ਖ਼ਬਰ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ)ਦੇ ਮੈਂਬਰਾਂ ਨੇ ਬਿਕਰਮ ਸਿੰਘ ਮਜੀਠੀਆਂ ਦੀ ਅਗਵਾਈ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁੱਧ, ਪਾਕਿਸਤਾਨ ਵਲੋਂ ਪੁਲਵਾਮਾ ਵਿਖੇ ਕਾਰਵਾਈ ਕਰਨ ਦੇ ਮਾਮਲੇ 'ਚ ਵਿਰੋਧਤਾ ਨਾ ਕਰਨ ਤੇ, ਨਾਹਰੇਬਾਜੀ ਕੀਤੀ ਅਤੇ ਉਸ ਨੂੰ ਦੇਸ਼ ਦਾ ਗਦਾਰ ਕਿਹਾ। ਸਿੱਧੂ ਨੇ ਇਸ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ ਅਤੇ ਮਜੀਠੀਆ ਨੂੰ ਚਿੱਟੇ ਦਾ ਸੌਦਾਗਰ ਆਖਿਆ। ਦੋਹਾਂ ਦੀ ਆਪਸੀ ਬਹਿਸ ਹੱਥੋਪਾਈ ਤੱਕ ਪੁੱਜਣ ਦੀ ਸੰਭਾਵਨਾ ਬਣ ਗਈ। ਪੰਜਾਬ ਦੇ ਸਪੀਕਰ ਨੇ ਵਿਧਾਨ ਸਭਾ ਦੇ ਮਾਰਸ਼ਲਾਂ ਨੂੰ ਕਿਹਾ ਕਿ ਉਹ ਜਬਰਦਸਤੀ ਅਕਾਲੀ-ਭਾਜਪਾ ਮੈਂਬਰਾਂ ਨੂੰ ਸਦਨ 'ਚੋਂ ਬਾਹਰ ਕੱਢ ਦੇਣ। ਇਸ ਦੌਰਾਨ ਮੁੱਖ ਮੰਤਰੀ ਚੁੱਪ ਬੈਠੇ ਰਹੇ।
ਸਭ ਤਾਕਤ ਦੀਆਂ ਗੱਲਾਂ ਨੇ। ਸੁਣਿਆ ਸੀ ਪਿੰਡਾਂ 'ਚ ਲੋਕ ਖੇਤਾਂ ਦੇ ਬੰਨਿਆ ਲਈ ਲੜਿਆ ਕਰਦੇ ਸਨ, ਹੱਥੋਪਾਈ, ਡਾਂਗੋ ਸੋਟੀ, ਹੋਇਆ ਕਰਦੇ ਸਨ। ਸੁਣਿਆ ਸੀ ਪਿੰਡ 'ਚ ਲੋਕ ਪੰਚੈਤਾਂ 'ਚ ਬੈਠੇ ਗਾਲੀ ਗਲੋਚ ਕਰਿਆ ਕਰਦੇ ਸਨ ਤੇ ਇੱਕ ਦੂਜੇ ਦੇ ਪੋਤੜੇ ਫੋਲਿਆ ਕਰਦੇ ਸਨ। ਲਓ ਆਹ ਵੇਖ ਲਓ ਸਾਡੇ 'ਪਹਿਲਵਾਨ' ਨੇਤਾ, ਜਿਹਨਾ ਨੇ 'ਪੰਜਾਬ' ਗਿਰਵੀ ਰੱਖਤਾ, ਜਿਹਨਾ ਨੇ ਪੰਜਾਬ 'ਮਾਫੀਏਂ' ਹੱਥ ਫੜਾਤਾ, ਜਿਹਨਾ ਨੇ ਪੰਜਾਬ ਦਾ 'ਬਰੇਨ' ਡਰੇਨ ਕਰਨ ਲਈ ਟਿੱਲ ਲਾਤਾ, 'ਜਿਹਨਾ ਨੇ ਪੰਜਾਬ ਦਾ ਧਰਤੀ ਹੇਠਲਾ ਪਾਣੀ ਡਕਾਰ ਲਿਆ, ਜਿਹਨਾ ਨੇ ਪੰਜਾਬ ਦਾ ਪੋਟਾ ਪੋਟਾ ਕਰਜ਼ਾਈ ਕਰਤਾ ਨੌਜਵਾਨ, ਕਿਸਾਨ ਮਰਨ ਲਈ ਅਤੇ ਪੰਜਾਬੋਂ ਭਗੋੜਾ ਹੋਣ ਲਈ ਮਜ਼ਬੂਰ ਕਰਤਾ, ਉਹੋ ਨੇਤਾ ਭਾਈ ਆਪਣੇ ਕਬੱਡੀ ਦੇ ਮੈਚ 'ਚ "ਖੇਡੀਆਂ" ਕਰੀ ਜਾਂਦੇ ਆ। ਕੋਈ ਫਰੈਂਡਲੀ ਮੈਚ ਕਰ ਕਰਵਾ ਰਿਹਾ ਅਤੇ ਕੋਈ ਬੈਠਾ ਸੀਟੀਆਂ ਮਾਰੀ ਜਾ ਰਿਹਾ। ਵਾਹ ਬਈ ਵਾਹ, ਈਹਨੂੰ ਕਹਿੰਦੇ ਆ ਨੇਤਾਗਿਰੀ! ਇਹਨੂੰ ਕਹਿੰਦੇ ਆ" ਲੋਕ ਹਿੱਤਾਂ" ਲਈ ਲੜਾਈ , ਜੀਹਦੇ ਲਈ ਕਰੋੜਾਂ ਲਾਕੇ ਲੋਕਾਂ ਨੇ ਇਹ ਯੋਧੇ "ਕਾਨੂੰਨ ਘੜਨੀਆਂ" ਸਭਾਵਾਂ 'ਚ ਭੇਜੇ ਆ। ਅਤੇ ਜਿਥੇ ਜਾਕੇ ਨੇਤਾ ਸਭੋ ਕੁਝ ਭੁਲ ਭੁਲਾ ਜਾਂਦੇ ਆ ਕਿਸੇ ਕਵੀ ਦੇ ਕਹਿਣ ਵਾਂਗਰ "ਨਸ਼ਾ ਕੁਰਸੀ ਦਾ ਚੜੇ ਜਿਉਂ ਲੀਡਰਾਂ ਨੂੰ, ਚੜ੍ਹੇ ਜਿਵੇਂ ਸ਼ਰਾਬ ਸ਼ਰਾਬੀਆਂ ਨੂੰ"।
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.