾਨ।
ਹੁਣ ਕਿਹੜੇ ਮੂੰਹ ਨਾਲ ਕਾਲ਼ਾ ਆਖੇ, ਮੇਰਾ ਦੇਸ਼ ਮਹਾਨ।
ਮੇਰੇ ਵੱਲੋਂ ਸਵੇਰ ਮੁਬਾਰਕ
ਗੁਰਭਜਨ ਗਿੱਲ
10.3.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.