(ਖਾਲਸਾ ਕਾਲਜ ਵਿਖੇ ਡਾ ਰਤਨ ਸਿੰਘ ਜੱਗੀ, ਪ੍ਰਿੰ ਸਰਵਣ ਸਿੰਘ, ਗੁਰਭਜਨ ਗਿੱਲ, ਡਾ ਗੁਰਨਾਮ ਸਿੰਘ, ਡਾ ਸਤੀਸ਼ ਵਰਮਾ, ਡਾ ਵਨੀਤਾ, ਦਰਸ਼ਨ ਸਿੰਘ ਧਾਲੀਵਾਲ, ਐਸ ਪੀ ਐਸ ਉਬਰਾਏ, ਰਬਿੰਦਰ ਨਰਾਇਣ, ਸੁੱਖੀ ਬਾਠ ਤੇ ਅਜੈਬ ਸਿੰਘ ਚੱਠਾ ਨੂੰ ਖਾਲਸਾ ਕਾਲਜ ਗਲੋਬਲ ਪੰਜਾਬ ਰਤਨ ਐਵਾਰਡ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ)
-ਨਵਦੀਪ ਸਿੰਘ ਗਿੱਲ (97800-36216)
ਗੁਰਭਜਨ ਗਿੱਲ ਪੰਜਾਬੀ ਸਾਹਿਤ, ਸੱਭਿਆਚਾਰ ਦਾ ਉਹ ਸਰਵਣ ਪੁੱਤ ਹੈ ਜਿਸ ਨੇ ਹਰ ਪੜਾਅ, ਮੁਹਾਜ਼ ਅਤੇ ਥਾਂ 'ਤੇ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ, ਪੰਜਾਬੀ ਰਹਿਣੀ-ਸਹਿਣੀ ਅਤੇ ਪੰਜਾਬ ਦੀਆਂ ਖੇਡਾਂ ਦਾ ਝੰਡਾ ਬੁਲੰਦ ਕੀਤਾ ਹੈ। ਵੱਖ-ਵੱਖ ਅਹੁਦਿਆਂ 'ਤੇ ਰਹਿੰਦਿਆਂ ਕਈ ਸੰਸਥਾਵਾਂ ਦੀ ਪ੍ਰਧਾਨਗੀ ਅਤੇ ਸਰਪ੍ਰਸਤੀ ਕਰਦਿਆਂ ਉਨ੍ਹਾਂ ਨਰੋਆ ਸਮਾਜ ਸਿਰਜਣ ਵਿੱਚ ਅਹਿਮ ਰੋਲ ਨਿਭਾਉਂਦਿਆਂ ਹਮੇਸ਼ਾ ਹੀ ਸ਼ਬਦ ਸੱਭਿਆਚਾਰ ਦਾ ਹੋਕਾ ਦਿੱਤਾ ਹੈ। ਪੰਜਾਬੀ ਸਾਹਿਤ ਜਗਤ ਨੂੰ ਪੰਦਰਾਂ ਕਾਵਿ ਸ੍ਰੰਗਹਿ ਦੇਣ ਵਾਲੇ ਸ਼੍ਰੋਮਣੀ ਪੰਜਾਬੀ ਕਵੀ ਗੁਰਭਜਨ ਗਿੱਲ ਨੇ ਗੀਤ, ਗ਼ਜ਼ਲ, ਕਵਿਤਾ ਤੇ ਨਜ਼ਮ ਦੇ ਖੇਤਰ ਵਿੱਚ ਤਾਂ ਝੰਡੇ ਗੱਡੇ ਹੀ ਹਨ ਸਗੋਂ ਉਨ੍ਹਾਂ ਵੱਲੋਂ ਸਮੇਂ-ਸਮੇਂ 'ਤੇ ਲਿਖੇ ਕੁਝ ਲੇਖ ਚੰਗੇ ਵਾਰਤਕ ਲਿਖਾਰੀ ਹੋਣ ਦਾ ਵੀ ਸਬੂਤ ਦਿੰਦੇ ਹਨ। ਗੁਰਭਜਨ ਗਿੱਲ ਨੇ ਤਿੰਨ ਦਰਜਨ ਦੇ ਕਰੀਬ ਗੀਤ ਵੀ ਲਿਖੇ ਜੋ ਨਾਮੀਂ ਗਾਇਕਾਂ ਨੇ ਗਾਏ। ਗੀਤਕਾਰੀ ਨਾਲੋਂ ਵੱਧ ਰੁਝਾਨ ਉਨ੍ਹਾਂ ਦਾ ਕਵੀ ਬਣਨ ਵੱਲ ਵੱਧ ਰਿਹਾ।
ਗੁਰਭਜਨ ਗਿੱਲ ਦਾ ਜਨਮ ਸਰਹੱਦੀ ਜ਼ਿਲੇ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਪਿੰਡ ਬਸੰਤ ਕੋਟ ਵਿਖੇ 1953 ਨੂੰ ਹੋਇਆ। ਪਿਤਾ ਸ. ਹਰਨਾਮ ਸਿੰਘ ਤੇ ਮਾਤਾ ਤੇਜ ਕੌਰ ਦੇ ਸਭ ਤੋਂ ਛੋਟੇ ਪੁੱਤਰ ਗੁਰਭਜਨ ਗਿੱਲ ਨੂੰ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਸਰਪ੍ਰਸਤੀ ਘਰੋਂ ਹੀ ਮਿਲੀ। ਸਭ ਤੋਂ ਵੱਡੀ ਭੈਣ ਪ੍ਰਿੰਸੀਪਲ ਮਨਜੀਤ ਕੌਰ, ਵੱਡੇ ਭਰਾ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਤੇ ਪ੍ਰੋ. ਸੁਖਵੰਤ ਸਿੰਘ ਗਿੱਲ ਦੀ ਮਿਲੀ ਸੇਧ ਨੇ ਗੁਰਭਜਨ ਗਿੱਲ ਦੀ ਲਿਆਕਤ ਦੀ ਨੀਂਹ ਅਜਿਹੀ ਮਜ਼ਬੂਤ ਕੀਤੀ ਕਿ ਹੁਣ ਉਹ ਪੰਜਾਬੀ ਸਾਹਿਤ, ਸੱਭਿਆਚਾਰ, ਖੇਡਾਂ, ਪੰਜਾਬੀਅਤ ਅਤੇ ਪੰਜਾਬੀ ਰਹਿਣੀ-ਸਹਿਣੀ ਦਾ ਵੱਡਾ ਬੋਹੜ ਦਾ ਦਰਖੱਤ ਬਣ ਗਿਆ। ਗੁਰਭਜਨ ਗਿੱਲ ਨੇ ਪ੍ਰਾਇਮਰੀ ਦੀ ਸਿੱਖਿਆ ਪਿੰਡ ਦੇ ਹੀ ਸਕੂਲੋਂ ਕੀਤੀ ਅਤੇ ਦਸਵੀਂ ਦੀ ਪੜ੍ਹਾਈ ਧਿਆਨਪੁਰੋਂ ਕੀਤੀ। ਗਿਆਰਵੀਂ ਤੇ ਬਾਰ੍ਹਵੀਂ ਕਾਲਾ ਅਫਗਾਨਾ ਕਾਲਜ ਤੋਂ ਕਰਨ ਤੋਂ ਬਾਅਦ ਗੁਰਭਜਨ ਗਿੱਲ ਨੇ ਲੁਧਿਆਣਾ ਦੇ ਜੀ.ਜੀ.ਐਨ. ਖਾਲਸਾ ਕਾਲਜਾ ਵਿੱਚ ਬੀ.ਏ. ਦੀ ਪੜ੍ਹਾਈ ਲਈ ਦਾਖਲਾ ਲੈ ਲਿਆ। ਇੱਥੇ ਆ ਕੇ ਗੁਰਭਜਨ ਗਿੱਲ ਨੂੰ ਗੁਰੂ ਵਜੋਂ ਡਾ.ਐਸ.ਪੀ. ਸਿੰਘ ਦੀ ਸ਼ਾਗਿਰਦੀ ਅਤੇ ਮਿੱਤਰ ਵਜੋਂ ਸ਼ਮਸ਼ੇਰ ਸੰਧੂ ਦੀ ਦੋਸਤੀ ਦਾ ਸਾਥ ਮਿਲਿਆ। ਸਰਕਾਰੀ ਕਾਲਜ ਲੁਧਿਆਣਾ ਤੋਂ ਪੰਜਾਬੀ ਦੀ ਐਮ.ਏ. ਕੀਤੀ।
ਗੁਰਭਜਨ ਗਿੱਲ ਨੇ ਪੜ੍ਹਾਈ ਪੂਰੀ ਕਰਦਿਆਂ 1976 ਵਿੱਚ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਅਧਿਆਪਨ ਦੇ ਕਿੱਤੇ ਨੂੰ ਅਪਣਾਇਆ। ਦੋਰਾਹਾ ਕਾਲਜ ਵਿਖੇ ਇਕ ਸਾਲ ਸੇਵਾ ਨਿਭਾਉਣ ਤੋਂ ਬਾਅਦ ਲਾਜਪਤ ਰਾਏ ਮੈਮੋਰੀਅਲ ਜਗਰਾਉਂ ਵਿਖੇ 1977 ਤੋਂ 1983 ਤੱਕ ਛੇ ਸਾਲ ਪੜ੍ਹਾਇਆ। ਗੁਰਭਜਨ ਗਿੱਲ ਨੇ ਅਪਰੈਲ 1983 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸੀਨੀਅਰ ਸੰਪਾਦਕ (ਪੰਜਾਬੀ) ਵਜੋਂ ਨੌਕਰੀ ਜੁਆਇਨ ਕੀਤੀ ਜਿੱਥੇ ਉਨ੍ਹਾਂ ਤੀਹ ਸਾਲ ਸੇਵਾਵਾਂ ਨਿਭਾਈਆਂ। ਮਈ 2013 ਵਿੱਚ ਸੇਵਾ ਮੁਕਤੀ ਤੋਂ ਬਾਅਦ ਗੁਰਭਜਨ ਗਿੱਲ ਨੇ ਮਾਲਵੇ ਦੇ ਧੁਰ ਅੰਦਰ ਬਠਿੰਡਾ ਜ਼ਿਲੇ ਵਿੱਚ ਸਥਿਤ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਡਾਇਰੈਕਟਰ (ਯੋਜਨਾ ਤੇ ਵਿਕਾਸ) ਵਜੋਂ ਇਕ ਸਾਲ ਸੇਵਾਵਾਂ ਨਿਭਾਈਆਂ। ਫਰਵਰੀ 2014 ਤੋਂ ਬਾਅਦ ਗੁਰਭਜਨ ਗਿੱਲ ਭਾਵੇਂ ਨੌਕਰੀ ਦੀਆਂ ਸੇਵਾਵਾਂ ਤੋਂ ਪੂਰੀ ਤਰ੍ਹਾਂ ਵਿਹਲੇ ਹੋ ਗਏ ਪ੍ਰੰਤੂ ਵੱਖ-ਵੱਖ ਖੇਤਰਾਂ ਵਿੱਚ ਸਰਗਰਮੀ ਅਤੇ ਸਾਹਿਤਕ ਗਤੀਵਿਧੀਆਂ ਨੂੰ ਹੋਰ ਵਧਾ ਦਿੱਤਾ।
ਗੁਰਭਜਨ ਗਿੱਲ ਦੀ ਪਹਿਲੀ ਪੁਸਤਕ ਕਾਵਿ 'ਸ਼ੀਸ਼ਾ ਝੂਠ ਬੋਲਦਾ ਹੈ' 1978 ਵਿੱਚ ਪ੍ਰਕਾਸ਼ਿਤ ਹੋਈ। ਪਿਛਲੇ ਸਾਲ 2019 ਵਿੱਚ ਉਨ੍ਹਾਂ ਦੀ ਸੋਲ੍ਹਵੀਂ ਪੁਸਤਕ 'ਧਰਤੀ ਨਾਦ' ਪ੍ਰਕਾਸ਼ਿਤ ਹੋਈ ਹੈ। ਉਨ੍ਹਾਂ ਪੰਦਰਾਂ ਕਾਵਿ ਸੰਗ੍ਰਹਿ ਤੇ ਇਕ ਵਾਰਤਕ (ਸ਼ਬਦ ਚਿੱਤਰ) ਦੀ ਪੁਸਤਕ ਲਿਖੀ। ਇਸ ਤੋਂ ਇਲਾਵਾ ਪੰਜ ਪੁਸਤਕਾਂ ਸੰਪਾਦਿਤ ਕੀਤੀਆਂ। ਦੂਜੀ ਪੁਸਤਕ ਹਰ ਧੁਖਦਾ ਪਿੰਡ ਮੇਰਾ ਹੈ (1985) ਸੀ ਫੇਰ ਬੋਲ ਮਿਟੀ ਦਿਆ ਬਾਵਿਆਂ ਤੇ ਅਗਨ ਕਥਾ (2002)। ਇਸ ਤੋਂ ਬਾਅਦ 2005 ਵਿੱਚ ਧਰਤੀ ਨਾਦ ਤੋਂ ਸ਼ੁਰੂ ਕੀਤਾ ਸਫਰ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ 'ਤੇ 'ਖੈਰ ਪੰਜਾਂ ਪਾਣੀਆਂ ਦੀ', ਫੁੱਲਾਂ ਦੀ ਝਾਂਜਰ (2006), ਪਾਰਦਰਸ਼ੀ (2008), ਮੋਰ ਪੰਖ (2010), ਮਨ ਤੰਦੂਰ (2013), ਗੁਲਨਾਰ (2015), ਮਿਰਗਾਵਲੀ (2016), ਰਾਵੀ (2017), ਸੰਧੂਰਦਾਨੀ (2018) ਤੱਕ ਚਲਦਾ ਹੋਇਆ ਧਰਤੀ ਨਾਦ ਤੱਕ ਹੀ ਪੁੱਜ ਗਿਆ ਹੈ। ਸੰਪਾਦਿਤ ਕੀਤੀਆਂ ਪੰਜ ਪੁਸਤਕਾਂ ਵਿੱਚ ਸੁਰਖ ਸਮੁੰਦਰ, ਦੋ ਹਰਫ਼ ਰਸੀਦੀ, ਮਨ ਦੇ ਬੂਹੇ ਬਾਰੀਆਂ, ਤਾਰਿਆਂ ਨਾਲ ਗੱਲਾਂ ਕਰਦਿਆਂ ਤੇ ਪਿੱਪਲ ਪੱਤੀਆਂ ਸ਼ਾਮਲ ਹੈ। ਵਾਰਤਕ ਦੀ ਇਕਲੌਤੀ ਪੁਸਤਕ 'ਕੈਮਰੇ ਦੀ ਅੱਖ ਬੋਲਦੀ' ਹੈ ਜਿਸ ਵਿੱਚ ਲੁਧਿਆਣੇ ਦੇ ਪ੍ਰਸਿੱਧ ਫੋਟੋ ਆਰਟਿਸਟ ਤੇਜ ਪ੍ਰਤਾਪ ਸਿੰਘ ਸੰਧੂ ਦੀਆਂ ਤਸਵੀਰਾਂ ਹਨ।
ਗੁਰਭਜਨ ਗਿੱਲ ਨੇ ਹੁਣ ਤੱਕ 30-35 ਗੀਤ ਵੀ ਲਿਖੇ ਜਿਹੜੇ ਨਾਮੀਂ ਗਾਇਕਾਂ ਨੇ ਸੁਰਬੱਧ ਕੀਤੇ। ਇਨ੍ਹਾਂ ਗਾਇਕਾਂ ਵਿੱਚ ਸੁਰਿੰਦਰ ਛਿੰਦਾ, ਨਰਿੰਦਰ ਬੀਬਾ, ਜਗਮੋਹਨ ਕੌਰ, ਅਮਰਜੀਤ ਗੁਰਦਾਸਪੁਰੀ, ਹੰਸ ਰਾਜ ਹੰਸ, ਕੁਲਦੀਪ ਪਾਰਸ, ਲਾਭ ਜੰਜੂਆ, ਹਰਭਜਨ ਮਾਨ, ਜਸਵੀਰ ਜੱਸੀ, ਸਾਬਰ ਕੋਟੀ, ਰਾਜ ਕਾਕੜਾ, ਕੇਸਰ ਸਿੰਘ ਨਰੂਲਾ, ਹਰਦਿਆਲ ਪਰਵਾਨਾ, ਸੁਰਜੀਤ ਮਾਧੋਪੁਰੀ, ਵਿਜੇ ਯਮਲਾ ਜੱਟ, ਜਸਦੇਵ ਯਮਲਾ ਜੱਟ, ਡਾ.ਸੁਖਨੈਨ, ਅਕਬਰ ਅਲੀ, ਸ਼ੀਰਾ ਜਸਵੀਰ, ਹਰਿੰਦਰ ਸੋਹਲ, ਰਣਜੀਤ ਬਾਵਾ ਆਦਿ ਸ਼ਾਮਲ ਹੈ। ਭਰੂਣ ਹੱਤਿਆ 'ਤੇ ਚੋਟ ਕਰਦੇ ਲਿਖੇ ਗੀਤ 'ਲੋਰੀ' ਨੂੰ ਤਾਂ ਵੀਹ ਤੋਂ ਵੱਧ ਗਾਇਕਾਂ ਨੇ ਆਵਾਜ਼ ਦਿੱਤੀ ਹੈ। ਜਸਵੀਰ ਜੱਸੀ ਤੇ ਰਣਜੀਤ ਬਾਵਾ ਨੇ ਵੀ ਇਸ ਗੀਤ ਨੂੰ ਗਾਇਆ ਹੈ। ਹੁਣ ਅਮਰ ਨੂਰੀ ਇਸ ਗੀਤ ਨੂੰ ਰਿਕਾਰਡ ਕਰਨ ਜਾ ਰਹੀ ਹੈ। 'ਛਣਕਾਟਾ' ਫੇਮ ਜੋੜੀ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਨੂੰ ਸ਼ੁਰੂਆਤੀ ਸਮੇਂ ਵਿੱਚ ਗੁਰਭਜਨ ਗਿੱਲ ਦੀ ਸਰਪ੍ਰਸਤੀ ਤੇ ਸੇਧ ਮਿਲੀ।
ਗੁਰਭਜਨ ਗਿੱਲ ਨੂੰ 1975 ਵਿੱਚ ਕਾਲਜ ਦੀ ਪੜ੍ਹਾਈ ਦੌਰਾਨ ਗੁਰਭਜਨ ਗਿੱਲ ਨੂੰ ਪਹਿਲਾ ਸਨਮਾਨ 'ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ' ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਦਿੱਤਾ ਗਿਆ। 2013 ਵਿੱਚ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਮਿਲਿਆ। 2018 ਦੇ ਸ਼ੁਰੂ ਵਿੱਚ ਪੰਜਾਬੀ ਸਾਹਿਤ ਅਕਾਡਮੀ ਨੇ ਉਮਰ ਭਰ ਦੀਆਂ ਸੇਵਾਵਾਂ ਬਦਲੇ 'ਫੈਲੋ ਪੁਰਸਕਾਰ' ਨਾਲ ਸਨਮਾਨਤ ਕੀਤਾ। 2005 ਵਿੱਚ ਬਲਵਿੰਦਰ ਰਿਸ਼ੀ ਮੈਮੋਰੀਅਲ ਗ਼ਜ਼ਲ ਐਵਾਰਡ ਤੇ ਸੁਰਜੀਤ ਰਾਮਪੁਰੀ ਐਵਾਰਡ, 2003 ਵਿੱਚ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਮੈਮੋਰੀਅਲ ਗੋਲਡ ਮੈਡਲ ਤੇ ਸਫ਼ਦਰ ਹਾਸ਼ਮੀ ਲਿਟਰੇਰੀ ਐਵਾਰਡ, 2002 ਵਿੱਚ ਐਸ.ਐਸ.ਮੀਸ਼ਾ ਐਵਾਰਡ, ਗਿਆਨੀ ਸੁੰਦਰ ਸਿੰਘ ਐਵਾਰਡ ਤੇ ਪ੍ਰੋ. ਪੂਰਨ ਸਿੰਘ ਐਵਾਰਡ, 1998 ਵਿੱਚ ਬਾਵਾ ਬਲਵੰਤ ਐਵਾਰਡ, 1992 ਵਿੱਚ ਸ਼ਿਵ ਕੁਮਾਰ ਬਟਾਲਵੀ ਐਵਾਰਡ ਅਤੇ 1979 ਵਿੱਚ ਮਿਲਿਆ 'ਭਾਈ ਵੀਰ ਸਿੰਘ ਐਵਾਰਡ' ਮਿਲਿਆ। ਹੁਣ ਖਾਲਸਾ ਕਾਲਜ ਪਟਿਆਲਾ ਵਿਖੇ ਕਰਵਾਈ ਜਾ ਰਹੀ 'ਗਲੋਬਲ ਪੰਜਾਬੀ ਕਾਨਫਰੰਸ' ਦੌਰਾਨ ਗੁਰਭਜਨ ਗਿੱਲ ਨੂੰ 'ਖਾਲਸਾ ਕਾਲਜ ਗਲੋਬਲ ਪੰਜਾਬ ਰਤਨ ਐਵਾਰਡ' ਨਾਲ ਸਨਮਾਨਤ ਕੀਤਾ ਜਾ ਰਿਹਾ ਹੈ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਸਮੇਤ ਵੱਖ-ਵੱਖ ਅਹੁਦਿਆਂ 'ਤੇ ਗੁਰਭਜਨ ਗਿੱਲ ਨੇ 20 ਸਾਲ ਸੇਵਾਵਾਂ ਨਿਭਾਈਆਂ ਹਨ। ਚਾਰ ਸਾਲ ਕਾਰਜਕਾਰਨੀ ਮੈਂਬਰ, 6 ਸਾਲ ਮੀਤ ਪ੍ਰਧਾਨ, 6 ਸਾਲ ਸੀਨੀਅਰ ਮੀਤ ਪ੍ਰਧਾਨ ਅਤੇ ਫੇਰ 4 ਸਾਲ ਪ੍ਰਧਾਨ ਦੀਆਂ ਸੇਵਾਵਾਂ ਨਿਭਾਉਣ ਵਾਲੇ ਗੁਰਭਜਨ ਗਿੱਲ ਨੇ ਅਕਾਡਮੀ ਨੂੰ ਹਰ ਪੜਾਅ 'ਤੇ ਸੇਵਾਵਾਂ ਦਿੱਤੀਆਂ। ਉਹ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਲੁਧਿਆਣਾ ਦੇ ਸਕੱਤਰ ਜਨਰਲ ਵੀ ਰਹੇ ਹਨ। ਮਾਝੇ ਦੀਆਂ ਪ੍ਰਸਿੱਧ ਖੇਡਾਂ ਅਤੇ ਓਲੰਪਿਕ ਚਾਰਟਰ ਵਾਲੀਆਂ ਇਕਲੌਤੀਆਂ ਕਮਲਜੀਤ ਖੇਡਾਂ ਦੀ ਪ੍ਰਬੰਧਕੀ ਸੰਸਥਾ ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਦੇ ਉਹ ਚੇਅਰਮੈਨ ਹਨ। ਇਸ ਤੋਂ ਇਲਾਵਾ 2012 ਤੋਂ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ, ਬੱਸੀਆਂ (ਰਾਏਕੋਟ) ਦੇ ਚੇਅਰਮੈਨ ਚੱਲੇ ਹਨ ਜਿਨ੍ਹਾਂ ਦੀ ਅਗਵਾਈ ਹੇਠ ਬੱਸੀਆਂ ਕੋਠੀਆਂ ਵਿਖੇ ਖਾਲਸਾ ਰਾਜ ਦੇ ਆਖਰੀ ਰਾਜੇ ਮਹਾਰਾਜਾ ਦਲੀਪ ਸਿੰਘ ਦੀ ਅਦੁੱਤੀ ਯਾਦਗਾਰ ਬਣੀ। ਇਸ ਤੋਂ ਇਲਾਵਾ ਉਹ 1987 ਤੋਂ ਲੋਕ ਵਿਰਾਸਤ ਅਕੈਡਮੀ ਇੰਟਰਨੈਸ਼ਨਲ ਪੰਜਾਬ ਦੇ ਮੋਢੀ ਚੇਅਰਮੈਨ, ਸਰਦਾਰ ਸ਼ੋਭਾ ਸਿੰਘ ਮੈਮੋਰੀਅਲ ਫਾਊਂਡੇਸ਼ਨ ਸ੍ਰੀ ਹਰਗੋਬਿੰਦਪੁਰ ਦੇ ਪੈਟਰਨ, ਸੱਭਿਆਚਾਰਕ ਸੱਥ ਪੰਜਾਬ ਦੇ ਪੈਟਰਨ ਅਤੇ 2016 ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫੈਲੋ ਹਨ।
ਉਨ੍ਹਾਂ ਕਈ ਖੇਡ ਮੇਲਿਆਂ ਦੀ ਸਰਪ੍ਰਸਤੀ ਕਰਦਿਆਂ ਉਨ੍ਹਾਂ ਨੂੰ ਸਾਹਿਤਕ ਚਾਸ਼ਨੀ ਰਾਹੀਂ ਖੇਡ ਪ੍ਰੇਮੀਆਂ ਅੱਗੇ ਪਰੋਸਿਆ ਹੈ। ਖੇਡ ਮੇਲਿਆਂ ਨੂੰ ਕਲਮਬੰਦ ਕਰਨ ਦਾ ਸਿਹਰਾ ਗੁਰਭਜਨ ਗਿੱਲ ਨੂੰ ਜਾਂਦਾ ਹੈ, ਜਿਨ੍ਹਾਂ ਹਰ ਖੇਡ ਮੇਲੇ ਦੌਰਾਨ ਸੋਵੀਨਾਰ ਕੱਢਣ ਦੀ ਰੀਤ ਸ਼ੁਰੂ ਕੀਤੀ। ਚਾਹੇ ਇਹ ਕਿਲਾ ਰਾਏਪੁਰ ਦੀਆਂ ਮਸ਼ਹੂਰ ਖੇਡਾਂ ਹੋਣ, ਕੋਟਲਾ ਸ਼ਾਹੀਆਂ ਦੀਆਂ ਕਮਲਜੀਤ ਖੇਡਾਂ ਜਾਂ ਫੇਰ ਗੁੱਜਰਵਾਲ ਦੀਆਂ ਖੇਡਾਂ। ਕਿਲਾ ਰਾਏਪੁਰ ਦੀਆਂ ਖੇਡਾਂ ਵਿੱਚ ਬੈਲ ਗੱਡੀਆਂ ਦੀ ਦੌੜ ਮੁੜ ਸ਼ੁਰੂ ਕਰਵਾਉਣ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਗੁਰਭਜਨ ਗਿੱਲ ਦੀ ਸੋਚ ਹੁੰਦੀ ਸੀ ਕਿ ਚੰਗੇ ਖਿਡਾਰੀ ਬਣਨ ਲਈ ਚੰਗਾ ਸਾਹਿਤ ਪੜ੍ਹਨਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੀ ਇਸੇ ਸੋਚ 'ਤੇ ਚੱਲਦਿਆਂ ਕਮਲਜੀਤ ਖੇਡਾਂ ਦੌਰਾਨ ਜੇਤੂ ਖਿਡਾਰੀਆਂ ਨੂੰ ਇਨਾਮ ਵਿੱਚ ਪੁਸਤਕਾਂ ਵੰਡੀਆਂ ਜਾਂਦੀਆਂ ਹਨ।
ਗੁਰਭਜਨ ਗਿੱਲ ਦਾ ਦਾਇਰਾ ਪੰਜਾਬ ਤੋਂ ਬਾਹਰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਵੀ ਫੈਲਿਆ ਹੋਇਆ ਹੈ। ਮਹਾਂਰਾਸ਼ਟਰ ਵਿਖੇ ਭਗਤ ਨਾਮਦੇਵ ਜੀ ਦੀ ਯਾਦ ਵਿੱਚ ਹੋਏ ਵਿਸ਼ਵ ਸੰਮੇਲਨ ਅਤੇ ਕੋਲਕਾਤਾ ਵਿਖੇ ਗੁਰੂਦੇਵ ਰਾਬਿੰਦਰਨਾਥ ਟੈਗੋਰ ਦੀਆਂ ਸਮੁੱਚੀਆਂ ਰਚਨਾਵਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰ ਕੇ ਬਾਰਾਂ ਪੁਸਤਕਾਂ ਛਾਪਣ ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। ਸਰੀ (ਕੈਨੇਡਾ) ਵਿਖੇ ਸੁੱਖੀ ਬਾਠ ਵੱਲੋਂ ਬਣਾਏ ਪੰਜਾਬ ਭਵਨ ਨੂੰ ਬਣਾਉਣ ਵਿੱਚ ਉਨ੍ਹਾਂ ਦੀ ਸਲਾਹ ਪ੍ਰਮੁੱਖ ਸੀ ਅਤੇ ਫੇਰ ਇਸ ਭਵਨ ਵਿੱਚ ਚੋਟੀ ਦੇ ਸਾਹਿਤਕਾਰਾਂ ਦੀਆਂ ਤਸਵੀਰਾਂ ਸਥਾਪਤ ਕਰਨ ਵਿੱਚ ਅਹਿਮ ਰੋਲ ਨਿਭਾਇਆ। ਉਹ ਹੁਣ ਤੱਕ ਕੈਨੇਡਾ, ਅਮਰੀਕਾ, ਇੰਗਲੈਂਡ, ਪਾਕਿਸਤਾਨ ਤੇ ਜਰਮਨੀ ਦੇ ਦੌਰੇ ਕਰ ਚੁੱਕੇ ਹਨ। ਵੱਖ-ਵੱਖ ਟੀ.ਵੀ. ਚੈਨਲਾਂ ਉਪਰ ਪੰਜਾਬ, ਪੰਜਾਬੀ, ਪੰਜਾਬੀਅਤ ਨਾਲ ਜੁੜੇ ਹਰ ਸਾਹਿਤਕ, ਸਮਾਜਿਕ, ਸੱਭਿਆਚਾਰਕ ਮੁੱਦੇ ਉਪਰ ਹੁੰਦੀਆਂ ਬਹਿਸਾਂ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਜਾਂਦਾ ਹੈ। ਵੱਖ-ਵੱਖ ਥਾਂਈਂ ਹੁੰਦੇ ਸੈਮੀਨਾਰਾਂ, ਗੋਸ਼ਟੀਆਂ, ਸੰਮਲੇਨਾਂ ਅਤੇ ਵਿਚਾਰ ਚਰਚਾਵਾਂ ਦੀ ਗੱਲ ਕਰੀਏ ਤਾਂ ਗੁਰਭਜਨ ਗਿੱਲ ਵੱਲੋਂ ਦਿੱਤੇ ਗਏ ਭਾਸ਼ਣਾਂ ਦੀ ਵੱਡੀ ਗਿਣਤੀ ਹੈ।
-
ਨਵਦੀਪ ਸਿੰਘ ਗਿੱਲ, ਲੇਖਕ
navdeepsinghgill82@gmail.com
97800-36216
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.