ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਰਾਖੇ ਇੱਕ ਮਹਾਨ ਵਿਗਿਆਨੀ, ਯੋਗ ਅਫਸਰ, ਉੱਚ ਲੇਖਕ, ਚੰਡੀਗੜ੍ਹ ਨੂੰ ਬਣਾਉਣ ਵਾਲੇ ਤੇ ਪੰਜਾਬ ਨੂੰ ਮੁੜ ਵਸਾਉਣ ਵਾਲੇ ਡਾ ਮਹਿੰਦਰ ਸਿੰਘ ਰੰਧਾਵਾ ਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ। ਜੇਕਰ ਉਨ੍ਹਾਂ ਦੇ ਜੀਵਨ ਤੇ ਝਾਤ ਮਾਰੀ ਜਾਵੇ ਤਾਂ ਡਾ ਮਹਿੰਦਰ ਸਿੰਘ ਰੰਧਾਵਾ (2 ਫਰਵਰੀ 1909 -3 ਮਾਰਚ 1986) ਨੇ ਪੰਜਾਬੀ ਸਿਵਲ ਅਧਿਕਾਰੀ ਦੇ ਤੌਰ ਤੇ ਭਾਰਤ ਦੀ ਵੰਡ ਦੇ ਉੱਜੜੇ ਪੰਜਾਬੀਆਂ ਨੂੰ ਦੇ ਮੁੜ ਵਸੇਵੇ, ਚੰਡੀਗੜ੍ਹ ਦੀ ਸਥਾਪਨਾ ਅਤੇ ਭਾਰਤ ਦੇ ਹਰੇ ਇਨਕਲਾਬ ਅਤੇ ਪੰਜਾਬ ਦੀਆਂ ਕਲਾਵਾਂ ਦੇ ਦਸਤਾਵੇਜ਼ੀਕਰਨ ਵਿੱਚ ਅਹਿਮ ਭੂਮਿਕਾਵਾਂ ਅਦਾ ਕੀਤੀਆਂ।
1934 ਵਿੱਚ ਉਨ੍ਹਾਂ ਆਈ. ਸੀ.ਐਸ. ਦੀ ਪ੍ਰੀਖਿਆ ਪਾਸ ਕੀਤੀ ਅਤੇ ਫਿਰ ਦੇਸ਼ ਦੇ ਕਈ ਅਹਿਮ ਸ਼ਹਿਰਾਂ ਵਿਚ ਮੈਜਿਸਟਰੇਟ ਦੇ ਤੌਰ ਤੇ ਸੇਵਾ ਨਿਭਾਈ। 1945 ਵਿੱਚ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਦੀ ਕੈਨੇਡਾ ਵਿੱਚ ਹੋ ਰਹੀ ‘ਫੂਡ ਤੇ ਖੇਤੀ ਸੰਸਥਾ’ ਦੇ ਭਾਰਤੀ ਡੈਲੀਗੇਸ਼ਨ ਦੇ ਸਕੱਤਰ ਵਜੋਂ ਸ਼ਾਮਿਲ ਕੀਤਾ ਗਿਆ । 1945-46 ਵਿੱਚ ਉਹ ‘ਭਾਰਤੀ ਖੇਤੀ ਖੋਜ ਸੰਸਥਾ ਨਵੀਂ ਦਿੱਲੀ’ ਦੇ ਸਕੱਤਰ ਬਣੇ। 1946-48 ਦੇ ਫਸਾਦਾਂ ਵਾਲੇ ਸਮੇਂ ਦੌਰਾਨ ਉਹ ਦਿੱਲੀ ਦੇ ਡਿਪਟੀ ਕਮਿਸ਼ਨਰ ਸਨ, ਜਦਕਿ 1948-49 ਵਿੱਚ ਉਨ੍ਹਾਂ ਨੂੰ ਜ਼ਿਲ੍ਹਾ ਅੰਬਾਲਾ ਵਿਖੇ ਡੀ.ਸੀ. ਲਗਾਇਆ ਗਿਆ।
1949-51 ਵਿੱਚ ਉਹ ਪੰਜਾਬ ਦੇ ਪੁਨਰਵਾਸ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਬਣੇ। ਉਨ੍ਹਾਂ 4 ਲੱਖ ਤੋਂ ਵੱਧ ਹਿੰਦੂਆਂ ਅਤੇ ਸਿੱਖਾਂ ਨੂੰ ਆਪਣੀਆਂ ਛੱਡੀਆਂ ਹੋਈਆਂ ਉਪਜਾਊ ਜ਼ਮੀਨਾਂ ਬਦਲੇ ਜ਼ਮੀਨਾਂ ਦੀ ਵੰਡ ਇਸ ਨਿਰਪੱਖਤਾ ਨਾਲ ਕੀਤੀ ਕਿ ਬਹੁਤ ਘੱਟ ਲੋਕਾਂ ਨੂੰ ਸ਼ਿਕਾਇਤ ਕਰਨ ਦਾ ਮੌਕਾ ਮਿਲਿਆ। 1953-55 ਵਿੱਚ ਉਹ ‘ਵਿਕਾਸ ਤੇ ਪੁਨਰਵਾਸ ਵਿਭਾਗ ਦੇ ਕਮਿਸ਼ਨਰ ਨਿਯੁਕਤ ਹੋਏ। 1955 ਵਿੱਚ ਉਹ ਭਾਰਤੀ ਖੇਤੀ ਮੰਤਰਾਲੇ ਦੀ ਕੌਂਸਲ ਦੇ ਐਡੀਸ਼ਨਲ ਸਕੱਤਰ ਵੀ ਰਹੇ।
ਪੰਜਾਬ ਵਿੱਚ ਕਮਿਊਨਿਟੀ ਵਿਕਾਸ ਯੋਜਨਾ ਦੇ ਸ਼ੁਰੂ ਹੋਣ ਮਗਰੋਂ ਕਈ ਸਾਲ ਉਹ ਇਸ ਵਿਭਾਗ ਦੇ ਵਿਕਾਸ ਕਮਿਸ਼ਨਰ ਰਹੇ। ਉਨ੍ਹਾਂ ਨੂੰ ‘ਭਾਰਤ ਦੀ ਹਰੀ ਕ੍ਰਾਂਤੀ’ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਉਹ ਤਿੰਨ ਸਾਲ ਚੰਡੀਗੜ੍ਹ ਦੇ ਕਮਿਸ਼ਨਰ ਰਹੇ। ਉਨ੍ਹਾਂ ਦੀ ਪਾਰਖੂ ਨਜ਼ਰ ਨੇ ਚੰਡੀਗੜ੍ਹ ਨੂੰ ‘ਗੁਲਾਬਾਂ ਦਾ ਸ਼ਹਿਰ’ ਬਣਾ ਦਿੱਤਾ। ਚੰਡੀਗੜ੍ਹ ਪੰਜਾਬੀ ਕਲਾ, ਨਾਚ, ਸੰਗੀਤ ਅਤੇ ਕਵਿਤਾ ਦੀਆਂ ਧੁਨੀਆਂ ਨਾਲ ਗੂੰਜਣ ਲੱਗਿਆ।
ਰਿਟਾਇਰ ਹੋ ਕੇ ਉਹ ਤਿੰਨ ਸਾਲ ਲਈ ‘ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ’ ਦੇ ਉਪ ਕੁਲਪਤੀ ਵੀ ਰਹੇ। ਉਨ੍ਹਾਂ ਦੇ ਸਮੇਂ ਯੂਨੀਵਰਸਿਟੀ ਖੋਜ ਅਤੇ ਸਿੱਖਿਆ ਦਾ ਸਰਵੋਤਮ ਕੇਂਦਰ ਬਣੀ। ਯੂਨੀਵਰਸਿਟੀ ਦੀ ਲਾਇਬਰੇਰੀ ਦਾ ਨਾਮ ਆਪ ਜੀ ਦੇ ਨਾਮ ਤੇ ਰੱਖਿਆ ਗਿਆ ਹੈ । ਉਹ ਸਾਹਿਤ ਪ੍ਰੇਮੀ ਤੇ ਲੇਖਕ ਵੀ ਸਨ। ਡਾ. ਮਹਿੰਦਰ ਸਿੰਘ ਰੰਧਾਵਾ ਪ੍ਰਸ਼ਾਸਕੀ ਕਾਰਜਾਂ ਤੋਂ ਇਲਾਵਾ ਸਾਹਿਤ ਅਤੇ ਕਲਾ ਦੇ ਪ੍ਰੇਮੀ, ਇੱਕ ਉੱਘੇ ਵਿਗਿਆਨੀ, ਸੁੰਦਰਤਾ ਦੇ ਪਾਰਖ਼ੂ ਤੇ ਬਾਗ਼ਬਾਨੀ ਦੇ ਮਾਹਰ ਵੀ ਸਨ, ਉਨ੍ਹਾਂ ਨੇ 17 ਪੁਸਤਕਾਂ ਲਿਖੀਆਂ।
3 March 2019
-
ਜਸਪ੍ਰੀਤ ਸਿੰਘ ਬਠਿੰਡਾ, ਚੰਡੀਗੜ੍ਹ ਯੂਨੀਵਰਸਿਟੀ
**********
9988646091
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.