ਅਫਰੀਕਾ ਵਿੱਚ ਕਿਧਰੇ-ਕਿਧਰੇ ਅੱਜ ਵੀ ਕੁਝ ਇਹੋ ਜਿਹੀ ਭੈੜੀਆਂ ਰੀਤਾਂ ਦਾ ਪਾਲਣ ਕੀਤਾ ਜਾਂਦਾ ਹੈ, ਜੋ ਭਿਆਨਕ ਹਨ। ਉਹਨਾ ਵਿੱਚ ਲੜਕੀਆਂ ਦਾ ਸੁੰਨਤ ਕੀਤਾ ਜਾਣਾ ਤਾਂ ਮੁੱਖ ਹੈ ਹੀ, ਬਾਲੜੀਆਂ ਨੂੰ ਇਸ ਤਰ੍ਹਾਂ ਸਰੀਰਕ ਕਸ਼ਟ ਦਿੱਤੇ ਜਾਂਦੇ ਹਨ ਕਿ ਜਿਸ ਨਾਲ ਉਹਨਾ ਦੀਆਂ ਛਾਤੀਆਂ ਦਾ ਵਾਧਾ ਨਾ ਹੋ ਸਕੇ। ਪਰੰਤੂ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਬਾਲੜੀਆਂ ਦਾ ਸਰੀਰਕ ਵਾਧਾ ਰੋਕਣ ਲਈ ਇਹ ਅਣਮਨੁੱਖੀ ਕਾਰਵਾਈ ਬਰਤਾਨੀਆ ਵਿੱਚ ਧੜੱਲੇ ਨਾਲ ਚੱਲ ਰਹੀ ਹੈ।
ਲੰਦਨ, ਯਾਰਕਸ਼ਾਇਰ, ਈਸੈਕਸ, ਵਿਸਟ ਮੈਡਲੈਂਡ, ਆਦਿ ਤੋਂ ਇਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ ਕਿ ਉਥੇ ਅਫਰੀਕੀ ਪ੍ਰੀਵਾਰਾਂ ਵਿੱਚ ਬਾਲੜੀਆਂ ਦੀਆਂ ਛਾਤੀਆਂ ਨੂੰ ਗਰਮ ਪੱਥਰ ਨਾਲ ਰਗੜਨ ਦੀ ਕਸ਼ਟਦਾਇਕ ਕਵਾਇਦ ਚਲ ਰਹੀ ਹੈ, ਤਾਂ ਕਿ ਛਾਤੀਆਂ ਦੀਆਂ ਕੋਸ਼ਿਕਾਵਾਂ ਜਲ ਜਾਣ ਜਾਂ ਟੁੱਟ ਜਾਣ। ਇਸ ਨੂੰ ਬਰਤਾਨੀਆ ਵਿੱਚ ਛਾਤੀਆਂ ਨੂੰ ਪ੍ਰੈਸ ਕਰਨਾ (ਬ੍ਰਿਸਟ ਆਇਰਨ) ਕਿਹਾ ਜਾ ਰਿਹਾ ਹੈ। ਹਰ ਹਫ਼ਤੇ ਜਾਂ ਹਰ ਦੂਜੇ ਹਫ਼ਤੇ ਅਫਰੀਕੀ ਬਾਲੜੀਆਂ ਨੂੰ ਇਹਨਾ ਕਸ਼ਟਦਾਇਕ ਤਜ਼ਰਬਿਆਂ ਵਿਚੋਂ ਲੰਘਣਾ ਪੈ ਰਿਹਾ ਹੈ। ਬਰਤਾਨੀਆਂ ਦੀ ਇੱਕ ਨਾਰੀਵਾਦੀ ਸੰਗਠਨ ਨੇ ਸਰਵੇ ਕੀਤਾ ਹੈ ਤੇ ਦੱਸਿਆ ਹੈ ਕਿ ਅਫਰੀਕੀ ਮੂਲ ਦੀਆਂ ਘੱਟੋ-ਘੱਟ 1000 ਬਾਲੜੀਆਂ ਨਾਲ ਇਹ ਅਣਮਨੁੱਖੀ ਕਾਰਾ ਹੋਇਆ ਹੈ।
ਲੜਕੀਆਂ ਉਤੇ ਮਨੁੱਖ ਯੋਨ ਅਤਿਆਚਾਰ ਨਾ ਕਰ ਸਕੇ, ਇਸ ਲਈ ਲੜਕੀਆਂ ਨੂੰ ਹੀ ਪੰਗੂ ਬਣਾ ਦੇਣਾ ਆਖਰ ਕਿਸ ਕਿਸਮ ਦੀ ਵਿਵਸਥਾ ਹੈ? ਇਸ ਨਾਲ ਸਰੀਰਕ ਨੁਕਸਾਨ ਤਾਂ ਹੁੰਦਾ ਹੀ ਹੈ, ਇਸਦਾ ਮਾਨਸਿਕ ਨੁਕਸਾਨ ਵੀ ਕੋਈ ਘੱਟ ਨਹੀਂ ਹੈ। ਬਾਲੜੀਆਂ ਉਤੇ ਇਹੋ ਜਿਹਾ ਜ਼ੁਲਮ ਉਹਨਾ ਦੀਆਂ ਮਾਵਾਂ ਜਾਂ ਨਾਨੀਆਂ ਹੀ ਕਰਦੀਆਂ ਹਨ।
ਮਾਵਾਂ-ਨਾਨੀਆਂ ਦੀ ਧਾਰਨਾ ਹੈ ਕਿ ਇਸ ਨਾਲ ਉਹਨਾ ਦੀਆਂ ਬੱਚੀਆਂ ਬਲਾਤਕਾਰੀਆਂ ਦਾ ਸ਼ਿਕਾਰ ਹੋਣ ਤੋਂ ਬਚ ਜਾਣਗੀਆਂ। ਪਰੰਤੂ ਸਵਾਲ ਇਹ ਹੈ ਕਿ ਯੋਨ ਅਤਿਆਚਾਰ ਉਤੇ ਰੋਕ ਲਗਾਉਣ ਦੇ ਲਈ ਜਾਂ ਔਰਤਾਂ ਦੇ ਵਿਰੁੱਧ ਮਰਦਾਂ ਦੇ ਜ਼ੁਲਮ ਜ਼ਬਰ ਨੂੰ ਰੋਕਣ ਲਈ ਸਾਡਾ ਸਮਾਜ ਮਰਦਾਂ ਦੇ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕਰਦਾ? ਮਰਦਾਂ ਨੂੰ ਸਬਕ ਸਿਖਾਉਣ ਲਈ ਵੀ ਕੋਈ ਕਿਉਂ ਨਹੀਂ ਸੋਚਦਾ? ਆਪਣੇ ਆਪ ਨੂੰ ਬਚਾਉਣ ਲਈ ਹਮੇਸ਼ਾ ਲੜਕੀਆਂ ਦੇ ਨਾਲ ਹੀ ਅਪਮਾਨਜਨਕ, ਅਸੱਭਿਅਕ ਅਤੇ ਅਣਮਨੁੱਖੀ ਸਲੂਕ ਕਿਉਂ ਕੀਤਾ ਜਾਂਦਾ ਹੈ?
ਬਹੁਤ ਛੋਟੀ ਉਮਰ ਵਿੱਚ ਹੀ ਬਾਲੜੀਆਂ ਨੂੰ ਮਰਦਾਂ ਦੀਆਂ ਤਾੜਦੀਆਂ ਨਜ਼ਰਾਂ ਤੋਂ ਬਚਣ ਦੇ ਨੁਸਖ਼ੇ ਸਿਖਾ ਦਿੱਤੇ ਜਾਂਦੇ ਹਨ ਕਿ ਉਹਨਾ ਨੇ ਕਿਵੇਂ ਬੈਠਣਾ ਹੈ, ਕਿਵੇਂ ਚਲਣਾ ਹੈ, ਚੁੰਨੀ-ਦੁਪੱਟਾ ਕਿਵੇਂ ਸਿਰ ਤੇ ਰੱਖਣਾ ਹੈ ਆਦਿ। ਜਿਸ ਸਮਾਜ ਵਿੱਚ ਔਰਤਾਂ ਹਮੇਸ਼ਾ ਖ਼ੁਦ ਆਪ ਮਰਦਾਂ ਦੇ ਹਮਲੇ ਦੇ ਡਰ ਨਾਲ ਸਹਿਮੀਆਂ ਰਹਿਣ, ਕੀ ਉਹ ਅੱਛਾ ਅਤੇ ਆਦਰਸ਼ ਸਮਾਜ ਹੈ? ਮਰਦ ਕਲਪਨਾ ਵੀ ਨਹੀਂ ਕਰਨਾ ਚਾਹੁੰਦੇ ਕਿ ਇਸਦਾ ਔਰਤਾਂ ਦੀ ਮਾਨਸਿਕ ਹਾਲਤ ਉਤੇ ਕਿੰਨਾ ਬੁਰਾ ਅਸਰ ਪੈਂਦਾ ਹੈ? ਜੇਕਰ ਮਰਦਾਂ ਨੂੰ ਹਮੇਸ਼ਾ ਇਸ ਤਰ੍ਹਾਂ ਖ਼ੁਦ ਉਤੇ ਹਮਲੇ ਦਾ ਡਰ ਹੁੰਦਾ, ਤਾਂ ਕੀ ਇਹ ਸਮਾਜ ਉਹਨਾ ਲਈ ਆਦਰਸ਼ ਹੁੰਦਾ?
ਮਰਦ ਪ੍ਰਧਾਨ ਇਹ ਸਮਾਜ ਸੋਚਣਾ-ਸਮਝਣਾ ਹੀ ਨਹੀਂ ਚਾਹੁੰਦਾ ਕਿ ਔਰਤਾਂ ਨੂੰ ਅਸੁਰੱਖਿਆ ਦਾ ਮਾਹੌਲ ਦੇਣ ਤੋਂ ਬਿਨ੍ਹਾਂ ਇਹ ਔਰਤਾਂ ਦੀ ਮਨੋ-ਸਥਿਤੀ ਨੂੰ ਸਹਿਜ ਅਤੇ ਸਧਾਰਣ ਬਨਾਉਣ ਦੇ ਬਾਰੇ ਵੀ ਕਦੇ ਸੋਚੇ। ਇਹ ਕਿਸ ਤਰ੍ਹਾਂ ਦਾ ਸਮਾਜ ਹੈ, ਜਿਥੇ ਬਾਲੜੀਆਂ ਨੂੰ ਹੋਰ ਗਿਆਨ ਦੇਣ ਦੇ ਨਾਲ ਨਾਲ ਲੜਕਿਆਂ ਤੋਂ ਡਰਨਾ ਅਤੇ ਉਹਨਾ ਤੋਂ ਬਚਕੇ ਰਹਿਣਾ ਸਿਖਾਇਆ ਜਾਂਦਾ ਹੈ। ਇਸ ਆਧੁਨਿਕ ਯੁੱਗ 'ਚ ਔਰਤਾਂ, ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾਕੇ ਚਲਦੀਆਂ ਹਨ। ਅੱਜ ਦਾ ਉਹੀ ਸਮਾਜ ਅੱਗੇ ਹੈ, ਜਿਥੇ ਔਰਤ-ਮਰਦਾਂ ਦਾ ਸਹਿਜ ਸੁਭਾਵਕ ਵਰਤਾਰਾ ਹੈ। ਜੋ ਸਮਾਜ ਔਰਤਾਂ ਨੂੰ ਪਿੱਛੇ ਧੱਕਣ 'ਚ ਯਕੀਨ ਰੱਖਦਾ ਹੈ, ਉਹ ਅੱਗੇ ਨਹੀਂ ਵਧਦਾ। ਪਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਬਰਤਾਨੀਆਂ ਜਿਹੇ ਦੇਸ਼ ਵਿੱਚ ਅਫਰੀਕੀ ਮੂਲ ਦੀਆਂ ਲੜਕੀਆਂ ਨਾਲ ਇਸ ਢੰਗ ਦਾ ਮੱਧ ਕਾਲੀਨ ਵੇਲਿਆਂ ਦਾ ਸਲੂਕ ਕੀਤਾ ਜਾਂਦਾ ਹੈ ਅਤੇ ਇਸਦੇ ਵਿਰੁੱਧ ਉਹੋ ਜਿਹਾ ਮਾਹੌਲ ਨਹੀਂ ਹੈ, ਜਿਹੋ ਜਿਹਾ ਹੋਣਾ ਚਾਹੀਦਾ ਹੈ।
"ਮੈਂ ਮਰਦ ਦੀ ਯੋਨੀ ਤੋਂ ਜਨਮ ਲਿਆ ਹੈ। ਫਿਰ ਮੈਨੂੰ ਆਪਣੇ ਕਿਸੇ ਅੰਗ ਦੇ ਲਈ ਸ਼ਰਮਿੰਦਾ ਕਿਉਂ ਹੋਣਾ ਪਵੇ"? ਔਰਤ ਹੋਣ ਦਾ ਜ਼ੁਲਮ ਲੜਕੀਆਂ ਨੂੰ ਪੈਦਾ ਹੋਣ ਦੇ ਨਾਲ ਹੀ ਕਿਉਂ ਭੁਗਤਣਾ ਚਾਹੀਦਾ ਹੈ? ਅਸਲੀਅਤ ਇਹ ਹੈ ਕਿ ਉਹ ਸਾਰੀ ਉਮਰ ਇਸਦਾ ਖਮਿਆਜਾ ਭੁਗਤਦੀ ਹੈ। ਬਾਲ ਖੁਲ੍ਹੇ ਕਿਉਂ ਹਨ, ਚਿਹਰਾ ਢੱਕਿਆ ਕਿਉਂ ਨਹੀਂ ਹੈ, ਚੱਲਦੇ ਹੋਏ ਸਿਰ ਝੁਕਿਆ ਕਿਉਂ ਨਹੀਂ ਹੈ, ਕਿਸੇ ਅਜ਼ਨਬੀ ਮਰਦ ਦੇ ਸਾਹਮਣੇ ਹੋਣ 'ਤੇ ਨਜ਼ਰਾਂ ਝੁਕੀਆਂ ਹੋਈਆਂ ਕਿਉਂ ਨਹੀਂ ਹਨ ਆਦਿ ਆਦਿ।
ਇਹ ਵੇਖਣ ਵਾਲੀ ਗੱਲ ਹੈ ਕਿ ਔਰਤਾਂ ਨਾਲ ਭੇਦਭਾਵ ਤੇਜ਼ੀ ਨਾਲ ਇੱਕ ਸੂਬੇ ਤੋਂ ਦੂਜੇ ਸੂਬੇ ਤੱਕ, ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਅਤੇ ਇੱਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਵਿੱਚ ਫੈਲਦਾ ਜਾ ਰਿਹਾ ਹੈ। ਵੇਖਣ ਅਤੇ ਵਿਚਾਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਸਭਿਅਕ ਅਤੇ ਵਿਕਸਤ ਕਹੇ ਜਾਣ ਵਾਲੇ ਦੇਸ਼ਾਂ ਵਿੱਚ ਅਵਿਕਸਤ ਅਤੇ ਪੱਛੜੇ ਦੇਸ਼ਾਂ ਦੀਆਂ ਭੈੜੀਆਂ ਰੀਤਾਂ ਜਿਸ ਤਰ੍ਹਾਂ ਫੈਲਣ ਲੱਗੀਆਂ ਹਨ, ਉਸ ਤਰ੍ਹਾਂ ਪੱਛੜੇ ਦੇਸ਼ਾਂ ਵਿੱਚ ਵਿਕਸਤ ਦੇਸ਼ਾਂ ਜਿਹਾ ਮਾਨਵ ਹੱਕਾਂ ਦਾ ਵਰਤਾਰਾ, ਔਰਤਾਂ ਦੀ ਆਜ਼ਾਦੀ ਅਤੇ ਬਰਾਬਰ ਦੇ ਹੱਕ ਅਤੇ ਲੋਕਤੰਤਰ ਦੀਆਂ ਭਾਵਨਾਵਾਂ ਮਜ਼ਬੂਤ ਨਹੀਂ ਹੋ ਰਹੀਆਂ ਹਨ। ਇਹ ਆਪਾ ਵਿਰੋਧੀ ਵਰਤਾਰਾ ਕੀ ਦਰਸਾਉਂਦਾ ਹੈ? ਇਸ ਤੋਂ ਤਾਂ ਪਤਾ ਲੱਗਦਾ ਹੀ ਹੈ ਕਿ ਪੱਛਮ ਦੇ ਜੋ ਦੇਸ਼ ਨਾਗਰਿਕਾਂ ਨੂੰ ਆਜ਼ਾਦੀ ਦੇਣ ਅਤੇ ਉਹਨਾ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਲਈ ਜਾਣੇ ਜਾਂਦੇ ਹਨ, ਉਥੇ ਵੀ ਮੱਧ ਕਾਲੀਨ ਸੋਚ ਆਪਣੀ ਥਾਂ ਬਨਾਉਣ ਦੇ ਕਾਬਲ ਹੋ ਰਹੀ ਹੈ।
ਪੱਛਮ ਦੀਆਂ ਔਰਤਾਂ ਵਲੋਂ ਪੱਛੜੇ ਮੰਨੇ ਜਾਂਦੇ ਮੁਲਕਾਂ ਅਫਰੀਕੀ ਦੇਸ਼ਾਂ ਦੇ ਮਰਦਾਂ ਨਾਲ ਵਿਆਹ ਕਰਾਉਣ ਦੀਆਂ ਅਨੇਕਾਂ ਉਦਾਹਰਨਾਂ ਹਨ। ਬਲਕਿ ਪੱਛਮੀ ਸਮਾਜ ਵਿੱਚ ਵਿਆਹ ਕਰਨ ਤੋਂ ਬਾਅਦ ਅਨੇਕਾਂ ਪੱਛਮੀ ਔਰਤਾਂ ਵਲੋਂ ਬੁਰਕਾ ਅਤੇ ਹਿਜਾਬ ਦੀ ਵਰਤੋਂ ਦੀਆਂ ਉਦਾਹਰਨਾਂ ਵੀ ਸਾਹਮਣੇ ਹਨ। ਜੇਕਰ ਕਿਸੇ ਦਿਨ ਪਰੰਪਰਾਵਾਂ ਦੇ ਹਿਮਾਇਤੀ, ਲੜਕੀਆਂ ਦੀ (ਸੁੰਨਤ) ਕਰਾਏ ਜਾਣ ਦਾ ਸਮਰਥਨ ਕਰਨ ਲੱਗਣ ਤਾਂ ਹੈਰਾਨੀ ਨਹੀਂ ਹੋਏਗੀ। ਦੁਨੀਆਂ ਭਰ ਦੇ ਖੱਬੇ ਪੱਖੀ ਆਖ਼ਿਰ ਇਹ ਕਹਿੰਦੇ ਹੀ ਆਏ ਹਨ ਕਿ ਸਾਰੀਆਂ ਸੰਪਰਦਾਵਾਂ ਦੀਆਂ ਸੰਸਕ੍ਰਿਤੀਆਂ ਨੂੰ ਬਚਾਉਣ ਦੀ ਜ਼ਰੂਰਤ ਹੈ। ਸਾਨੂੰ ਕੀ ਇਹ ਵੀ ਮੰਨ ਨਹੀਂ ਲੈਣਾ ਚਾਹੀਦਾ ਕਿ ਸਾਰੀਆਂ ਸੰਸਕ੍ਰਿਤੀਆਂ ਨੂੰ ਸੰਸਕ੍ਰਿਤੀ ਦੇ ਨਾਮ ਤੇ ਸਾਰੀਆਂ ਭੈੜੀਆਂ ਰੀਤਾਂ ਨੂੰ ਮੰਨ ਹੀ ਨਹੀਂ ਲਿਆ ਜਾ ਸਕਦਾ? ਮੋਢੇ ਨਾਲ ਮੋਢਾ ਮਿਲਾਕੇ ਚੱਲਣ ਦੀ ਸੰਸਕ੍ਰਿਤੀ ਅਤੇ ਯੋਨੀ ਦੀ ਸੁੰਨਤ ਦੀ ਭੈੜੀ ਰੀਤ ਨੂੰ ਭਲਾ ਇੱਕ ਕਿਵੇਂ ਮੰਨਿਆ ਜਾ ਸਕਦਾ ਹੈ।
ਔਰਤ ਵਿਰੋਧੀ ਭੈੜੀਆਂ ਰੀਤਾਂ ਨੂੰ ਔਰਤ ਵਿਰੋਧੀ ਕੁਝ ਸਮਾਜ ਜਿਵੇਂ ਦੀ ਤਿਵੇਂ ਰੱਖਣਾ ਚਾਹੁੰਦੇ ਹਨ ਤਾਂ ਅਸੀਂ ਉਸਦੀ ਹਿਮਾਇਤ ਨਹੀਂ ਕਰ ਸਕਦੇ। ਬਲਕਿ ਇਹੋ ਜਿਹੀਆਂ ਔਰਤ-ਵਿਰੋਧੀ, ਮਨੁੱਖਤਾ ਵਿਰੋਧੀ ਭੈੜੀਆਂ ਰੀਤਾਂ ਦੇ ਵਿਰੁੱਧ ਅੰਦੋਲਨ ਕਰਨ ਦੀ ਜ਼ਰੂਰਤ ਹੈ। ਅਸੀਂ ਇਹ ਭੁੱਲ ਨਹੀਂ ਸਕਦੇ ਕਿ ਦੁਨੀਆਂ ਦੇ ਜਿਆਦਾਤਰ ਦੇਸ਼ਾਂ ਵਿੱਚ ਅੱਜ ਵੀ ਔਰਤ ਵਿਰੋਧੀ ਬਹੁਤ ਸਾਰੀਆਂ ਭੈੜੀਆਂ ਰੀਤਾਂ ਅਤੇ ਰਿਵਾਜ ਲੋਕਾਂ ਦੀ ਸੋਚ ਵਿੱਚ ਮੌਜੂਦ ਹਨ । ਸਭਿਅਕ ਅਤੇ ਅਧੁਨਿਕ ਹੋਣ ਦੇ ਲਈ ਔਰਤਾਂ ਨੂੰ ਬਰਾਬਰ ਦੇ ਹੱਕ ਦੇਣ ਦੀ ਸੋਚ ਉਤੇ ਸਾਨੂੰ ਯਕੀਨ ਕਰਨਾ ਹੀ ਹੋਏਗਾ। ਅਸਲ ਵਿੱਚ ਆਧੁਨਿਕ ਹੋਣ ਦੇ ਲਈ ਔਰਤ-ਵਿਰੋਧੀ ਸੋਚ ਅਤੇ ਭੈੜੀਆਂ ਰੀਤਾਂ ਉਤੇ ਪਾਬੰਦੀ ਲਾਏ ਬਿਨ੍ਹਾਂ ਕੋਈ ਚਾਰਾ ਹੀ ਨਹੀਂ ਹੈ।
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.