ਖ਼ਬਰ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੇ ਅਜੇ ਦੋ ਸਾਲ ਵੀ ਪੂਰੇ ਨਹੀਂ ਹੋਏ ਕਿ ਪਾਰਟੀ ਦੇ ਚੌਥੇ ਮੰਤਰੀ ਹੁਣ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਕਾਂਗਰਸ ਸਰਕਾਰ ਨੂੰ ਹੁਣ ਤੱਕ ਜਿੰਨਾ ਵਿਰੋਧੀ ਧਿਰ ਨਹੀਂ ਘੇਰ ਸਕਿਆ ਉਸਤੋਂ ਜਿਆਦਾ ਆਪਣੇ ਹੀ ਮੰਤਰੀਆਂ ਨੇ ਸਰਕਾਰ ਨੂੰ ਕਟਘਰੇ ਵਿੱਚ ਖੜ੍ਹੇ ਕਰ ਦਿੱਤਾ ਹੈ। ਪਹਿਲਾਂ ਰਾਣਾ ਗੁਰਜੀਤ ਸਿੰਘ ਵਿਵਾਦਾਂ 'ਚ ਫਸੇ, ਫਿਰ ਨਵਜੋਤ ਸਿੰਘ ਸਿੱਧੂ ਵਿਵਾਦਾਂ 'ਚ ਘਿਰ ਗਏ, ਫਿਰ ਚਰਨਜੀਤ ਸਿੰਘ ਚੰਨੀ ਵਿਵਾਦਾਂ 'ਚ ਆ ਗਏ ਅਤੇ ਹੁਣ ਗੈਰ-ਕਾਨੂੰਨੀ ਬਿਲਡਿੰਗ ਦੇ ਸੀ.ਐਲ.ਯੂ. ਨੂੰ ਲੈ ਕੇ ਫੂਡ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਵਿਵਾਦਾਂ 'ਚ ਘਿਰ ਗਏ ਹਨ। ਪਰ ਕਾਂਗਰਸ ਪਾਰਟੀ ਚੁੱਪ ਬੈਠੀ ਹੈ। ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਵੀ ਹੁਣ ਤੱਕ ਮੰਤਰੀ ਆਸ਼ੂ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ।
ਵੇਖੋ, ਚਚੇਰੇ ਸੁਖਬੀਰ ਅਤੇ ਮਨਪ੍ਰੀਤ ਵਿਧਾਨ ਸਭਾ ਵਿੱਚ ਖਹਿਬੜ ਪਏ, ਮਿਹਣੋ-ਮਿਹਣੀ ਹੋ ਪਏ। ਇੱਕ ਦੂਜੇ ਨੂੰ ਬੁਰਾ ਭਲਾ ਵੀ ਕਿਹਾ। ਤੁਸੀਂ ਦਸੋਂ ਨਹੁੰ ਵੀ ਕਦੇ ਮਾਸ ਨਾਲੋਂ ਵੱਖ ਹੋਇਆ? ਸਮਾਂ ਆਉ ਤਾਂ ਇੱਕਠੇ ਪਰਿਆ 'ਚ ਦਿਸਣਗੇ। ਕਾਂਗਸਰੀ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਮਜੀਠੀਆ ਵਿਧਾਨ ਸਭਾ 'ਚ ਪੱਗੋ-ਲੱਥੀ ਹੋਣ ਨੂੰ ਤਿਆਰ ਸਨ, ਵਿੱਚ ਵਿਚਾਲਾ ਹੋ ਗਿਆ। ਹੁਣ ਬਾਹਰ ਬੈਠੇ ਇੱਕ ਦੂਜੇ ਦੇ ਪੋਤੜੇ ਫੋਲਣ ਲੱਗੇ ਹੋਏ ਆ। ਇੱਕ ਦੂਜੇ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰੀ ਜਾਂਦੇ ਆ। ਪਰ ਭਾਈ ਪਤਾ ਨਹੀਂ ਕਦੋਂ ਕਰਵਟ ਬਦੂਲ, ਦੋਵੇਂ ਇੱਕ-ਜੁੱਟ ਇੱਕ ਸੁਰ ਹੋ ਜਾਣਗੇ। ਇਹਨੂੰ ਹੀ ਸਿਆਸਤ ਆਂਹਦੇ ਆ।
ਅਮਰਿੰਦਰ ਸਿਹੁੰ ਕੈਪਟਨ ਦੇ ਖਾਸੋ-ਖਾਸ ਆਪਸ ਵਿੱਚ ਲੜਦੇ ਆ। ਧੜੇ ਬਣਾਉਂਦੇ ਆ। ਇੱਕ ਦੂਜੇ ਵਿਰੁੱਧ ਜ਼ਹਿਰ ਉਗਲਦੇ ਆ। ਇੱਕ ਦੂਜੇ ਨੂੰ ਨਿਕੰਮਾ ਕਹਿੰਦੇ ਆ। ਕਦੇ ਕਦੇ 'ਸਿੱਧੂ' ਵਰਗੇ ਨੇਤਾ 'ਆਪ' ਵਾਲਿਆਂ ਨਾਲ ਜਾ ਜੱਫੀਆਂ ਪਾਉਂਦੇ ਆ, ਪਰ ਹੈ ਤਾਂ ਕਾਂਗਰਸੀ ਹੀ ਭਾਈ, ਉਪਰੋਂ ਸੰਦੇਸ਼ਾਂ ਆਊ, ਮੁੜ ਇੱਕਠੇ ਹੋ ਜਾਣਗੇ ਆਖਣਗੇ, "ਹਾਈ ਕਮਾਂਡ' ਦਾ ਆਦੇਸ਼ ਆ, ਹਾਈਕਮਾਂਡ ਦਾ ਹੁਕਮ ਆ"।
ਉਂਜ ਭਾਈ ਕੋਈ ਹੋਵੇ ਅਕਾਲੀ,ਕੋਈ ਹੋਵੇ ਕਾਂਗਰਸੀ, ਕੋਈ ਹੋਵੇ ਭਾਜਪਾਈ, ਕੋਈ ਹੋਵੇ ਬਸਪਾਈ, ਸਾਡੇ ਹੀ ਸਿਆਸੀ ਨੇਤਾ ਆ, ਵੱਖੋ-ਵੱਖਰਾ ਸੁਭਾਅ, ਪਰ ਵਿਚਾਰ ਇਕੋ ਹੀ। ਵੱਖੋ-ਵੱਖਰਾ ਬਾਣਾ, ਪਰ ਵਿਚਾਰ ਇਕੋ ਹੀ। ਵਿਚਾਰ ਇਹ ਕਿ ਲੋਕਾਂ ਨੂੰ ਬੱਧੂ ਕਿਵੇਂ ਬਨਾਉਣਾ ਆ। ਲੋਕਾਂ ਦੀਆਂ ਵੋਟਾਂ ਕਿਵੇਂ ਬਟੋਰਨੀਆਂ ਆਂ। ਸੁਣਿਓ ਕਵੀਓ ਵਾਚ, "ਪਾਲਕ ਸਰੋਂ, ਬਾਥੂ, ਭਾਵੇਂ ਅੱਡ ਹੁੰਦੇ, ਰਿੰਨ ਘੋਟਕੇ ਬਣ ਜਾਏ ਸਾਗ ਜੀ"।
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.