ਮਲੇਰਕੋਟਲਿਓਂ ਮੁੜ ਰਿਹਾਂ, ਮਨ ਉਦਾਸ ਹੈ ਤੇ ਨਹੀਂ ਵੀ, ਰਲੇ-ਮਿਲੇ ਜਿਹੇ ਭਾਵ ਤਾਰੀ ਹੋ ਰਹੇ ਨੇ! 23 ਫਰਵਰੀ (2019) ਨੂੰ ਡਾ. ਐੱਸ.ਤਰਸੇਮ ਡੀ.ਐਮ.ਸੀ ਲੁਧਿਆਣਾ ਵਿਖੇ ਚੱਲ ਵਸੇ। ਉਸੇ ਆਥਣੇ ਮਲੇਰਕੋਟਲੇ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ। ਮੇਰੇ ਵਾਸਤੇ ਚੰਡੀਗੜੋਂ ਪਹੁੰਚਣਾ ਔਖਾ ਸੀ। ਸੋ, ਦੂਜੀ ਸਵੇਰੇ ਸੈਕਟਰ ਸੋਲਾਂ ਕਲਾ ਭਵਨ ਵਿਚੋਂ ਊਬਰ (ਟੈਕਸੀ) ਬੁੱਕ ਕੀਤੀ ਤੇ ਮਲੇਰਕੋਟਲੇ ਨੂੰ ਚੱਲ ਪਿਆ। ਜਾਂਦਿਆਂ ਮਨ ਹੋਰ ਵੀ ਉਦਾਸ ਸੀ ਕਿ ਫੋਨ 'ਤੇ ਰੋਜ-ਰੋਜ ਦਿਨ ਵਿਚ ਕਈ ਕਈ ਵਾਰ ਗੱਲਾਂ ਕਰਨ ਵਾਲਾ ਅੰਕਲ ਤਰਸੇਮ਼ ਹੁਣ ਆਪਣੇ ਲਿਖਣ ਕਮਰੇ ਵਿਚ ਨਹੀਂ ਮਿਲੇਗਾ। ਜੇ ਕੁਛ ਮਿਲੇਗਾ ਤਾਂ ਉਸਦੀਆਂ ਕਿਤਾਬਾਂ, ਕੁਰਸੀ, ਕਲਮ, ਉਸਦਾ ਮੰਜਾ, ਮੈਮੋਟੋ, ਤੇ ਮਾਣ-ਪੱਤਰ ਹੀ ਮਿਲਣਗੇ, ਇਹੋ ਕੁਛ ਹੀ ਹੋਇਆ। ਜਦ ਉਹਨਾਂ ਦਾ ਵੱਡਾ ਪੁੱਤਰ ਕ੍ਰਾਂਤੀ ਉਹਨਾਂ ਦੇ ਕਮਰੇ ਵੱਲ ਲੈ ਤੁਰਿਆ ਤਾਂ ਖਾਲਮ-ਖਾਲੀ ਕਮਰਾ ਵੇਖ ਅੱਖਾਂ ਨਮ ਹੋ ਗਈਆਂ। ਐਸ ਤਰਸੇਮ ਦਾ ਕਮਰਾ ਸੁੰਨ ਨਾਲ ਭਰਿਆ ਪਿਆ ਸੀ। ਇਸ ਕਮਰੇ ਵਿਚ ਰਹਿਣ ਵਾਲਾ,ਲਿਖਣ -ਪੜ੍ਹਨ ਵਾਲਾ ਦਾਨਿਸ਼ਵਰ ਉਡਾਰੀ ਮਾਰ ਗਿਆ ਸੀ ਕਦੇ ਨਾ ਮੁਕਣ ਵਾਲੇ ਅਕਾਸ਼ ਵੱਲ...!
******
2017 ਦੇ ਮਾਰਚ ਮਹੀਨੇ ਡਾ.ਐਸ.ਤਰਸੇਮ ਨੇ ਆਪਣੀ ਧਰਮ ਪਤਨੀ ਸਵ: ਸੁਦਰਸ਼ਨਾ ਦੇ ਨਾਂ 'ਤੇ ਮੈਨੂੰ ਇਕਵੰਜਾ ਸੌ ਦੀ ਰਾਸ਼ੀ ਵਾਲਾ ਪੁਰਸਕਾਰ ਦਿੱਤਾ ਸੀ। ਉਸ ਦਿਨ ਮਗਰੋਂ ਅੱਜ ਮਾਲਰੇਕੋਟਲੇ ਆਇਆ ਹਾਂ, ਉਹ ਵੀ ਉਹਨਾਂ ਦੇ ਚਲਾਣੇ 'ਤੇ ਅਫਸੋਸ ਕਰਨ। ਹੁਣ ਸਬੱਬੀਂ ਗੇੜਾ ਕਦੋਂ ਵੱਜੇਗਾ ਕਦੇ, ਕੋਈ ਪਤਾ ਨਹੀਂ। ਅੱਜ ਵੀ ਚੇਤੇ ਆ ਰਿਹੈ ਕਿ ਵੀਹ-ਬਾਈ ਵਰ੍ਹੇ ਪਹਿਲਾਂ ਦਾ ਸਮਾਂ ਸੀ। ਜਦ ਮਲੇਰਕੋਟਲੇ ਵੱਡੀ ਪੱਧਰ ਉਤੇ ਉਸਤਾਦ ਯਮਲਾ ਜੱਟ ਦੀ ਯਾਦ ਵਿੱਚ ਸਭਿਆਚਾਰਕ ਮੇਲਾ ਲੱਗਿਆ ਸੀ। ਹੁਣ ਅਮਰੀਕਾ ਜਾ ਵੱਸੀ ਭੈਣ ਆਸ਼ਾ ਸ਼ਰਮਾ ਮੰਚ ਸੰਚਾਲਨ ਕਰ ਰਹੀ ਸੀ ਤੇ ਮੇਰੀ ਨਵੀਂ ਛਪ ਕੇ ਆਈ ਕਿਤਾਬ 'ਅਮਰ ਆਵਾਜ਼' ਜੀਵਨੀ ਯਮਲਾ ਜੱਟ ਉਹਨਾਂ ਮੇਹਰ ਮਿੱਤਲ ਤੇ ਪੂਰਨ ਸ਼ਾਹਕੋਟੀ ਹੱਥੋਂ ਰਿਲੀਜ਼ ਕਰਵਾਈ ਸੀ। ਉਹਨਾਂ ਪਲਾਂ ਦੀ ਯਾਦਗਾਰੀ ਤਸਵੀਰ ਮੈਂ ਹਾਲੇ ਵੀ ਸਾਂਭ ਕੇ ਰੱਖੀ ਹੋਈ ਹੈ।
ਮਾਲੇਰਕੋਟਲੇ ਆਪਣੇ ਮਿੱਤਰ ਪੱਤਰਕਾਰ ਹੁਸ਼ਿਆਰ ਸਿੰਘ ਰਾਣੂੰ,ਗੁਲਜ਼ਾਰ ਸ਼ੌਕੀ ਤੇ ਪ੍ਰੋ ਸਲੀਮ ਮਹੁੰਮਦ ਬਿੰਜੋ ਕੀ ਨਾਲ ਕਈ ਵਾਰ ਸੰਗੀਤ ਅਚਾਰੀਆ ਉਸਤਾਦ ਜਨਾਬ ਬਾਕੁਰ ਹੁਸੈਨ ਖਾਂ ਨੂੰ ਮਿਲਣ ਜਾਇਆ ਕਰਦਾ ਸਾਂ। ਇੱਕ ਵਾਰੀ ਅੱਧੀ ਰਾਤੀਂ ਕਾਰ ਵਿਚ ਚੰਡੀਗੜੋਂ ਮਲੇਰਕੋਟਲੇ ਜਾਂਦਿਆਂ ਪੂਰਨ ਸ਼ਾਹਕੋਟੀ ਖਹਿੜੇ ਪੈ ਗਿਆ ਕਿ ਆਪਣੇ ਉਸਤਾਦ ਜੀ ਦੇ ਦਰਸ਼ਨ ਕਰਨੇ ਨੇ। ਅੱਧੀ ਰਾਤੀਂ ਪੂਰਨ ਚੇਲੇ ਨੇ ਆਪਣੇ ਗੁਰੂ ਨੂੰ ਦਰਸ਼ਨ ਦੇਣ ਲਈ ਜਾ ਜਗਾਇਆ ਸੀ। ਫਿਰ ਮੈਂ ਵਾਰਤਕ ਦਾ ਇੱਕ ਟੁਕੜਾ ਲਿਖਿਆ ਸੀ, ਜੋ ਕਈ ਥਾਂਈ ਛਪਿਆ ਸੀ-'ਨਹੀਉਂ ਲੱਭਣੇ ਲਾਲ ਗੁਆਚੇ-ਮਿੱਟੀ ਨਾ ਫਰੋਲ ਜੋਗੀਆ।'
*******
ਕਾਰ ਲਾਂਡਰਾ ਲੰਘ ਆਈ ਹੈ। ਸੋਚਾਂ ਦੇ ਸਮੁੰਦਰ ਵਿਚ ਡੁੱਬਾ ਹੋਇਆ ਸਾਂ। ਫੋਨ ਦੀ ਘੰਟੀ ਵੱਜੀ। ਪਦਮ ਸ੍ਰੀ ਡਾ. ਸੁਰਜੀਤ ਪਾਤਰ ਜੀ ਪੁੱਛ ਰਹੇ ਨੇ ਕਿੱਥੇ ਕੁ ਪੁੱਜਾਂ ਏਂ? ਪਾਤਰ ਜੀ ਨੇ ਪੰਜਾਬ ਸਰਕਾਰ ਦੀ ਕਲਾ ਪਰਿਸ਼ਦ ਵੱਲੋਂ ਸ਼ੌਕ ਸੰਦੇਸ਼ ਘੱਲਿਆ ਸੀ ਐਸ ਤਰਸੇਮ ਦੇ ਪਰਿਵਾਰ ਲਈ, ਉਹ ਵੀ ਲਿਫਾਫਾ ਦੇ ਆਇਆ ਸਾਂ। ਪੱਥਰੀਲੇ ਸ਼ਹਿਰ ਵਿਚ ਪ੍ਰਵੇਸ਼ ਕਰ ਗਈ ਹੈ ਕਾਰ! ਖਦੇ ਕਦੇ ਲਗਦੈ ਕਿ ਮਨ ਪੱਥਰ ਜਿਹਾ ਹੋ ਗਿਆ ਹੈ ਇ ਸ ਸ਼ਹਿਰ ਵਿਚ ਆਣ ਕੇ! ਪਤਾ ਨ੍ਹੀਂ ਇਸ ਵਿਚ ਕਿੰਨਾ ਕੁ ਸੱਚ ਹੈ ਤੇ ਕਿੰਨੀ ਕੁ ਕਲਪਨਾ ਹੈ! ਸਮਝੋਂ ਬਾਹਰੀ ਬਾਤ ਹੈ!
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.