ਬਲਜਿੰਦਰ ਸੇਖਾ ਪੰਜਾਬੀ ਭਾਈਚਾਰੇ ’ਚ ਇੱਕ ਜਾਣੀ-ਪਹਿਚਾਣੀ ਸ਼ਖ਼ਸੀਅਤ ਹੈ। ਸਾਫ਼-ਸੁਥਰੀ ਗਾਇਕੀ ਦਾ ਗਾਇਨ ਅਤੇ ਉੱਚ-ਪੱਧਰੀ ਕਵਿਤਾਵਾਂ ਦੀ ਰਚਨਾ ਕਰਨਾ ਉਹਦਾ ਪਰਮ-ਧਰਮ ਹੈ।
ਆਮ ਸਧਾਰਨ ਪੈਂਡੂ ਬੱਚਿਆਂ ਵਾਂਗ ਬਲਜਿੰਦਰ ਦਾ ਬਚਪਨ ਵੀ ਜਾਨ-ਤੋੜਵੀਂ ਜਦੋ-ਜਹਿਦ ਅਤੇ ਬੜੇ ਹੀ ਤਰਸਯੋਗ-ਹਾਲਾਤਾਂ ਵਿਚ ਦੀ ਘੱਸ-ਘੱਸ ਤੇ ਖਹਿ-ਖਹਿ ਕੇ ਲੰਘਿਆ। ਕੱਚੇ ਘਰ ਦੀਆਂ ਡਿੱਗੂੰ-ਡਿੱਗੂੰ ਕਰਦੀਆਂ ਕੰਧਾਂ ਦੇ ਨਿੱਕੇ ਜਿਹੇ ਵਿਹੜੇ ’ਚ ਉਹਨੇ ਰਿੜ੍ਹਨਾ ਤੇ ਤੁਰਨਾ ਸਿਖਿਆ। ਬਚਪਨ ਵਿੱਚ ਜਦ ਵੀ ਉਹ ਪਿੰਡ ਦੀਆਂ ਕੱਚੀਆਂ ਗਲ਼ੀਆਂ ’ਚ ਆਪਣੇ ਹਾਣੀਆਂ ਨਾਲ਼ ਬਾਂਟੇ, ਖਿਦੋ-ਖੂੰਡੀ, ਤੇ ਗੁਲੀ-ਡੰਡਾ ਵਰਗੀਆਂ ਖੇਡਾਂ ਖੇਡਦਾ ਤਾਂ ਉਹ ਕਲਾ ਦੇ ਸੁਰਾਂ ’ਚ ਹੀ ਉਹਨਾਂ ਨੂੰ ਟੋਣੇ ਅਤੇ ਨਿਸ਼ਾਨੇ ਮਾਰਦਾ। ‘ਸੇਖੇ’ ਦਾ ਜਨਮ ਸ: ਗੁਰਦੇਵ ਸਿੰਘ ਦੇ ਘਰ ਮਾਤਾ ਚਰਨਜੀਤ ਕੌਰ ਦੀ ਕੁੱਖੋਂ ਪਿੰਡ ਸੇਖਾ ਕਲਾਂ(ਜ਼ਿਲ੍ਹਾ ਮੋਗਾ) ਵਿੱਚ ਹੋਇਆ। ਇਮਾਨਦਾਰੀ ਅਤੇ ਆਗਿਆਕਾਰੀ ਦੀ ਗੁੜ੍ਹਤੀ ਉਹਨੂੰ ਆਪਣੇ ਦਾਦਾ ਸ: ਮੰਦਰ ਸਿੰਘ ਸਰਾਂ ਅਤੇ ਦਾਦੀ ਪ੍ਰਤਾਮ ਕੌਰ ਕੋਲ਼ੋਂ ਮਿਲ਼ੀ, ਜੋ ਕਿ ਨਹਾਇਤ ਹੀ ਸ਼ਰੀਫ਼ ਅਤੇ ਦਰਵੇਸ਼ ਸੂਰਤ ਤੇ ਸੀਰਤ ਦੇ ਮਾਲਕ ਸਨ। ਉਹਦਾ ਸੁਭਾਅ ਆਪਣੇ ਆੜੀਆਂ ਨਾਲ਼ੋ ਬਿਲਕੁਲ ਵੱਖਰੀ ਕਿਸਮ ਦਾ ਭੋਲ਼ਾ-ਭਾਲ਼ਾ, ਸੰਜੀਦਾ, ਅਤੇ ਹਲੀਮੀਂ ਵਾਲ਼ਾ ਸੀ। ਕਈ ਵਾਰ ‘ਸੇਖਾ’ ਘਰਾਂ ਦੀਆਂ ਛੱਤਾਂ ਉੱਤੇ ਮੰਜਿਆਂ ’ਤੇ ਬੱਝੇ ਸਪੀਕਰਾਂ ਕੋਲ਼ ਘੰਟਿਆਂ ਬੱਧੀ ਖੜਾ ਰਹਿ ਕੇ ਉਹਨਾਂ ’ਚੋਂ ਨਿਕਲ਼ਦੀਆਂ ਰਾਗ-ਰੰਗੀ ਤੇ ਸਾਹਿਤਕ ਲਹਿਰਾਂ ਨੂੰ ਫੜਨ ਦਾ ਯਤਨ ਕਰਦਾ। ਉਹਦੇ ਬਾਲ ਮਨ ਵਿੱਚ ਅਦਭੁੱਤ-ਹਲੂਣੇ ਉਠਦੇ ਰਹਿੰਦੇ, ਛੱਪੜ ਦੇ ਕਿਨਾਰਿਆਂ ਕੋਲ਼ ਆ ਕੇ ਰੁਕਦੀਆਂ ਨਿੱਕੀਆਂ-ਨਿੱਕੀਆਂ ਗੰਧਲ਼ੀਆਂ-ਛੱਲਾਂ ਦੀਆਂ ਤਰੰਗਾਂ ਨੂੰ ਉਹ ਇੱਕ ਸੁਰ ਹੋਈਆਂ, ਤੇ ਕੁੱਝ ਮਿੱਠਾ-ਮਿੱਠਾ ਰਾਗ ਅਲਾਪ ਦੀਆਂ ਹੋਈਆਂ ਮਹਿਸੂਸ ਕਰਦਾ।
ਆਥਣ ਵੇਲ਼ੇ ਸਕੂਲੋਂ ਵਾਪਿਸ ਆ ਕੇ ਉਹਨੂੰ ਪੈਲ਼ੀਆਂ ’ਚੋਂ ਘਾਹ ਖੋਤਣ, ਹੱਥੀਂ ਪੱਠੇ ਕੁਤਰਨ, ਤੇ ਛੱਪੜ ’ਚ ਮੱਝਾਂ ਨੂੰ ਨਹਾਉਣ ਲੈ ਜਾਣ ਵਰਗੇ ਹੋਰ ਛੋਟੇ-ਛੋਟੇ ਕੰਮਾਂ ਦੀ ਬੋਝਲ਼-ਪੰਡ ਚੁੱਕਣੀ ਪੈਂਦੀ। ਪੈਰੋਂ ਨੰਗਾ, ਪਾਟੇ, ਘੱਸੇ, ਤੇ ਮੈਲ਼ੇ ਜਿਹੇ ਲੀੜੇ ਪਹਿਨਕੇ ਵੀ ਉਹਨੂੰ ਹਮੇਸ਼ਾ ਬੇ-ਪ੍ਰਵਾਹ-ਮਸਤੀ ਦੀ ਖੁਮਾਰੀ ਚੜ੍ਹੀ ਰਹਿੰਦੀ। ਜਦ ਕਦੇ ਵੀ ਬਾਲਕ ‘ਸੇਖਾ’ ਘਰੇਲੂ-ਮੰਦਾਹਾਲੀ ਦੀਆਂ ਥੁੜਾਂ ਦੀ ਚੱਕੀ ’ਚ ਪਿਸਣ ਦੇ ਦਰਦ ਦੀ ਥੋੜੀ-ਬਾਹਲ਼ੀ ਚੀਸ ਨਾਲ਼ ਥੜਾਉਣ ਲਗਦਾ ਤਾਂ ਉਹਦੇ ਸੁਹਿਰਦ-ਸਾਥੀ “ਸਤਪਾਲ ਸੇਖਾ” ਤੇ “ਡਾ: ਰਾਜਦੁਲਾਰ” ਹੋਰੀਂ ਉਹਦੇ ਢੱਠੇ-ਮਨ ਉੱਤੇ ਹੌਸਲੇ ਅਤੇ ਹੱਲਾ-ਸ਼ੇਰੀ ਦੀ ਲੋਈ ਦੇ ਦਿੰਦੇ, ਤੇ ਜਦੋਂ ਆਰਥਿਕ ਤੰਗੀਆਂ ਮੂਲ਼ੋਂ ਬਾਹਲ਼ੇ ਦੰਦ ਕਰਚਾਉਣ ਲਗਦੀਆਂ ਤਾਂ ਥੋੜਾ-ਬਾਹਲ਼ਾ ਦੁੱਖ ਘਟਾਉਣ ਲਈ ਸਲ੍ਹੀਣਿਓਂ ਨਾਨਕੇ ਵੀ ਝੱਟ ਆ ਬਹੁੜਦੇ। ਗ਼ਰੀਬ ਪ੍ਰੀਵਾਰ ’ਚ ਜੰਮੇਂ ਤੇ ਪਲ਼ੇ ਬਲਜਿੰਦਰ ਨੂੰ ਸਰਦੇ-ਵਰਦੇ ਟੱਬਰਾਂ ਦੇ ਜੁਵਾਕਾਂ ਵਰਗੀਆਂ ਸਹੂਲਤਾਂ ਅਤੇ ਮਿੱਠੇ ਲਾਡ-ਲਡਿੱਕੇ ਕਦੇ ਵੀ ਨਾ ਮਿਲ਼ੇ ਸਕੇ।
ਸੇਖੇ ਪਿੰਡੋਂ ਦਸਵੀਂ ਪਾਸ ਕਰਕੇ ਉਹਨੇ ਮੱਲਕੇ ਪਿੰਡ ਦੇ ਸਕੂਲ ’ਚੋਂ +2 ਪਾਸ ਕੀਤੀ। ਘਰੋਂ 3 ਕੁ ਕਿਲੋਮੀਟਰ ਦੀ ਦੂਰੀ ’ਤੇ ਪੈਂਦੇ ਇਸ ਸਕੂਲ ’ਚ ਪੜ੍ਹਨ ਜਾਣ ਲਈ, ਉਹਨੂੰ ਖਾਭਿਆਂ ਨਾਲ਼ ਸ਼ਰਾਬੀ ਹੋਈਆਂ ਉੱਘੜ-ਦੁੱਘੜ ਡੰਡੀਆਂ ਦੀਆਂ ਸ਼ੋਖ਼-ਅਦਾਵਾਂ ਨਾਲ਼, ਪੈਰਾਂ ਦੀਆਂ ਛਿਲੀਆਂ-ਅੱਡੀਆਂ ਦੀ ਚੀਸ ਨੂੰ ਨਸ਼ਿਅਈ ਕਰਕੇ ਤਾਲ ਮਿਲਾਉਣਾ ਪੈਂਦਾ। ਮੱਲਕਿਆਂ ਦੇ ਇਸ ਸਕੂਲ ’ਚ ਉਸ ਦਾ ਜਮਾਤੀ ਮਸ਼ਹੂਰ ਕਲਾਕਾਰ ‘ਰਾਜ ਬਰਾੜ’ ਉਹਦਾ ਪਿਆਰਾ ਬੇਲੀ ਬਣ ਗਿਆ। ਕੁਦਰਤ ਵੱਲੋਂ ਕਲਾ ਦੀਆਂ ਕਿਲਕਾਰੀਆਂ ਮੁੱਢ ਤੋਂ ਹੀ ਉਹਦੇ ਖੂਨ ਦੇ ਜ਼ਰੇ-ਜ਼ਰੇ ’ਚ ਕੁਰਬਲ਼-ਕੁਰਬਲ਼ ਕਰਦੀਆਂ 'ਹੋਲੀ' ਖੇਡਦੀਆਂ ਰਹਿੰਦੀਆਂ। ਬਲਜਿੰਦਰ ਅਤੇ ਰਾਜ ਬਰਾੜ ਜਦੋਂ ਸਕੂਲ ਦੀ ਬਾਲ ਸਭਾ ’ਚ ਮਿਲ਼ ਕੇ ਕਵਿਤਾਵਾਂ ਗਾਉਂਦੇ ਤੇ ਰੀਸਾਂ/ਨਕਲ਼ਾਂ ਲਾਉਂਦੇ ਤਾਂ ਸਾਰਾ ਸਕੂਲ ਅਤੇ ਸਟਾਫ਼ ਅਚੰਭਤ ਹੋ ਜਾਂਦਾ। ਇਸ ਗੁਣ ਨੇ ‘ਸੇਖੇ’ ਦੀ ਵਾਹ-ਵਾਹ ਨੇੜਲੇ ਗੁਆਂਡੀ ਪਿੰਡਾਂ ਦੀਆਂ ਸੱਥਾਂ ਤੱਕ ਜਾ ਫੈਲਾਈ। ਗ਼ਰੀਬੀ ਦੀ ਧੁਦਲ਼ ’ਚ ਧੁੱਸੇ ਇਸ ਹੀਰੇ ਨੂੰ ਸਮੇਂ ਨੇ ਹੌਲ਼ੀ-ਹੌਲ਼ੀ ਫੂਕਾਂ ਮਾਰ-ਮਾਰ ਕੇ ਤਰਾਸ਼ਣਾ ਤੇ ਚਮਕਾਉਣਾ ਸ਼ੁਰੂ ਕਰ ਦਿੱਤਾ।
ਰੋਟੀ-ਰੋਜ਼ੀ ਦੀ ਤਲਾਸ਼ ’ਚ ਉਹਨੂੰ ਲੁਧਿਆਣੇ ਦੇ ਕਈ ਕਾਰਖਾਨਿਆਂ ਅਤੇ ਹੌਜ਼ਰੀ ਦੀਆਂ ਅੜਬ, ਬਜ਼ੁਰਗ਼-ਮਸ਼ੀਨਾਂ ਨਾਲ਼ ਸ਼ਰਮਾਕਲ਼-ਆੜੀ ਪਾਉਣੀ ਪਈ। ਇੱਥੇ ਉਹਨੂੰ ਯੂ ਪੀ ਤੇ ਬਿਹਾਰ ’ਚੋਂ ਆਏ 12 ਨਾ-ਵਾਕਿਫ਼ ਕਾਮਿਆਂ ਨਾਲ਼ ਬੁੱਢੇ ਨਾਲ਼ੇ ਦੇ ਕੋਲ਼ ਇੱਕ ਕਮਰੇ ’ਚ ਕਈ ਮਹੀਨੇ ਮਜਬੂਰਨ ਰਹਿਣਾ ਵੀ ਪਿਆ। ਮਾਪਿਆਂ ’ਤੇ ਬੋਝ ਨਾ ਬਣਨ ਦੇ ਜਜ਼ਬੇ ਤਹਿਤ ਬਲਜਿੰਦਰ ਨੇ ਗ਼ਰੀਬੀ ਦੇ ਦੈਂਤ ਨੂੰ ਜਫੋ-ਜੱਫੀ ਹੋ ਕੇ ਢਾਹੁਣ ਲਈ ਕਿਸੇ ਵੀ ਤਰਾਂ ਦੇ ਕੰਮ ਕਰਨ ਤੋਂ ਕਦੇ ਵੀ ਕੰਨੀ ਨਾ ਕਤਰਾਈ। ਇੱਥੇ ਵੀ ਕਿਸਮਤ ਅਤੇ ਹਾਲਾਤ ਤਸੱਲੀ ਦੀਆਂ ਲੋਰੀਆਂ ਨਾ ਦੇ ਸਕੇ ਤੇ ਉਹ ਮਾਯੂਸ ਹੋ ਗਿਆ! ਅੰਤ, ਫਿਰ ਉਹਨੇ ਵਾਪਿਸ ਆਪਣੇ ਜੱਦੀ ਸ਼ਹਿਰ ਮੋਗੇ ਰਹਿੰਦੇ ਨਾਨਕੇ ਘਰ ਦਾ ਜਾ ਕੁੰਡਾ ਖੜਕਾਇਆ।
ਇੱਥੇ, ਕਿਸੇ ਜਾਣਕਾਰ ਨੇ ਉਹਨੂੰ ਇੱਕ ਖੋਖੇ ’ਚ ਕੰਮ ’ਤੇ ਲੁਆ ਦਿੱਤਾ। ਉਸ ਖਿਝੇ-ਖਿਝੇ ਰਹਿੰਦੇ ਕਰੜ-ਬਰੜ ਜਿਹੀ ਦਾਹੜੀ ਵਾਲ਼ੇ ਕੁ-ਲੱਕੜ, ਕੁ-ਧੁੱਤੜ, ਧੱਕੜ, ਅੱਤੜ ਅਤੇ ਬੁਚੜ ਜਿਹੇ ਸੁਭਾਅ ਵਾਲ਼ੇ ਬੰਦੇ ਨਾਲ਼ ਉਹ ਬਾਹਲ਼ਾ ਚਿਰ ਕੱਟ ਨਾ ਸਕਿਆ। ਫਿਰ ਉਹਨੂੰ ਇੱਕ ਕਪੜੇ ਵੇਚਣ ਵਾਲ਼ੀ ਦੁਕਾਨ ’ਤੇ ਕੰਮ ਮਿਲ਼ ਗਿਆ। ਇੱਥੇ ਬਲਜਿੰਦਰ ਨੇ 1986 ਤੋਂ 88 ਤੱਕ ਤਕਰੀਬਨ ਦੋ ਕੁ ਸਾਲ ਬੜੀ ਲਗਨ ਨਾਲ਼ ਕੰਮ ਕੀਤਾ। ਹਰ ਵੇਲ਼ੇ ਖਊਂ-ਖਊਂ, ਮਰੂੰ-ਮਰੂੰ ਕਰਦੇ ਇਸ ਕੱਬੇ-ਸੇਠ ਵੱਲੋਂ ਲੋਹੇ ਦੇ ਜ਼ੰਗਾਲੇ-ਗ਼ਜ਼ ਨੂੰ ਘੁਮਾ ਕੇ ਦਿੱਤੇ ਜਾਂਦੇ ਹਿਟਲਰੀ-ਇਸ਼ਾਰਿਆਂ ਨੂੰ ਚੰਗੀ ਤਰਾਂ ਸਮਝਕੇ, ਦੁਕਾਨ ’ਚ ਬਣੇ ਲੱਕੜ ਦੇ ਖਾਨਿਆਂ ’ਚੋਂ ਥਾਨ ਲਾਹ-ਲਾਹ ਕੇ ਜ਼ਨਾਨਾਂ/ਮਰਦਾਨਾਂ ਗਾਹਕਾਂ ਮੂਹਰੇ ਵਗਾਹ-ਵਗਾਹ ਕੇ ਕਿਵੇਂ ਸੁਟਣੇ ਹਨ, ਇਹ ਘਿਚਾਨੀ ਦੇਊ-ਮੁਹਾਰਤ ਉਹਨੇ ਛੇਤੀ ਹੀ ਕੰਠ ਕਰ ਲਈ। ਮਾਲਕ ਉਹਨੂੰ ਹਮੇਸ਼ਾ ਭਿਜਾਈ ਫਿਰਦਾ, ਅਤੇ ਕਦੇ ਔਹ ਕਰ ਤੇ ਕਦੇ ਆਹ ਕਰ ਦੀਆਂ ਅਕਾਊ-ਹਦਾਇਤਾਂ ਨਾਲ਼ ਹਰ ਵੇਲ਼ੇ ਊਰੀ ਵਾਂਗ ਘੁਮਾਈ ਰਖਦਾ। ਗਾਹਕਾਂ ਲਈ ਚਾਹ ਵਾਲ਼ੇ ਖੋਖੇ ’ਤੋਂ ਲੋਹੇ ਦੀਆਂ ਪਤਲੀਆਂ-ਪਤਲੀਆਂ ਤਾਰਾਂ ਦੇ ਬਣੇ ਘਸਮੈਲ਼ੇ ਜਿਹੇ ਛਕੰਜੇ ’ਚ ਚਾਹ ਦੇ ਗਲਾਸ ਲਿਆਉਣਾ ਵੀ ਉਹਦੀ ਨੌਕਰੀ ਦੇ ਹਿੱਸੇ ’ਚ ਸ਼ਾਮਲ ਸੀ। ਉਹਨੇ ਪੋਚੇ ਲਾਏ ਤੇ ਹੋਰ ਬਹੁਤ ਸਾਰੇ ਸਖ਼ਤ ਕੰਮ ਵੀ ਕੀਤੇ, ਪਰ ਖਚਰੀ-ਗ਼ਰੀਬੀ ਨੇ ਬਲਜਿੰਦਰ ਨਾਲ਼ ਸਿਰੇ ਦੀ ਏਨੀ ਗੂੜੀ ਛਲ਼ੀਆ-ਲਿਹਾਜ਼ ਗੰਢ ਲਈ ਕਿ ਉਹਨੇ ਅੜੀਅਲ ਬਣਕੇ ‘ਸੇਖੇ’ ਨੂੰ ਆਪਣੀ ਬੁੱਕਲ਼ ਦੇ ਅਲ਼ਕਤੀ-ਨਿਘਾਸ ’ਚੋਂ ਕਦੇ ਵੀ ਨਿਕਲਣ ਨਾ ਦਿੱਤਾ।
ਨਾਨਕੇ ਘਰ ’ਚ ਵੀ ਗ਼ਰੀਬੀ ਨੇ ਜਾਲ਼ ਵਿਛਾਇਆ ਹੋਇਆ ਸੀ, ਤੇ ਇਸ ਵਿਹੜੇ ’ਚ ਵੀ ਆਰਥਿਕ ਤੰਗੀ ਕਾਰਨ ਉਹਨੂੰ ਬਹੁਤੀ ਵਾਰ ਫਾਕਿਆਂ ਨਾਲ਼ ਘੁਲਣਾ ਪਿਆ। ਕਈ ਵਾਰ ਭੁੱਖ ਲਗਣ ’ਤੇ ਉਹ ਰੇਹੜੀ ’ਤੋਂ ਗਲ਼ੇ-ਸੜੇ ਫ਼ਲ਼ ਲੈ ਕੇ ਵਕ਼ਤ ਟਪਾ ਲੈਂਦਾ। ਉਹ ਜੋ ਕੁੱਝ ਲੋਚਦਾ, ਚਾਹੁੰਦਾ ਤੇ ਤਸੱਵਰ ਕਰਦਾ ਉਹ ਉਹਦੇ ਹੱਥ ਪੱਲੇ ਨਾ ਪੈਂਦਾ। ਨਾਨੇ-ਨਾਨੀ ਦੀ ਇਸ ਨਗਰੀ ’ਚ ਵੀ ਉਹਦਾ ਕਲਾਕਾਰੀ-ਮਨ ਨਾ ਹੀ ਖੁੱਭਿਆ ਤੇ ਨਾ ਹੀ ਟਿੱਕਿਆ। ਉਹ ਚੁੱਪ ਹੋ ਜਾਂਦਾ, ਕੁਝ ਨਵਾਂ ਕਰਨ ਦੀ ਤੜਪ ਦੇ ਸੁਪਨਿਆਂ ’ਚ ਗੁਆਚ ਜਾਂਦਾ, ਹਾਲਾਤ ਉਹਦੀ ਪੇਸ਼ ਨਾ ਜਾਣ ਦਿੰਦੇ, ਤੇ ਨਿਰਾਸਤਾ ਉਹਦੇ ਕੋਮਲ-ਜਜ਼ਬਿਆਂ ’ਤੇ ਝੋਰੇ ਦੀਆਂ ਚੂੰਡੀਆਂ ਵੱਢਦੀ ਰਹਿੰਦੀ। ਮੋਗੇ ਦੇ ਮੁਕਾਮ ਦੌਰਾਨ ਬੋਝਲ-ਵਕ਼ਤ ਨਾਲ਼ ਦਸਤ-ਪੰਜਾ ਲੜਾਉਂਦਿਆਂ ਅਤੇ ਦੁਸ਼ਵਾਰੀਆਂ ਨਾਲ਼ ਖਹਿਬੜਦਿਆਂ ਉਹ ਹੇਰਵੇ ਦੇ ਵਾਅ-ਵਰੋਲ਼ਿਆਂ ’ਚ ਘਿਰ ਗਿਆ ਤੇ ਤਕ਼ਦੀਰ ਉਹਨੂੰ ਫਿਰ “ਸੇਖੇ ਪਿੰਡ” ਦੇ ਕੱਚੇ-ਕੋਠੇ ਦੀ ਵਲਗਣ ’ਚ ਲੈ ਆਈ।
ਕਿਉਂਕਿ, ਰਾਜ ਬਰਾੜ ਨਾਲ਼ ਮੱਲਕੇ ਪਿੰਡ ਪੜ੍ਹਦਿਆਂ ਉਸਦੀ ਮੁਹੱਬਤ ਨੇ ਵਫ਼ਾਦਾਰੀ-ਗੁਲਕੰਦ ਦੀਆਂ ਸਾਰੀਆਂ ਮਟੀਆਂ ਭਰ ਲਈਆਂ ਸਨ, ਤੇ ਰਾਜ ਨੇ ਬਲਜਿੰਦਰ ਦੇ ਇਸ ਅਣੋਖੇ-ਗੁਣ ਨੂੰ ਪਹਿਚਾਣ ਵੀ ਲਿਆ ਸੀ, ਇਸ ਕਰਕੇ 'ਬਰਾੜ' ਨੇ ਬਲਜਿੰਦਰ ਨਾਲ਼ ਮਿਲ਼ ਕੇ ਇੱਕ ਕਾਮਿਡੀ ਆਡਿਓ ਕੈਸਿਟ “ਛਿੱਤਰੋ-ਛਿੱਤਰੀ” ਤਿਆਰ ਕੀਤੀ। ਇਸ ਕੈਸਿਟ ਵਿੱਚ ‘ਸੇਖੇ’ ਨੇ ਬੜੀ ਹੀ ਧੜੱਲੇਦਾਰ-ਅਦਾਕਾਰੀ ਦਾ ਜਲਵਾ ਦਿਖਾਇਆ। ਲੋਕਾਂ ਨੇ ਉਸਨੂੰ ਬੜਾ ਹੀ ਜ਼ਿਆਦਾ ਪਸੰਦ ਕੀਤਾ। ਇਸ ਟੇਪ ਦੀ ਚੜ੍ਹਤ ਨੇ 'ਸੇਖੇ' ਦੀ ਕੁੱਝ ਮਹੀਨਿਆਂ ’ਚ ਹੀ ਹਰ ਪਾਸੇ ਬੱਲੇ-ਬੱਲੇ ਕਰਵਾ ਦਿੱਤੀ ਤੇ ਇਹ ਸੁਨਿਹਰੀ ਮੌਕਾ ਉਹਦੇ ਲਈ ਜ਼ਿੰਦਗੀ ਦਾ ਇੱਕ ਮਹੱਤਵ-ਪੂਰਨ ਮੋੜ ਅਤੇ ਵਰਦਾਨ ਬਣ ਗਿਆ। ਕੈਸਿਟ ਏਨੀ ਜ਼ਿਆਦਾ ਚੱਲੀ ਕਿ ਮਾਲਵੇ ਇਲਾਕੇ ਦੇ ਲੋਕ ਆਪਣੇ ਪ੍ਰੋਗਰਾਮਾਂ ’ਚ ਬਲਜਿੰਦਰ ਨੂੰ ਸ਼ਿਰਕਤ ਕਰਨ ਲਈ ਸਦਣ ਲੱਗ ਪਏ। ਦਿਨਾਂ ’ਚ ਹੀ ਉਹ ਲੋਕਾਂ ਦਾ ਹਰਮਨ-ਪਿਆਰਾ ਅਦਾਕਾਰ ਤੇ ਕਲਾਕਾਰ ਬਣ ਗਿਆ। ਉਹਦੇ ਮਜ਼ਾਹੀਆ-ਹੁਨਰ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਵੇਲ਼ਿਆਂ ਦੇ ਬਹੁਤ ਸਾਰੇ ਨਾਮੀਂ ਗਵੱਈਆਂ, ਖਾਸ ਕਰਕੇ ਨਿਰਮਲ ਸਿੱਧੂ ਅਤੇ ਬਲਕਾਰ ਸਿੱਧੂ ਵਰਗੇ ਉੱਘੇ ਕਲਾਕਾਰਾਂ ਨੇ ਉਹਨੂੰ ਆਪਣੇ ਨਾਲ਼ ਲੈ ਜਾਣਾ ਸ਼ੁਰੂ ਕਰ ਦਿੱਤਾ। ਉਹ 'ਸੇਖੇ' ਨੂੰ ਇੱਕ ਪ੍ਰੋਗਰਾਮ ਦਾ 200 ਰੁਪੈ ਦਿੰਦੇ। ‘ਬਲਜਿੰਦਰ’ ਨੇ ਇਹਨਾਂ ਗਵੱਈਆਂ ਨੂੰ ਤਿੰਨ ਕੁ ਸਾਲ ਦਾ ਪੂਰਾ ਜੋਬਨ-ਮੱਤਾ ਸਾਥ ਦਿੱਤਾ। ਇਸ ਦੇ ਨਾਲ਼-ਨਾਲ਼ ਚਰਨਜੀਤ ਸਲ੍ਹੀਣਾ, ਜੋ ਖੁਦ ਵੀ ਗਾਉਂਦਾ ਸੀ, ਨੇ ‘ਸੇਖੇ’ ਦੇ ਸ਼ੌਕੀ-ਪਤੰਗ ਨੂੰ ਨਾਂ ਤਾਂ ਕਦੇ ਝੋਲਾ ਵੱਜਣ ਦਿੱਤਾ, ਤੇ ਨਾਂ ਹੀ ਉਹਦੇ ਜੋਸ਼ ਨੂੰ ਮੱਠਾ ਪੈਣ ਦਿੱਤਾ। ਹੁਣ ਸੇਖਾ ਅੰਦਰੋ-ਅੰਦਰੀ ਬੜਾ ਖੁਸ਼ ਰਹਿਣ ਅਤੇ ਉਡੂੰ-ਉਡੂੰ ਕਰਦਾ ਮਹਿਸੂਸ ਕਰਨ ਲੱਗ ਪਿਆ।
ਜਦੋਂ ਬਲਜਿੰਦਰ ਦੀ ਬੱਲੇ-ਬੱਲੇ ਦੀ ਚਰਚਾ ਨੇ ਰਾਜ ਬਰਾੜ ਦੇ ਦਰਵਾਜ਼ੇ ’ਤੇ ਦਸਤਕ ਦਿੱਤੀ ਤਾਂ ਉਹ ਸੇਖੇ ਨੂੰ ਚੰਡੀਗੜ੍ਹ ਲੈ ਆਇਆ। ‘ਰਾਜ’ ਦੀ ਕੈਸਿਟ “ਸਾਡੇ ਵਾਰੀ ਰੰਗ ਮੁੱਕਿਆ” ਵਿੱਚ ਬਲਜਿੰਦਰ ਨੇ ਪਿੱਛੇ ਰਹਿ ਕੇ, ਨਿਰ-ਸੁਆਰਥ ਹੋ ਕੇ ਅਜਿਹਾ ਪੁਖਤਾ-ਇੰਤਜ਼ਾਂਮ ਅਤੇ ਉੱਚਿਤ-ਦੇਖਭਾਲ ਕੀਤੀ ਕਿ ਇਸ ਉਦੇਸ਼ ਵਿੱਚ ਰਾਜ ਬਰਾੜ ਨੂੰ ਕਮਾਲ ਦੀ ਸਫ਼ਲਤਾ ਮਿਲ਼ੀ। ਕੈਸਿਟ ਲੋਹੜਿਆਂ ਦੀ ਹਿੱਟ ਹੋ ਗਈ। ਬਲਜਿੰਦਰ ਕੋਲ਼ੋਂ ਚਾਅ ਨਾ ਚੁੱਕੇ ਗਏ। ਇਸ ਤੋਂ ਬਾਅਦ ਚੱਲ ਸੋ ਚੱਲ ਦਾ ਸਿਲਸਲਾ ਅਜਿਹੀਆਂ ਪੁਲਾਘਾਂ ਪੁਟਣ ਲੱਗਿਆ ਕਿ ਪੂਰੇ ਢਾਈ ਸਾਲ ਬਲਜਿੰਦਰ ਅਤੇ ਰਾਜ ਬਰਾੜ ਇੱਕ ਦੂਜੇ ਦੀ ਅਨੂਠੀ ਤੇ ਸੰਗੀਤਕ-ਸੰਗਤ ਦਾ ਮਾਣ-ਮੱਤਾ ਨਿਘਾਸ ਮਾਣ ਦੇ ਰਹੇ।
ਚੰਡੀਗੜ੍ਹ ਰਹਿੰਦਿਆਂ ਮੁਲਾਕਾਤਾਂ ਦੇ ਝਰਨੇ ਫੁਟਣ ਲੱਗ ਪਏ ਅਤੇ ਜਾਣ-ਪਹਿਚਾਣ ਦੀ ਕਿਆਰੀ ’ਚ ਅਦਬੀ ਫੁਲਾਂ ਨੇ ਖਿੜਨਾ ਤੇ ਟਹਿਕਣਾ ਸ਼ੁਰੂ ਕਰ ਦਿੱਤਾ। ਇਉਂ, ਸੇਖੇ ਦੀ ਵਾਕ਼ਫੀਅਤ ਬਹੁਤ ਸਾਰੇ ਨਾਮੀਂ ਕਲਾਕਾਰਾਂ ਨਾਲ਼ ਹੋ ਗਈ, ਤੇ ਉਹ ਉਹਨਾਂ ’ਚ ਚੰਗੀ ਤਰਾਂ ਰਚ-ਮਿੱਚ ਗਿਆ। ਇਹ ਹੀ ਤਾਂ ਸੇਖੇ ਦੀ ਰੂਹ ਦੀ ਅਸਲ ਖੁਰਾਕ ਸੀ ਜਿਸ ਦੀ ਤਾਲਾਸ਼ ’ਚ ਉਹ ਜਗਿਆਸੂ ਬਣ ਕੇ ਦਰ-ਦਰ ਦੀਆਂ ਠੋਕਰਾਂ ਖਾ ਕੇ ਮੌਜੀ-ਲਹਿਜ਼ੇ ’ਚ ਰਹਿਣਾ ਵੀ ਗਿੱਝ ਗਿਆ ਸੀ। ਸੰਗੀਤ, ਸਾਜ਼ ਅਤੇ ਗਵਾਇਸ਼ ਉਸ ਦਾ ਪਿਆਰਾ ਸ਼ੌਕ ਬਣ ਗਏ। ਇਸੇ ਲਈ ਉਹ ਸੁਰੀਲੇ ਸਾਜ਼, ਕਲਾ ’ਚ ਗੜੁੱਚ, ਸੁਰ-ਤਾਲ ’ਚ ਭਿੱਜੀਆਂ ਆਵਾਜ਼ਾਂ, ਅਤੇ ਮਨ ਨੂੰ ਹਲੂਣਾ ਦੇਣ ਵਾਲ਼ੇ ਇਖ਼ਲਾਕੀ ਪੱਧਰ ਦੇ ਸਭਿੱਅਕ ਲਿਖੇ ਗੀਤਾਂ ਦੇ ਬੋਲਾਂ ਨੂੰ ਸੁਣ ਕੇ ਖੀਵਾ ਹੋ ਜਾਂਦਾ। ਇਹੀ ਕਾਰਨ ਹੈ ਕਿ ਗਵਾਇਸ਼ ਅਤੇ ਸ਼ਾਇਰੀ ਲਿਖਣ ਤੋਂ ਬਿਨਾਂ ਉਹਦੀ ਅਦਬੀ-ਰੰਗ ’ਚ ਰੰਗੀ ਰੂਹ ’ਤੇ ਕੋਈ ਹੋਰ ਰੰਗ ਚੜ੍ਹ ਹੀ ਨਹੀਂ ਸਕਿਆ।
ਬਾਬੂ ਰਾਜਿਬ ਅਲੀ ਦੇ ਲਿਖੇ ਛੰਦ ਨੂੰ ‘ਕਵੀਸ਼ਰੀ’ ਦੇ ਨਵੇਂ ਅੰਦਾਜ਼ ’ਚ ਪੇਸ਼ ਕਰਕੇ ‘ਸੇਖੇ’ ਨੇ ਸਾਡੇ ਅਮੀਰ, ਗੌਰਵਮਈ ਅਤੇ ਨਰੋਏ ਵਿਰਸੇ ਦੀ ਇਸ ਸੁਗਾਤ ਰੂਪੀ ਅਮਰ ਰਚਨਾ ਨੂੰ ਗੁਣ-ਗਣਾ ਕੇ ਖੂਬ ਚਮਕਾਇਆ ਹੈ। ਇਸ ਵਿਡੀਓ ਨੇ ਬਲਜਿੰਦਰ ਦੀ ਚਹੁੰ-ਕੂਟੀਂ ਧਾਂਕ ਬਿਠਾ ਦਿੱਤੀ ਹੈ। ਸੰਸਾਰ ਦੇ ਹਰ ਕੋਨੇਂ ’ਚ ਵੱਸਦੇ ਪੰਜਾਬੀਆਂ ਨੇ ਉਸਦੀ ਵੱਖਰੇ ਤੇ ਪਿਆਰੇ ਅੰਦਾਜ਼ ’ਚ ਗਾਈ ਇਸ ਕਵੀਸ਼ਰੀ ਨੂੰ ਲੋਹੜਿਆਂ ਦਾ ਪਸੰਦ ਕੀਤਾ ਹੈ। ਵਿਦਿਆ ਪੱਖੋਂ ਵੀ ਬਲਜਿੰਦਰ ਨੇ ਕਈ ਹਿੰਮਤੀ ਪੁਲਾਘਾਂ ਪੁਟੀਆਂ। ਗਾਇਕੀ ਦੇ ਨਾਲ਼-ਨਾਲ਼ ਉਹਨੇ ਪੰਜਾਬੀ ਯੂਨਿਵਰਸਟੀ ਤੋਂ ਲਾਇਬਰੇਰੀ ਸਾਇੰਸ ਦਾ ਡਿਪਲੋਮਾਂ ਵੀ ਕਰ ਲਿਆ।
ਕੁਦਰਤ ਨੂੰ ਕੁੱਝ ਹੋਰ ਹੀ ਭਾਉਂਦਾ ਸੀ ਅਤੇ ਦਾਣਾ ਪਾਣੀ ਉਹਨੂੰ ਚੋਗ-ਚੁਗਣ ਲਈ ਸੱਤ-ਸਮੁੰਦਰੋਂ ਪਾਰ ਬੁਲਾਅ ਰਿਹਾ ਸੀ। ਚੰਡੀਗੜ੍ਹ ਰਹਿਣ ਦੇ ਦਿਨਾਂ ’ਚ ਤਾਏ ਦਾ ਮੁੰਡਾ ਹਰਪ੍ਰੀਤ ਵੈਨਕੂਵਰ ਤੋਂ ਪੰਜਾਬ ਮਿਲਣ-ਗਿਲਣ ਲਈ ਆਇਆ। ਉਹਨੇ ਆਪਣੀ ਪਤਨੀ ਦੀ ਛੋਟੀ ਭੈਣ ਦਾ ਰਿਸ਼ਤਾ ਬਲਜਿੰਦਰ ਨੂੰ ਕਰਵਾ ਦਿੱਤਾ। ਇਉਂ, 'ਸੇਖੇ' ਨੇ ਈਸਵੀ 2000 ’ਚ ਕੈਨੇਡਾ ਆ ਪੈਰ ਪਾਏ। ਕੈਨੇਡਾ ਆ ਕੇ ਉਹਨੂੰ ਜਿੰਦਗੀ ਫਿਰ ‘ਊੜਾ-ਐੜਾ’ ਤੋਂ ਸ਼ੁਰੂ ਕਰਨੀ ਪਈ। ਸਖ਼ਤ ਮਿਹਨਤ ਦੀ ਭੱਠੀ ਦਾ ਦੋਬਾਰਾ ਫਿਰ ਬਾਲਣ ਬਣਨਾ ਪਿਆ, ਤੇ ਫ਼ਰਨੀਚਰ ਦੀ ਕੰਪਨੀ ਵਿੱਚ ਲੋਡਿੰਗ, ਅਨ-ਲੋਡਿੰਗ ਦੇ ਭਾਰੀ ਕੰਮਾਂ ਨਾਲ਼ ਕਬੱਡੀ ਵੀ ਖੇਡਣੀ ਪਈ। ਪਰ, ਬਲਜਿੰਦਰ ਅੰਦਰ ਦੜ ਵੱਟੀ ਬੈਠੇ ਸਾਹਿਤਕ ਅਤੇ ਕਲਾਕਾਰੀ ਜੁਗਨੂੰ ਵੀ ਨਾਲ਼ ਦੀ ਨਾਲ਼ ਟਪੂਸੀਆਂ ਮਾਰ ਕੇ ਟਿੰਮਕਣ ਲਗ ਪਏ।
ਉਸਾਰੂ ਗਤੀ-ਵਿੱਧੀਆਂ ਦੀਆਂ ਮੋਮਬੱਤੀਆਂ ਦਾ ਚਾਨਣ ਖਿਲਾਰਨ ਲਈ, ਸੇਖੇ ਨੇ ਆਪਣੀ ਦਿਲਚਸਪੀ ਦੀ ਬੱਕੀ ਨੂੰ ਮੁੜ ਸ਼ਿੰਗਾਰ ਲਿਆ, ਤੇ ਉਹ ਸਥਾਨਿਕ ਰੇਡਿਓ, ਟੀਵੀ, ਅਤੇ ਹੋਰ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਆਪਣੀ ਕਲਾ ਦੇ ਨਵੇਕਲ਼ੇ ਜੌਹਰ ਦਿਖਾਉਣ ਲਈ ਹਿੱਸਾ ਲੈਣ ਲੱਗ ਪਿਆ। ਛੇਤੀ ਹੀ ਟੋਰਾਂਟੇ ਦੇ ਇਰਦ-ਗਿਰਦ ਦੇ ਇਲਾਕਿਆਂ ’ਚ ਬਲਜਿੰਦਰ ਦੇ ਹਸਾਉਣੇ-ਪਾਤਰ ਦੀ ਪ੍ਰਸ਼ੰਸਾ ਸਿਖਰਾਂ ’ਤੇ ਚਮਕਣ ਲੱਗ ਪਈ। ਮੱਲਕਿਆ ਵਾਲ਼ੇ ‘ਬਾਈ ਬਾਘੇ ਬਰਾੜ’ ਨੇ ਬਲਜਿੰਦਰ ਦੀ ਜਾਣ-ਪਹਿਚਾਣ ਮਸ਼ਹੂਰ ਕਾਮਿਡੀ ਕਿੰਗ ‘ਲਖਵਿੰਦਰ ਸੰਧੂ ”ਭੰਡ” ਨਾਲ਼ ਕਰਵਾ ਦਿੱਤੀ। ਦੋਹਾਂ ਦੀ ਮਜ਼ਾਹੀਆਂ-ਜੋੜੀ ਨੇ ਕੈਨੇਡਾ ਵਿੱਚ ਕਮਾਲਾਂ ਹੀ ਕਰ ਦਿੱਤੀਆਂ। ਦੂਰ-ਦੁਰਾਡੇ ਦੇ ਲੋਕ ਵਿਆਹਾਂ, ਸ਼ਾਦੀਆਂ, ਕਲੱਬਾਂ, ਮੇਲਿਆਂ, ਪਾਰਟੀਆਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਇਹਨਾਂ ਦੀਆਂ ਹਾਸਿਆਂ ਨਾਲ਼ ਭਰਪੂਰ, ਤੇ ਉੱਚ-ਪੱਧਰੀ ਚੁਟਕਲੀ ਅੰਦਾਜ਼ ਵਿੱਚ ਪਰੋਸੀਆਂ ਜਾਂਦੀਆਂ ਆਈਟਮਾਂ ਨੂੰ ਪੇਸ਼ ਕਰਨ ਲਈ ਸੱਦਾ-ਪੱਤਰ ਦੇਣ ਲੱਗ ਪਏ। ਇਸ ਤਰਾਂ ਇਹ ਜੋੜੀ ਵੈਨਕੂਵਰ, ਸਰੀ, ਗ਼ਦਰੀ ਬਾਬਿਆਂ ਦੇ ਮੇਲੇ, ਅਤੇ ਕੈਲਫੋਰਨੀਆਂ ਤੱਕ ਆਪਣੇ ਫ਼ਨ ਦੀਆਂ ਪੈੜਾਂ ਵੀ ਕਰ ਆਈ। ਸਿੱਟੇ ਵੱਜੋਂ ਕੈਨੇਡਾ ਆ ਕੇ ਸਫ਼ਲਾਤਾਵਾਂ ਨੇ ਉਹਦੇ ਸਾਰੇ ਸੁਪਨੇ ਸਾਕਾਰ ਕਰ ਦਿੱਤੇ।
ਕੈਨੇਡਾ ਰਹਿੰਦਿਆਂ ਬਲਜਿੰਦਰ ਨੇ ਬਹੁਤ ਸਾਰੇ ਧਾਰਮਿਕ, ਰਾਜਨੀਤਿਕ, ਅਤੇ ਸਭਿਆਚਾਰਕ ਅਦਾਰਿਆਂ ਨਾਲ਼ ਸਾਂਝ ਪਾ ਕੇ ਨਿਵੇਕਲ਼ੀ ਕਲਾ-ਕਿਰਤ ਰਾਹੀਂ ਆਪਣੇ ਹੁਨਰ ਦੀ ਸੱਤ-ਰੰਗੀ ਪੀਂਘ ਨੂੰ ਹੋਰ ਗੂੜੇ ਰੰਗਾਂ ਦੀ ਪਾਣ ਚਾੜ੍ਹ ਦਿੱਤੀ। ਉਹਨੂੰ ਕਲਾ ਦੀਆਂ ਅੱਠ-ਖੇਲੀਆਂ ਨਾਲ਼ ਕੁੱਦਣ ਅਤੇ ਚਾਅ ਬਿਖੇਰਨ ਦਾ ਕੁਦਰਤੀ ਵੱਲ ਆਉਂਦਾ ਹੈ। ਉਹਨੇ ਬਹੁਤ ਸਾਰੇ ਉੱਚ-ਕੋਟੀ ਦੇ ਮਾਅਰਕੇ-ਮਾਰਕੇ ਆਪਣੇ ਨਾਮ ਨੂੰ ਲੋਕਾਂ ਦੇ ਚੇਤਿਆਂ, ਦਿਲਾਂ ਅਤੇ ਮਨਾਂ ਅੰਦਰ ਹਮੇਸ਼ਾ ਲਈ ਅਮਰ ਕਰ ਲਿਆ।
‘ਬਲਜਿੰਦਰ ਸੇਖੇ’ ਨੇ ਸਿੱਖ ਹੈਰਿਟਿਜ ਮਹੀਨਾਂ ਜੋ ਅਪਰੈਲ ਵਿੱਚ ਮਨਾਇਆ ਜਾਂਦਾ ਹੈ ਉਸ ਦਾ “ਸਿੰਬਲ” ਡਿਜ਼ਇਨ ਤਿਆਰ ਕੀਤਾ, ਅਤੇ ਟਰੇਡ ਮਾਰਕ ਦੇ ਤੌਰ ’ਤੇ ਰਜਿਸਟਰ ਕਰਵਾਕੇ ‘ਵਿੱਕ ਢਿੱਲੋਂ’ ਦੇ ਸਹਿਯੋਗ ਨਾਲ਼ ਓਨਟੇਰੀਓ ਦੀ ਅਸੈਂਬਲੀ ’ਚ ਪੇਸ਼ ਵੀ ਕੀਤਾ। ਜਿਸ ਨੂੰ ਸੂਬੇ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਮਾਨਤਾ ਪ੍ਰਦਾਨ ਕੀਤੀ। ਜਦੋਂ ਜਸਟਿਨ ਟਰੂਡੋ ਨੇ ਕਾਮਾਗਾਟਾ ਮਾਰੂ ਤ੍ਰਾਸਦੀ ਦੀ ਮੁਆਫੀ ਮੰਗੀ ਸੀ ਤਾਂ ਜਿੱਥੋਂ ਜਹਾਜ਼ ਮੋੜਿਆ ਗਿਆ ਸੀ ਉਸੇ ਜਗ੍ਹਾ ’ਤੇ ‘ਪੋਰਟਰੇਟ’ ਵੀ ਬਲਜਿੰਦਰ ਨੇ ਹੀ ਤਿਆਰ ਕੀਤਾ। ਇਸ ਦੇ ਚਲਦਿਆਂ ਹੀ ਜਦੋਂ ਇੱਕ ਜੁਲਾਈ, 2017 ’ਚ ਕੈਨੇਡਾ ਦੇ ਜਨਮ ਦੀ 150ਵੀਂ ਸਾਲ-ਗਰਾਹ ਮਨਾਈ ਗਈ ਤਾਂ ਇੰਡੀਆਂ/ ਕੈਨੇਡਾ ਦੀ ਮਿੱਤਰਤਾ ਦੀ ਆਪਸੀ ਦੇਣ ਤੋਂ ਪ੍ਰਭਾਵਿਤ ਹੋ ਕੇ, ਇੱਕ ਸੁਹਿਰਦ-ਨਾਗਰਿਕ ਵਜੋਂ ਬਲਜਿੰਦਰ ਨੇ “ਗੋ ਕੈਨੇਡਾ ਗੋ” ਨਾਮ ਦਾ ਗੀਤ ਲਿਖਿਆ। ਇਸ ਗੀਤ ਨੂੰ ਭਾਰਤ ’ਚੋਂ ਪ੍ਰਸਿੱਧ ਸੰਗੀਤਕਾਰ ਸ਼੍ਰੀ ਦਿਲਕੁਸ਼ ਥਿੰਦ ਦੇ ਸੰਗੀਤ ’ਚ ਰਿਕਾਰਡ ਕਰਵਾਇਆ ਗਿਆ ਅਤੇ ਅੰਗਰੇਜ਼ੀ ਤੇ ਫਰਿੰਚ ਵਿੱਚ ਅਨੁਵਾਦ ਵੀ ਕੀਤਾ ਗਿਆ। ਇਸ ਗੀਤ ਨੇ ਸੇਖੇ ਦੇ ਨਾਮ ਦੀ ਮਹਿੰਮਾਂ ਕੈਨੇਡਾ ਦੀ ਪਾਰਲੀਮੈਂਟ ਦੇ ਹਾਲ ’ਚ ਜਾ ਗੂੰਜਾਈ। 2018 ’ਚ ਮਨਾਏ ਗਏ 151ਵੇਂ “ਕੈਨੇਡਾ ਡੇਅ” ਦੇ ਇਤਿਹਾਸਿਕ ਮੌਕੇ ਉੱਤੇ, ‘ਸੇਖੇ’ ਦੇ ਤਿਆਰ ਕੀਤੇ ਗਏ “ਗੋ ਕੈਨੇਡਾ ਗੋ” ਨਕਸ਼ੇ ਨੂੰ ਕੈਨੇਡਾ ਪੋਸਟ ਵੱਲੋਂ ਛਾਪ ਕੇ ਤੇ ਕੇਂਦਰੀ ਮੰਤਰੀ ਨਵਦੀਪ ਬੈਂਸ ਕੋਲ਼ੋਂ ਡਾਕ ਟਿਕਟ ਜਾਰੀ ਕਰਵਾ ਕੇ ਸਮੁੱਚੇ ਪੰਜਾਬੀ-ਭਾਈਚਾਰੇ ਨੂੰ ਵਿਸ਼ੇਸ਼ ਮਾਣ-ਸਤਿਕਾਰ ਨਾਲ਼ ਨਿਵਾਜਿਆ ਗਿਆ।
‘ਸੇਖੇ’ ਦੇ ਸਮਾਜਿਕ ਅਤੇ ਸਭਿਆਰਕ ਖੇਤਰਾਂ ’ਚ ਕਰੇ ਕਾਰਜਾਂ ਦੀ ਸੂਚੀ ਲੰਬੀ ਹੋਣ ਕਰਕੇ ਉਹਨੂੰ ਯੂ ਐਨ ਓ ਵੱਲੋਂ ਵੀ ਵਿਸ਼ੇਸ਼ ਤੌਰ ’ਤੇ ਸ਼ਾਬਾਸ਼ ਮਿਲੀ। ਕੈਨੇਡਾ ਦੇ ਮਹਾਨ-ਸੂਰਬੀਰ ਸ਼ਹੀਦ ਯੋਧਿਆਂ ਦੀ ਯਾਦ ਨੂੰ ਸਮਰਪਿਤ, ਗਿਆਰਾਂ ਨਵੰਬਰ, 2018 ਨੂੰ ਮਨਾਏ ਗਏ 100ਵੇਂ ਰੈਮੈਂਮਬਰਸ ਡੇਅ ਦੇ ਇੱਕ ਵਿਸ਼ਾਲ ਸਮਾਗਮ ਮੌਕੇ, ਬਲਜਿੰਦਰ ਵੱਲੋਂ ਬਣਾਇਆ ਗਿਆ ਬਹੁਤ ਹੀ ਖੂਬਸੂਰਤ ਚਿੱਤਰ ਜਿਸ ਉੱਪਰ ਪੰਜਾਬੀ ਵਿੱਚ ਲਿਖਿਆ ਸੀ “ਅਸੀਂ ਕਦੇ ਵੀ ਭੁੱਲ ਨਹੀਂ ਸਕਦੇ”, ਸਮੁੱਚੇ ਪੰਜਾਬੀ ਭਾਈਚਾਰੇ ਵੱਲੋਂ ਦੇਸ਼ ਵਾਸੀਆਂ ਨੂੰ ਭੇਟ ਕੀਤਾ ਗਿਆ। ‘ਸੇਖੇ’ ਨੂੰ ਮਿਲ਼ੇ ਇਸ ਵਿਲੱਖਣ ਆਦਰ-ਸਤਿਕਾਰ ਨੇ ਜਿੱਥੇ ਉਹਦੇ ਸਵੈ-ਵਿਸ਼ਵਾਸ਼ ਦੇ ‘ਪਪੀਹੇ’ ਨੂੰ ‘ਉਤਸ਼ਾਹ’ ਦੀ ਸੁਆਤੀ-ਬੂੰਦ ਪਿਲਾ ਕੇ ਕੁੱਝ ਹੋਰ ਨਵਾਂ ਤੇ ਵੱਖਰਾ ਕਰਨ ਦੀ ਚੇਸ਼ਟਾ ਦਾ ਬਲ ਬਖ਼ਸ਼ਿਆ, ਉੱਥੇ ਉਹਦਾ ਨਾਮ ਇੱਕ ਗੁਣੀ-ਕਵੀ ਅਤੇ ਪਤਵੰਤਾ-ਫ਼ਨਕਾਰ ਹੋਣ ਦੀ ਸ਼ੋਹਰਤੀ-ਸੂਚੀ ਵਿੱਚ ਵੀ ਦਰਜ ਕਰ ਦਿੱਤਾ।
ਬਲਜਿੰਦਰ ਨੇ ਦਾਨ ਕਰਨ ’ਚ ਵੀ ਇੱਕ ਅਲੌਕਿਕ-ਕਾਰਜ ਕੀਤਾ। ਉਹਨੇ ਆਪਣੀ ਮਾਤਾ ਜੀ ਚਰਨਜੀਤ ਕੌਰ ਦੇ ਆਕਾਲ ਚਲਾਣੇ ਤੋਂ ਬਾਅਦ ਉਹਨਾਂ ਦੀਆਂ ਦੋਵੇਂ ਅੱਖਾਂ ਦਾਨ ਕਰਕੇ ਮਾਨਵਤਾ ਦੀ ਇੱਕ ਮਹਾਨ ਸੇਵਾ ਕੀਤੀ। ਜੀਵਨ ਨਿਰਬਾਹ ਕਰਨ ਲਈ ਉਹ ਫਾਇਨੈਂਸ/ ਮੋਰਗੇਜ ਅਤੇ ਸਰਟਿਫਾਈਡ ਇੰਨਸ਼ੋਰੈਂਸ ਬਰੋਕਰ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ।
ਬਲਜਿੰਦਰ ਸੱਚਮੁਚ ਹੀ ਮਹਿਫ਼ਲਾਂ ਦਾ ਮਾਣਕ-ਮੋਤੀ, ਮੋਹ-ਮਿਲਾਪ ਦੀ ਕਸਤੂਰੀ ਵੰਡਣ ਵਾਲ਼ਾ ਮਸਤਾਨਾ-ਮੇਜ਼ਬਾਨ, ਮਹਿਕਾਂ ਮਾਰਦੇ ਮਜ਼ਾਕੀਆ-ਮਿਜ਼ਾਜ ਦਾ ਮਾਲਕ, ਮਿਲਾਪੜੇ-ਸੁਭਾਅ ਦਾ ਮਿੱਠਾ ਮੇਵਾ, ਅਤੇ ਮੱਲਾਂ ਮਾਰਨ ਵਾਲ਼ਾ ਮਤਵਾਲਾ ਮੱਲ ਹੈ। ਕਲਾਕਾਰੀ ਜਜ਼ਬੇ ਉਹਦੇ ਖੂਨ ’ਚ ਹਮੇਸ਼ਾ ਹੀ ਊਂਗਦੇ ਰਹਿੰਦੇ ਹਨ, ਤੇ ਕਲਾ ਦੀਆਂ ਕਿਆਰੀਆਂ ’ਚ ਉਹ ਸਦਾ ਹੀ ਹਾਸਿਆਂ ਦੇ ਫੁਲ ਖਿਲਾਉਂਦਾ ਰਹਿੰਦਾ ਹੈ। ਉਹਨੂੰ ਕਲਾਕਾਰੀ-ਕਸੀਦੇ ਕੱਢਣ ਦੀ ਹਮੇਸ਼ਾ ਹੀ ਤੜਪ ਲੱਗੀ ਰਹਿੰਦੀ ਹੈ। ਪੰਜਾਬੀ ਭਾਈਚਾਰੇ ’ਚ ਉਹਦਾ ਨਾਮ ਸਤਿਕਾਰ ਵੱਜੋਂ ਲਿਆ ਜਾਂਦਾ ਹੈ। ਉਹ ਆਪਣੀ ਪਤਨੀ ਤੇ ਦੋ ਬੱਚੀਆਂ ਸਮੇਤ ਕੈਨੇਡਾ ਦੇ ਬਰੈਂਪਟਨ ਸ਼ਹਿਰ ’ਚ ਬਹੁਤ ਹੀ ਪਿਆਰੀ ਜ਼ਿੰਦਗੀ ਬਸ਼ਰ ਕਰ ਰਿਹਾ ਹੈ।
ਡਾ: ਰਛਪਾਲ ਗਿੱਲ ਟੋਰਾਂਟੋ
416-669-3434
-
ਡਾ: ਰਛਪਾਲ ਗਿੱਲ ਟੋਰਾਂਟੋ, ******
baljindersekha247@gmail.com
416-669-3434
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.