ਕੌਮਾਂਤਰੀ ਮਹਿਲਾ ਦਿਵਸ ਮੌਕੇ ਇਹ ਧਰਵਾਸ ਵਾਲੀ ਗੱਲ ਹੈ ਕਿ ਪੇਂਡੂ ਵਿਕਾਸ ਦੀ ਡੋਰ ਹੁਣ ਨੌਜਵਾਨ ਧੀਆਂ ਦੇ ਹੱਥ ਹੈ। ਪਹਿਲੀ ਵਾਰ ਹੈ ਕਿ ਨੌਜਵਾਨ ਕੁੜੀਆਂ ਨੇ ਪਿੰਡਾਂ ਦੀ ਜਿੰਮੇਵਾਰੀ ਸੰਭਾਲੀ ਹੈ। ਔਰਤਾਂ ਦਾ ਮਾਣ ਸਨਮਾਨ ਵਧਿਆ ਹੈ, ਨਾਲ ਹੀ ਇਹ ਮਹਿਲਾ ਸਰਪੰਚ ਹੁਣ ਕੁੜੀਮਾਰਾਂ ਨੂੰ ਬੰਦੇ ਬਣਨ ਦਾ ਸੁਨੇਹਾ ਵੀ ਦੇ ਰਹੀਆਂ ਹਨ। ਐਤਕੀਂ ਪੰਚਾਇਤੀ ਚੋਣਾਂ ਵਿਚ ਪੇਂਡੂ ਲੋਕਾਂ ਨੇ ਮਹਿਲਾ ਸਰਪੰਚ ਬਣਾਉਣ ਲਈ ਧੀਆਂ ਦੇ ਸਿਰ ਤੇ ਹੱਥ ਰੱਖਿਆ ਹੈ। ਪੰਜਾਹ ਫੀਸਦੀ ਰਾਖਵਾਂ ਕਰਨ ਵਰਦਾਨ ਬਣਿਆ ਹੈ।
ਮਹਿਲਾ ਦਿਵਸ ਮੌਕੇ ਇਨ੍ਹਾਂ ਧੀਆਂ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ ਜਿਨ੍ਹਾਂ ਨੇ ਪੇਂਡੂ ਵਿਕਾਸ ਦੇ ਪਿੜ ਵਿਚ ਨਵੀਂ ਲੀਹ ਖਿੱਚੀ ਹੈ। ਆਮ ਤੌਰ 'ਤੇ ਪਿੰਡਾਂ ਵਿਚ ਮਹਿਲਾ ਸਰਪੰਚੀ ਮਾਵਾਂ ਜਾਂ ਫਿਰ ਨੂੰਹਾਂ ਅੱਗੇ ਆਉਂਦੀਆਂ ਰਹੀਆਂ ਹਨ, ਪਰ ਇਸ ਵਾਰ ਨੌਜਵਾਨ ਕੁੜੀਆਂ ਸਰਪੰਚ ਬਣੀਆਂ ਹਨ। ਇਨ੍ਹਾਂ ਕੁੜੀਆਂ ਦੀ ਉਚੇਰੀ ਸਿੱਖਿਆ ਪਿੰਡਾਂ ਦਾ ਮੂੰਹ ਮੱਥਾ ਸੰਵਾਰਨ ਦੇ ਕੰਮ ਆਏਗੀ। ਉਮਰਾਂ ਭਾਵੇਂ ਛੋਟੀਆਂ ਹਨ ਤੇ ਸੁਪਨੇ ਵੱਡੇ ਹਨ । ਇੰਨਾਂ ਨੇ ਪੇਡੂ ਵਿਕਾਸ ਦਾ ਮੂੰਹ ਮਹਾਦਰਾਂ ਬਦਲਣ ਦੀ ਸੋਚ ਧਾਰੀ ਹੈ । ਇਹ ਸਮਾਂ ਹੀ ਦੱਸੇਗਾ ਕਿ ਕਿੰਨੇ ਕੋ ਸਫਲਤਾ ਹਾਸਲ ਕਰਦੀਆਂ ਹਨ । ਪੇਂਡੂ ਵਿਕਾਸ ਤੇ ਨਕਸ਼ੇ ਤੇ ਇੱਕ ਨਿਵੇਕਲਾ ਰੰਗ ਭਰ ਕੇ ਬੁਰਾਈ ਦੀ ਜੜ੍ਹ ਨੂੰ ਪੁੱਟਣ ਦਾ ਪ੍ਰਣ ਵੀ ਕਰਦੀਆਂ ਹਨ ।
- ਬਠਿੰਡਾ ਜ਼ਿਲ੍ਹੇ ਦੇ ਪਿੰਡ ਮਾਣਕ ਖਾਨਾ ਦੀ ਧੀ ਸੈਸਨਦੀਪ ਕੌਰ ਸਿੱਧੂ ( 23 ਸਾਲ) ਨੇ ਬੀ ਐਸੀ ਈ ( ਐਗਰੀਕਲਚਰ) ਦੀ ਪੜਾਈ ਕੀਤੀ ਹੋਈ ਹੈ ਤੇ ਆਈ ਏ ਐਸ ਦੀ ਤਿਆਰੀ ਵੀ ਨਾਲੋਂ ਨਾਲ ਚੱਲ ਰਹੀ ਹੈ, ਇਸ ਧੀ ਨੇ ਪਿੰਡ ਨੂੰ ਵਿਕਾਸ ਦੀਆ ਲੀਹਾਂ ਤੇ ਲਿਆਉਣ ਦੀ ਠਾਣ ਲਈ ਹੈ ਤੇ ਸਿੱਖਿਆ ਦੇ ਸੁਧਾਰ ਵਿੱਚ ਤਬਦੀਲੀਆਂ ਲਿਆ ਕੇ ਹਰ ਲੜਕੀ ਨੂੰ ਸਿੱਖਿਆ ਦਿਵਾਉਣਾ ਹੁਣ ਆਪਣਾ ਫਰਜ਼ ਸਮਝਦੀ ਹੈ । ਸਰਪੰਚ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਜਨਤਿਕ ਤੋਰ ਤੇ ਧੀਆਂ ਭੈਣਾਂ ਪ੍ਰਤੀ ਬੋਲੇ ਜਾਂਦੇ ਅਪ ਸ਼ਬਦ ਤੋ ਮੈਨੂੰ ੁਬਹੁਤ ਨਫ਼ਰਤ ਹੈ, ਇਸ ਲਈ ਔਰਤਾਂ ਤੇ ਹੁੰਦੇ ਅਤਿਆਚਾਰ ਨੂੰ ਰੋਕਣ ਲਈ ਪਹਿਲ ਕਦਮੀਂ ਕਰਾਂਗੀ ਇਸੇ ਮਕਸਦ ਨਾਲ ਕੌਮਾਂਤਰੀ ਮਹਿਲ ਦਿਵਸ ਤੇ ਅੋਰਤਾ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਣੂ ਕਰਵਾਉਣ ਲਈ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ । ਹਰ ਘਰ ਦੀ ਬੱਚੀ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਆ ਜਾਵੇਗਾ ਤਾਂ ਕਿ ਕੋਈ ਬੱਚਾ ਸਿੱਖਿਆ ਤੋ ਵਾਂਝਾ ਨਾ ਰਹੇ । ਲੜਾਈ ਝਗੜੇ ਦਾ ਕੇਸ ਥਾਣੇ ਕਚਹਿਰੀ ਵਿੱਚ ਨਹੀਂ ਜਾਣ ਦਿੱਤੇ ਜਾਣਗੇ , ਸਗੋਂ ਹਰ ਫੈਸਲਾ ਪੰਚਾਇਤ ਵਿੱਚ ਹੋਵੇਗਾ । ਪ੍ਰਾਈਵੇਟ ਸਕੂਲਾਂ ਦੀਆ ਵੱਡੀਆਂ ਫੀਸਾਂ ਤੋ ਬਚਾਉਣ ਲਈ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਨੂੰ ਤਰਜੀਹ ਦਿੱਤੀ ਜਾਵੇਗੀ । ਭਾਈਚਾਰਕ ਸਾਂਝ ਦੀ ਧੰਦ ਨੂੰ ਮਜ਼ਬੂਤ ਕਰਨ ਲਈ ਪਿੰਡ ਚ, ਧੜੇਬੰਦੀ ਪੈਦਾ ਨਹੀਂ ਹੋਣ ਦਿੱਤੀ ਜਾਵੇਗੀ ਤੇ ਹਰ ਫੈਸਲਾ ਨਿਰਪੱਖ ਤੋਰ ਤੇ ਹੋਵੇਗਾ । ਲੋਕਾਂ ਵੱਲੋਂ ਵਿਆਹ ਸਾਦੀਆਂ ਤੇ ਕੀਤੀ ਜਾਂਦੀ ਫਜ਼ੂਲ ਖ਼ਰਚੀ ਨੂੰ ਰੋਕਣ ਲਈ ਮਤਾ ਗ੍ਰਾਮ ਸਭਾ ਦੇ ਆਮ ਇਜਲਾਸ ਲਿਆਂਦਾ ਜਾਵੇਗਾ । ਖੁਦ ਕੰਮ ਕਰਨ ਵਿੱਚ ਯਕੀਨ ਰੱਖਦੀ ਹਾਂ , ਰਬੜ ਦੀ ਮੋਹਰ ਨਹੀਂ ਬਣਾਂਗੀ ।
ਪਿੰਡ ਮਾਣਕ ਖਾਨਾ (ਬਠਿੰਡਾ ) ਦੀ ਸਰਪੰਚ ਸੈਸਨਦੀਪ ਕੌਰ ਸਿੱਧੂ
- ਬਲਾਕ ਕਪੂਰਥਲਾ ਦੇ ਪਿੰਡ ਬਿਸਨਪੁਰ ਦੀ ਧੀ ਗੁਰਕੀਰਤ ਕੌਰ ( 23 ਸਾਲ) ਨੇ ਪ੍ਰੀਵਾਰ ਵਿੱਚੋਂ ਮਿਲੀ ਰਾਜਨੀਤਕ ਗੁੜ੍ਹਤੀ ਦਾ ਲਾਹਾ ਲੈਂਦਿਆਂ ਆਪਣੇ ਵਿਰੋਧੀ ਉਮੀਦਵਾਰ ਨੂੰ 270 ਵੋਟਾਂ ਦਾ ਫਰਕ ਨਾਲ ਹਰਾ ਕੇ ਛੋਟੀ ਉਮਰ ( 23 ਸਾਲ ) ਦੀ ਸਰਪੰਚ ਬਣੀ । ਪਿਤਾ ਗੁਰਦੀਪ ਸਿੰਘ ਬਲਾਕ ਸੰਮਤੀ ਮੈਂਬਰ ਤੇ ਮਾਤਾ ਕਮਲੇਸ ਰਾਣੀ ਜਿਲ੍ਹਾ ਪ੍ਰੀਸਦ ਮੈਂਬਰ ਚੁਣੇ ਜਾ ਚੁੱਕੇ ਹਨ । ਯੋਗਤਾ ਐਮ ਸੀ ਏ ਤੇ ਨਾਲ ਹੀ ਬੈਕਿੰਗ ਦੀ ਤਿਆਰੀ ਕਰਨ ਤੋ ਇਲਾਵਾ ਪਿੰਡ ਨੂੰ ਵਿਕਾਸ ਦੀਆ ਸਫ਼ਾਂ ਵਿੱਚ ਅੱਗੇ ਲਾਉਣ ਦਾ ਹਰ ਉਪਰਾਲਾ ਕਰਨ ਲਈ ਹਰ ਸਰਕਾਰੀ ਦਰਬਾਰੇ ਪਹੁੰਚ ਕਰੇਗੀ । ਉਸ ਦਾ ਮਿਸ਼ਨ ਹੈ ਕਿ ਸਕੂਲ ਦੀ ਖਸਤਾ ਹਾਲਤ ਬਿਲਡਿੰਗ ਨਵੀਂ ਬਨਾਉਣਾ ਤੇ ਲੜਕੀਆਂ ਨੂੰ ਸਿੱਖਿਆ ਦਿਵਾਉਣੀ ਤੇ ਔਰਤਾਂ ਨੂੰ ਆਤਮ ਨਿਰਭਰ ਬਨ੍ਹਾਉਣ ਲਈ ਰੁਜ਼ਗਾਰ ਮੱਹੁਈਆ ਕਰਵਾਉਣਾ ਤੇ ਨੌਜਵਾਨ ਪੀੜੀ ਲਈ ਜਿੰਮ ਖੋਲ੍ਹਣਾ ਤੇ ਪਾਰਕ ਬਨਾਉਣਾ ਅਤੇ ਗੰਦੇ ਪਾਣੀ ਦਾ ਨਿਕਾਸ ਲਈ ਸੀਵਰੇਜ ਪਾਉਣ ਤਰਜੀਹੀ ਕੰਮ ਹਨ।
ਪਿੰਡ ਬਿਸਨਪੁਰ (ਕਪੂਰਥਲਾ) ਦੀ ਸਰਪੰਚ ਗੁਰਕੀਰਤ ਕੌਰ
ਪਠਾਨਕੋਟ ਦੇ ਤਹਿਸੀਲ ਧਾਰ ਕਲਾਂ ਦੇ ਪਿੰਡ ਹਾੜਾ ਦੀ ਨੌਜਵਾਨ ਧੀ ਪਲਵੀ ਠਾਕੁਰ ( 21 ਸਾਲ) ਨੇ ਬੀ ਸੀ ਏ ( ਆਈ ਟੀ ) ਦੀ ਪੜਾਈ ਕੀਤੀ ਹੋਈ ਹੈ ਤੇ ਔਰਤਾਂ ਦੀ ਭਲਾਈ ਲਈ ਕੁਝ ਕਰਨ ਲਈ ਤਤਪਰ ਹੈ । ਪਿਛਲੀ ਸਰਕਾਰ ਸਮੇਂ ਪਿਤਾ ਨਾਲ ਬਲਾਕ ਸਮਿਤੀ ਚੋਣਾਂ ਵਿੱਚ ਹੋਈ ਧੱਕੇਸ਼ਾਹੀ ਕਰਕੇ ਉਸ ਦੇ ਮਨ ਨੂੰ ਬਹੁਤ ਵੱਡੀ ਠੇਸ ਵੱਜੀ ਤਾਂ ਉਸੇ ਸਮੇਂ ਹੀ ਮਨ ਵਿੱਚ ਧਾਰ ਲਿਆ ਸੀ ਕਿ ਪਿੰਡ ਦੀ ਸਰਪੰਚ ਬਣ ਕੇ ਕਿਸੇ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਵੇਗੀ । ਸਰਪੰਚ ਦਾ ਕਹਿਣਾ ਹੈ ਕਿ ਪਿੰਡ ਪਛੜਿਆ ਹੋਣ ਕਰਕੇ ਮਾਪੇ ਲੜਕੀਆਂ ਨੂੰ ਪੜਾਈ ਨਹੀਂ ਕਰਵਾਉਂਦੇ ਇਸ ਲਈ ਲੜਕੀਆਂ ਨੂੰ ਵਿਦਿਆ ਦਾ ਚਾਨਣ ਦਿਵਾਉਣਾ ਮੇਰਾ ਫਰਜ਼ ਬਣ ਗਿਆ ਹੈ । ਔਰਤਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਸੈਲਫ ਹੈਲਫ ਗਰੁੱਪ ਬਣਾ ਕੇ ਰੋਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾ ਰਹੇ ਹਨ । ਖੁਦ ਕੰਮ ਕਰਨ ਵਿੱਚ ਯਕੀਨ ਰੱਖਣ ਵਾਲੀ ਪਲਵੀ ਪੰਚਾਇਤ ਮੀਟਿੰਗਾਂ ਤੇ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਬੇਝਿਜਕ ਹੋ ਕੇ ਗੱਲ ਕਰਦੀ ਹੈ ਤੇ ਪੰਚਾਇਤੀ ਨਿਯਮਾਂ ਤੋ ਜਾਣੂ ਹੋਣ ਲਈ ਖੁਦ ਟਰੇਨਿੰਗ ਲੈ ਚੁੱਕੀ ਹੈ । ਲੜਕੇ ਲੜਕੀਆਂ ਦੀ ਸਿੱਖਿਆ ਲਈ ਪਿੰਡ ਵਿੱਚ ਆਈ ਟੀ ਆਈ ਲਿਆਉਣ ਤੋ ਇਲਾਵਾ ਆਗਣਵਾੜੀ ਸੈਂਟਰ , ਹੈਲਥ ਸੈਂਟਰ ਬਨ੍ਹਾਉਣ ਉਸ ਦਾ ਮੁੱਖ ਟੀਚਾ ਹੈ ।
ਪਿੰਡ ਹਾੜਾ (ਪਠਾਨਕੋਟ ) ਦੀ ਸਰਪੰਚ ਪਲਵੀ ਠਾਕਰ
-ਬਨੂੜ ਖਰੜ ਮੇਨ ਸੜਕ ਤੇ ਸਥਿਤ ਪਿੰਡ ਟਗੌਰੀ ਦੀ ਧੀ ਅਮਨਦੀਪ ਕੌਰ ਨੇ ਸਰਪੰਚ ਦੀ ਚੋਣ ਜਿੱਤ ਕੇ ਪਿੰਡ ਦੇ ਸਰਬਪੱਖੀ ਵਿਕਾਸ ਨੂੰ ਚਾਰ ਚੰਨ ਲਾਉਣ ਦੀ ਠਾਣੀ ਹੋਈ ਹੈ ਤੇ ਵਕਾਲਤ ਦੀ ਵਿਦਿਆ ਪਾਸ ਹੋਣ ਕਰਕੇ ਪੰਚਾਇਤੀ ਨਿਯਮਾਂ ਨੂੰ ਨੇੜੇ ਤੋ ਜਾਣਦੀ ਹੈ । ਸਰਪੰਚ ਦਾ ਕਹਿਣਾ ਹੈ ਕਿ ਪਿੰਡ ਦੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਗਰੀਬ ਪ੍ਰੀਵਾਰਾਂ ਦੇ ਮਕਾਨ ਬਨਾਉਣਾ ਤੇ ਗੰਦੇ ਪਾਣੀ ਦੇ ਨਿਕਾਸੀ ਦਾ ਮਸਲਾ ਹੱਲ ਕਰਨ ਅਤੇ ਲੜਕੀਆਂ ਨੂੰ ਸਿੱਖਿਆ ਦਿਵਾਉਣੀ ,ਉਸ ਦਾ ਮੁਢਲਾ ਕਾਰਜ ਹੈ । ਪਿੰਡ ਨੂੰ ਤਰੱਕੀ ਦੀਆਂ ਲੀਹਾਂ ਤੇ ਪਾਉਣ ਲਈ ਵਿਕਾਸ ਕੰਮਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣੀ ਤੇ ਪਿੰਡ ਨੂੰ ਧੜੇਬੰਦੀ ਤੋ ਬਚਾਉਣ ਲਈ ਨਿਰਪੱਖ ਤੋਰ ਤੇ ਫੈਸਲੇ ਲਏ ਜਾਣਗੇ ।
ਪਿੰਡ ਟਗੌਰੀ (ਬਲਾਕ ਖਰੜ ) ਦੀ ਸਰਪੰਚ ਅਮਨਦੀਪ ਕੌਰ
ਪੇਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਵਿੱਚ ਸੇਵਾਵਾਂ ਨਿਭਾਅ ਰਹੇ ਮਹਿਲਾ ਅਧਿਕਾਰੀ ਦਵਿੰਦਰ ਕੌਰ ਮੋਗਾ ਦਾ ਕਹਿਣਾ ਹੈ ਕਿ ਪਿੰਡਾਂ ਦੀ ਵਾਗਡੋਰ ਪੜ੍ਹੀਆਂ ਲਿਖੀਆਂ ਧੀਆਂ ਦੇ ਹੱਥ ਆਉਣੀ ਸ਼ੁਭ ਸਗਨ ਹੈ ਤੇ ਧੀਆਂ ਹੁਣ ਕਿਸੇ ਗੱਲੋਂ ਘੱਟ ਨਹੀਂ ,ਧੀਆਂ ਪਿੰਡਾ ਦੇ ਵਿਕਾਸ ਵਿੱਚ ਰੋਲ ਮਾਡਲ ਅਦਾ ਕਰਨਗੀਆਂ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਝਲਕ ਵੀ ਇੰਨਾ ਚੋ ਮਿਲੇਗੀ । ਪੜ੍ਹੀਆਂ ਲਿਖੀਆਂ ਔਰਤਾਂ ਦੇ ਆਉਣ ਨਾਲ ਸਮਾਜ ਵਿੱਚ ਕੁਝ ਬਦਲਾਅ ਦੀ ਆਸ ਬੱਝੀ ਹੈ ।
ਵੱਲੋਂ - ਪਰਮਜੀਤ ਭੁੱਲਰ , ਪਿੰਡ ਮੰਡੀ ਕਲਾਂ , ਜਿਲ੍ਹਾ ਬਠਿੰਡਾ ।
8.3.2019
-
ਪਰਮਜੀਤ ਭੁੱਲਰ, ਲੇਖਕ
paramjitbhullar2@gmail.com
94174-73260
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.