ਲੁਧਿਆਣਾ ਸਮੂਹਿਕ ਬਲਾਤਕਾਰ ਦੀ ਘਟੀ ਘਟਨਾ ਨੂੰ ਚਾਹੇ ਕਿੰਨੇ ਦਿਨ ਬੀਤ ਚੱਲੇ ਹਨ ਪਰ ਸੁਰਖੀਆਂ ਦੀ ਸਿਆਹੀ ਹਾਲੇ ਵੀ ਨਹੀਂ ਸੁੱਕੀ ਹੈ ਤੇ ਨਾ ਹੀ ਲੋਕ ਰੋਹ ਮੱਠਾ ਪਿਆ ਹੈ। ਦੇਸ਼-ਬਦੇਸ਼ ਵਿਚ ਵੀ ਇਸ ਘਟਨਾ ਨੂੰ ਨਿੰਦਿਆ ਜਾ ਰਿਹਾ ਹੈ। ਇਸ ਖਬਰ ਦੇ ਕੁਝ ਘੰਟਿਆਂ ਬਾਅਦ ਹੀ ਫਿਲੌਰ, ਜਲੰਧਰ, ਮੁਕਤਸਰ ਵਰਗੀਆਂ ਥਾਵਾਂ ਉਤੋਂ ਅਜਿਹੇ ਕੀਤੇ ਸ਼ਰਮਨਾਕ ਕਾਰਿਆਂ ਦੀਆਂ ਖਬਰਾਂ ਆ ਗਈਆਂ ਨੇ। ਲੁਧਿਆਣਾ ਵਾਲੀ ਘਟਨਾ ਨੇ ਪੂਰਾ ਪੰਜਾਬ ਬਹੁਤ ਸ਼ਰਮਸਾਰ ਕੀਤਾ ਹੈ। ਸ਼ਹਿਰ ਦੀਆਂ ਔਰਤਾਂ ਨੇ ਵੀ ਰੋਸ ਮਾਰਚ ਕੀਤੇ ਹਨ। ਟੀਵੀ ਚੈਨਲਾਂ 'ਤੇ ਆਪਣੇ ਵਿਚਾਰ ਦੇ ਰਹੀਆਂ ਔਰਤਾਂ ਤੇ ਕੁੜੀਆਂ ਰੋਹ ਨਾਲ ਕੰਬਦੀਆਂ ਤੇ ਧਾਹਾਂ ਮਾਰਦੀਆਂ ਦੇਖੀਆਂ ਗਈਆਂ ਹਨ। ਗਾਇਕ ਤੇ ਅਦਾਕਾਰ ਰਣਜੀਤ ਬਾਵਾ ਇਸ ਘਟਨਾ ਉਤੇ ਟਿੱਪਣੀ ਕਰਦਿਆਂ ਰੋ ਪਿਆ ਤੇ ਉਸਨੇ ਭਰੇ ਗਲੇ ਨਾਲ ਦਰਿੰਦਿਆਂ ਵਾਸਤੇ ਗੋਲੀ ਦੀ ਮੰਗ ਕੀਤੀ। ਗੈਂਗਸਟਰ ਦਵਿੰਦਰ ਬੰਹੀਹਾ ਗਰੁੱਪ ਵੱਲੋਂ ਬਲਾਤਕਾਰੀਆਂ ਨੂੰ ਮਾਰ ਦੇਣ ਦੀ ਧਮਕੀ ਵੀ ਆਈ ਹੈ।
ਇਸ ਸਮੇਂ ਤੱਕ ਵੀ ਲੋਕ ਰੋਹ ਏਨਾ ਜ਼ਿਆਦਾ ਹੈ ਕਿ ਅਦਾਲਤੀ ਪੇਸ਼ੀ ਸਮੇਂ ਮੁਲਜ਼ ਮਾਂ ਦੇ ਲੋਕਾਂ ਤੇ ਵਕੀਲਾਂ ਵੱਲੋਂ ਵੀ ਛਿੱਤਰ ਮਾਰੇ ਗਏ। ਅਦਾਲਤ ਵਿਚ ਬੈਠੇ ਜੱਜ ਸਾਹਿਬ ਦਾ ਪਾਰਾ ਵੀ ਏਨਾ ਚੜ੍ਹ ਗਿਆ ਕਿ ਉਹਨਾਂ ਪੁਲੀਸ ਵੱਲੋਂ ਪੇਸ਼ ਕੀਤੀ ਫਾਈਲ ਵੀ ਪਰ੍ਹੇ ਵਗਾਹ ਮਾਰੀ ਤੇ ਅਪਰਾਧੀਆਂ ਦੇ ਮੂੰਹ ਦੇਖਣ ਤੋਂ ਵੀ ਜੁਆਬ ਦੇ ਦਿੱਤਾ। ਉਹਨਾਂ ਅਪਰਾਧੀਆਂ ਨੂੰ ਇਸ ਘਿਨਾਉਣੇ ਜੁਰਮ ਲਈ ਲੱਖ ਲੱਖ ਲਾਹਨਤਾਂ ਪਾਈਆਂ। ਅਜਿਹਾ ਵਰਤਾਰਾ ਕਦੇ-ਕਦੇ ਉਦੋਂ ਵਾਪਰਦਾ ਹੈ ਜਦੋਂ ਧਰਤੀ ਦਾ ਸੀਨਾ ਪਾਟਣ 'ਤੇ ਆਉਂਦਾ ਹੈ। ਇਹ ਘਟਨਾ ਸੱਚ ਮੁੱਚ ਹੀ ਧਰਤੀ ਦਾ ਸੀਨਾ ਪਾੜਨ ਵਾਲੀ ਹੈ। ਲੋਕ ਸਭਾ ਦੇ ਸੈਸ਼ਨ ਤੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਵੀ ਇਹਦੀ ਗੁੂੰਜ ਘੱਟ ਨਹੀਂ ਪਈ। ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਨਿਰਭੈਆ ਬਲਾਤਕਾਰ ਕਾਂਡ ਦੇ ਮਾਪਿਆਂ ਨੇ ਇਸ ਘਟਨਾ 'ਤੇ ਕਿਹਾ ਹੈ ਕਿ ਉਹਨਾਂ ਦੇ ਇਕ ਵਾਰ ਫਿਰ ਦਿਲ ਪਸੀਜ ਗਏ ਹਨ ਤੇ ਉਹ ਦੋਸ਼ੀਆਂ ਲਈ ਮੌਤ ਦੀ ਸਜ਼ਾ ਮੰਗਦੇ ਹਨ।
ਇੱਥੇ ਸੋਚਣ ਵਾਲੀ ਗੱਲ ਹੈ ਇਹ ਹੈ ਕਿ ਕੀ ਇਸ ਘਟਨਾ ਤੋਂ ਕੋਈ ਸਬਕ ਵੀ ਸਿੱਖਾਂਗੇ? ਜਾਂ ਫਿਰ ਚਹੁੰ ਕੁ ਦਿਨਾਂ ਦੇ ਰੌਲੇ ਰੱਪੇ ਮਗਰੋਂ ਸਭ ਕੁਝ ਆਮ ਵਾਂਗ ਹੋ ਜਾਵੇਗਾ, ਜਿਵੇਂ ਪਹਿਲਾਂ ਅਕਸਰ ਹੀ ਹੁੰਦਾ ਆਇਆ ਹੈ! ਸਾਡੇ ਮੁਲਕ ਨਾਲੋਂ ਇਹਨਾਂ ਕੇਸਾਂ ਵਿਚ ਸਖਤੀ ਵਰਤਣ 'ਚ ਅਰਬ ਮੁਲਕ ਕਿਤੇ ਅੱਗੇ ਹਨ ਤੇ ਉਥੇ 'ਬਲਾਤਕਾਰ' ਸ਼ਬਦ ਸੁਣ ਕੇ ਹੀ ਬੰਦੇ ਦਾ ਤ੍ਰਾਹ ਹੀ ਨਿਕਲ ਜਾਂਦਾ ਹੈ। ਕੋਰੜੇ ਮਾਰਨੇ, ਵੱਟੇ ਮਾਰਨੇ, ਫਾਹੇ ਟੰਗਣਾ, ਰੁੱਖ ਨਾਲ ਟੰਗ ਕੇ ਮਾਰਨ ਵਰਗੀਆਂ ਸਖਤ ਸਜ਼ਾਵਾਂ ਹਨ ਉਥੇ। ਸਾਡੇ ਮੁਲਕ ਵਿਚ ਪੁਲੀਸ ਪ੍ਰਣਾਲੀ ਦੀ ਕਮਜ਼ੋਰੀ ਅਦਾਲਤੀ ਪ੍ਰਕਿਰਿਆ ਵਿਚ ਵੱਡਾ ਰੋੜਾ ਬਣ ਕੇ ਅੜ ਜਾਂਦੀ ਰਹੀ ਹੈ। 'ਡਾਇਰੀਨਾਮਾ' ਲਿਖਦੇ ਸਮੇਂ ਅੱਜ ਵੀ ਯਾਦ ਆ ਰਿਹਾ ਹੈ, ਬਾਰਾਂ ਬੱਚਿਆਂ ਨਾਲ ਬਦਫੈਲੀ ਕਰ ਕੇ ਉਹਨਾਂ ਨੂੰ ਮਾਰ ਮੁਕਾਉਣ ਵਾਲੇ ਅਪਰਾਧੀ ਦਰਬਾਰੇ ਨੂੰ ਬਰੀ ਕਰਦਿਆਂ ਜੱਜ ਬਾਜਵਾ ਰੋ ਪਿਆ ਸੀ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਉਤੇ।
ਇੱਥੇ ਇੱਕ ਹੋਰ ਅਹਿਮ ਸੁਆਲ ਮੂੰਹ ਅੱਡੀ ਖਲੋਤਾ ਹੈ,ਉਹ ਇਹ ਕਿ ਸਾਡਾ ਮਨੁੱਖੀ ਮਨ ਏਨਾ ਸ਼ੈਤਾਨ ਕਿਉਂ ਹੈ? ਖਬਰ ਚਾਹੇ ਕਿੱਡੀ ਵੀ ਅਹਿਮ ਛਪੀ ਹੋਵੇ, ਅਸੀਂ ਉਹ ਪਲ ਵਿਚ ਅੱਖੋਂ ਪਰੋਖੇ ਕਰ ਕੇ ਬਲਾਤਕਾਰ ਨਾਲ ਸਬੰਧਤ ਛਪੀ ਖਬਰ ਨੂੰ ਚਟਖਾਰੇ ਲੈ ਲੈ ਕੇ ਪੜ੍ਹਨ ਬੈਠ ਜਾਂਦੇ ਹਾਂ? ਅਜਿਹਾ ਕਿਉਂ? ਨਵੇਂ ਵਰ੍ਹੇ 2019 ਦੇ ਅਰੰਭਲੇ ਦਿਨਾਂ ਵਿਚ ਹੀ ਅਜਿਹੀ ਸ਼ਰਮਨਾਕ ਘਟਨਾ ਨੇ ਪੰਜਾਬ ਵਾਸੀਆਂ ਨੂੰ ਸ਼ਰਮ ਵਿਚ ਡੋਬ ਦਿੱਤਾ ਹੈ। ਮੈਨੂੰ ਤਾਂ ਇਹੋ ਹੀ ਜਾਪਦਾ ਹੈ ਕਿ ਪੁਲੀਸ, ਕਾਨੂੰਨ ਤੇ ਆਮ ਲੋਕ, ਜਦ ਤੱਕ ਸੱਚੀ-ਸੁੱਚੀ ਨੀਤ ਨਾਲ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਇਕ-ਜੁਟ ਨਹੀਂ ਹੁੰਦੇ, ਤਦ ਤੱਕ ਕੁਝ ਨਹੀਂ ਸੰਵਰਨ ਵਾਲਾ। ਆਓ, ਆਪਾਂ ਸਾਰੇ ਇਕ ਜੁਟ ਹੋਈਏ!
16 feb 2019
-
ਨਿੰਦਰ ਘੁਗਿਆਣਵੀ, ਪੰਜਾਬੀ ਲੇਖਕ ਤੇ ਕਾਲਮਿਸਟ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.