ਖ਼ਬਰ ਹੈ ਕਿ ਬਿਹਾਰ ਦੇ ਮੁਜੱਫ਼ਰਨਗਰ ਸ਼ੈਲਟਰ ਹੋਮ ਕਾਂਡ 'ਚ ਮੁੱਖ ਮੰਤਰੀ ਨਤੀਸ਼ ਕੁਮਾਰ ਵੀ ਜਾਂਚ ਦੇ ਘੇਰੇ 'ਚ ਆ ਗਏ ਹਨ। ਮਾਮਲੇ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਪਾਕਸੋ ਕੋਰਟ ਨੇ ਸੀ.ਬੀ.ਆਈ. ਨੂੰ ਮੁਜ਼ੱਫ਼ਰਪੁਰ ਸ਼ੈਲਟਰ ਹੋਮ ਮਾਮਲੇ 'ਚ ਨਿਤੀਸ਼ ਕੁਮਾਰ ਵਿਰੁੱਧ ਜਾਂਚ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਨਿਤੀਸ਼ ਕੁਮਾਰ ਖ਼ਿਲਾਫ ਆਦੇਸ਼ ਦੇ ਚਲਦੇ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ 'ਚ ਡਾ: ਅਸ਼ਵਨੀ ਨੇ ਆਪਣੇ ਵਕੀਲ ਜ਼ਰੀਏ ਸ਼ੈਲਟਰ ਹੋਮ ਦੇ ਸੰਚਾਲਨ 'ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਭੂਮਿਕਾ ਦੀ ਜਾਂਚ ਲਈ ਅਰਜ਼ੀ ਦਾਖ਼ਲ ਕੀਤੀ ਸੀ। ਜ਼ਿਕਰਯੋਗ ਹੈ ਕਿ ਅਸ਼ਵਨੀ ਨੂੰ ਪਿਛਲੇ ਸਾਲ ਨੰਵਬਰ ਮਹੀਨੇ ਗ੍ਰਿਫਤਾਰ ਕੀਤਾ ਗਿਆ ਸੀ। ਅਸ਼ਵਨੀ 'ਤੇ ਨਾਬਾਲਗ ਲੜਕੀਆਂ ਨੂੰ ਨਸ਼ੇ ਦਾ ਟੀਕਾ ਲਾਉਣ ਦਾ ਦੋਸ਼ ਹੈ।
ਕਹਿੰਦੇ ਨੇ ਉਹ ਕੀ ਬੰਦਾ? ਚੰਗਾ ਜਾਂ ਮੰਦਾ, ਰੱਖ ਨਾ ਸਕੇ ਜੋ ਸਭ ਦੁਨੀਆਂ ਤੋਂ ਵੱਖਰਾ ਆਪਣਾ ਆਪਾ, ਕੱਲ ਕਲਾਪਾ। ਪਰ ਇੱਥੇ ਬੰਦੇ ਨੇ ਜੋ ਵਹਿਣ ਵਿੱਚ ਬਹਿ ਤੁਰਦੇ ਹਨ ਤੇ ਪਿੱਛੇ ਮੁੜਕੇ ਹੀ ਨਹੀਂ ਦੇਖਦੇ ਕਿ "ਜ਼ਮੀਨ" ਨਾਲ ਉਹਨਾ ਦਾ ਰਿਸ਼ਤਾ ਹੈ ਕਿਹੜਾ? ਇਹ ਮਨੁੱਖ ਨੇ ਭਾਈ "ਨੇਤਾ" ਜੋ ਇੱਕ ਦੂਜੇ ਦੀ ਟੰਗ ਖਿੱਚਦੇ ਨੇ, ਇੱਕ ਦੂਜੇ ਨੂੰ ਮਿੱਧਦੇ, ਮਾਰਦੇ, ਕੁੱਟਦੇ, ਸਿਆਪੇ ਕਰਦੇ, ਭੁੱਲ ਹੀ ਜਾਂਦੇ ਨੇ ਕਿ ਦੂਜੇ 'ਨੇਤਾ' ਉਹਨਾ ਨਾਲ ਉਹੋ ਜਿਹਾ ਵਰਤਾਉ ਹੀ ਕਰਨਗੇ।
ਗੱਲ ਇਕੱਲੀ "ਨਿਤੀਸ਼" ਨਾਲ ਹੀ ਥੋੜ੍ਹਾ ਹੋਈ ਆ। ਗੱਲ ਇੱਕਲੀ "ਲਾਲੂ" ਨਾਲ ਹੀ ਥੋੜਾ ਹੋਈ ਆ। ਗੱਲ ਚੁਟਾਲਾ ਨਾਲ ਵੀ ਹੋ ਚੁੱਕੀ ਆ ਅਤੇ ਹੋਰ ਨੇਤਾਵਾਂ ਨਾਲ ਵੀ। ਇਸ ਵਿਸ਼ਾਲ ਦੇਸ਼ ਦਾ ਸਭ ਤੋਂ ਵੱਡਾ ਨੇਤਾ "ਦੰਗਿਆਂ" ਦੇ ਕਾਰਿਆਂ 'ਚ ਲਪੇਟਿਆ ਗਿਆ। ਅਤੇ ਦੇਸ਼ ਦੇ ਰਾਖੇ, ਦੇਸ਼ ਦੇ ਨੇਤਾ ਹਾਕਮ 'ਆਪ ਸੱਚੇ' ਤੇ ਦੂਜੇ ਸਾਰੇ ਮਾਰੇ ਦਾ ਭਰਮ ਦੇਸ਼ 'ਚ ਫੈਲਾਅ ਰਹੇ ਆ, ਤੇ ਚੰਗੇ ਬਣਕੇ ਆਪਣੇ ਆਪ ਨੂੰ ਥਪ ਥਪਾ ਰਹੇ ਆ ਤੇ ਟਾਹਰਾਂ ਮਾਰ ਰਹੇ ਆ, "ਅਸੀਂ ਦੇਸ਼ ਦਾ ਬਹੁਤ ਵਿਕਾਸ ਕੀਤਾ"। ਟਾਹਰਾਂ ਮਾਰ ਰਹੇ ਆ ਤੇ ਆਖ ਰਹੇ ਆ," ਅਸੀਂ ਚੌਕੀਦਾਰੀ ਕਰਕੇ ਦੇਸ਼ ਭ੍ਰਿਸ਼ਟਾਚਾਰ ਮੁਕਤ ਕਰ ਦਿੱਤਾ ਆ। ਟਾਹਰਾਂ ਮਾਰ ਰਹੇ ਆ ਤੇ ਆਖ ਰਹੇ ਆ, 'ਅਸੀਂ ਦੇਸ਼ ਵਿੱਚ ਰਾਮ ਰਾਜ ਕਾਇਮ ਕਰ ਦਿੱਤਾ ਆ"। ਟਾਹਰਾਂ ਮਾਰਦੇ ਆ ਤੇ ਆਖ ਰਹੇ ਆ ਕਿ ਅਸੀਂ ਮਾੜਿਆਂ ਨੂੰ ਲੋਕਾਂ ਸਾਹਮਣੇ ਨੰਗਿਆਂ ਕਰਨਾ ਆਂ" ਪਰ ਭੁਲ ਗਏ ਆ ਪੰਜਾਬੀ ਦੇ ਬੇਬਾਕ ਕਵੀ ਦੀਆਂ ਇਹ ਸਤਰਾਂ, "ਤੇਰੇ ਵਿੱਚ ਨੇ ਐਬ ਹਜ਼ਾਰ ਸਾਈਂ, ਕਾਹਨੂੰ ਕੋਸਦੈ ਯਾਰ ਬੇਗਾਨਿਆਂ ਨੂੰ"।
ਦਰ ਸੂਝ ਦਾ ਭੇੜ ਨਾ ਮੂਰਖਾ ਓਏ!
ਰੱਖੀਂ ਖੋਲ੍ਹ ਕੇ ਅਕਲ ਦੇ ਖਾਨਿਆਂ ਨੂੰ।
ਖ਼ਬਰ ਹੈ ਕਿ ਪੁਲਵਾਮਾ ਹਮਲੇ ਦੇ ਮੱਦੇਨਜ਼ਰ ਜੰਮੂ-ਕਸ਼ਮੀਰ ਪ੍ਰਾਸ਼ਾਸ਼ਨ ਨੇ, ਵੱਖਵਾਦੀ ਨੇਤਾਵਾਂ ਨੂੰ ਮਿਲੀ ਸੁਰੱਖਿਆ ਵਾਪਸ ਲੈ ਲਈ ਹੈ। ਇਹਨਾ ਨੇਤਾਵਾਂ ਵਿੱਚ ਮੀਰਵਾਇਜ਼ ਫਾਰੂਕ, ਸ਼ਬੀਰ ਸ਼ਾਹ, ਹਾਸ਼ਿਮ ਕੁਰੈਸ਼ੀ ਬਿਲਾਬ ਲੋਨ ਅਤੇ ਅਬਦੁਲ ਗਨੀ ਸ਼ਾਮਿਲ ਹਨ। ਇਹਨਾ ਵਿਚੋਂ ਇੱਕ ਵੱਖਵਾਦੀ ਨੇਤਾ ਨੇ ਕਿਹਾ, " ਸਰਕਾਰ ਨੇ ਖੁਦ ਹੀ ਵੱਖਵਾਦੀ ਨੇਤਾਵਾਂ ਨੂਂ ਸੁਰੱਖਿਆ ਮੁਹੱਈਆ ਕਰਾਉਣ ਦਾ ਫੈਸਲਾ ਲਿਆ, ਜਿਸ ਦੀ ਕਦੀ ਮੰਗ ਨਹੀਂ ਕੀਤੀ ਗਈ।" ਉਹਨਾ ਇਹ ਵੀ ਕਿਹਾ ਕਿ ਵੱਖਵਬਾਦੀ ਨੇਤਾਵਾਂ ਦੇ ਰੁਖ 'ਚ ਨਾ ਤਾਂ ਇਸ ਫੈਸਲੇ ਨਾਲ ਬਦਲਾਅ ਆਵੇਗਾ ਨਾ ਹੀ ਇਸ 'ਚ ਜ਼ਮੀਨੀ ਹਾਲਾਤ 'ਤੇ ਕੋਈ ਅਸਰ ਪਵੇਗਾ। ਉਧਰ ਕੇਂਦਰ ਸਰਕਾਰ ਨੇ ਇੱਕ ਹੋਰ ਫੈਸਲੇ ਰਾਹੀਂ ਪਾਕਿਸਤਾਨ ਤੋਂ ਆਉਂਦੀਆਂ ਚੀਜਾਂ , ਵਸਤਾਂ ਉਤੇ ਡਿਊਟੀ ਦੋ ਸੌ ਫੀਸਦੀ ਵਧਾ ਦਿੱਤੀ ਹੈ ਤਾਂ ਕਿ ਪਾਕਿਸਤਾਨ ਨੂੰ ਆਰਥਿਕ ਸੱਟ ਮਾਰੀ ਜਾ ਸਕੇ।
ਅੱਤਵਾਦ ਦਾ ਕੋਈ ਦੇਸ਼ ਨਹੀਂ, ਅੱਤਵਾਦ ਦਾ ਕੋਈ ਭੇਸ ਨਹੀਂ। ਤਾਂ ਦੱਸੋ ਫਿਰ ਸਰਕਾਰਾਂ ਦਾ 'ਭੇਸ' ਕਿਹੜਾ ਹੈ? ਜਿਹੜਾ ਇਹਨਾ ਦੀ ਪੁਸ਼ਤਪਨਾਹੀ ਕਰਦੀਆਂ ਹਨ, ਉਹ ਸਰਕਾਰਾਂ ਇਧਰਲੀਆਂ ਹੋਣ ਤੇ ਭਾਵੇਂ ਉਧਰਲੀਆਂ। ਘਟਨਾਵਾਂ ਵਾਪਰਦੀਆਂ ਹਨ, ਲੋਕ ਮਰਦੇ ਹਨ। ਘਟਨਾਵਾਂ ਵਾਪਰਦੀਆਂ ਹਨ ਲੋਕ ਘਰੋਂ ਬੇਘਰ ਕਰ ਦਿੱਤੇ ਜਾਂਦੇ ਹਨ। ਕਦੇ 47 ਵਾਪਰਦਾ ਹੈ ਅਤੇ ਕਦੇ 84, ਕਦੇ ਗੁਜਰਾਤ 'ਚ ਦੰਗੇ ਹੁੰਦੇ ਹਨ ਅਤੇ ਕਦੇ ਜੰਮੂ 'ਚ ਕਰਫੀਊ ਲੱਗਦਾ ਹੈ। ਕਦੇ ਪੰਜਾਬ ਜਲਦਾ ਹੈ, ਕਦੇ ਬਿਹਾਰ। ਕਦੇ ਗੁਜਰਾਤ ਜਲਦਾ ਹੈ ਅਤੇ ਕਦੇ ਦਿੱਲੀ! ਲੋਕ ਮਰਦੇ ਹਨ। ਲੋਕ ਦੁੱਖੀ ਹੁੰਦੇ ਹਨ। ਲੋਕ ਪ੍ਰੇਸ਼ਾਨ ਹੁੰਦੇ ਹਨ। ਲੋਕ ਹਾਲੋਂ-ਬਹਾਲ ਹੁੰਦੇ ਹਨ। ਪਰ ਨੇਤਾ ਲੋਕ, ਦੇਸ਼ ਦੇ ਹਾਕਮ "ਦੁੱਖ ਦਾ ਪ੍ਰਗਟਾਵਾ" ਕਰਦੇ ਹਨ, ਦੁੱਖੀ ਨਹੀਂ ਹੁੰਦੇ। ਸਹੀ ਕਰਦੇ ਆ ਨੇਤਾ, ਦੁੱਖੀ ਕਿਹੜੀ ਕਿਹੜੀ ਗੱਲੋਂ ਹੋਣ। ਇਥੇ ਤਾਂ ਲੋਕ ਦੁੱਖ ਨਾਲ ਮਰਦੇ ਹਨ। ਇਥੇ ਤਾਂ ਲੋਕ ਭੁੱਖ ਨਾਲ ਮਰਦੇ ਹਨ। ਇਥੇ ਤਾਂ ਲੋਕ "ਭੀੜਾਂ" ਵਲੋਂ ਮਾਰ ਦਿੱਤੇ ਜਾਂਦੇ ਆ। ਇਥੇ ਤਾਂ ਲੋਕ ਹੜ੍ਹਾਂ ਨਾਲ ਮਰਦੇ ਹਨ। ਇਥੇ ਤਾਂ ਲੋਕ ਸੋਕੇ ਨਾਲ ਮਰਦੇ ਆ। ਇਥੇ ਤਾਂ ਲੋਕ ਜੰਗਾਂ ਨਾਲ ਮਰਦੇ ਆ। ਪਰ ਨੇਤਾ ਲੋਕ ਮਗਰਮੱਛ ਦੇ ਅੱਥਰੂ ਵਹਾਉਂਦੇ ਹਨ ਤੇ ਬੱਸ ਖਾਨਾ ਪੂਰਤੀ ਕਰਦੇ ਆ ਤੇ ਸਿਆਣੇ ਲੋਕ ਉਹਨਾ ਨੂੰ ਹੁਣ ਨਸੀਹਤ ਦੇਂਦੇ ਆ, "ਦਰ ਸੂਝ ਦਾ ਭੇੜ ਨਾ ਮੂਰਖ ਉਏ, ਰੱਖੀ ਖੋਲ੍ਹਕੇ ਅਕਲ ਦੇ ਖਾਨਿਆਂ ਨੂੰ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ ਵਿੱਚ ਸਾਲ 2014 ਵਿੱਚ 5650 ਕਿਸਾਨਾਂ ਖੁਦਕੁਸ਼ੀ ਕੀਤੀ ਜਦਕਿ ਸਾਲ 2004 ਵਿੱਚ 18241 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਸੀ।
ਇੱਕ ਵਿਚਾਰ
ਕਿਸੇ ਵੀ ਰਣਨੀਤੀ ਦਾ ਮਹੱਤਵ ਇਹ ਚੋਣ ਕਰਨ ਵਿੱਚ ਹੈ ਕਿ ਕੀ ਨਹੀਂ ਕਰਨਾ ਹੈ।................ਮਾਈਕਲ ਪੋਰਟਰ
ਗੁਰਮੀਤ ਪਲਾਹੀ
9815802070
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.