ਬੀਤਿਆ ਦਿਵਸ
ਮੁਬਾਰਕ ਨਹੀਂ ਸੀ।
ਰੱਤ ਭਿੱਜਿਆ ਸੀ
ਟੁਕੜੇ ਟੁਕੜੇ ਬੋਟੀ ਬੋਟੀ
ਫ਼ਰਜ਼ ਪਏ ਸੀ ਸੜਕ ਵਿਚਾਲੇ।
ਟੁੱਟੇ ਦੀਵੇ ਖਿੱਲਰੇ
ਆਸ ਉਮੀਦਾਂ ਵਾਲੇ।
ਗਰਜਾਂ ਖ਼ਾਤਰ ਕੱਚਿਆਂ ਵਿਹੜਿਆਂ
ਪੁੱਤਰ ਘੱਲੇ ਕਰਨ ਕਮਾਈਆਂ।
ਇਹ ਕਿਉਂ ਘਰ ਨੂੰ ਲਾਸ਼ਾਂ ਆਈਆਂ।
ਚਿੱਟੀਆਂ ਚੁੰਨੀਆਂ ਦੇਣ ਦੁਹਾਈਆਂ।
ਮੇਰੇ ਹੱਥ ਵਿੱਚ
ਅਮਨ ਦਾ ਪਰਚਮ
ਸੱਚ ਪੁੱਛੋ ਤਾਂ ਡੋਲ ਰਿਹਾ ਹੈ।
ਜ਼ਹਿਰੀ ਨਾਗ ਖੜੱਪਾ ਜਾਗਿਆ
ਰੂਹ ਅੰਦਰ ਸੀ ਬੈਠਾ ਜਿਹੜਾ
ਮਸਾਂ ਸੰਵਾਇਆ ਸੀ ਮੈਂ ਇਸ ਨੂੰ
ਜਾਗ ਪਿਆ ਵਿੱਸ ਘੋਲ ਰਿਹਾ ਹੈ।
ਇਹ ਜ਼ਹਿਰੀ ਕਿਉਂ ਮਰਦਾ ਨਹੀਂ ਹੈ।
ਹੱਦਾਂ ਤੇ ਸਰਹੱਦਾਂ
ਆਦਮਖਾਣੀਆਂ ਡੈਣਾਂ।
ਜਿੱਸਰਾਂ ਜੰਗ ਤੇ ਗੁਰਬਤ
ਦੋਵੇਂ ਸਕੀਆਂ ਭੈਣਾਂ।
ਵਾਰ ਵਾਰ ਇਹ ਖੇਡਣ ਹੋਲੀ।
ਕੁਰਸੀ ਤੇ ਕਲਜੋਗਣ ਬੋਲਣ
ਇੱਕ ਹੀ ਬੋਲੀ।
ਸਿੱਧੇ ਮੂੰਹ ਨਾ ਦੇਂਦੀਆਂ ਉੱਤਰ।
ਖਾ ਚੱਲੀਆਂ ਨੇ ਸਾਡੇ ਪੁੱਤਰ।
ਲਾਸ਼ ਲਪੇਟਣ ਦੇ ਕੰਮ ਲੱਗੇ
ਕੌਮੀ ਝੰਡੇ।
ਹੁਕਮ ਹਕੂਮਤ ਖਾਣ ਚ ਰੁੱਝੇ
ਹਲਵੇ ਮੰਡੇ।
ਹੇ ਧਰਤੀ ਦੇ ਪੁੱਤਰੋ ਧੀਓ
ਆਦਮ ਜਾਇਓ!
ਕੁੱਲ ਆਲਮ ਨੂੰ
ਵੈਣਾਂ ਵਿਚਲਾ ਦਰਦ ਸੁਣਾਇਓ
ਤੇ ਸਮਝਾਇਓ।
ਰਾਵੀ ਤੇ ਜੇਹਲਮ ਦਾ ਪਾਣੀ
ਅੱਕ ਚੁਕਿਆ ਸੁਣ ਦਰਦ ਕਹਾਣੀ।
ਏਧਰ ਓਧਰ
ਲਾਸ਼ਾਂ ਦੇ ਅੰਬਾਰ ਨਾ ਲਾਉ।
ਨਫ਼ਰਤ ਦੀ ਅੱਗ
ਸਦਾ ਫ਼ੂਕਦੀ ਸੁਪਨੇ ਸੂਹੇ।
ਚੁੱਲ੍ਹਿਆਂ ਅੰਦਰ ਬੀਜੇ ਘਾਹ
ਕਰਦੀ ਬੰਦ ਬੂਹੇ।
ਇਹ ਮਾਰੂ ਹਥਿਆਰ ਪਾੜਦੇ
ਸਾਡੇ ਬਸਤੇ।
ਬੰਬ ਬੰਦੂਕਾਂ ਖਾ ਚੱਲੀਆਂ ਨੇ
ਪਿਆਰ ਚੁਰਸਤੇ।
ਮਿੱਧਣ ਸੁਰਖ਼ ਗੁਲਾਬ
ਨਾ ਸਮਝਣ ਹਾਥੀ ਮਸਤੇ।
ਹੇ ਵਣਜਾਰਿਓ! ਲਾਸ਼ਾਂ ਵਾਲਿਓ
ਅੱਖੋਂ ਕਾਲੀ ਐਨਕ ਲਾਹੋ।
ਕਿਵੇਂ ਦੁਹੱਥੜੀਂ ਪਿੱਟਣ
ਮਾਵਾਂ, ਭੈਣਾਂ ਧੀਆਂ।
ਸੁੱਕਣੇ ਪਾਇਆ ਸਭਨਾਂ ਜੀਆਂ।
ਤਿੜਕ ਰਹੇ ਰੰਗ ਰੱਤੜੇ ਚੂੜੇ
ਸਣੇ ਕਲ੍ਹੀਰੇ।
ਕਿਵੇਂ ਤਿਰੰਗੇ ਦੇ ਵਿੱਚ ਲਿਪਟੇ
ਸੁੱਤੇ ਨੀਂਦ ਸਦੀਵੀ
ਜਿਹੜੀ ਭੈਣ ਦੇ ਵੀਰੇ।
ਸਰਹੱਦਾਂ ਉਰਵਾਰ ਪਾਰ
ਇਹ ਹੋਕਾ ਲਾਉ।
ਧਰਮ ,ਜ਼ਾਤ ਦੇ ਪਟੇ ਉਤਾਰੋ।
ਬਰਖ਼ੁਰਦਾਰੋ,
ਆਪਣੀ ਹੋਣੀ ਆਪ ਸੰਵਾਰੋ।
ਅੰਨ੍ਹੇ ਬੋਲ਼ੇ ਤਖ਼ਤ ਤਾਜ ਨੂੰ
ਆਖ ਸੁਣਾਉ।
ਸ਼ਮਸ਼ਾਨਾਂ ਦੀ ਬਲਦੀ ਮਿੱਟੀ
ਕੂਕ ਪੁਕਾਰੇ।
ਧਰਤੀ ਨੂੰ ਨਾ
ਲੰਮ ਸਲੰਮੀ ਕਬਰ ਬਣਾਉ।
ਹੋਸ਼ ਚ ਆਉ!
ਬਾਗ ਉਜਾੜਨ ਵਾਲਿਓ ਸੋਚੋ!
ਬੱਚਿਆਂ ਦੇ ਮੂੰਹ ਚੂਰੀ ਦੀ ਥਾਂ
ਬਲ਼ਦੇ ਸੁਰਖ਼ ਅੰਗਾਰ ਨਾ ਪਾਉ।
ਸੰਪਰਕ: 98726 31199
ਸ਼ਾਹਮੁਖੀ 'ਚ ਪੜ੍ਹਨ ਲਈ ਹੇਠ ਦੇਖੋ :-
دردناما
گربھجن گلّ
بیتیا دوس
مبارک نہیں سی۔
رتّ بھجیا سی
ٹکڑے ٹکڑے بوٹی بوٹی
فرض پئے سی سڑک وچالے۔
ٹٹے دیوے کھلرے
آس امیداں والے۔
غرضاں خاطر کچیاں وہڑیاں
پتر گھلے کرن کمائیاں۔
ایہہ کیوں گھر نوں لاشاں آئیاں۔
چٹیاں چنیاں دین دہائیاں۔
میرے ہتھ وچّ
امن دا پرچم
سچ پچھو تاں ڈول رہا ہے۔
زہری ناگ کھڑپا جاگیا
روح اندر سی بیٹھا جہڑا
مساں سنوایا سی میں اس نوں
جاگ پیا وسّ گھول رہا ہے۔
ایہہ زہری کیوں مردا نہیں ہے۔
حداں تے سرحداں
آدمکھانیاں ڈیناں۔
جسراں جنگ تے غربت
دوویں سکیاں بھیناں۔
وار وار ایہہ کھیڈن ہولی۔
کرسی تے کلجوگن بولن
اک ہی بولی۔
سدھے منہ نہ دیندیاں اتر۔
کھا چلیاں نے ساڈے پتر۔
لاش لپیٹن دے کم لگے
قومی جھنڈے۔
حکم حکومت کھان چ رجھے
حلوے منڈے۔
ہے دھرتی دے پترو دھیو
آدم جائیو!
کلّ عالم نوں
ویناں وچلا درد سنائیو
تے سمجھائیو۔
راوی تے جیہلم دا پانی
اکّ چکیا سن درد کہانی۔
ایدھر اودھر
لاشاں دے انبار نہ لاؤ۔
نفرت دی اگّ
سدا فوکدی سپنے سوہے۔
چلھیاں اندر بیجے گھاہ
کردی بند بوہے۔
ایہہ مارو ہتھیار پاڑدے
ساڈے بستے۔
بمب بندوقاں کھا چلیاں نے
پیار چرستے۔
مدھن سرخ گلاب
نہ سمجھن ہاتھی مستے۔
ہے ونجاریو! لاشاں والیو
اکھوں کالی عینک لاہو۔
کویں دہتھڑیں پٹن
ماواں، بھیناں دھیاں۔
سکنے پایا سبھناں جیاں۔
تڑک رہے رنگ رتڑے چوڑے
سنے کلھیرے۔
کویں ترنگے دے وچّ لپٹے
ستے نیند سدیوی
جہڑی بھین دے ویرے۔
سرحداں اروار پار
ایہہ ہوکا لاؤ۔
دھرم ،ذات دے پٹے اتارو۔
برخردارو،
اپنی ہونی آپ سنوارو۔
انھے بولے تخت تاج نوں
آکھ سناؤ۔
شمشاناں دی بلدی مٹی
کوک پکارے۔
دھرتی نوں نہ
لمّ سلمی قبر بناؤ۔
ہوش چ آؤ!
باغ اجاڑن والیو سوچو!
بچیاں دے منہ چوری دی تھاں
بلدے سرخ انگار نہ پاؤ۔
????????????????????????????????
سمپرک: 98726 31199
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.