ਪਰਮ ਜੀਤ ਰਾਮਗੜ੍ਹੀਆ ਦਾ ਕਾਵਿ ਸੰਗ੍ਰਹਿ ਅਧੂਰੀ ਕਵਿਤਾ ਦੀਆਂ ਕਵਿਤਾਵਾਂ ਪੰਜਾਬੀ ਦਿਹਾਤੀ ਸਭਿਅਚਾਰ ਦਾ ਪ੍ਰਗਟਾਵਾ ਕਰਦੀਆਂ ਹਨ। ਉਸਦੀ ਇਹ ਦੂਜੀ ਪੁਸਤਕ ਹੈ, ਇਸ ਤੋਂ ਪਹਿਲਾਂ ਉਸਨੇ 2016 ਵਿਚ 'ਮਘਦੇ ਹਰਫ' ਪੁਸਤਕ ਪ੍ਰਕਾਸ਼ਤ ਕੀਤੀ ਸੀ। ਉਸਦੀਆਂ ਕਵਿਤਾਵਾਂ ਅਤੇ ਮਿੰਨੀ ਕਹਾਣੀਆਂ ਹੋਰ ਵੀ ਬਹੁਤ ਸਾਰੀਆਂ ਸਾਂਝੀਆਂ ਪੁਸਤਕਾਂ ਵਿਚ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਉਸਨੇ ਇੱਕ ਪੁਸਤਕ 'ਪੰਜਾਬੀ ਹਾਇਕੂ ਰਿਸ਼ਮਾ' ਦੀ ਸੰਪਾਦਨਾ ਵੀ ਕੀਤੀ ਹੈ ਅਤੇ ਕਿਰਨਾ ਦਾ ਕਾਫਲਾ ਸਾਂਝੇ ਤੌਰ ਤੇ ਦੀਪ ਜ਼ੀਰਵੀ ਅਤੇ ਅੰਜੂ ਵੀ ਰੱਤੀ ਨਾਲ ਸੰਪਾਦਿਤ ਕੀਤੀ ਹੈ। ਜੇ ਪੀ ਪਬਲਿਸ਼ਰਜ਼ ਪਟਿਆਲਾ ਵੱਲੋਂ ਪ੍ਰਕਾਸ਼ਤ ਕੀਤੀ 124 ਪੰਨਿਆਂ ਅਤੇ 150 ਰੁਪਏ ਕੀਮਤ ਵਾਲੀ ਇਸ ਅਧੂਰੀ ਕਵਿਤਾ ਪੁਸਤਕ ਵਿਚ 72 ਕਵਿਤਾਵਾਂ ਹਨ। ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਸਮਾਜਿਕ ਸਰੋਕਾਰਾਂ ਨਾਲ ਲਬਰੇਜ਼ ਹਨ, ਜਿਨ੍ਹਾਂ ਵਿਚ ਦਿਹਾਤੀ ਵਾਤਵਰਨ ਦੀ ਝਲਕ ਮਿਲਦੀ ਹੈ। ਪੰਜਾਬ ਵਿਚ ਚਿੱਟੇ ਦੇ ਨਸ਼ੇ ਦੀ ਬਿਮਾਰੀ ਬਾਰੇ ਵੀ ਉਹ ਆਪਣੀਆਂ ਕਵਿਤਾਵਾਂ ਵਿਚ ਚਿੰਤਾ ਪ੍ਰਗਟਾਉਂਦਾ ਹੈ। ਇਸਤੋਂ ਇਲਾਵਾ ਕੁਦਰਤੀ ਆਫਤਾਂ, ਬਿਰਹਾ, ਪ੍ਰੇਮ ਪਿਆਰ, ਬੱਚਿਆਂ ਵੱਲੋਂ ਮਾਪਿਆਂ ਦੀ ਅਣਗਹਿਲੀ ਤੇ ਉਨ੍ਹਾਂ ਦੀ ਇਕੱਲਤਾ, ਭਰੂਣ ਹੱਤਿਆ, ਕਿਸਾਨੀ ਆਤਮ ਹਤਿਆਵਾਂ, ਧਰਮ, ਰਾਜਨੀਤੀ, ਧਰਨੇ ਮੁਜ਼ਾਹਰੇ, ਟੁੱਟ ਰਹੇ ਪਰਿਵਾਰਿਕ ਰਿਸ਼ਤੇ, ਪ੍ਰਦੂਸ਼ਣ, ਵੱਧਦੀ ਆਬਾਦੀ, ਬੇਰੋਜ਼ਗਾਰੀ, ਗ਼ਰੀਬੀ, ਭੁੱਖਮਰੀ, ਰੁੱਖਾਂ ਦੀ ਕਟਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਤ ਕਵਿਤਾਵਾਂ ਵੀ ਹਨ। ਉਸ ਦੀਆਂ ਕੁਝ ਕਵਿਤਾਵਾਂ ਪ੍ਰਗਤੀਵਾਦੀ ਅਤੇ ਕਰਾਂਤੀਕਾਰੀ ਵੀ ਹਨ ਪ੍ਰੰਤੂ ਬਹੁਤੀਆਂ ਕਵਿਤਾਵਾਂ ਲੋਕ ਹਿੱਤਾਂ ਦੇ ਆਲੇ ਦੁਆਲੇ ਘੁੰਮਦੀਆਂ ਹਨ। ਪੰਜਾਬ ਵਿਚ ਇਸ ਸਮੇਂ ਕੀ ਵਾਪਰ ਰਿਹਾ ਹੈ ਅਤੇ ਉਸਦਾ ਸਮਾਜ ਉਪਰ ਕੀ ਪ੍ਰਭਾਵ ਪੈ ਰਿਹਾ ਹੈ ਜਾਂ ਪੈਣ ਦੀ ਉਮੀਦ ਹੈ, ਉਸਨੂੰ ਵੀ ਵਿਸ਼ਾ ਬਣਾਇਆ ਗਿਆ ਹੈ। ਕੁਝ ਕਵਿਤਾਵਾਂ ਵਿਚ ਬਿਰਹਾ ਦਾ ਝਲਕਾਰਾ ਵੀ ਮਿਲਦਾ ਹੈ। 5 ਰੋਮਾਂਟਿਕ ਕਵਿਤਾਵਾਂ ਵਿਚ ਇਸ਼ਕ ਮੁਸ਼ਕ ਦੀ ਵੀ ਗੱਲ ਕੀਤੀ ਗਈ ਹੈ। ਪਰਮ ਜੀਤ ਰਾਮਗੜ੍ਹੀਆ ਨੇ ਆਪਣੀਆਂ ਕਵਿਤਾਵਾਂ ਵਿਚ ਦਿਹਾਤੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਜੋ ਪਿੰਡਾਂ ਦੇ ਲੋਕ ਆਮ ਬੋਲ ਚਾਲ ਵਿਚ ਵਰਤਦੇ ਹਨ ਜਿਵੇਂ ਵਣਜਾਰਾ, ਹੋਕਾ, ਭੱਠੜੀ, ਸੁਨੇਹੜਾ, ਦੁੱਖੜੇ, ਭਾਂਬੜ, ਪਰਲੋ, ਚਰਖਾ, ਤ੍ਰਿੰਝਣ, ਦਰੀਆਂ, ਚੁਲ੍ਹੇ ਚੌਂਕੇ ਅਤੇ ਛਤੜੇ ਆਦਿ। ਸਿਆਸਤਦਾਨਾਂ ਵੱਲੋਂ ਧਾਰਮਿਕ ਸਥਾਨਾ ਦੀ ਦੁਰਵਰਤੋਂ ਕਰਕੇ ਰਾਜਨੀਤਕ ਕਾਨਫਰੰਸਾਂ ਕਰਨ ਨੂੰ ਵੀ ਵਿਸ਼ਾ ਬਣਾਇਆ ਗਿਆ ਹੈ। ਕੇਹੀ ਪਰਲੋ ਸਿਰਲੇਖ ਵਾਲੀ ਕਵਿਤਾ ਵਿਚ ਵਰਤਮਾਨ ਸਮਾਜਿਕ ਸਥਿਤੀ ਅਤੇ ਕੁਦਰਤ ਦੀ ਕਰੋਪੀ ਬਾਰੇ ਉਹ ਲਿਖਦਾ ਹੈ-
ਨਾ ਘਰ ਰਿਹਾ ਨਾ ਬਾਰ ਰਿਹਾ, ਨਾ ਸੱਜਣ ਬੇਲੀ ਯਾਰ ਰਿਹਾ।
ਸਭਨਾ ਦੀ ਪੈ ਗਈ ਜੁਦਾਈ, ਹਾਏ ਉਹ ਰੱਬਾ ਮੇਰਿਆ ਇਹ ਕੇਹੀ ਪਰਲੋ ਆਈ।
Îਮਲ੍ਹਬੇ ਦੇ ਵਿਚ ਦੱਬ ਗਏ ਬੱਚੇ, ਕਾਲ ਉਨ੍ਹਾਂ ਦੇ ਸਿਰ 'ਤੇ ਨੱਚੇ।
ਕੁੱਝ ਤਾਂ ਲੋਕੀ ਭੁੱਖ ਨਾਲ ਮਰਗੇ, ਮੌਤ ਤੇ ਅੱਗੇ ਉਹ ਵੀ ਹਰਗੇ।
ਜ਼ਿੰਦਗੀ ਦੇ ਰੰਗ ਨਾਮ ਦੀ ਕਵਿਤਾ ਵਿਚ ਪਰਮ ਜੀਤ ਮਾਪਿਆਂ ਦੀ ਇਕੱਲਤਾ, ਮਾਰ ਧਾੜ ਅਤੇ ਚਿੱਟੇ ਦੇ ਨਸ਼ੇ ਦੇ ਪ੍ਰਭਾਵ ਬਾਰੇ ਲਿਖਦਾ ਹੈ-
ਸੂਰਬੀਰਾਂ ਦੇ ਰੱਤ ਵਰਗਾ, ਲਾਲ ਰੰਗ ਮੈਨੂੰ ਜਾਪੇ।
Êਪੁੱਤਰਾਂ ਬਾਝੋਂ ਸੁੰਨਮ-ਸੁੰਨੇ ਵਿਚ ਘਰਾਂ ਦੇ ਮਾਪੇ।
ਹਾਂਤੀ ਦਾ ਰੰਗ ਕਿੱਧਰੇ ਵੀ ਹੁਣ ਨਾ ਯਾਰੋ ਲੱਭੇ।
ਚਿੱਟਾ ਤਾਂ ਹੁਣ 'ਚਿੱਟੇ' ਵਾਕਣ ਮੈਨੂੰ ਯਾਰੋ ਲੱਗੇ।
ਬੇ-ਜ਼ਮੀਰੇ ਸਿਰਲੇਖ ਵਾਲੀ ਕਵਿਤਾ ਨੇ ਸਮਾਜਿਕ ਬੁਰਾਈਆਂ ਦੇ ਕਈ ਰੰਗ ਵਿਖਾਏ ਹਨ। ਭਰੂਣ ਹੱਤਿਆ, ਕੁਦਰਤ ਨਾਲ ਖਿਲਵਾੜ, ਰਾਜਨੀਤਕ ਦਖ਼ਅੰਦਾਜ਼ੀ ਅਤੇ ਧਾਰਮਿਕ ਕੱਟੜਤਾ ਬਾਰੇ ਲਿਖਿਆ ਹੈ-
ਰੁੱਖਾਂ ਦਾ ਮੈਂ ਮੁੱਢ ਤੋਂ ਵੈਰੀ, ਚਿੜੀਆਂ ਦੇ ਘਰ ਉਖਾੜਾਂ।
ਬੋਟੀ-ਬੋਟੀ ਧੀ ਦੀ ਕਰਕੇ, ਮਾਂ ਕਿਸੇ ਦੀ ਕੁੱਖ ਉਜਾੜਾਂ।
ਸੂਰਜ ਦੇਵਤਾ ਵੇਖ ਕੇ ਕੰਬੇ, ਮੇਰੇ ਕੀਤੇ ਕੰਮਾਂ ਕਾਰਾਂ ਨੂੰ।
ਫਸਲਾਂ ਵਿੱਚ ਜ਼ਹਿਰ ਘੋਲਕੇ, ਖੇਤਾਂ ਵਿੱਚ ਪਰਾਲੀ ਸਾੜਾਂ।
ਕੀ ਅੱਲ੍ਹਾ ਕੀ ਮੌਲ੍ਹਾ ਸਮਝਾਂ, ਗੁਰਦੁਆਰੇ ਮੰਦਰ ਮਸੀਤਾਂ ਨੂੰ।
ਧਰਮ ਦੇ ਨਾਂ 'ਤੇ ਦੰਗੇ ਕਰਦਾ, ਗਲੀ ਮੁਹੱਲੇ ਪੱਤਰੇ ਪਾੜਾਂ।
ਕੈਦ੍ਹੇ ਕਾਨੂੰਨ ਨੂੰ ਜਾਣਾ ਮੈਂ ਕੀ, ਐਮ ਐਲ ਏ ਮੇਰੀ ਗੋਜੀ 'ਚ
ਸਰਕਾਰੇ ਦਰਬਾਰੇ ਪਹੁੰਚ ਹੈ ਪੂਰੀ, ਅਫ਼ਸਰਾਂ ਉਤੇ ਰੋਹਬ ਮੈਂ ਚਾੜ੍ਹਾਂ।
ਸਮਾਜ ਵਿਚ ਪਾਈਆਂ ਵੰਡੀਆਂ ਬਾਰੇ ਪਰਮ ਦੀ ਇਕ ਕਵਿਤਾ ਹੈ ਪਿੱਪਲ ਵੰਡੇ ਛਾਵਾਂ ਵੰਡੀਆਂ ਸਾਰੀ ਪੁਸਤਕ ਵਿਚੋਂ ਬਿਹਤਰੀਨ ਕਵਿਤਾ ਹੈ-
ਪਿੱਪਲ ਵੰਡੇ ਛਾਵਾਂ ਵੰਡੀਆਂ, ਧੁੱਪਾਂ ਬੁੱਲੇ ਹਵਾਵਾਂ ਵੰਡੀਆਂ।
Îਮੰਦਰ, ਮਸਜਿਦ, ਗੁਰਦੁਆਰੇ, ਪਾਕਿ ਪਵਿਤਰ ਥਾਵਾਂ ਵੰਡੀਆਂ।
Ðਰੋ-ਰੋ ਨੈਣਾਂ ਦੇ ਹੰਝੂ ਮੁੱਕ ਗਏ, ਪੁੱਤਾਂ ਕੋਲੋਂ ਜਦ ਮਾਵਾਂ ਵੰਡੀਆਂ।
ਚੁੰਨੀ, ਬੁਰਕੇ ਟੋਪੀ ਤੇ ਪਗੜੀ ਝੱਗੇ, ਕੁੜਤੇ ਖੜ੍ਹਾਵਾਂ ਵੰਡੀਆਂ।
ਮਾਂ ਦਾ ਸੰਦੂਕ ਬਾਪੂ ਦਾ ਗੱਡਾ, ਬਲਦਾਂ ਜੋੜੀ ਭਰਾਵਾਂ ਵੰਡੀਆਂ।
ਰਿਸ਼ਤੇ ਨਾਤੇ ਅਪਣੱਤ ਪਈ ਰੋਵੇ, ਸੱਜੀਆਂ ਖੱਬੀਆਂ ਬਾਹਵਾਂ ਵੰਡੀਆਂ।
ੂਰਮ ਦੇ ਨਾਂ ਕਿੰਝ ਡੇਰੇ ਵੰਡ ਲਏ, ਗੁਰੂਆਂ ਦੀਆਂ ਉਹ ਥਾਵਾਂ ਵੰਡੀਆਂ।
Êਪਰਮ ਜੀਤ ਪਰਮ ਦਾ ਭਾਵੇਂ ਇਹ ਉਪਰਾਲਾ ਚੰਗਾ ਹੈ ਪ੍ਰੰਤੂ ਇਸ ਪੁਸਤਕ ਦੀਆਂ 72 ਨਜ਼ਮਾਂ ਵਿਚੋਂ 30 ਕੁ ਹੀ ਸੁਰ, ਲੈ, ਤਾਲ ਵਾਲੀਆਂ ਹਨ ਜਿਹੜੀਆਂ ਅਸਲ ਵਿਚ ਕਵਿਤਾਵਾਂ ਲੱਗਦੀਆਂ ਹਨ ਪ੍ਰੰਤੂ 42 ਕਵਿਤਾਵਾਂ ਚਿੱਟਾ, ਮਾਂ, ਅਚਾਨਕ, ਕਲਮ ਖ਼ਾਮੋਸ਼, ਨਾਚੀਜ਼, ਰਿਸ਼ਤਿਆਂ ਦੀ ਦਾਸਤਾਂ, ਅਧੂਰੀ ਕਵਿਤਾ, ਅਪਾਹਜ, ਵਿਕਾਸ, ਦੀਵਾਲੀ, ਰੂਹ ਦਾ ਹਾਣੀ, ਖੜਸੁਕ, ਜੁਗਨੂੰਆਂ ਵੇ, ਦਰਪਨ, ਉਲ੍ਹਾਮਾ, ਕਮੀ, ਧਰਮ ਬਨਾਮ ਰਾਜਨੀਤੀ, ਗਰਾਂ, ਦਿਲ ਦੀ ਹੂਕ, ਮੇਲਾ ਬਨਾਮ ਸ਼ਕਤੀ ਪ੍ਰਦਰਸ਼ਨ, ਹਾਲ ਏ ਦਿਲ, ਸਿਰਨਾਵਾਂ, ਮਨ ਦਾ ਸਕੂਨ, ਇਜ਼ਹਾਰ, ਪਰਬਤ ਵਰਗੇ ਜਿਗਰੇ, ਧਰਵਾਸ, ਕੰਜ਼ਕਾਂ, ਤਣਾਅ, ਤੇਰੇ ਜਾਣ ਮਗਰੋਂ, ਟੱਪੇ, ਅਜ਼ਾਦੀ, ਤੈਨੂੰ ਖ਼ਬਰ ਨਹੀਂ, ਮਨ ਦੀ ਕੈਨਵਸ, ਪੱਥਰ ਦਾ ਬੁੱਤ, ਮਨ ਖ਼ਾਮੋਸ਼, ਪੱਤੇ, ਤੀਲੀ, ਅਮੜੀ ਦੀ ਹੂਕ, ਅੰਤਰ ਆਤਮਾ, ਪਿਆਰਾ ਪ੍ਰੀਤਮ, ਦੋਸਤੀ, ਹਰਫ਼ਾਂ ਦੀ ਭਾਲ, ਮਦਰ ਡੇ ਅਤੇ ਸ਼ਾਂਤੀ ਦਾ ਕਾਫ਼ਿਲਾ ਖੁਲ੍ਹੀਆਂ ਕਵਿਤਾਵਾਂ ਹੀ ਹਨ। ਇਨ੍ਹਾਂ ਵਿਚ ਇਕ ਵਿਚਾਰ ਨੂੰ ਵਾਰਤਕ ਵਿਚ ਹੀ ਲਿਖਿਆ ਗਿਆ ਹੈ। ਲੇਖਕ ਕੋਲ ਵਿਸ਼ੇ ਚੰਗੇ ਹਨ ਪ੍ਰੰਤੂ ਕਵਿਤਾ ਲਿਖਣ ਲਈ ਤਜਰਬੇ ਦੀ ਲੋੜ ਭਾਸਦੀ ਹੈ। ਲੇਖਕ ਨੇ ਵੈਸੇ ਤਾਂ ਆਪਣੀ ਪੁਸਤਕ ਦੇ ਨਾਮ ਵਿਚ ਹੀ ਸ਼ਪਸ਼ਟ ਕਰ ਦਿੱਤਾ ਹੈ ਕਿ ਇਸ ਪੁਸਤਕ ਦੀ ਕਵਿਤਾ ਅਧੂਰੀ ਹੈ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.