ਨਿਰਪੱਖ ਅਤੇ ਆਪਣੇ ਕੌਮੀ ਹਿਤਾਂ ਬਾਰੇ ਮੁਹਿੰਮਕਾਰੀ ਪੱਤਰਕਾਰਾਂ ਨੂੰ ਹੁਣ ਜਿਹੜੀਆਂ ਨਵੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਏਸ਼ੀਆਈ ਲੋਕਰਾਜਾਂ ਦੇ ਭ੍ਰਿਸ਼ਟ ਅਤੇ ਤਾਨਾਸ਼ਾਹੀ ਹਾਕਮਾਂ ਵਲੋਂ ਇਨ•ਾਂ ਪੱਤਰਕਾਰਾਂ ਨੂੰ ਆਪਣੀਆਂ ਨਜ਼ਰਾਂ ਦੇ ਸਾਹਮਣਿਓਂ ਦੂਰ ਕਰਨਾ ਹੈ। ਜਾਂ ਇਨ•ਾਂ ਨੂੰ ਮਾਰ ਮੁਕਾਇਆ ਜਾਂਦਾ ਹੈ, ਅਤੇ ਜਾਂ ਗ੍ਰਿਫ਼ਤਾਰ ਕਰਕੇ ਇਨ•ਾਂ ਨੂੰ ਜੇਲ•ਾਂ ਵਿਚ ਡੱਕ ਦਿੱਤਾ ਜਾਂਦਾ ਹੈ। ਇਹ ਅਸੀਂ ਪਿਛਲੇ ਤਿੰਨ ਵਰਿ•ਆਂ ਤੋਂ ਲਗਾਤਾਰ ਵੇਖ ਰਹੇ ਹਾਂ, ਅਤੇ ਇਨ•ਾਂ ਮਾਰੂ ਘਟਨਾਵਾਂ ਦਾ ਏਸ਼ੀਆਈ ਖ਼ਿੱਤੇ ਦੇ ਕਈ ਦੇਸ਼ਾਂ ਵਿਚ ਵਾਧਾ ਹੋਣ ਲੱਗਾ ਹੈ ਜਿਨ•ਾਂ ਵਿਚ ਅਫ਼ਗਾਨਿਸਤਾਨ, ਭਾਰਤ, ਪਾਕਿਸਤਾਨ, ਥਾਈਲੈਂਡ ਅਤੇ ਫਿਲੀਪਾਈਨ ਆਦਿ ਵੀ ਸ਼ਾਮਿਲ ਹਨ, ਜਿੱਥੇ ਦੇ ਲੋਕਰਾਜੀ ਸੰਵਿਧਾਨਾਂ ਅਨੁਸਾਰ ਪੈੱ੍ਰਸ ਦੀ ਆਜ਼ਾਦੀ ਜਾਂ ''ਫਰੀਡਮ ਆਫ਼ ਐਕਸਪ੍ਰੈਸ਼ਨ'' ਬਾਰੇ ਸਮੇਂ ਦੇ ਹਾਕਮ ਸਦਨ ਵਿਚ ਅੱਡੀਆਂ ਚੁੱਕ-ਚੁੱਕ ਕੇ ਡੀਂਗਾਂ ਮਾਰਦੇ ਵੀ ਅਕਸਰ ਵੇਖੇ ਜਾਂਦੇ ਹਨ। ਸਥਾਨਕ ਸਰਕਾਰੀ ਹਾਕਮਾਂ ਵਲੋਂ ਇਨ•ਾਂ ਨਾਲ ਜ਼ੁਲਮ ਜਾਂ ਵਧੀਕੀਆਂ ਇੰਨੀਆਂ ਅਸਹਿ ਹੋਣ ਲੱਗੀਆਂ ਹਨ, ਕਿ ਇਨ•ਾਂ ਨੂੰ ਛੁਡਾਉਣ ਜਾਂ ਵਧੀਕੀਆਂ ਨੂੰ ਰੋਕਣ ਲਈ ਵਿਦੇਸ਼ੀ ਪੱਤਰਕਾਰ ਜਾਂ ਪੱਤਰਕਾਰੀ ਸੰਸਥਾਵਾਂ ਪੀੜਤ ਪੱਤਰਕਾਰਾਂ ਅਤੇ ਮੀਡੀਆ ਕਰਮੀਆਂ ਦੇ ਹੱਕ ਵਿਚ ਕੌਮਾਂਤਰੀ ਪੱਧਰ 'ਤੇ ਹਾਅ ਦਾ ਨਾਅਰਾ ਮਾਰਦੇ ਜਾਂ ਰੋਸ ਵਿਖਾਵੇ ਕਰਦੇ ਆਮ ਵੇਖੇ ਜਾ ਰਹੇ ਹਨ।
ਪੱਤਰਕਾਰ ਵਿਰੋਧੀ ਘਟਨਾਵਾਂ ਨੂੰ ਜੱਗ ਜ਼ਾਹਿਰ ਕਰਨ ਵਾਲੀ ਅਤੇ ਪੱਤਰਕਾਰਾਂ ਦੇ ਹਿਤਾਂ ਅਤੇ ਉਨ•ਾਂ ਦੀ ਸੁਰੱਖਿਆ ਬਾਰੇ ਅਮਰੀਕਾ ਵਿਚ ਨਿਊਯਾਰਕ ਸਥਿਤ ਕੌਮਾਂਤਰੀ ਸੰਸਥਾ, ਪੱਤਰਕਾਰ ਸੁਰੱਖਿਆ ਕਮੇਟੀ (ਕਮੇਟੀ ਟੂ ਪ੍ਰੋਟੈਕਟ ਜਰਨਲਿਸਟ) ਵਲੋਂ ਇਸ ਲੇਖਕ ਨੂੰ ਬੀਤੀ 19 ਦਸੰਬਰ ਨੂੰ 1 ਜਨਵਰੀ ਤੋਂ 15 ਦਸੰਬਰ ਤੱਕ ਮਾਰੇ ਗਏ ਪੱਤਰਕਾਰਾਂ ਬਾਰੇ ਇੱਕ ਜਾਣਕਾਰੀ ਭੇਜੀ ਗਈ ਸੀ, ਜਿਸ ਅਨੁਸਾਰ 2018 ਵਰ•ਾ ਪਿਛਲੇ ਤਿੰਨ ਸਾਲਾਂ ਵਿਚ ਸਭ ਤੋਂ ਮਾਰੂ ਸਿੱਧ ਹੋਇਆ ਦੱਸਿਆ ਗਿਆ ਹੈ। ਇਸ ਵਰ•ੇ ਦੌਰਾਨ ਪੱਤਰਕਾਰੀ ਸੇਵਾਵਾਂ ਨਿਭਾਉਂਦੇ ਹੋਏ ਕੁੱਲ 54 ਪੱਤਰਕਾਰ ਮਾਰੇ ਗਏ ਅਤੇ 251 ਪੱਤਰਕਾਰ ਗ੍ਰਿਫ਼ਤਾਰ ਕਰਕੇ ਜੇਲ•ਾਂ ਵਿਚ ਡੱਕੇ ਗਏ।
ਅਫ਼ਗਾਨਿਸਤਾਨ ਵਿਚ ਜਿੱਥੇ ਪੱਤਰਕਾਰ ਅਤਿਵਾਦੀਆਂ ਰਾਹੀਂ ਹਾਲੀਆ ਤੌਰ ਤੇ ਮਾਰੇ ਗਏ ਹਨ, ਸਭ ਤੋਂ ਵਧੇਰੇ ਖ਼ਤਰਨਾਕ ਦੇਸ਼ ਹੈ, ਉਸ ਤੋਂ ਬਾਅਦ ਸੀਰੀਆ ਅਤੇ ਤੀਜੇ ਨੰਬਰ 'ਤੇ ਇਸ ਵਰ•ੇ ਮੋਦੀ ਸਰਕਾਰ ਅਧੀਨ ਸਾਡਾ ਆਪਣਾ ਭਾਰਤੀ ਲੋਕਰਾਜ ਹੈ, ਜਿੱਥੇ 5 ਪੱਤਰਕਾਰ ਕਤਲ ਕੀਤੇ ਜਾਂ ਮਾਰੇ ਗਏ ਹਨ।
ਹੋਰ ਦੇਸ਼ਾਂ ਵਿਚ ਦਿਲ ਹਿਲਾ ਦੇਣ ਵਾਲਾ ਕਤਲ ਅਮਰੀਕਾ ਦੇ ''ਵਾਸ਼ਿੰਗਟਨ ਪੋਸਟ'' ਅਖ਼ਬਾਰ ਦੇ ਕਾਲਮਨਵੀਸ, ਜਮਾਲ ਖਸ਼ੋਗੀ ਦਾ ਦਰਦਨਾਕ ਕਤਲ ਹੈ, ਜਿਸ ਨੂੰ ਤੁਰਕੀ ਦੀ ਰਾਜਧਾਨੀ, ਇਸਤੰਬੋਲ, ਸਥਿਤ ਸਾਉਦੀ ਅਰਬ ਦੂਤਾਵਾਸ ਵਿਚ ਸਾਉਦੀ ਅਰਬ ਏਜੰਟਾਂ ਵਲੋਂ ਪਿਛਲੇ ਅਕਤੂਬਰ ਵਿਚ ਮਾਰਿਆ ਦੱਸਿਆ ਜਾਂਦਾ ਹੈ। ਹੁਣ ਤਾਜ਼ਾ ਪ੍ਰਕਾਸ਼ਿਤ ਖ਼ਬਰਾਂ ਅਨੁਸਾਰ ਅਮਰੀਕਾ ਦੀ ਇੱਕ ਖ਼ੁਫ਼ੀਆ ਏਜੰਸੀ ਨੇ ਪ੍ਰਗਟਾਵਾ ਕੀਤਾ ਹੈ ਕਿ ਇਸ ਪੱਤਰਕਾਰ ਦੀ ਹੱਤਿਆ ਤੋਂ ਲਗਪਗ ਇੱਕ ਵਰ•ਾ ਪਹਿਲਾਂ 2017 ਵਿਚ ਸਾਉਦੀ ਅਰਬ ਸ਼ਹਿਜ਼ਾਦਾ, ਮੁਹੰਮਦ ਬਿਨ ਸਲਮਾਨ, ਵਲੋਂ ਖਸ਼ੋਗੀ ਨੂੰ ਵਾਪਸ ਸਾਉਦੀ ਅਰਬ ਲਿਆਉਣ ਲਈ ਕਿਹਾ ਗਿਆ ਸੀ, ਉਸ ਨੇ ਇਹ ਵੀ ਕਿਹਾ ਸੀ ਕਿ ਜੇ ਖਸ਼ੋਗੀ ਆਰਾਮ ਨਾਲ ਵਾਪਸ ਸਾਉਦੀ ਅਰਬ ਨਹੀਂ ਆਉਂਦਾ ਅਤੇ ਆ ਕੇ ਆਪਣੇ ਵਾਦ-ਵਿਵਾਦੀ ਤੌਰ ਤਰੀਕੇ ਦਰੁਸਤ ਨਹੀਂ ਕਰਦਾ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇ।
ਇਸੇ ਤਰ•ਾਂ ਪਿਛਲੇ ਵਰ•ੇ ਫਰਵਰੀ ਵਿਚ ਸਲੋਵਾਕੀਆ ਦਾ ਖ਼ੋਜੀ ਪੱਤਰਕਾਰ, ਜਾਨ ਕੁਸੀਅਲ, ਉਸ ਦੀ ਮੰਗੇਤਰ ਦੇ ਸਾਹਮਣੇ ਕਤਲ ਕੀਤਾ ਗਿਆ ਸੀ। ਇਨ•ਾਂ ਦੋਵੇਂ ਘਟਨਾਵਾਂ ਤੋਂ ਵੀ ਵਧੇਰੇ ਦੁਖਦਾਈ ਵਾਰਦਾਤ ਵੇਲੇ ਅਫ਼ਗਾਨਿਸਤਾਨ ਵਿਚ ਪੱਤਰਕਾਰਾਂ ਦੇ ਗਰੁੱਪ ਵਿਰੁੱਧ ਕੀਤੀ ਗਈ ਆਤਮਘਾਤੀ ਘਟਨਾ ਹੈ ਜਿੱਥੇ ਇੱਕੋ ਵੇਲੇ ਬੀਤੀ ਅਪ੍ਰੈਲ ਵਿਚ ਆਤਮਘਾਤੀ ਘਟਨਾ ਵੇਲੇ 9 ਪੱਤਰਕਾਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਅਮਰੀਕਾ ਵਿਚ ਪਿਛਲੇ ਵਰਿ•ਆਂ ਦੀ ਸਭ ਤੋਂ ਵੱਧ ਪੱਤਰਕਾਰਾਂ-ਵਿਰੋਧੀ ਮਾਰੂ ਘਟਨਾ ਵੇਲੇ ਪਿਛਲੀ ਜੂਨ ਵਿਚ ਇੱਕ ਬੰਦੂਕਧਾਰੀ ਵਲੋਂ ਇੱਕੋ ਵੇਲੇ 4 ਪੱਤਰਕਾਰਾਂ ਨੂੰ ਮੇਰੀਲੈਂਡ ਸਥਿਤ ''ਕੈਪੀਟਲ ਰਾਜ਼ਟ'' ਅਖ਼ਬਾਰ ਦੇ ਦਫ਼ਤਰ ਵਿਚ ਮਾਰ ਦਿੱਤਾ ਗਿਆ ਸੀ। ਇਸ ਤਰ•ਾਂ ਅਫ਼ਗਾਨਿਸਤਾਨ ਵਿਚ 13, ਸੀਰੀਆ ਵਿਚ 9, ਭਾਰਤ ਵਿਚ 5, ਅਮਰੀਕਾ ਵਿਚ 4, ਕੇਂਦਰੀ ਅਫ਼ਰੀਕਾ, ਮੈਕਸੀਕੋ ਅਤੇ ਯਮਨ ਹਰੇਕ ਵਿਚ ਤਿੰਨ-ਤਿੰਨ, ਬਰਾਜ਼ੀਲ ਅਤੇ ਇਜ਼ਰਾਈਲ ਵਿਚ ਦੋ-ਦੋ, ਸੋਮਾਲੀਆ, ਸਾਉਦੀ ਅਰਬ, ਸਲੋਵਾਕੀਆ, ਕੋਲੰਬੀਆ, ਸਲੋਵੇਨੀਆ, ਨਿਕਾਰਗੂਆ, ਪਾਕਿਸਤਾਨ, ਲਿਬੀਆ ਅਤੇ ਹੋਰ ਕੁੱਝ ਥਾਵਾਂ ਤੇ ਇੱਕ-ਇੱਕ ਪੱਤਰਕਾਰ ਕਤਲ ਕੀਤੇ ਜਾਣ ਦੀ ਰਿਪੋਰਟ ਹੈ।
ਜੇਲ•ਾਂ ਵਿਚ ਬੰਦ ਸੈਂਕੜੇ ਪੱਤਰਕਾਰ : 2018 ਵਿਚ ਲਗਾਤਾਰ ਤੀਜੇ ਸਾਲ ਥਾਂ-ਥਾਂ ਪੱਤਰਕਾਰਾਂ ਨੂੰ ਸਬਕ ਸਿਖਾਉਣ ਲਈ ਲੋਕਰਾਜ ਦੇ ਨਕਾਬ ਹੇਠ ਪ੍ਰੈੱਸ ਦੀ ਆਜ਼ਾਦੀ ਦੇ ਭਾਸ਼ਣ ਦਿੰਦੇ ਹੋਏ ਕਈ ਤਾਨਾਸ਼ਾਹੀ ਪ੍ਰਬੰਧਕ ਪੱਤਰਕਾਰਾਂ ਦੇ ਮੂੰਹ ਬੰਦ ਕਰਨ ਲਈ ਮਹੀਨਿਆਂ ਤੱਕ ਉਨ•ਾਂ ਨੂੰ ਨਜ਼ਰਬੰਦ ਕਰਨ ਦੇ ਢੰਗ ਅਪਣਾਅ ਰਹੇ ਹਨ। ਬੀਤੀ ਦਸੰਬਰ ਦੇ ਅਖੀਰ ਤੱਕ 251 ਪੱਤਰਕਾਰਾਂ ਨੂੰ ਵੱਖੋ-ਵੱਖਰੇ ਦੇਸ਼ਾਂ ਦੀਆਂ ਜੇਲ•ਾਂ ਵਿਚ ਡੱਕੇ ਜਾਣ ਦੇ ਅੰਕੜੇ ਪ੍ਰਾਪਤ ਹੋਏ ਹਨ। ਇਨ•ਾਂ ਪੱਤਰਕਾਰਾਂ ਵਿਚ ਵਧੇਰੇ ਇਸਲਾਮ-ਪਰਬਲ ਮੱਧ ਪੂਰਬੀ ਦੇਸ਼ਾਂ ਵਿਚ ਨਜ਼ਰਬੰਦ ਹਨ। ਕਈ ਦੇਸ਼ਾਂ ਵਿਚ ਸਰਕਾਰੀ ਤੌਰ 'ਤੇ ਅਸਲੀ ਅੰਕੜੇ ਪ੍ਰਾਪਤ ਨਹੀਂ ਹੋ ਸਕਦੇ, ਪਰ ਪੱਤਰਕਾਰੀ ਸੰਸਥਾਵਾਂ ਤੋਂ ਡੰਗ ਟਪਾਊ ਅੰਕੜਿਆਂ ਅਨੁਸਾਰ ਸਭ ਤੋਂ ਵਧੇਰੇ ਅਤੇ ਘੱਟੋ-ਘੱਟ 58 ਪੱਤਰਕਾਰ ਤੁਰਕੀ ਵਿਚ, ਚੀਨ ਵਿਚ 44, ਮਿਸਰ ਵਿਚ 16, ਸਾਉਦੀ ਅਰਬ ਵਿਚ 9, ਐਰੇਟੇਰੀਆ ਵਿਚ 8, ਐਜਰਬਾਈਜਾਨ ਵਿਚ 5, ਸੀਰੀਆ ਵਿਚ 4, ਮਰਾਕੋ ਅਤੇ ਵੀਅਤਨਾਮ ਵਿਚ ਤਿੰਨ-ਤਿੰਨ, ਵੈਨਜ਼ਵੇਲਾ ਅਤੇ ਕੈਮਰੂਨ ਵਿਚ ਦੋ-ਦੋ ਅਤੇ ਭਾਰਤ ਸਮੇਤ ਹੋਰ ਦੇਸ਼ਾਂ ਵਿਚ ਵੀ ਇੱਕ-ਇੱਕ ਜਾਂ ਦੋ-ਦੋ ਪੱਤਰਕਾਰ ਜੇਲ•ੀਂ ਡੱਕੇ ਹੋਏ ਹਨ। ਜੰਮੂ-ਕਸ਼ਮੀਰ ਦਾ ਇੱਕ ਪੱਤਰਕਾਰ, ਆਸਿਫ਼ ਸੁਲਤਾਨ, ਅਗਸਤ 2018 ਤੋਂ ਜੇਲ• ਵਿਚ ਬੰਦ ਸੀ, ਜਿਸ ਨੂੰ ਛੁਡਾਉਣ ਲਈ ਪੱਤਰਕਾਰ ਸੁਰੱਖਿਆ ਕਮੇਟੀ ਵਲੋਂ ਰਾਜਪਾਲ ਸਤਪਾਲ ਮਾਲਿਕ ਨੂੰ ਵੀ ਪਹੁੰਚ ਕੀਤੀ ਗਈ ਸੀ।
ਲਾਪਤਾ ਪੱਤਰਕਾਰ : 2018 ਵਿਚ 54 ਕਤਲ ਹੋਏ ਜਾਂ ਕੀਤੇ ਗਏ ਪੱਤਰਕਾਰਾਂ ਦੇ ਨਾਲ-ਨਾਲ 251 ਨਜ਼ਰਬੰਦ ਪੱਤਰਕਾਰਾਂ ਤੋਂ ਬਿਨਾਂ 60 ਪੱਤਰਕਾਰ ਉਹ ਹਨ, ਜੋ ਲਾਪਤਾ ਦੱਸੇ ਜਾਂਦੇ ਹਨ, ਜਿਨ•ਾਂ ਦੀ ਕੋਈ ਉੱਘ-ਸੁੱਘ ਜਾਂ ਕੋਈ ਪੱਕੀ ਜਾਣਕਾਰੀ ਨਹੀਂ ਦੱਸੀ ਜਾ ਰਹੀ।
ਸੰਸਾਰ ਦੇ ਜਿਨ•ਾਂ 10 ਦੇਸ਼ਾਂ ਵਿਚ ਪੱਤਰਕਾਰਾਂ ਤੇ ਇੰਟਰਨੈੱਟ ਦੀ ਵਰਤੋਂ ਨਾ ਕਰਨ ਜਾਂ ਸਰਕਾਰੀ ਦਬਾਅ ਹੇਠ ਸੈਂਸਰ ਜਾਂ ਵਧੇਰੇ ਸਖ਼ਤੀ ਹੈ ਉਨ•ਾਂ ਵਿਚ ਐਰੀਟੇਰੀਆ, ਉੱਤਰੀ ਕੋਰੀਆ, ਸਾਉਦੀ ਅਰਬ, ਇਥੋਪੀਆ, ਐਜਰਬਾਈਜਾਨ, ਵੀਅਤਨਾਮ, ਈਰਾਨ, ਚੀਨ, ਮੀਆਂਮਾਰ (ਬਰਮਾ) ਅਤੇ ਕਿਊਬਾ ਦੇ ਨਾਉਂ ਵਰਨਣਯੋਗ ਹਨ।
ਭਾਰਤ ਅਤੇ ਪੱਤਰਕਾਰੀ : ਬੇਸ਼ੱਕ ਭਾਰਤ ਇੱਕ ਬਹੁ-ਨਸਲੀ, ਬਹੁ-ਭਾਸ਼ੀ, ਬਹੁ-ਧਰਮੀ ਲੋਕਰਾਜ ਹੋਣ ਦੇ ਨਾਲ ਮਨੁੱਖ ਇਸਤਰੀ ਦੀ ਬਰਾਬਰਤਾ, ਵਿਚਾਰ ਪ੍ਰਗਟਾਉਣ ਦੀ ਖੁੱਲ ਅਤੇ ਪ੍ਰੈੱਸ ਦੀ ਆਜ਼ਾਦੀ ਵਾਲਾ ਗਣਤੰਤਰ ਦੇਸ਼ ਹੈ, ਜਿੱਥੇ ਅਨੇਕ ਸੰਪਾਦਕ ਅਤੇ ਰੇਡੀਓ-ਟੈਲੀਵਿਜ਼ਨ ਚੈਨਲਾਂ ਦੇ ਮੁਖੀ ਆਪਣੀ ਕੁਰਸੀ ਤੇ ਬੈਠ ਕੇ ਆਪਣੇ ਆਪ ਨੂੰ ਭਾਰਤੀ ਲੋਕਰਾਜ ਦਾ ਚੌਥਾ ਥੰਮ• ਸਮਝਦੇ ਅਤੇ ਕਰਾਰ ਦਿੰਦੇ ਹਨ, ਪਰ ਉਨ•ਾਂ ਨੂੰ ਆਪਣੀਆਂ ਹੀ ਥੰਮ•ੀਆਂ ਬਾਰੇ ਹੋਰ ਲੋਕਰਾਜੀ ਨਿਆਂਪਾਲਿਕਾ, ਕਾਰਜਪਾਲਿਕਾ ਅਤੇ ਸੰਸਦੀ ਪ੍ਰਣਾਲੀ ਦੀਆਂ ਡੋਲਦੀਆਂ ਥੰਮ•ੀਆਂ ਨੂੰ ਲੱਗੀ ਸਿਉਂਕ ਵਾਂਗ ਘੱਟ ਖ਼ਬਰ ਹੈ। ਬਹੁ-ਧਰਮੀ, ਬਹੁ-ਭਾਸ਼ੀ ਅਤੇ ਬਹੁ-ਨਸਲੀ ਸੁਤੰਤਰ ਭਾਰਤੀ ਲੋਕਰਾਜ ਦੀ ਥਾਂ ਕੁੱਝ ਸਮੇਂ ਤੋਂ ਇਸ ਦੇ ਇੱਕ ਪੁਰਖੀ, ਇੱਕ ਧਰਮੀ, ਇੱਕ ਪਾਰਟੀ ਤਾਨਾਸ਼ਾਹੀ ਕਦਮਾਂ ਨੂੰ ਰੋਕਣ ਜਾਂ ਚੁਨੌਤੀ ਦੇਣ ਵਾਲੇ ਭਾਰਤ ਹਿਤੈਸ਼ੀ ਨਿਰਪੱਖ ਪੱਤਰਕਾਰਾਂ ਜਾਂ ਰੇਡੀਓ-ਟੈਲੀਵਿਜ਼ਨ ਰਿਪੋਰਟਰਾਂ ਲਈ ਪੂਰਨ ਸੁਰੱਖਿਅਤ ਦੇਸ਼ ਨਹੀਂ ਦਿਸ ਰਿਹਾ। ਅਫ਼ਸੋਸ ਨਾਲ ਲਿਖ ਰਿਹਾ ਹਾਂ ਕਿ 2018 ਵਿਚ ਇੱਥੇ ਵੀ 5 ਪੱਤਰਕਾਰ ਕਤਲ ਕੀਤੇ ਜਾਂ ਮਾਰੇ ਗਏ ਹਨ, ਜਿਨ•ਾਂ ਨਾਲ ਹੋਰ ਸੁਰੱਖਿਅਤਾ ਅਤੇ ਸਹਾਇਕ ਮੀਡੀਆ ਕਰਮੀਂ ਵੀ ਸ਼ਾਮਿਲ ਸਨ।
ਕਤਲ ਹੋਏ ਪੱਤਰਕਾਰਾਂ ਵਿਚ ''ਰਾਈਜਿੰਗ ਕਸ਼ਮੀਰ'' ਦੇ 14 ਜੂਨ ਨੂੰ ਮਾਰੇ ਗਏ ਸੰਪਾਦਕ ਸੁਜਾਤ ਬੁਖ਼ਾਰੀ, 25 ਮਾਰਚ ਨੂੰ ਦੈਨਿਕ ਭਾਸਕਰ ਦੇ 35 ਸਾਲਾ ਪੱਤਰਕਾਰ ਨਵੀਨ ਨਿਸਚਿਲ ਅਤੇ ਉਨ•ਾਂ ਦਾ ਸਹਾਇਕ 25 ਸਾਲਾ ਵਿਜੈ ਸਿੰਘ, 30 ਅਕਤੂਬਰ ਨੂੰ ਦੂਰਦਰਸ਼ਨ ਦਾ ਕੈਮਰਾਮੈਨ ਛੱਤੀਸਗੜ• ਵਿਚ ਮਾਰਿਆ ਨੰਦਾ ਸਾਹੂ, ਝਾਰਖੰਡ ਵਿਚ ''ਆਜ'' ਹਿੰਦੀ ਅਖ਼ਬਾਰ ਦਾ ਅਗਵਾ ਕਰਨ ਪਿੱਛੋਂ ਕੁੱਟ-ਕੁੱਟ ਕੇ ਮਾਰਿਆ ਪੱਤਰਕਾਰ 32 ਸਾਲਾ ਚੰਦਨ ਤਿਵਾੜੀ ਅਤੇ 26 ਮਾਰਚ ਨੂੰ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ•ੇ ਵਿਚ ਟਰੱਕ ਹੇਠ ਲਤਾੜ ਕੇ ਮਾਰਿਆ ਗਿਆ 35 ਸਾਲਾ ਟੈਲੀਵਿਜ਼ਨ ਜਰਨਲਿਸਟ ਸੰਦੀਪ ਸ਼ਰਮਾ ਸ਼ਾਮਿਲ ਹਨ।
ਇੱਕ ਤਾਜ਼ਾ ਪ੍ਰਕਾਸ਼ਿਤ ਰਿਪੋਰਟ ਅਤੇ ਪ੍ਰੈੱਸ ਦੀ ਆਜ਼ਾਦੀ ਬਾਰੇ ਵਿਸ਼ਵ ਦੇ ਕੌਮਾਂਤਰੀ ਸਰਵੇਖਣ ਅਨੁਸਾਰ ਭਾਰਤ ਸੰਸਾਰ ਦੇ 180 ਦੇਸ਼ਾਂ ਦੀ ਸੂਚੀ ਵਿਚ 136ਵੇਂ ਨੰਬਰ ਤੇ ਪੱਤਰਕਾਰਾਂ ਲਈ ਅਸੁਰੱਖਿਅਤ ਕਰਾਰ ਦਿੱਤਾ ਗਿਆ ਹੈ। ਭਾਰਤ ਦਾ ਆਪਣੇ ਆਪ ਨੂੰ ਸਮਝਦਾ ਹਰ ਭਾਰਤ-ਹਿਤੈਸ਼ੀ ਨਿਰਪੱਖ ਪੱਤਰਕਾਰ ਇੱਕ ਵੇਰ ਇਸ ਬਾਰੇ ਸੋਚੇ ਜ਼ਰੂਰ, ਏਹੋ ਮੇਰੀ ਬੇਨਤੀ ਹੈ…।
''ਜਿਨਹੇਂ ਨਾਜ਼ ਹੈ ਹਿੰਦ ਪਰ,
ਵੋਹ ਕਹਾਂ ਹੈਂ?'
20-02-2019
ਲੰਡਨ ਤੋਂ ਨਰਪਾਲ ਸਿੰਘ ਸ਼ੇਰਗਿੱਲ
ਮੋਬਾਈਲ : +91-94171-04002 (ਇੰਡੀਆ),
07903-190 838 (ਯੂ.ਕੇ.)
-
ਨਰਪਾਲ ਸਿੰਘ ਸ਼ੇਰਗਿੱਲ, ਲੇਖਕ ਤੇ ਪੱਤਰਕਾਰ
shergill0journalist.com
+91-94171-04002 (ਇੰਡੀਆ), 07903-190 838 (ਯੂ.ਕੇ.)
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.