ਇਹ ਗੱਲ ਉਸ ਵੇਲੇ ਦੀ ਹੈ, ਜਦੋਂ ਜਗਮੀਤ ਸਿੰਘ ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਪਾਰਟੀ, ਨਿਊ ਡੈਮੋਕਰੇਟਿਕ ਪਾਰਟੀ ਲਈ ਪਹਿਲੀ ਵਾਰ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ। ਉਸ ਨੇ ਸਿਆਸੀ ਪੱਧਰ 'ਤੇ ਕਾਮਯਾਬੀ ਲਈ 'ਗੁਰ' ਲੈਣ ਵਾਸਤੇ ਕਿਸੇ ਤਜਰਬੇਕਾਰ ਰਾਜਸੀ ਨੇਤਾ ਤੋਂ ਸਲਾਹ ਮੰਗੀ। ਜਗਮੀਤ ਸਿੰਘ ਦੇ ਦੱਸਣ ਅਨੁਸਾਰ ਉਸ ਮਸ਼ਹੂਰ ਵਿਅਕਤੀ ਨੇ ਕਿਹਾ ਕਿ ਜੇਕਰ ਕੈਨੇਡਾ ਦਾ ਰਾਸ਼ਟਰੀ ਪੱਧਰ ਦਾ ਆਗੂ ਬਣਨਾ ਹੈ, ਤਾਂ ਉਸ ਨੂੰ ਪੱਛਮੀ ਸਮਾਜ ਨੂੰ ਆਪਣੇ ਨਾਲ ਜੋੜਨ ਵਾਸਤੇ ਕੁਝ ਤਬਦੀਲੀਆਂ ਦੀ ਲੋੜ ਹੈ। ਪਹਿਲੀ ਗੱਲ ਇਹ ਹੈ ਕਿ ਆਪਣਾ ਪੂਰਾ ਨਾਂ ਜਗਮੀਤ ਸਿੰਘ ਲੈਣ ਦੀ ਬਜਾਏ 'ਜੈਗ' ਅਖਵਾਉਣਾ ਸ਼ੁਰੂ ਕਰ ਦੇਵੇ। ਦੂਸਰਾ ਉਪਨਾਮ 'ਸਿੰਘ' ਦੀ ਥਾਂ ਗੋਤ ਵਰਤੇ। ਤੀਜਾ ਦਾੜ੍ਹੀ ਖੁੱਲ੍ਹੀ ਰੱਖਣ ਦੀ ਬਜਾਏ ਬੰਨ੍ਹਣੀ ਸ਼ੁਰੂ ਕਰ ਦੇਵੇ। ਚੌਥੀ ਗੱਲ ਆਪਣੀ ਪੱਗ ਦਾ ਸਟਾਈਲ ਗੋਲ ਤੇ ਦੁਮਾਲੇ ਵਾਲੇ ਛੱਡ ਕੇ, ਨੋਕਦਾਰ ਬਣਾਵੇ ਤੇ ਪੰਜਵੀਂ ਤਬਦੀਲੀ ਇਹ ਹੈ ਕਿ ਉਹ ਕਿਰਪਾਨ ਉਪਰੋਂ ਪਹਿਨਣ ਦੀ ਥਾਂ ਕੱਪੜਿਆਂ ਦੇ ਹੇਠਾਂ ਦੀ ਪਹਿਨੇ। ਅਜਿਹਾ ਕਰਕੇ ਉਹ ਕੈਨੇਡੀਅਨ ਲੋਕਾਂ 'ਚ ਜਚ ਜਾਵੇਗਾ, ਨਹੀਂ ਤਾਂ ਉਸ ਲਈ ਕਾਮਯਾਬ ਹੋਣਾ ਔਖਾ ਹੈ। ਜਗਮੀਤ ਸਿੰਘ ਨੇ 'ਸਲਾਹਕਾਰ' ਨੂੰ ਬੜੇ ਅਦਬ ਨਾਲ ਕਿਹਾ ਕਿ ਉਹ ਨਹੀਂ ਸਮਝਦਾ ਕਿ ਕੈਨੇਡਾ ਦੇ ਬਹੁ-ਸੱਭਿਆਚਾਰਕ ਭਾਈਚਾਰੇ ਨੂੰ ਉਸ ਦੇ ਨਾਂ ਨਾਲ ਕੋਈ ਔਖ ਮਹਿਸੂਸ ਹੋਵੇਗੀ, ਜੋ ਨਾਂ ਬਦਲ ਕੇ ਠੀਕ ਹੋ ਜਾਵੇਗਾ। ਉਪਨਾਮ ਉਹ ਗੋਤ ਜਾਂ ਇਲਾਕੇ ਦਾ ਵਰਤਣ ਦੀ ਥਾਂ, 'ਸਿੰਘ' ਹੀ ਲਿਖਣਾ ਚਾਹੇਗਾ, ਕਿਉਂਕਿ ਇਹ ਉਸ ਦੀ ਪਛਾਣ ਹੈ ਤੇ ਉਹ ਜਾਤ-ਪਾਤ ਦੇ ਰੰਗ -ਨਸਲ ਵਿੱਚ ਫਰਕ ਨਹੀਂ ਮੰਨਦਾ। ਰਹੀ ਗੱਲ ਦਾਹੜੀ ਬੰਨ੍ਹਣ ਦੀ, ਉਹ ਸ਼ੁਰੂ ਤੋਂ ਹੀ 'ਦਾਹੜਾ ਪ੍ਰਕਾਸ਼' ਕਰਦਾ ਹੈ, ਇਸ ਕਰਕੇ ਬੰਨ੍ਹਣਾ ਨਹੀਂ ਚਾਹੁੰਦਾ। ਬਾਕੀ ਦਸਤਾਰ ਦੇ ਰੂਪ ਤੇ ਤਰੀਕੇ ਸਾਰੇ ਹੀ ਚੰਗੇ ਹਨ, ਪਰ ਉਸ ਦੇ ਪਤਲੇ ਚਿਹਰੇ 'ਤੇ ਗੋਲ ਦਸਤਾਰ ਵਧੇਰੇ ਜਚਦੀ ਹੈ ਤੇ ਉਸ ਨੇ ਇਤਿਹਾਸ ਪੜ੍ਹਦਿਆਂ ਵੀ ਜਾਣਿਆ ਹੈ ਕਿ ਸਦੀਆਂ ਤੋਂ ਸਿੱਖ ਇਸ ਤਰ੍ਹਾਂ ਦੀ ਦਸਤਾਰ ਜਾਂ ਦੁਮਾਲਾ ਹੀ ਸਜਾਉਂਦੇ ਆ ਰਹੇ ਹਨ। ਹੁਣ ਅੰਮ੍ਰਿਤਧਾਰੀ ਸਿੱਖ ਹੋਣ ਕਰਕੇ ਕਿਰਪਾਨ ਉਹ ਕਮੀਜ਼ ਦੇ ਉਪਰੋਂ ਪਾਉਂਦਾ ਹੈ ਤੇ ਉਸ ਨੂੰ ਅਜਿਹਾ ਚੰਗਾ ਲੱਗਦਾ ਹੈ। ਉਹ ਅਣਖੀ ਵਿਅਕਤੀ ਹੈ ਅਤੇ ਆਪਣੀ ਪਛਾਣ ਬਦਲ ਕੇ ਉਹ ਕੈਨੇਡਾ ਦਾ ਰਾਸ਼ਟਰੀ ਨੇਤਾ ਨਹੀਂ ਬਣਨਾ ਚਾਹੇਗਾ। ਜੇਕਰ ਕੈਨੇਡਾ ਦੇ ਲੋਕ ਚਾਹੁੰਣਗੇ, ਤਾਂ ਉਸ ਨੂੰ ਇਉਂ ਹੀ ਸਵਿਕਾਰ ਕਰਨਗੇ। ਕੈਨੇਡਾ ਦੇ ਲੋਕ ਉਸ ਦੀਆਂ ਨੀਤੀਆਂ ਅਤੇ ਸਿਆਸੀ ਪਹੁੰਚ ਨੂੰ ਆਧਾਰ ਬਣਾ ਕੇ ਹੀ ਫੈਸਲਾ ਕਰਨਗੇ, ਨਾ ਕਿ ਉਸ ਦੇ ਸਰੂਪ ਅਤੇ ਪਹਿਰਾਵੇ ਕਾਰਨ ਉਸ ਨਕਾਰਨਗੇ।ਜਗਮੀਤ ਸਿੰਘ ਦੀ ਸੋਚ ਸਹੀ ਸਾਬਿਤ ਹੋਈ ਤੇ ਕੈਨੇਡਾ ਵਾਸੀਆਂ ਨੇ ਉਸ ਨੂੰ ਉਵੇਂ-ਜਿਵੇਂ ਨਾ ਸਿਰਫ ਪ੍ਰਵਾਨ ਹੀ ਕੀਤਾ, ਸਗੋਂ ਕੈਨੇਡਾ ਦੇ ਇਤਿਹਾਸ ਵਿਚ ਕਿਸੇ ਨੈਸ਼ਨਲ ਪਾਰਟੀ ਦਾ ਗੈਰ-ਗੋਰਾ ਕੌਮੀ ਨੇਤਾ ਵੀ ਬਣਾ ਦਿੱਤਾ। ਇਹ ਕੈਨੇਡਾ ਦੇ ਬਹੁ-ਸੱਭਿਆਚਾਰਕ ਢਾਂਚੇ 'ਚ ਵਸਦੇ ਲੋਕਾਂ ਦੀ ਮਹਾਨ ਸੋਚ ਦਾ ਨਤੀਜਾ ਹੀ ਸੀ ਕਿ ਜਿੱਥੇ ਵਿਅਕਤੀ ਦੇ ਪ੍ਰਵਾਸੀ ਪਿਛੋਕੜ, ਧਰਮ, ਪਹਿਰਾਵੇ ਅਤੇ ਬੋਲੀ ਦੇ ਵਖਰੇਵੇਂ ਕਾਰਨ ਉਸ ਨੂੰ ਨਿਕਾਰਨ ਦੀ ਥਾਂ, ਉਸ ਦੀ ਸੂਝ-ਬੂਝ, ਵਿਚਾਰਾਂ, ਨੀਤੀਆਂ, ਦੂਰ ਅੰਦੇਸ਼ੀ ਅਤੇ ਲੀਡਰਸ਼ਿਪ ਨਿਪੁੰਨਤਾ ਕਰਕੇ ਸਵਿਕਾਰ ਕੀਤਾ ਗਿਆ ਹੋਵੇ।
ਐਨਡੀਪੀ ਦੇ ਨੈਸ਼ਨਲ ਲੀਡਰ ਜਗਮੀਤ ਸਿੰਘ ਨਾਲ ਗੱਲਬਾਤ ਕਰਦੇ ਹੋਏ ਲੇਖਕ।
ਪੰਜਾਬ ਦੇ ਠੀਕਰੀਵਾਲ ਪਿੰਡ ਤੋਂ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੇ ਸਕਿਆਂ ਦੇ ਪਰਿਵਾਰ ਦੀ ਚੌਥੀ ਪੀੜ੍ਹੀ ਨਾਲ ਸਬੰਧਤ, 40 ਸਾਲਾ ਜਗਮੀਤ ਸਿੰਘ ਅੰਦਰ ਵੀ ਸਰਮਾਏਦਾਰੀ ਢਾਂਚੇ ਅਤੇ ਰਜਵਾੜਾਸ਼ਾਹੀ ਖਿਲਾਫ ਬੇਬਾਕੀ ਨਾਲ ਲੜਨ ਦੀ ਭਾਵਨਾ ਝਲਕਦੀ ਹੈ। ਵਕਾਲਤ 'ਚ ਸਫਲ ਰਹਿਣ ਵਾਲਾ ਇਹ ਨੌਜਵਾਨ ਸੰਨ 2011 ਵਿਚ ਪਹਿਲੀ ਵਾਰ ਉਂਟਾਰੀਓ ਵਿਧਾਨ ਸਭਾ 'ਚ ਵਿਧਾਇਕ ਬਣਿਆ ਅਤੇ ਮਗਰੋਂ ਸੂਬਾਈ ਨਿਊ ਡੈਮੋਕਰੇਟਿਕ ਪਾਰਟੀ ਦਾ ਉਪ -ਨੇਤਾ ਚੁਣਿਆ ਗਿਆ। ਉਸ ਦਾ ਅਗਾਂਹ ਵਧੂ ਜਜ਼ਬੇ, ਸਖਤ ਚੁਣੌਤੀਆਂ ਨਾਲ ਟੱਕਰ ਲੈਣ ਦੇ ਦ੍ਰਿੜ ਇਰਾਦੇ ਅਤੇ ਸਿਆਸੀ ਨਿਪੁੰਨਤਾ ਨੇ 1 ਅਕਤੂਬਰ 2017 ਨੂੰ ਜਗਮੀਤ ਸਿੰਘ ਨੂੰ ਐਨ.ਡੀ.ਪੀ. ਦਾ ਕੌਮੀ ਆਗੂ ਬਣਾ ਦਿੱਤਾ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਕਿਸੇ ਰਾਸ਼ਟਰੀ ਪਾਰਟੀ ਦਾ ਆਗੂ ਕੈਨੇਡਾ ਦੀਆਂ ਫੈਡਰਲ ਚੌਣਾਂ 'ਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੁੰਦਾ ਹੈ ਤੇ ਚੋਣਾਂ ਵੇਲੇ ਕੌਮੀ ਪੱਧਰ ਦੀਆਂ ਬਹਿਸਾਂ 'ਚ ਸ਼ਾਮਲ ਹੁੰਦਾ ਹੈ। ਜਗਮੀਤ ਸਿੰਘ ਪਾਰਟੀ ਆਗੂ ਬਣਨ ਸਮੇਂ ਕੈਨੇਡਾ ਦੀ ਪਾਰਲੀਮੈਂਟ ਹਾਊਸ ਆਫ ਕਾਮਨਜ਼ ਦਾ ਮੈਂਬਰ ਨਹੀਂ ਸੀ, ਜਿਸ ਕਾਰਨ ਉਸ ਨੇ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਸਾਊਥ ਹਲਕੇ ਤੋਂ ਚੋਣ ਲੜੀ।
ਚਾਹੇ ਕੈਨੇਡਾ 'ਚ ਸਮੇਂ-ਸਮੇਂ ਜ਼ਿਮਨੀ ਚੋਣਾਂ ਹੁੰਦੀਆਂ ਰਹਿੰਦੀਆਂ ਹਨ ਪਰ 25 ਫਰਵਰੀ ਨੂੰ ਹੋਈ ਇਸ ਚੋਣ ਦਾ ਮਹੱਤਵ ਕੁਝ ਵੱਖਰਾ ਹੀ ਸੀ। ਇਕ ਪਾਸੇ ਕਿਸੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਉਮੀਦਵਾਰ ਕੈਨੇਡਾ ਦੀਆਂ ਬਹੁ-ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਸਤਿਕਾਰ ਕਰਦਾ ਹੋਇਆ, ਹਰ ਸ਼ਬਦ ਤੋਲ-ਤੋਲ ਕੇ ਬੋਲ ਰਿਹਾ ਸੀ, ਦੂਜੇ ਪਾਸੇ ਸੱਜੇ ਪੱਖੀ ਤਾਕਤਾਂ ਨਸਲੀ ਪੱਤਾ ਖੇਡਦਿਆਂ ਅਤੇ ਅਤਿ ਨੀਵੇਂ ਦਰਜੇ ਦੀ ਸਿਆਸਤ ਕਰਦਿਆਂ ਕੈਨੇਡਾ ਦੇ ਮਲਟੀ-ਕਲਚਰਲਿਜ਼ਮ ਨੂੰ ਢਾਹ ਲਾ ਰਹੀਆਂ ਸਨ। ਚੋਣ ਪ੍ਰਚਾਰ ਸ਼ੁਰੂ ਹੁੰਦਿਆਂ ਸਾਰ ਲਿਬਰਲ ਉਮੀਦਵਾਰ ਕੈਰੇਨ ਵਾਂਗ ਨੇ ਬਿਆਨ ਦਾਗਿਆ ਕਿ ਬਰਨਬੀ ਹਲਕੇ 'ਚ ਵਸਦੇ ਚੀਨੀ ਮੂਲ ਦੇ ਲੋਕ ਉਸ ਨੂੰ ਹੀ ਜਿਤਾਉਣ, ਕਿਉਂਕਿ ਉਹ ਉਨ੍ਹਾਂ ਵਿਚੋਂ ਹੀ ਹੈ। ਇਸ ਕਾਰਨ ਹੀ ਵਾਂਗ ਨੂੰ ਮਗਰੋਂ ਅਸਤੀਫਾ ਵੀ ਦੇਣਾ ਪਿਆ। ਕਨਜ਼ਰਵੇਟਿਵ ਉਮੀਦਵਾਰ ਜੇ ਸ਼ਿਨ ਨੇ ਤਾਂ ਉਸ ਸਮੇਂ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ, ਜਦੋਂ ਉਸ ਨੇ ਜਗਮੀਤ ਸਿੰਘ ਖਿਲਾਫ ਭੱਦੇ ਪੋਸਟਰ ਛਾਪੇ ਤੇ ਲਿਖਿਆ ਕਿ ਜਗਮੀਤ ਸਿੰਘ ਨੂੰ ਹਰਾ ਕੇ ਐਨ.ਡੀ.ਪੀ. ਨੂੰ 'ਨਵਾਂ ਲੀਡਰ' ਦਿੱਤਾ ਜਾਵੇ। ਸੱਜੇ ਪੱਖੀ ਕਨਜ਼ਰਵੇਟਿਵ ਪਾਰਟੀ ਦੇ ਆਗੂ ਐਂਡਰੀਊ ਸ਼ੀਅਰ, ਉਸ ਦੇ ਕਿਸੇ ਵੀ ਭਾਰਤੀ ਮੂਲ ਦੇ ਮੈਂਬਰ ਜਾਂ ਅਗਲੀਆਂ ਫੈਡਰਲ ਚੋਣਾਂ ਦੇ ਬਣੇ ਉਮੀਦਵਾਰ ਨੇ ਅਜਿਹੇ ਪੋਸਟਰਾਂ ਦਾ ਵਿਰੋਧ ਨਾ ਕੀਤਾ ਸਗੋਂ ਟੋਰੀ ਐਮ ਪੀ ਦੀਪਕ ਉਬਰਾਏ ਦੀ ਹਮਾਇਤ ਨਾਲ ਉਸ ਨੂੰ ਬਰਨਬੀ ਦੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੰਦਰ 'ਚ ਸਦਕੇ ਖੁੱਲ੍ਹਾ ਸਮਰਥਨ ਨੂੰ ਦਿੱਤਾ ਗਿਆ।
ਚਾਹੇ ਜਗਮੀਤ ਸਿੰਘ ਨੇ ਚੋਣ ਪ੍ਰਚਾਰ ਦੌਰਾਨ ਆਪਣਾ ਧਿਆਨ ਕੈਨੇਡਾ ਦੀਆਂ ਸਿਹਤ ਸੇਵਾਵਾਂ, ਆਰਥਿਕ ਢਾਂਚੇ, ਕਰ ਨੀਤੀ, ਵਿਦਿਅਕ ਪਾਸਾਰ ਅਤੇ ਲੋਕਾਂ ਦੀ ਬਰਾਬਰਤਾ ਆਦਿ ਮੁੱਦਿਆਂ 'ਤੇ ਰੱਖਿਆ, ਪਰ ਫਾਸ਼ੀਵਾਦੀ ਤੇ ਨਸਲਵਾਦੀ ਤਾਕਤਾਂ ਨੇ ਉਸ ਨੂੰ ਉਸਦੀ ਪਛਾਣ, ਪ੍ਰਵਾਸੀ ਪਿਛੋਕੜ ਅਤੇ ਧਰਮ-ਰੰਗ 'ਤੇ ਹਮਲੇ ਕਰਦਿਆਂ ਭੰਡਣ ਦੀ ਹਰ ਕੋਸ਼ਿਸ਼ ਕੀਤੀ । ਟੋਰੀਆਂ ਨੇ ਤਾਂ ਸੀਰੀਆ ਦੇ ਰਫਿਊਜ਼ੀ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੂੰ ਵੀ ਨਾ ਸਿਫਰ ਨਿੰਦਿਆ , ਬਲਕਿ ਗੋਰਿਆਂ, ਚੀਨੀਆਂ, ਮੁਸਲਮਾਨਾਂ ਤੇ ਹੋਰਨਾਂ 'ਚ ਪਾੜਾ ਪਾਉਣ ਦਾ ਪੱਤਾ ਵੀ ਖੇਡਿਆ। ਜਗਮੀਤ ਸਿੰਘ ਦੀ ਚੋਣ ਮੁਹਿੰਮ ਨੂੰ ਤਾਰਪੀਡੋ ਕਰਨ ਲਈ ਉਸ ਦੀ ਆਲੋਚਨਾ ਕੈਨੇਡਾ ਦੀਆਂ ਸੱਜੇ ਪੱਖੀ ਤਾਕਤਾਂ ਤੋਂ ਇਲਾਵਾ ਭਾਰਤ ਨਾਲ ਸਬੰਧਤ ਫਾਸ਼ੀਵਾਦੀ ਤਾਕਤਾਂ ਨੇ ਵੀ ਖੁੱਲ੍ਹ ਕੇ ਕੀਤੀ। ਇਸ ਦਾ ਮੁੱਖ ਕਾਰਨ ਇਹ ਸੀ ਕਿ ਜਗਮੀਤ ਸਿੰਘ ਨੇ 2011 ਤੋਂ ਹੀ ਸਿੱਖ ਨਸਲਕੁਸ਼ੀ ਸਬੰਧੀ ਮਤੇ ਦੀ ਖੁੱਲ੍ਹ ਕੇ ਹਮਾਇਤ ਹੀ ਨਹੀਂ ਕੀਤੀ, ਸਗੋਂ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਲਈ ਸਰਕਾਰਾਂ ਨੂੰ ਜ਼ਿੰਮੇਵਾਰ ਵੀ ਠਹਿਰਾਇਆ। ਉਸ ਨੇ ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ 'ਤੇ ਹੁੰਦੇ ਜ਼ੁਲਮ ਦੀ ਵੀ ਨਿਖੇਧੀ ਕੀਤੀ । ਇਸ ਕਾਰਨ ਹੀ ਭਾਰਤ ਅਤੇ ਪੰਜਾਬ ਦੇ ਸੱਤਾਧਾਰੀ ਆਗੂਆਂ ਵੱਲੋਂ ਜਗਮੀਤ ਸਿੰਘ ਦਾ ਲਗਾਤਾਰ ਵਿਰੋਧ ਵੀ ਹੁੰਦਾ ਆ ਰਿਹਾ ਹੈ। ਸਿਤਮਜ਼ਰੀਫੀ ਇਹ ਹੈ ਕਿ ਇਕ ਪਾਸੇ ਕੈਨੇਡਾ ਨੇ ਪ੍ਰਵਾਸੀ ਭਾਰਤੀ ਮੂਲ ਦੇ ਪਿਛੋਕੜ ਵਾਲੇ ਨੌਜਵਾਨ ਨੂੰ ਰਾਸ਼ਟਰੀ ਪਾਰਟੀ ਦਾ ਨੇਤਾ ਚੁਣਿਆ, ਦੂਜੇ ਪਾਸੇ ਕੈਨੇਡਾ ਦੇ ਜੰਮਪਲ ਜਗਮੀਤ ਸਿੰਘ ਨੂੰ ਭਾਰਤ ਦਾ ਵੀਜ਼ਾ ਦੇਣ 'ਤੇ ਪਾਬੰਦੀ ਲਾ ਦਿੱਤੀ ਗਈ। ਇਨ੍ਹਾਂ ਚੋਣਾਂ ਵਿਚ ਹੋਰ ਵੀ ਕਈ ਅਜਿਹੀਆਂ ਘਟਨਾਵਾਂ ਹੋਈਆਂ, ਜਿਹੜੀਆਂ ਜਗਮੀਤ ਸਿੰਘ ਨੂੰ ਹਰ ਹਾਲ 'ਚ ਹਰਾਉਣ ਲਈ ਮਿਥ ਕੇ ਕੀਤੀਆਂ ਗਈਆਂ, ਪਰ ਅਖੀਰ ਨੂੰ ਜਿੱਤ ਕੈਨੇਡੀਅਨ ਕਦਰਾਂ-ਕੀਮਤਾਂ ਦੀ ਹੋਈ ਤੇ ਹਾਰ ਸੱਜੇਪੱਖੀ, ਫਿਰਕੂ ਤੇ ਫਾਂਸੀਵਾਦੀ ਤਾਕਤਾਂ ਦੀ ਹੋਈ। ਇਥੋਂ ਤੱਕ ਕਿ ਇਥੋਂ ਦੇ ਪ੍ਰਮੁੱਖ ਅੰਗਰੇਜ਼ੀ ਅਖਬਾਰ 'ਵੈਨਕੂਵਰ ਸੰਨ' ਸਮੇਤ ਸੱਜੇ ਪੱਖੀ ਪ੍ਰੈਸ ਨੇ ਜਗਮੀਤ ਸਿੰਘ ਨੂੰ ਹਰਾਉਣ ਦੀ ਹਰ ਵਾਹ ਲਾਈ, ਪਰ ਲੋਕਾਂ ਨੇ ਉਸ ਦੇ ਸਿਰ ਜਿੱਤ ਦਾ ਤਾਜ ਸਜਾਇਆ।
ਜਗਮੀਤ ਸਿੰਘ ਦੀ ਕਾਮਯਾਬੀ ਅਸਲ ਵਿਚ ਕੈਨੇਡਾ ਦੀਆਂ ਬਹੁ-ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਹੀ ਜਿੱਤ ਹੈ। ਇਕ ਸਿੱਖ ਹੋਣ ਦੇ ਨਾਤੇ ਚਾਹੇ ਉਸ ਨੇ ਸਿੱਖੀ ਦੀ ਸ਼ਾਨ ਨੂੰ ਤਾਂ ਵਧਾਇਆ ਹੀ ਹੈ, ਪਰ ਕੈਨੇਡਾ ਦੇ ਸੰਦਰਭ 'ਚ ਉਸ ਦੀ ਜਿੱਤ ਇੰਮੀਗਰੈਂਟ ਲੋਕਾਂ ਤੇ ਘੱਟ -ਗਿਣਤੀਆਂ ਲਈ ਨਵੀਆਂ ਸੰਭਾਵਨਾਵਾਂ ਦੀ ਪ੍ਰਤੀਕ ਹੈ। ਜਗਮੀਤ ਸਿੰਘ ਲਈ ਵੱਡੀ ਚੁਣੌਤੀ ਹੈ ਕਿ 21 ਅਕਤੂਬਰ 2019 ਨੂੰ ਹੋ ਰਹੀਆਂ ਕੈਨੇਡਾ ਦੀਆਂ ਫੈਡਰਲ ਚੋਣਾਂ 'ਚ ਉਹ ਨਿਊ ਡੈਮੋਕਰੇਟਿਕ ਪਾਰਟੀ ਦੀ ਅਗਵਾਈ ਕਿੰਨੀ ਨਿਪੁੰਨਤਾ ਨਾਲ ਕਰੇਗਾ। ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਨ ਵਾਲਾ ਪਹਿਲਾ ਗੈਰ-ਸਫੈਦ ਵਿਅਕਤੀ ਕੈਨੇਡਾ ਵਾਸੀਆਂ ਦੀਆਂ ਉਮੀਦਾਂ 'ਤੇ ਕਿੰਨਾ ਕੁ ਖਰਾ ਉਤਰੇਗਾ। ਚਾਲੀ ਵਰ੍ਹਿਆਂ ਤੋਂ ਘੱਟ ਉਮਰ 'ਚ ਇੰਨਾ ਵੱਡਾ ਮਾਅਰਕਾ ਮਾਰਨਾ ਕੋਈ ਛੋਟੀ ਗੱਲ ਨਹੀਂ, ਪਰ ਅਜੇ ਉਸ ਨੇ ਲੰਮਾ ਪੈਂਡਾ ਤੈਅ ਕਰਨਾ ਹੈ। ਜਗਮੀਤ ਸਿੰਘ ਦਾ ਇਹ ਕਥਨ ਸਹੀ ਹੈ ਕਿ ਜਿਥੇ ਉਸ ਦੀ ਪਹਿਲ ਕੈਨੇਡਾ ਦੇ ਲੋਕਾਂ ਦੇ ਅੰਦਰੂਨੀ ਤੇ ਬਾਹਰੀ ਮਾਮਲਿਆਂ ਦੀ ਪ੍ਰਤਿਨਿਧਤਾ ਕਰਨੀ ਹੈ, ਉਥੇ ਦੁਨੀਆਂ ਦੇ ਹੋਰਨਾਂ ਸਾਰੇ ਦੇਸ਼ਾਂ ਪ੍ਰਤਿ ਉਸ ਦੀ ਪਾਰਟੀ ਦੀ ਨੀਤੀ ਇਕ ਬਰਾਬਰ ਹੈ, ਸਰਬੱਤ ਦੇ ਭਲੇ ਅਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਵਾਲੀ। ਸੱਚ ਤਾਂ ਇਹ ਹੈ ਕਿ ਜਗਮੀਤ ਸਿੰਘ ਨੂੰ ਜਿਵੇਂ-ਜਿਵੇਂ 'ਨਿੱਤ ਨਵੀਆਂ ਮੁਹਿੰਮਾਂ' ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਵੇਂ-ਉਵੇਂ ਉਹ ਮਜ਼ਬੂਤ ਆਗੂ ਬਣ ਕੇ ਸਾਹਮਣੇ ਆ ਰਿਹਾ ਹੈ। ਜਗਮੀਤ ਸਿੰਘ ਲਈ ਵੱਡੇ ਇਮਤਿਹਾਨ ਅਜੇ ਬਾਕੀ ਹਨ, ਜਿਨ੍ਹਾਂ 'ਚ ਉਸ ਦੀ ਕਾਬਲੀਅਤ ਪਰਖੀ ਜਾਣੀ ਹੈ। ਦੁਨੀਆਂ ਨੇ ਉਸ ਦੀ ਸਮਰੱਥਾ ਨੂੰ ਅਜੇ ਜਾਨਣਾ ਹੈ;
'ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈ।
ਅਭੀ ਇਸ਼ਕ ਮੇਂ ਇਮਤਿਹਾਨ ਔਰ ਭੀ ਹੈ।'
-
ਡਾ. ਗੁਰਵਿੰਦਰ ਸਿੰਘ ਧਾਲੀਵਾਲ, ਲੇਖਕ ਤੇ ਪੱਤਰਕਾਰ
singhnews@gmail.com
604 8251550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.