ਪੰਜਾਬ ਸਿੰਘ ਕਾਹਲੋਂ ਯੂ ਪੀ ਦੇ ਜ਼ਿਲ੍ਹਾ ਸ਼ਾਹਜਹਾਂਪੁਰ ਵਿੱਚ ਰਹਿੰਦੈ ਪਰ ਰੂਹ ਪੰਜਾਬ ਚ ਵੱਸਦੀ ਹੈ। ਉਸ ਦੇ ਵੱਡੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਾਗੋਵਾਲ ਤੋਂ ਪਹਿਲਾਂ ਪਟਿਆਲਾ ਜ਼ਿਲ੍ਹੇ ਚ ਪਿੰਡ ਹਰਿਆਉ ਚ ਜਾ ਵੱਸੇ ਤੇ ਏਥੋਂ ਸ਼ਾਹਜਹਾਂਪੁਰ ਚ।
ਬੜੇ ਮਿੱਠੇ ਗੀਤ ਲਿਖਦੈ
ਜਿਵੇਂ ਧਰਤੀ ਨੂੰ ਜੀਭ ਲੱਗੀ ਹੋਵੇ।
ਦੂਰਦਰਸ਼ਨ ਦੀ ਸੁਰ ਸਿਰਤਾਜ ਰਹਿ ਚੁਕੀ ਸੁਰੀਲੀ ਗਾਇਕਾ ਬੇਅੰਤ ਕੌਰ ਦੇ ਕੰਠ ਲਈ ਬੜੇ ਹੀ ਚੰਗੇ ਗੀਤ ਲਿਖ ਚੁਕਾ ਹੈ। ਹੁਣ ਵੀ ਲਿਖ ਰਿਹੈ।
ਸੱਜਰਾ ਗੀਤ ਵੈਣ ਰੋਕਣ ਵਰਗਾ ਹੈ ਪਰ ਜੇ ਕੋਈ ਸੁਣ ਸਕੇ।
ਤੁਸੀਂ ਵੀ ਸੁਣੋ!
ਜੰਗ ਜੰਗ ਨਾ ਕਰਿਆ ਕਰ ਨੀ
ਜੰਗ ਦੇ ਵਿਹੜੇ ਬਿਲਕੁਲ ਸੱਖਣੇ।
ਬੁੱਲਾਂ ਤੇ ਨਹੀਂ ਹਾਸੇ ਰਹਿਣੇ,
ਸੁੱਕਣਾ ਨਹੀਂਗਾ ਤੇਰੀ ਅੱਖ ਨੇ।
ਡੱਬਿਆਂ ਦੇ ਵਿੱਚ ਬੰਦ ਹੋ ਆਉਂਦੇ
ਚੌੜੀਆਂ ਹਿੱਕਾਂ ਮਾਂ ਦੇ ਮੱਖਣੇ।
ਵਿਹੜੇ ਨਾ ਕਰਵਾ ਦਈਂ ਸੱਖਣੇ।
ਪਹਿਲਾਂ ਹੀ ਪਏ ਰਿਸਦੇ ਫੱਟ ਨੇ।
ਜੰਗ ਜੰਗ ਨਾ ਕਰਿਆ ਕਰ ਨੀ....
ਮਾੜੇ ਧੀੜੇ ਜਦ ਗਲ਼ ਪੈਂਦੇ
ਔਖੇ ਹੋ ਜਾਂਦੇ ਨੇ ਡੱਕਣੇ।
ਮਰਦਿਆਂ ਸਾਰੇ ਚੱਬਦੇ ਅੱਕ ਨੇ।
ਮਾਰੀਦੇ ਨਾ ਕਿਸੇ ਦੇ ਹੱਕ ਨੇ।
ਜੰਗ ਜੰਗ ਨਾ ਕਰਿਆ ਕਰ ਨੀ.....
ਮੁੜ ਆ ਹਸ਼ਰ ਤੀਕ ਨਾ ਜਾਵੀਂ।
ਚੁੱਲ੍ਹੇ ਹੋਣ ਨਾ ਅੱਗ ਤੋਂ ਸੱਖਣੇ।
ਰੋਟੀ ਨਾਲ ਨਾ ਲੱਥਣੇ ਚੱਖਣੇ।
ਟੁੱਕਰ ਹੋਣ ਨਾ ਔਖੇ ਪੱਕਣੇ।
ਜੰਗ ਜੰਗ ਨਾ ਕਰਿਆ ਕਰ ਨੀ....
ਉਨ੍ਹਾਂ ਆਖੇ ਮਾਰ ਨਾ ਬੜ੍ਹਕਾਂ,
ਜਿੰਨ੍ਹਾਂ ਦੇ ਨਹੀਂ ਅਕਣੇ ਮਕਣੇ।
ਪੰਗੇ ਪਾਉਣੇ ਝੂਠੀਆਂ ਬਕਣੇ।
ਗੱਲੀਂ ਬਾਤੀਂ ਫੱਟੇ ਚੱਕਣੇ।
ਜੰਗ ਜੰਗ ਨਾ ਕਰਿਆ ਕਰ ਨੀ.....
ਪਹਿਲਾਂ ਵੰਡਿਆ ਹੁਣ ਮਾਰਨਗੇ।
ਲਖ ਜਾਂਦੇ ਨੇ ਲੋਕੀਂ ਲਖਣੇ।
ਐਟਮ ਬੰਬ ਪੰਜਾਬ ਤੇ ਫਟਣੇ।
ਖ਼ੁਸ਼ ਹੋ ਜਾਣੇ ਕੌਲੀਆਂ ਚੱਟਣੇ।
ਜੰਗ ਜੰਗ ਨਾ ਕਰਿਆ ਕਰ ਨੀ......
ਜੰਗ ਦੇ ਵਿਹੜੇ ਬਿਲਕੁਲ ਸੱਖਣੇ।
ਇਹੋ ਜਹੇ ਗੀਤ ਸਾਨੂੰ ਜੰਗ ਦੀ ਭਿਆਨਕਤਾ ਦਾ ਸ਼ੀਸ਼ਾ ਵਿਖਾਉਂਦੇ ਹਨ। ਸ਼ੀਸ਼ਾ ਵੇਖ ਕੇ ਅਸੀਂ ਮੱਥੇ ਤੇ ਪਏ ਵੱਟ ਤੇ ਤਿਉੜੀਆਂ ਤੋਂ ਮੁਕਤ ਹੋ ਸਕਦੇ ਹਾਂ।
ਸ਼ੀਸ਼ਾ ਨਾ ਤੋੜੀਏ ਸਗੋਂ ਲਗਾਤਾਰ ਵੇਖੀਏ।
ਪੰਜਾਬ ਸਿੰਘ ਕਾਹਲੋਂ ਦਾ ਇਹ ਗੀਤ ਸ਼ੀਸ਼ਾ ਹੈ।
ਗੁਰਭਜਨ ਗਿੱਲ
6.3.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.