ਕਿਸੇ ਕਵੀ ਦੀਆਂ ਸਤਰਾਂ ਯਾਦ ਆਉਂਦੀਆਂ ਹਨ, "ਜਦ ਇੱਕ ਡਰ ਦੂਜੇ ਡਰ ਦੇ ਵਿਰੁੱਧ ਹੁੰਦਾ ਹੈ, ਯੁੱਧ ਹੁੰਦਾ ਹੈ"। ਯੁੱਧ ਤਾਂ ਆਪਣੇ ਆਪ ਵਿੱਚ ਇੱਕ ਸਮੱਸਿਆ ਹੈ, ਇਹ ਕਿਸੇ ਮਸਲੇ ਦਾ ਹੱਲ ਨਹੀਂ ਹੋ ਸਕਦੀ। ਆਖ਼ਰ ਮਸਲੇ ਬੈਠਕੇ, ਆਪਸੀ ਵਾਰਤਾ ਨਾਲ ਹੀ ਹੱਲ ਹੋ ਸਕਦੇ ਹਨ।
ਯੁੱਧ ਦੀ ਗੱਲ ਮੀਡੀਆ ਵਿੱਚ ਇੰਜ ਹੁੰਦੀ ਰਹੀ ਹੈ ਜਿਵੇਂ ਇਹ ਕੋਈ ਖੇਡ ਹੋਵੇ। ਟੀ.ਵੀ. ਚੈਨਲਾਂ ਦੇ ਐਂਕਰ ਉਛਲ-ਉਛਲ ਕੇ ਬੋਲਦੇ ਦਿਸੇ। ਕਾਸ਼, ਉਹ ਜਾਣਦੇ ਕਿ ਲੜਾਈ ਕਿਹੋ ਜਿਹੀ ਹੁੰਦੀ ਹੈ, ਕਿਵੇਂ ਬੰਬ ਸਿਰਫ ਧਮਾਕਾ ਨਹੀਂ ਕਰਦੇ, ਵੱਡੇ ਇਲਾਕੇ ਨੂੰ ਆਪਣੇ ਘੇਰੇ ਵਿੱਚ ਲੈਂਦੇ ਹਨ। ਧੂੰਆਂ ਬਹੁਤ ਉਪਰ ਤੱਕ ਚਲਾ ਜਾਂਦਾ ਹੈ ਅਤੇ ਹੇਠਾਂ ਜ਼ਮੀਨ ਤੇ ਕੁਝ ਸਾਬਤ-ਸਬੂਤ ਨਹੀਂ ਬਚਦਾ। ਨਾ ਜਿਸਮ, ਨਾ ਘਰ ਅਤੇ ਨਾ ਦਰਖ਼ਤਾਂ 'ਤੇ ਚਹਿਕਦੇ ਪੰਛੀ।
ਪੁਲਵਾਮਾ (ਭਾਰਤ) 'ਚ ਅਤਿਵਾਦੀ ਘਟਨਾ ਵਾਪਰੀ। ਭਾਰਤੀ ਸੀ.ਆਰ.ਪੀ.ਐਫ. ਦੇ ਜਵਾਨ ਮਾਰੇ ਗਏ। ਬਾਲਾਕੋਟ(ਪਾਕਿਸਤਾਨ) ਵਿੱਚ ਭਾਰਤੀ ਹਵਾਈ ਫੌਜ ਨੇ ਅਤਿਵਾਦੀ ਟਿਕਾਣੇ ਖ਼ਤਮ ਕਰਨ ਦੀ ਗੱਲ ਕੀਤੀ। ਉਪਰੰਤ ਪਾਕਿਸਤਾਨ ਜਵਾਈ ਫੌਜ ਨੇ ਭਾਰਤੀ ਖੇਤਰ 'ਚ ਉਲੰਘਣਾ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪਾਕਸਿਤਾਨ ਦਾ ਇੱਕ ਐਫ-16 ਜਹਾਜ਼ ਅਤੇ ਭਾਰਤ ਦਾ ਇੱਕ ਐਮ.ਆਈ.ਜੀ-21 ਤਬਾਹ ਹੋਇਆ ਹੈ।ਇੱਕ ਭਾਰਤੀ ਪਾਇਲਟ "ਅਭਿਨੰਦਨ" ਯੁੱਧ ਬੰਦੀ ਬਣਿਆ, ਜੋ 24 ਘੰਟੇ ਬਾਅਦ ਪਾਕਿਸਤਾਨ ਨੇ ਰਿਹਾਅ ਕਰ ਦਿੱਤਾ।
ਭਾਰਤ ਪਾਕਿਸਤਾਨ ਸਰਹੱਦਾਂ ਉਤੇ ਠੂ-ਠਾਹ ਵੀ ਹੋ ਰਹੀ ਹੈ। ਅਤਿਵਾਦੀ ਕਾਰਵਾਈਆਂ ਨੂੰ ਠੱਲ ਨਹੀਂ ਪਈ। ਲਗਾਤਾਰ ਹੋ ਰਹੀਆਂ ਹਨ।ਇਹ ਦੋਹਾਂ ਦੇਸ਼ਾਂ ਵਿਚਕਾਰ ਅਣ-ਐਲਾਨੀ ਜੰਗ ਹੈ। ਇਸ ਅਣ-ਐਲਾਨੀ ਜੰਗ 'ਚ ਦੇਸ਼ ਦੀ ਹਾਕਮ ਧਿਰ ਅਤੇ ਵਿਰੋਧੀ ਧਿਰ ਨੇ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਹਵਾਈ ਹਮਲੇ ਦਾ ਸਿਹਰਾ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਿਰ ਲਿਆ। ਨਰੇਂਦਰ ਮੋਦੀ ਨੇ 26 ਫਰਵਰੀ ਨੂੰ ਪਾਕਸਿਤਾਨ ਦੇ ਬਾਲਾਕੋਟ ਵਿੱਚ ਹਵਾਈ ਹਮਲੇ ਦੇ ਬਾਅਦ ਕਿਸੇ ਵੱਡੀ ਚੋਣਾਵੀਂ ਰੈਲੀ 'ਚ ਆਪਣੀ 56 ਇੰਚ ਛਾਤੀ ਦਿਖਾਉਂਦਿਆਂ ਕਿਹਾ ਸੀ ਕਿ ਉਹ ਦੇਸ਼ ਨੂੰ ਝੁਕਣ ਨਹੀਂ ਦੇਣਗੇ। ਪਰ ਅਗਲੇ ਦਿਨ ਜਿਉਂ ਹੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਸਿਤਾਨ ਵਲੋਂ ਕੈਦੀ ਬਨਾਉਣ ਦੀ ਖ਼ਬਰ ਆਈ, ਮੋਦੀ ਸਰਕਾਰ ਦੀ ਸਾਹ ਫੁੱਲੀ ਹੋਈ ਸੀ। ਮੋਦੀ ਸਰਕਾਰ ਨੂੰ ਉਦੋਂ ਰਾਹਤ ਮਿਲੀ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਦਖ਼ਲ ਬਾਅਦ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਵਾਪਿਸ ਦੇਸ਼ ਪਰਤ ਆਇਆ ਭਾਵੇਂ ਕਿ ਭਾਰਤ ਸਰਕਾਰ ਨੇ 1949 ਦੀ ਤੀਜੀ ਜਨੇਵਾ ਸੰਧੀ ਦਾ ਹਵਾਲਾ ਦੇਕੇ ਪਾਕਸਿਤਾਨ ਨੂੰ ਗੁਹਾਰ ਲਾਈ ਸੀ ਕਿ ਸਾਡਾ ਪਾਇਲਟ ਬਿਨ੍ਹਾਂ ਕੋਈ ਨੁਕਸਾਨ ਪਹੁੰਚਾਇਆਂ ਵਾਪਿਸ ਭੇਜਿਆ ਜਾਵੇ।
ਇਸ ਸਾਰੀ ਘਟਨਾ ਨਾਲ ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਹੋਰ ਵੀ ਵਿਗੜੇ ਹਨ। ਭਾਵੇਂ ਕਿ ਅੰਤਰਰਾਸ਼ਟਰੀ ਦਬਾਅ ਦੇ ਚਲਦਿਆਂ ਹਾਲ ਦੀ ਘੜੀ ਜੰਗ ਦੇ ਬਦਲ ਥੋਹੜਾ ਛਟ ਗਏ ਹਨ, ਪਰ ਦੋਹਾਂ ਦੇਸ਼ਾਂ 'ਚ ਤਣਾਅ ਹਾਲੇ ਵੀ ਬਰਕਰਾਰ ਹੈ।
ਦੋਹਾਂ ਮੁਲਕਾਂ 'ਚ 1948, 1965, 1971 ਅਤੇ 1999 'ਚ ਕਾਰਗਿਲ ਦੇ ਯੁੱਧ ਲੜੇ ਗਏ। ਹਜ਼ਾਰਾਂ ਜਵਾਨ ਦੋਹਾਂ ਮੁਲਕਾਂ ਦੇ ਮਰੇ, ਹਜ਼ਾਰਾਂ ਲੋਕ ਜਖ਼ਮੀ ਹੋਏ ਦੋਹੀਂ ਪਾਸੀਂ। ਜਾਇਦਾਦਾਂ ਤਬਾਹ ਹੋਈਆਂ। ਇਹਨਾ ਲੜੇ ਗਏ ਯੁੱਧਾਂ ਜਾਂ ਅਣ-ਐਲਾਨੇ ਯੁੱਧਾਂ ਦਾ ਫਾਇਦਾ ਮੌਕੇ ਦੀਆਂ ਹਾਕਮ ਧਿਰਾਂ ਨੇ ਉਠਾਇਆ। 20 ਵਰ੍ਹੇ ਪਹਿਲਾਂ ਜਦੋਂ ਕਾਰਗਿਲ ਦਾ ਯੁੱਧ ਹੋਇਆ ਤਾਂ ਦੇਸ਼ ਭਰ ਵਿੱਚ ਅਟਲ ਬਿਹਾਰੀ ਬਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਯੁੱਧ ਵੇਲੇ ਮਾਹੌਲ ਇਸ ਤਰ੍ਹਾਂ ਦਾ ਬਣਿਆ ਕਿ ਅਗਲੀ ਚੋਣ ਵਿੱਚ ਭਾਜਪਾ ਤਾਕਤ ਵਿੱਚ ਆ ਗਈ ਅਤੇ ਦੇਸ਼ ਉਤੇ ਪੰਜ ਸਾਲ ਰਾਜ ਕੀਤਾ। ਉਸ ਸਮੇਂ ਰਾਸ਼ਟਰਵਾਦ ਦਾ ਮਾਹੌਲ ਬਣਾ ਦਿੱਤਾ ਗਿਆ ਜਿਵੇਂ ਕਿ ਹੁਣ ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਵੇਲੇ ਬਣਾ ਦਿੱਤਾ ਗਿਆ ਹੈ। ਰਾਸ਼ਟਰਵਾਦ ਦੇ ਅੱਗੇ ਨਾ ਜਾਤ ਠਹਿਰਦੀ ਹੈ ਅਤੇ ਨਾ ਹੋਰ ਮੁੱਦੇ। ਸਵਾਲ ਇਹ ਉੱਠਦਾ ਹੈ ਕਿ ਕੀ ਕਾਰਗਿਲ ਦੇ ਵੀਹ ਸਾਲ ਬਾਅਦ ਇਤਿਹਾਸ ਤਾਂ ਨਹੀਂ ਦੁਹਰਾਇਆ ਜਾ ਰਿਹਾ?
ਉਂਜ ਇੱਕਲੇ ਭਾਜਪਾ ਨੇ ਹੀ ਨਹੀਂ, ਸਮੇਂ-ਸਮੇਂ 'ਤੇ ਕਾਂਗਰਸ ਨੇ ਵੀ ਯੁੱਧ ਦਾ ਡਰ ਪੈਦਾ ਕਰਕੇ ਜਾਂ ਯੁੱਧ ਜਿਹੀਆਂ ਹਾਲਾਤਾਂ ਪੈਦਾ ਕਰਕੇ ਜਾਂ ਯੁੱਧ ਲੜਕੇ ਚੋਣਾਂ ਜਿੱਤੀਆਂ। ਇੰਦਰਾ ਗਾਂਧੀ ਨੇ 1971 ਦੇ ਯੁੱਧ ਦਾ ਲਾਹਾ ਲੈਣ ਲਈ ਲੋਕ ਸਭਾ ਦੀਆਂ ਚੋਣਾਂ ਸਮੇਂ ਤੋਂ ਪਹਿਲਾਂ ਕਰਵਾ ਦਿੱਤੀਆਂ ਸਨ। ਇਸ ਯੁੱਧ ਵਿੱਚ ਪਾਕਿਸਤਾਨ ਦੇ93000 ਫੌਜੀ, ਕੈਦੀ ਬਣਾਏ ਗਏ ਸਨ। ਕਾਂਗਰਸ ਅਤੇ ਵਿਰੋਧੀ ਧਿਰਾਂ ਦਾ ਇਲਜਾਮ ਹੈ ਕਿ ਮੋਦੀ ਵਲੋਂ ਪਾਕਿਸਤਾਨ ਦੇ ਵਿਰੁੱਧ ਕੀਤੀ ਕਾਰਵਾਈ ਚੋਣਾਂ 'ਚ ਫਾਇਦਾ ਲੈਣ ਲਈ ਕੀਤੀ ਗਈ ਹੈ। ਇਸ ਤੱਥ ਨੂੰ ਝੁਠਲਾਇਆ ਵੀ ਨਹੀਂ ਜਾ ਸਕਦਾ।
ਭਾਰਤ ਨੂੰ ਇਸ ਵੇਲੇ ਯੁੱਧ ਵਿੱਚ ਉਲਝਣ ਦੀ ਲੋੜ ਨਹੀਂ ਹੈ। ਪਾਕਸਿਤਾਨ ਵਲੋਂ ਕਿਸੇ ਭਾਰਤੀ ਖੇਤਰ ਵਿੱਚ ਕਬਜ਼ੇ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜਾ ਰਹੀ। ਦੋਹਾਂ ਦੇਸ਼ਾਂ 'ਚ ਭੜਕਾਹਟ ਦੀਆਂ ਇਹ ਕਾਰਵਾਈਆਂ ਅਸਲ ਵਿੱਚ ਪੁਲਵਾਮਾ ਵਿੱਚ ਆਤੰਕਵਾਦੀ ਹਮਲੇ ਕਾਰਨ ਹਨ। ਆਤੰਕਵਾਦ ਇੱਕ ਇਹੋ ਜਿਹਾ ਮੁੱਦਾ ਹੈ ਜਿਸਦਾ ਕਿਸੇ ਵੀ ਦੇਸ਼ ਨੂੰ ਵੱਡਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਕਿਸੇ ਵੀ ਰਾਸ਼ਟਰ ਨੂੰ ਬਾਹਰੀ ਸੁਰੱਖਿਆ ਅਤੇ ਦੇਸ਼ ਅੰਦਰਲੀ ਸੁਰੱਖਿਆ ਦਾ ਫਰਕ ਕਰਨਾ ਹੁੰਦਾ ਹੈ। ਦੇਸ਼ ਵਿੱਚ ਅੰਦਰਲੀ ਸੁਰੱਖਿਆ ਨੂੰ ਆਤੰਕਵਾਦ, ਆਤੰਕਵਾਦੀਆਂ ਦੀ ਘੁਸਪੈਠ, ਸੰਪਰਦਾਇਕ ਜਾਂ ਮਜ਼ਹਬੀ ਤਣਾਉ, ਦੇਸ਼ ਤੋਂ ਅਲੱਗ ਹੋਣਾ, ਰਿਜ਼ਰਵੇਸ਼ਨ ਅੰਦੋਲਨ, ਕਿਸਾਨ ਅੰਦੋਲਨ ਅੰਤਰਰਾਸ਼ਟਰੀ ਜਲ ਜਾਂ ਸੀਮਾ ਵਿਵਾਦ ਅਤੇ ਭਾਸ਼ਾਈ ਵਿਵਾਦ ਪ੍ਰਭਾਵਿਤ ਕਰਦੇ ਹਨ। 1965 ਵਿੱਚ ਤਾਮਿਲਨਾਡੂ 'ਚ ਜ਼ਬਰੀ ਹਿੰਦੀ ਲਾਗੂ ਕਰਨ ਕਾਰਨ ਭਾਸ਼ਾਈ ਅੰਦੋਲਨ ਹੋਇਆ, ਪਰ ਹੁਣ ਦੇਸ਼ 'ਚ ਕੋਈ ਭਾਸ਼ਾਈ ਅੰਦੋਲਨ ਨਹੀਂ ਹੈ।
ਜੰਮੂ-ਕਸ਼ਮੀਰ ਵਿਚਲਾ ਆਤੰਕਵਾਦ ਇਸ ਵੇਲੇ ਗੰਭੀਰ ਮੁੱਦਾ ਹੈ। ਸੀਮਾ ਪਾਰ ਤੋਂ ਆਤੰਕਵਾਦੀ ਜੰਮੂ ਕਸ਼ਮੀਰ ਪੁੱਜਦੇ ਹਨ। ਸਾਲ 2017 ਵਿੱਚ ਘੁਸਪੈਠ ਦੀਆਂ 136 ਘਟਨਾਵਾਂ ਵਾਪਰੀਆਂ ਅਤੇ ਸਾਲ 2018 ਦੇ ਅਕਤੂਬਰ ਤੱਕ 128 ਘਟਨਾਵਾਂ ਹੋ ਚੁੱਕੀਆਂ ਹਨ। ਕਸ਼ਮੀਰ 'ਚ ਘੁਸਪੈਠ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਮੋਦੀ ਸਰਕਾਰ ਦੇ ਬਹੁਲਤਾਵਾਦੀ ਰਾਸ਼ਟਰਵਾਦੀ ਨਜ਼ਰੀਏ ਅਤੇ ਸੈਨਿਕ ਬਲਾਂ ਦੀ ਸਖ਼ਤ ਵਰਤੋਂ ਕਾਰਨ ਜੰਮੂ-ਕਸ਼ਮੀਰ ਦੇ ਨੌਜਵਾਨ ਉਗਰਵਾਦੀ ਗੁੱਟਾਂ 'ਚ ਸ਼ਾਮਲ ਹੋ ਰਹੇ ਹਨ। 2017 ਵਿੱਚ 126 ਅਤੇ ਅਕਤੂਬਰ 2018 ਤੱਕ 164 ਯੁਵਕ ਇਹਨਾ ਗੁੱਟਾਂ 'ਚ ਸ਼ਾਮਲ ਹੋਏ।
ਇਸ ਸਮੇਂ ਭਾਜਪਾ ਸਰਕਾਰ ਨੇ ਆਪਣਾ ਧਿਆਨ ਆਤੰਕਵਾਦ ਤੋਂ ਹਟਾ ਕੇ ਪਾਕਿਸਤਾਨ ਉਤੇ ਕੇਂਦਰਿਤ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਕੋਈ ਸਵਾਲ ਨਾ ਕਰਨ ਸਗੋਂ ਸਰਕਾਰ ਦਾ ਸਮਰੱਥਨ ਕਰਨ। ਹਾਲਾਂਕਿ ਕਿ ਕੁੱਝ ਲੋਕ ਅਤੇ ਸਿਆਸੀ ਨੇਤਾ ਬਾਲਾਕੋਟ (ਪਾਕਿਸਤਾਨ) 'ਤੇ ਭਾਰਤੀ ਹਵਾਈ ਫੌਜ ਵਲੋਂ ਪਾਕਸਿਤਾਨ ਟਿਕਾਣੇ ਨਸ਼ਟ ਕਰਨ ਸਬੰਧੀ ਸਵਾਲ ਪੁੱਛ ਰਹੇ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤਾਂ ਇਸ ਹਮਲੇ 'ਚ ਮਾਰੇ ਗਏ ਅਤਿਵਾਦੀਆਂ ਸਬੰਧੀ ਸਰਕਾਰ ਤੋਂ ਸਬੂਤਾਂ ਦੀ ਮੰਗ ਕੀਤੀ ਹੈ। ਜਿਉਂ-ਜਿਉਂ ਸਮਾਂ ਬੀਤਦਾ ਜਾਏਗਾ, ਇਸ ਕਿਸਮ ਦੇ ਸਵਾਲ ਹੋਰ ਉਠਣਗੇ। ਜੰਗ ਕਿਸੇ ਦੇ ਪੱਲੇ ਕੁੱਝ ਨਹੀਂ ਪਾਉਂਦੀ।ਭਾਰਤ-ਪਾਕਿ ਵਲੋਂ ਪਰਮਾਣੂ ਹਥਿਆਰ ਚਲਾਏ ਜਾਣ ਦੀ ਧੌਂਸ ਵੀ ਇੱਕ ਦੂਜੇ ਨੂੰ ਦਿੱਤੀ ਜਾ ਰਹੀ। ਅਸਲ ਵਿੱਚ ਮੌਜੂਦਾ ਅਣ-ਐਲਾਨੀ ਜੰਗ ਸਿਆਸਤਦਾਨਾਂ ਵਲੋਂ ਬਣਾਈ ਮ੍ਰਿਗਤ੍ਰਿਸ਼ਨਾ ਜੇਹੀ ਜਾਪਦੀ ਹੈ। ਆਉ ਚਾਣਕਯ ਦੇ ਸ਼ਬਦਾਂ ਨੂੰ ਯਾਦ ਕਰੀਏ, "ਜਿਸ ਜੰਗ ਵਿੱਚ ਬਾਦਸ਼ਾਹ ਦੀ ਜਾਣ ਨੂੰ ਖਤਰਾ ਨਾ ਹੋਵੇ, ਉਸਨੂੰ ਜੰਗ ਨਹੀਂ ਸਿਆਸਤ ਕਹਿੰਦੇ ਹਨ"। ਭਾਰਤ-ਪਾਕਿ ਦੀ ਅਣ-ਐਲਾਨੀ ਇਹ ਜੰਗ "2019 ਦੀਆਂ ਚੋਣਾਂ" ਜਿੱਤਣ ਦਾ ਇੱਕ ਅਡੰਬਰ ਹੈ। ਉਂਜ ਜੰਗ ਅਤੇ ਖਾਸ ਤੌਰ ਤੇ ਪ੍ਰਮਾਣੂ ਜੰਗ ਨਾਲ ਕਿਵੇਂ ਤਬਾਹੀ ਹੁੰਦੀ ਹੈ, ਆਓ, "ਦਾ ਡੇ ਆਫਟਰ" ਫਿਲਮ ਦਾ ਆਖ਼ਿਰੀ ਸੀਨ ਯਾਦ ਕਰੀਏ। ਪ੍ਰਮਾਣੂ ਹਮਲੇ 'ਚ ਪੂਰੀ ਦੁਨੀਆ ਨਸ਼ਟ ਹੋ ਚੁੱਕੀ ਹੈ ਅਤੇ ਇੱਕ ਆਦਮੀ ਮਿੱਟੀ ਹੱਥ ਵਿੱਚ ਉਠਾਉਂਦਾ ਹੈ। ਮਿੱਟੀ ਹੱਥ ਵਿੱਚ ਲਏ ਜਾਣ ਦਾ ਕਲੋਜ਼-ਅੱਪ ਹੈ ਅਤੇ ਮਰਦਾ ਹੋਇਆ ਆਦਮੀ ਦੁਨੀਆ ਦੀਆਂ ਅੱਖਾਂ ਵਿੱਚ ਅੱਖਾਂ ਪਾਕੇ ਪੁੱਛ ਰਿਹਾ ਹੈ, " ਸਭ ਕੁੱਝ ਮਿੱਟੀ ਹੋਣ ਦੇ ਬਾਅਦ ਕਿਸਦੇ ਹਿੱਸੇ ਕੀ ਆਇਆ?"
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.