ਲਗਾਤਾਰ ਰਸਾਤਲ ਵੱਲ ਜਾਂਦਾ ਪੰਜਾਬ ਹੁਣ ਪਹਿਲਾਂ ਵਰਗਾ ਨਹੀਂ ਰਿਹਾ, ਕਾਫੀ ਬਦਲ ਗਿਆ ਹੈ। ਯੂਨੀਵਰਸਿਟੀਆਂ, ਕਾਲਜਾਂ 'ਚ ਪਹਿਲਾਂ ਵਰਗੀ ਰੌਣਕ ਕਿਥੇ? ਮੁੱਛ ਫੁੱਟ ਗੱਭਰੂ ਬਾਹਰਵੀਂ ਕਰਦੇ ਹਨ, ਸ਼ਹਿਰਾਂ ਦੇ ਕੋਨਿਆਂ, ਕਲੋਨੀਆਂ ਪੌਸ਼ ਇਲਾਕਿਆਂ, ਬੱਸ ਅੱਡਿਆਂ ਦੇ ਸਾਹਮਣੇ ਬਣੇ ਚੁਬਾਰਿਆਂ 'ਚ ਕੱਚ-ਘਰੜ ਆਇਲੈਟਸ ਸੈਂਟਰਾਂ 'ਚ ਅੰਗਰੇਜ਼ੀ ਦੀ ਪ੍ਰੀਖਿਆ 'ਚ ਵੱਡੇ ਬੈਂਡ ਲੈਣ ਲਈ ਜਾ ਭਰਤੀ ਹੁੰਦੇ ਹਨ, ਵੱਡੀਆਂ ਫੀਸਾਂ ਤਾਰਦੇ ਹਨ, ਏਜੰਟਾਂ ਦੇ ਚੱਕਰਾਂ 'ਚ ਪੈ ਬਾਹਰਲੀਆਂ ਯੂਨੀਵਰਸਿਟੀਆਂ, ਕਾਲਜਾਂ ਦੀਆਂ ਭਾਰੀ ਭਰਕਮ ਫੀਸਾਂ ਤਾਰਦੇ ਹਨ, ਮਾਪਿਆਂ ਨੂੰ ਕਰਜ਼ੇ ਦੇ ਬੋਝ ਥੱਲੇ ਦੱਬ, ਕਥਿਤ ਚੰਗੇਰੇ ਭਵਿੱਖ ਲਈ ਵਿਦੇਸ਼ਾਂ ਨੂੰ ਉਡਾਰੀ ਮਾਰ ਜਾਂਦੇ ਹਨ। ਪਿਛਲੇ ਵਰ੍ਹੇ ਲਗਭਗ ਡੇਢ ਲੱਖ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ਾਂ ਨੂੰ "ਕਥਿਤ ਪੜ੍ਹਾਈ" ਕਰਨ ਤੁਰ ਗਏ। ਆਇਲਿਟਸ ਦਾ ਇਮਤਿਹਾਨ 3.25 ਲੱਖ ਨੌਜਵਾਨ ਯੁਵਕਾਂ-ਯੁਵਤੀਆਂ ਨੇ ਦਿੱਤਾ। ਇਵੇਂ ਆਖਾ ਕਿ ਪੰਜਾਬ ਦੇ ਹਾਲਾਤ ਤੋਂ ਆਵਾਜਾਰ ਹੋਕੇ ਮਜ਼ਬੂਰੀ ਬੱਸ ਇਥੋਂ ਤੁਰ ਗਏ। ਪੰਜਾਬ ਦਾ "ਬਰੇਨ", ਡਰੇਨ ਹੋ ਰਿਹਾ ਹੈ। ਪੰਜਾਬ ਦੇ ਹਾਕਮ ਸੰਤੁਸ਼ਟ ਹਨ, ਨੌਜਵਾਨ ਵਿਦੇਸ਼ਾਂ 'ਚ ਜਾ ਰਹੇ ਹਨ, ਉਹਨਾ ਦੀ ਨੌਜਵਾਨਾਂ ਨੂੰ ਪੜ੍ਹਾਉਣ ਲਿਖਾਉਣ ਤੇ ਮੁੜ ਨੌਕਰੀਆਂ ਦੇਣ ਦੀ ਜ਼ੁੰਮੇਵਾਰੀ ਘੱਟ ਰਹੀ ਹੈ। ਹੁਣ ਤਾਂ ਸਰਕਾਰ ਨੇ ਵੀ ਕਹਿ ਦਿੱਤਾ ਹੈ ਕਿ ਉਹ ਨੌਜਵਾਨਾਂ ਨੂੰ ਬਾਹਰ ਭੇਜਣ ਦਾ ਪ੍ਰਬੰਧ ਕਾਨੂੰਨੀ ਤਰੀਕੇ ਨਾਲ ਕਰੇਗੀ, ਕਿਉਂਕਿ ਕੁੱਝ ਏਜੰਟ ਉਹਨਾ ਨੂੰ ਖੱਜਲ ਕਰ ਰਹੇ ਹਨ।
ਖੁਸ਼ਹਾਲ ਪੰਜਾਬ ਹੁਣ ਪਹਿਲਾਂ ਵਰਗਾ ਕਿਥੋਂ ਰਹਿ ਗਿਆ ਹੈ? ਬੇਰੁਜ਼ਗਾਰੀ ਨੇ ਉਸਦਾ ਲੱਕ ਭੰਨ ਦਿੱਤਾ ਹੈ। ਖੇਤੀ ਕਰਦੇ ਲੋਕ ਤਰਾਹ ਤਰਾਹ ਕਰਦੇ ਹਨ। ਕਰਜ਼ੇ ਦੇ ਬੋਝ ਕਾਰਨ ਅੰਦਰੋਂ –ਅੰਦਰੀ ਮਰਦੇ, ਫਿਰ ਉਹ ਮਰ ਹੀ ਜਾਂਦੇ ਹਨ। ਫਿਕਰ ਉਹਨਾ ਨੂੰ ਆਪਣੇ ਬੱਚਿਆਂ ਦੇ ਭਵਿੱਖ ਦਾ ਹੈ। ਫਿਕਰ ਉਹਨਾ ਨੂੰ ਆਪਣੇ ਪਰਿਵਾਰ ਦੇ ਪਾਲਣ-ਪੋਸਣ ਦਾ ਹੈ ਅਤੇ ਹਾਲਾਤ ਮਜ਼ਦੂਰਾਂ, ਖੇਤ ਮਜ਼ਦੂਰਾਂ, ਕਾਮਿਆਂ ਦੇ ਵੀ ਇਹੋ ਜਿਹੇ ਹੀ ਹਨ। ਅਧਿਆਪਕ ਸੜਕਾਂ ਤੇ ਧਰਨੇ ਲਗਾਕੇ ਬੈਠੇ ਕੁੱਟ ਖਾ ਰਹੇ ਹਨ, ਨਰਸਾਂ ਪਾਣੀ ਦੀਆਂ ਟੈਂਕੀਆਂ, ਉੱਚੇ ਚੁਬਾਰਿਆਂ ਤੇ ਚੜ੍ਹੀਆਂ ਪੱਕੀਆਂ ਨੌਕਰੀਆਂ ਮੰਗ ਰਹੀਆਂ ਹਨ। ਸਰਕਾਰੀ ਮੁਲਾਜ਼ਮਾਂ ਨੂੰ ਮਹਿੰਗਾਈ ਤੰਗ ਕਰ ਰਹੀ ਹੈ। ਆਮ ਲੋਕ ਵੀ ਕਿਹੜਾ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਹਾਕਮਾਂ, ਨੇਤਾਵਾਂ ਦੇ ਵਰਤਾਰੇ ਤੋਂ ਸੌਖੇ ਹਨ।ਉਹਨਾ ਨੂੰ ਮਹਿੰਗਾਈ ਮਾਰ ਰਹੀ ਹੈ। ਭ੍ਰਿਸ਼ਟਾਚਾਰ ਨੇ ਉਹਨਾ ਦਾ ਜੀਵਨ ਦੁੱਭਰ ਕੀਤਾ ਹੋਇਆ ਹੈ। ਭੈੜੀ ਅਫ਼ਸਰਸ਼ਾਹੀ ਨੇ ਨੇਤਾਵਾਂ ਨਾਲ ਰਲਕੇ ਉਹਨਾ ਦਾ ਸਾਹ ਲੈਣਾ ਔਖਾ ਕੀਤਾ ਹੋਇਆ ਹੈ। ਇਸ ਸਭ ਕੁੱਝ ਦਾ ਨੇਤਾਵਾਂ ਨਾਲ ਕੀ ਸਰੋਕਾਰ? ਉਹਨਾ ਦੀ ਕੁਰਸੀ ਤਾਂ ਸੁਰੱਖਿਅਤ ਚਾਹੀਦੀ ਹੈ।
ਉਹਨਾ ਵਲੋਂ ਲੋਕਾਂ ਨੂੰ ਨਹੀਂ ਵੋਟਰਾਂ ਨੂੰ ਰਿਝਾਉਣ ਦਾ ਕੰਮ ਚਾਲੂ ਹੋ ਚੁੱਕਾ ਹੈ। ਵਾਅਦੇ ਕੀਤੇ ਜਾ ਰਹੇ ਹਨ। ਇਕਰਾਰ ਕੀਤੇ ਜਾ ਰਹੇ ਹਨ। ਲਾਰੇ ਲਾਏ ਜਾ ਰਹੇ ਹਨ। ਚੋਣਾਂ 'ਚ ਸਮਾਂ ਤਾਂ ਹੁਣ ਕੁਝ ਦਿਨਾਂ ਦਾ ਰਹਿ ਗਿਆ ਹੈ। ਮਹੀਨੇ ਬੀਤ ਗਏ ਹਨ। ਸਾਲ ਬੀਤ ਗਏ ਹਨ। ਲੋਕਾਂ ਨੂੰ 2014 ਭੁੱਲ ਗਿਆ ਅਤੇ ਯਾਦ ਤਾਂ 2017 ਵੀ ਨਹੀਂ ਰਿਹਾ, ਉਹਨਾ ਨੇ ਇਹਨਾ ਵਰ੍ਹਿਆਂ 'ਚ ਦਿੱਤੇ ਲਾਰਿਆਂ, ਵਾਅਦਿਆਂ ਦੀ ਪੂਰਤੀ ਦਾ ਸੁਆਦ ਤਾਂ ਹਾਲੇ ਵੀ ਨਹੀਂ ਚੱਖਿਆ। ਨਵੇਂ ਲਾਰੇ ਉਹਨਾ ਨੂੰ ਕਿਵੇਂ ਹਜ਼ਮ ਹੋਣ? ਪਰ ਲਾਰੇ, ਵਾਇਦੇ, ਇਕਰਾਰ ਕਰਨ ਵਾਲਿਆਂ ਤਾਂ ਆਪਣਾ ਫਰਜ਼ ਨਿਭਾਉਣਾ ਹੈ। ਉਹ ਫਰਜ਼ ਨਿਭਾਅ ਰਹੇ ਹਨ। ਹੁਣ ਵੇਖਣਾ ਤਾਂ ਲੋਕਾਂ ਨੇ ਹੈ ਕਿ ਉਹ ਨੇਤਾਵਾਂ ਦੇ ਭਰਮ ਜਾਲ 'ਚ ਫਸਦੇ ਹਨ ਕਿ ਨਹੀਂ।
ਦਿੱਲੀ ਵਾਲੇ ਹਾਕਮਾਂ ਨੇ ਪੰਜਾਬ 'ਸਰ' ਕਰਨਾ ਹੈ, ਪੰਜਾਬ ਜਿੱਤਣਾ ਹੈ। ਤੇਰ੍ਹਾਂ ਪਾਰਲੀਮੈਂਟ ਦੀਆਂ ਸੀਟਾਂ ਕਿਧਰੇ ਥੋੜ੍ਹੀਆਂ ਹੁੰਦੀਆਂ ਹਨ? ਉਹਨਾ 500 ਰੁਪਏ ਮਹੀਨਾ 'ਸਹਾਇਤਾ' ਦਾਨ ਪੁੰਨ ਕਰਦਿਆਂ ਕਿਸਾਨਾਂ ਲਈ ਨੀਅਤ ਕੀਤੀ ਹੈ, ਐਡੀ ਵੱਡੀ ਰਾਸ਼ੀ ਕਿਧਰੇ ਥੋੜੀ ਹੈ? ਬੰਦੇ ਦੀ ਜੇਬ 'ਚ ਜਦੋਂ ਕੌਡੀ ਨਹੀਂ ਹੁੰਦੀ, ਧੈਲਾ-ਪੈਸਾ ਨਹੀਂ ਹੁੰਦਾ, ਉਦੋਂ ਇਸ ਰਕਮ ਨਾਲ ਦੁਨੀਆਂ ਤੋਂ ਜਾਂਦੀ ਵੇਰ ਦਾ ਚਿੱਟਾ ਕੱਪੜਾ ਤਾਂ ਖਰੀਦਿਆ ਹੀ ਜਾਏਗਾ। ਮੁਲਾਜ਼ਮਾਂ ਨੂੰ ਉਹਨਾ ਦੀ ਆਮਦਨ ਤੇ ਟੈਕਸ 'ਚ ਛੋਟ ਦਿੱਤੀ ਗਈ ਹੈ ਤੇ ਉਪਰੋਂ ਮਹਿੰਗਾਈ ਦਾ ਦੌਰ ਚਲਾ ਦਿੱਤਾ ਹੈ, ਇੱਕ ਹੱਥ ਦੇਣਾ ਅਤੇ ਦੂਜੇ ਹੱਥ ਲੈਣਾ, ਇਹੋ ਹੀ ਦਸਤੂਰ ਹੈ ਸਰਕਾਰਾਂ ਦਾ। ਸਰਕਾਰ ਦੇ ਕਿਹੜੇ ਹਲ ਚਲੱਦੇ ਹਨ, ਉਹਨਾ ਨੇ ਤਾਂ ਲੋਕਾਂ ਦੀਆਂ ਜੇਬਾਂ ਹੀ ਫਰੋਲਣੀਆਂ ਹਨ।
2017 'ਚ ਪੰਜਾਬ 'ਚ ਚੋਣ ਹੋਈ। ਕਾਂਗਰਸੀ ਜਿੱਤੇ। ਅਕਾਲੀ ਹਾਰੇ ਅਤੇ ਨਾਲ ਹੀ ਹਾਰ ਗਏ ਭਾਜਪਾਈ। ਮਿੱਟੀ 'ਆਪ' ਵਾਲਿਆਂ ਦੀ ਵੀ ਪੁੱਟੀ ਗਈ। ਸੌ ਸੀਟਾਂ ਜਿੱਤਣ ਦੀਆਂ ਟਾਹਰਾਂ ਮਾਰਦੇ ਪੰਜਵੇਂ ਹਿੱਸੇ ਤੇ ਹੀ ਸਿਮਟ ਗਏ। ਜਦ ਗੱਲ ਹੀ ਇਕੋ ਫੜ ਲਈ ਹੋਵੇ ਕਿ ਆਵਾਂਗੇ ਤੇ ਸੂਬੇ 'ਚੋਂ ਭ੍ਰਿਸ਼ਟਾਚਾਰ ਦੂਰ ਕਰਾਂਗੇ ਅਤੇ ਇਸ ਸੂਬੇ ਦੇ ਪ੍ਰਾਸ਼ਾਸ਼ਨ ਨੂੰ ਸਾਫ਼ ਕਰ ਦਿਆਂਗੇ ਸ਼ੀਸ਼ੇ ਵਰਗਾ ਸਾਥ-ਸੁਥਰਾ। ਪਰ ਕੌਣ ਸੁਣਦਾ ਉਹਨਾ ਦੀਆਂ ਇਹ ਬੇਥਵੀਆਂ? ਲੋਕਾਂ ਘੁੱਟ ਪੀਤੀ। ਲੋਕਾਂ ਪੈਸੇ ਲਏ। ਲੋਕਾਂ ਆਪੋ ਆਪਣੇ 'ਆਕਾ' ਦੀ ਬਾਂਹ ਫੜੀ ਤੇ ਹਕੂਮਤ 'ਰਾਜੇ' ਹੱਥ ਫੜਾ ਦਿੱਤੀ! "ਉੱਤਰ ਕਾਟੋ ਮੈਂ ਚੜ੍ਹਾਂ" ਦੀ ਅਖਾਣ ਪੰਜਾਬ 'ਚ ਫਿਰ ਸਿੱਧ ਹੋ ਗਈ। ਰਿਵਾਇਤੀ ਪਾਰਟੀਆਂ ਤੋਂ ਹਟਵਾਂ ਕੁੱਝ ਵੀ ਨਾ ਹੋਇਆ। ਨਹੀਂ ਪਛਾਣ ਸਕੇ ਨਵੇਂ ਕਿ ਪੁਰਾਣਿਆਂ,ਜਾਗੀਰੂਆਂ, ਵੱਡਿਆਂ ਦੀਆਂ ਜੜ੍ਹਾਂ ਪਤਾਲ 'ਚ ਹਨ ਤੇ ਇਹਨਾ ਨੂੰ ਪੁੱਟਣਾ ਸੌਖਾ ਕਿਥੋਂ ਹੈ? ਰਿਸ਼ਵਤਖੋਰੀ ਤਾਂ ਪੰਜਾਬ ਦੇ ਕਣ-ਕਣ 'ਚ ਰਚੀ ਹੋਈ ਹੈ, ਇਹਨੂੰ ਇਥੋਂ ਪੁੱਟਣਾ, ਕਿਹੜਾ 'ਖਾਲਾ ਜੀ ਦਾ ਵਾੜਾ' ਆ।
ਪਿਛਲੇ ਦੋ ਵਰ੍ਹੇ ਬੀਤ ਗਏ। ਅਕਾਲੀਆਂ ਮੁੜ ਆਪਣੀ ਜ਼ਮੀਨ ਲੋਕਾਂ 'ਚ ਲੱਭਣ ਲਈ ਤਰਲੇ ਮਾਰੇ ਹਨ। ਪਰ ਨਾ ਉਹਨਾ ਨੂੰ ਸਿੱਖ ਸੰਗਤ ਮੂੰਹ ਲਾ ਰਹੀ ਆ, ਅਤੇ ਨਾ ਹੀ ਆਮ ਲੋਕ। ਲੋਕ ਰੁੱਸੇ ਹੋਏ ਹਨ ਉਹਨਾ ਤੋਂ ਕਿ ਉਹਨਾ ਪੰਜਾਬ 'ਚ ਨਸ਼ਿਆਂ ਦਾ ਹੜ੍ਹ ਵਗਣ ਦਿੱਤਾ। ਬੇਰੁਜ਼ਗਾਰੀ ਦੀ ਚਾਲ ਹੋਰ ਤੇਜ਼ ਕੀਤੀ। ਮਹਿੰਗਾਈ ਨੂੰ ਉਸੇ ਤੋਰੇ ਤੁਰਨ ਦਿੱਤਾ ਜਿਹੜੀ ਤੋਰੇ ਪਹਿਲਾਂ ਸੀ। ਮਾਫੀਏ, ਗੁੰਡਿਆਂ ਨੂੰ ਉਹਨਾ ਠੱਲ ਕੋਈ ਨਾ ਪਾਈ। ਉਹਨਾ ਬਰਗਾੜੀ ਕਾਂਡ ਦੇ ਨਾ ਦੋਸ਼ੀ ਨੰਗੇ ਕੀਤੇ ਨਾ ਫੜੇ। ਉਹਨਾ ਜਾਨ ਨੂੰ ਪਿਆਰੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮੁਆਮਲੇ ਠੰਡੇ ਬਸਤੇ ਪਾਈ ਰੱਖੇ। ਇਹਨਾ ਦੋ ਵਰ੍ਹਿਆਂ 'ਚ ਨਾ ਆਮ ਆਦਮੀ ਪਾਰਟੀ ਵਾਲਿਆਂ ਲੋਕਾਂ ਦੇ ਮਸਲੇ ਉਭਾਰੇ ਨਾ ਉਹਨਾ ਲਈ ਕੋਈ ਜਨ-ਅੰਦੋਲਨ ਛੇੜਿਆ। ਕਾਂਗਰਸੀ ਹਾਕਮਾਂ ਕੀਤੇ ਵਾਅਦੇ ਭੁਲਾ ਦਿੱਤੇ। ਮਾੜਾ-ਮੋਟਾ, ਸਰਦਾ-ਪੁੱਜਦਾ ਕਿਸਾਨ ਕਰਜ਼ਾ ਊਠ ਦੇ ਸਿਰੋਂ ਚਾਨਣੀ ਲਾਹੁਣ ਵਾਂਗਰ ਅਦਾ ਕੀਤਾ ਪਰ ਉਹ ਤਾਂ ਇੱਕ ਲੱਖ ਕਰੋੜ ਦੇ ਕਰਜ਼ਾਈ ਹਨ। ਨਿੱਤ ਖੁਦਕੁਸ਼ੀਆਂ ਕਰ ਰਹੇ ਹਨ, ਉਹਨਾ ਦੀ ਕੋਈ ਸਾਰ ਨਹੀਂਲੈਂਦਾ। ਹਰ ਘਰ 'ਚ ਨੌਕਰੀ ਦਾ ਵਾਇਦਾ ਤਾਂ ਉਹਨਾ ਭੁਲਣਾ ਹੀ ਸੀ, ਨੌਜਵਾਨਾਂ ਨੂੰ ਲੈਪਟੋਪ ਦੇਣ, ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਚੁਪਤ-ਦਰੁਸਤ ਪ੍ਰਾਸਾਸ਼ਨ ਦੇਣ ਦਾ ਉਹਨਾ ਦਾ ਵਾਇਦਾ ਖੱਟੇ 'ਚ ਪੈ ਗਿਆ।
ਚੋਣਾਂ ਹੁਣ ਪੰਜਾਬ 'ਚ ਫਿਰ ਹੋਣਗੀਆਂ। ਕਾਂਗਰਸ ਸਾਰੀਆਂ ਸੀਟਾਂ ਤੇ ਚੋਣ ਲੜੇਗੀ। ਕਹਿੰਦੇ ਹਨ ਕਾਂਗਰਸੀ ਕਿ ਉਹ ਸਾਰੀਆਂ ਸੀਟਾਂ ਜਿੱਤਣਗੇ। ਕਾਂਗਰਸੀ ਨੇਤਾਵਾਂ 'ਚ ਲੋਕ ਸਭਾ ਚੋਣਾਂ ਲਈ ਉਮੀਦਵਾਰੀ ਦੀ ਟਿਕਟ ਲੈਣ ਦੀ ਦੌੜ ਲੱਗੀ ਹੋਈ ਹੈ। ਦੂਜੇ ਪਾਸੇ ਅਕਾਲੀ –ਬਾਜਪਾ ਵਾਲੇ ਰਲਕੇ ਚੋਣਾਂ ਲੜਨ ਦੀਆਂ ਗੱਲਾਂ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਸੀਟਾਂ ਉਤੇ ਅਕਾਲੀ ਦਲ (ਬਾਦਲ) ਅਤੇ ਤਿੰਨ ਸੀਟਾਂ ਉਤੇ ਭਾਜਪਾ ਵਾਲੇ ਚੋਣਾਂ ਲੜਨਗੇ। ਅਕਾਲੀ-ਭਾਜਪਾ ਵਾਲੇ ਕਾਂਗਰਸੀਆਂ ਦੀ ਦੋ ਸਾਲ ਦੀ ਕਾਰਗੁਜ਼ਾਰੀ ਉਤੇ ਪ੍ਰਸ਼ਨ ਚਿੰਨ ਲਗਾਉਂਦਿਆਂ ਕਹਿ ਰਹੇ ਹਨ ਕਿ ਉਹ ਸਾਰੀਆਂ ਤੇਰਾਂ ਦੀਆਂ ਤੇਰ੍ਹਾਂ ਸੀਟਾਂ ਜਿੱਤਣਗੇ ਕਿਉਂਕਿ ਕਾਂਗਰਸੀਆਂ ਦੀ ਸਰਕਾਰ ਨੇ ਤਾਂ ਦੋ ਸਾਲ ਦੇ ਸਮੇਂ 'ਚ ਨਾ ਲੋਕ ਭਲਾਈ ਦਾ ਕੋਈ ਕੰਮ ਕੀਤਾ ਹੈ, ਨਾ ਪੰਜਾਬ ਨਸ਼ਾ ਮੁਕਤ ਕੀਤਾ ਹੈ, ਨਾ ਕੋਈ ਚੱਜ-ਹਾਲ ਦਾ ਕੰਮ ਕੀਤਾ ਹੈ।
ਤੀਜੀ ਧਿਰ ਆਮ ਆਦਮੀ ਪਾਰਟੀ ਤੋਂ ਪਹਿਲਾਂ ਹੀ ਰਾਸ਼ਟਰੀ ਕੋਆਡੀਨੇਟਰ ਵਲੋਂ ਕੀਤੀ ਵਿਸ਼ਾਲ ਸਭਾ 'ਚ ਐਲਾਨ ਕਰ ਚੁੱਕੀ ਹੈ ਕਿ ਉਹ ਪੰਜਾਬ ਦੀਆਂ ਸਾਰੀਆਂ ਤੇਰਾਂ ਸੀਟਾਂ ਉਤੇ ਚੋਣ ਲੜੇਗੀ ਅਤੇ ਦਿੱਲੀ ਸਰਕਾਰ ਨੇ ਜੋ ਕਿ ਦਿੱਲੀ 'ਚ ਕੀਤੇ ਹਨ, ਉਹਦੀ ਉਦਾਹਰਨ ਦਿੰਦਿਆਂ ਉਹ ਪੰਜਾਬ 'ਚ ਚੋਣਾਂ ਜਿਤੇਗੀ। ਪਿਛਲੀ ਵੇਰ 2014 'ਚ ਆਮ ਆਦਮੀ ਪਾਰਟੀ ਨੇ 4 ਸੀਟਾਂ ਜਿੱਤੀਆਂ ਸਨ।
ਚੌਥੀ ਧਿਰ ਵਜੋਂ ਅਕਾਲੀ ਬਾਦਲਾਂ ਵਿਚੋਂ ਨਿਕਲੇ 'ਟਕਸਾਲੀ ਅਕਾਲੀ', ਬਹੁਜਨ ਸਮਾਜ ਪਾਰਟੀ ਸੁਖਪਾਲ ਖਹਿਰਾ ਦੀ ਅਗਵਾਈ ਵਾਲੀ 'ਪੰਜਾਬ ਏਕਤਾ ਪਾਰਟੀ 'ਅਤੇ ਲੁਧਿਆਣਾ ਵਾਲੇ ਬੈਂਸ ਭਰਾਵਾਂ ਦੀ ਪਾਰਟੀ ਇੱਕਠਿਆਂ ਚੋਣ ਲੜੇਗੀ। ਇਹਨਾ ਪਾਰਟੀਆਂ ਨੇ ਸੀਟਾਂ ਦੀ ਵੰਡ ਕਰ ਲਈ ਹੈ ਅਤੇ ਬਹੁਜਨ ਸਮਾਜ ਪਾਰਟੀ ਵਾਲਿਆਂ ਇਸ ਸ਼ਰਤ ਤੇ ਇਸ ਗੱਠਜੋੜ 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਕਿ ਇਹ ਗੱਠਜੋੜ "ਮਾਇਆਵਤੀ' ਨੂੰ ਪ੍ਰਧਾਨ ਮੰਤਰੀ ਵਜੋਂ ਉਮੀਦਵਾਰ ਬਨਣ 'ਤੇ ਹਿਮਾਇਤ ਦੇਣਗੇ।
ਪੰਜਵੀਂ ਧਿਰ ਬਰਗਾੜੀ ਮੋਰਚੇ ਵਾਲਿਆਂ ਦੀ ਬਣ ਬੈਠੀ ਹੈ। ਜਿਸਨੇ ਚਾਰ ਜਾਂ ਪੰਜ ਸੀਟਾਂ ਉਤੇ ਚੋਣ ਲੜਨੀ ਹੈ। ਲੋਕ ਹੈਰਾਨ ਹੋ ਰਹੇ ਹਨ ਕਿ ਧਾਰਮਿਕ ਮੁੱਦਿਆਂ ਉਤੇ ਲੜਾਈ ਲੜਨ ਵਾਲੇ ਕੁਰਸੀ ਯੁੱਧ 'ਚ ਆ ਵੜੇ ਹਨ। ਬਾਕੀ ਰਹਿੰਦੇ ਸਿਆਸੀ ਦਲ ਖੱਬੇ ਪੱਖੀ ਪਾਰਟੀਆਂ ਕਮਿਊਨਿਸਟ ਪਾਰਟੀ ਆਫ਼ ਇੰਡੀਆ, ਕਮਿਊਨਿਸਟ ਪਾਰਟੀ(ਮਾਰਕਸਵਾਦੀ) ਕਮਿਊਨਿਸਟ ਪਾਰਟੀ (ਮਾਰਕਸੀ ਲੈਨਿਨੀ) ਅਤੇ ਹੋਰ ਧਿਰਾਂ ਵੀ ਮੱਘਦੇ ਚੋਣ ਮੈਦਾਨ 'ਚ ਹਿੱਸਾ ਲੈਣਗੀਆਂ।
ਇਸ ਸਿਆਸੀ ਲੜਾਈ 'ਚ ਕਾਂਗਰਸ ਦੀਆਂ ਵਿਰੋਧੀ ਧਿਰਾਂ 'ਚ ਮੁੱਦਿਆਂ ਅਧਾਰਤ ਕੋਈ ਏਕਾ ਨਹੀਂ ਹੈ ਅਤੇ ਨਾ ਹੀ ਪੰਜਾਬ ਦੇ ਮੁੱਦਿਆਂ-ਸਮੱਸਿਆਵਾਂ-ਮਸਲਿਆਂ ਪ੍ਰਤੀ ਆਪਸੀ ਇਕਮੁੱਠਤਾ ਹੈ। ਵਿਰੋਧੀ ਧਿਰ ਇੱਕ ਦੂਜੇ ਦੀਆਂ ਟੰਗਾਂ ਖਿੱਚ ਰਹੇ ਹਨ ਅਤੇ ਇਸ ਵੇਲੇ ਪੰਜਾਬ ਦੀ ਸਥਿਤੀ ਇਹ ਹੈ ਕਿ ਕੋਈ ਵੀ ਸਿਆਸੀ ਪਾਰਟੀ ਲੋਕਾਂ ਦੀ ਸਾਰ ਨਹੀਂ ਲੈ ਰਹੀ, ਸਗੋਂ ਵੋਟਰਾਂ ਦੀਆਂ ਵੋਟਾਂ ਹਥਿਆਉਣ ਲਈ ਹਰ ਹੱਥਕੰਡਾ ਅਪਨਾ ਰਹੀ ਹੈ।
ਹਰ ਧਿਰ ਨੇ ਵੱਡੇ ਇੱਕਠ ਕਰਨੇ ਹਨ। ਹਰ ਧਿਰ ਨੇ ਅੰਤਾਂ ਦਾ ਪੈਸਾ ਵੋਟਾਂ ਉਤੇ ਖਰਚਣਾ ਹੈ। ਵੋਟਾਂ ਦੀ ਖਰੀਦੋ-ਫਰੋਖਤ ਵੀ ਹੋਣੀ ਹੈ। ਦੂਸ਼ਣਬਾਜੀ ਦਾ ਦੌਰ ਵੀ ਚੱਲਣਾ ਹੈ ਪਰ ਇਸ ਦੂਸ਼ਣ ਬਾਜੀ ਵਿੱਚ ਮਾਰੂਥਲ ਬਨਣ ਜਾ ਰਹੇ ਪੰਜਾਬ ਦੀ ਗੱਲ ਕਿਸੇ ਨਹੀਂ ਕਰਨੀ? ਪੰਜਾਬ ਦੀ ਆਰਥਿਕਤਾ ਨੂੰ ਲੱਗੀ ਜਾਂ ਲਗਾਈ ਜਾ ਰਹੀ ਢਾਅ ਬਾਰੇ ਕਿਸੇ ਨਹੀਂ ਬੋਲਣਾ? ਪੰਜਾਬ ਸਿਰ ਚੜ੍ਹੇ ਕਰਜ਼ੇ ਦਾ ਵੇਰਵਾ ਕੌਣ ਦੇਊ? ਪੰਜਾਬੀ ਦੀਅ ਮਾਂ ਬੋਲੀ ਨੂੰ ਮਾਰੇ ਜਾਣ ਦੇ ਪਰਖੱਚੇ ਕੌਣ ਉਧੇੜੂ? ਪੰਜਾਬ ਦੇ ਸਭਿਆਚਾਰਕ ਵਿਰਸੇ ਨੂੰ ਖਤਮ ਕਰਨ ਦੀ ਬਾਤ ਕਰਨ ਦੀ ਵਿਹਲ ਕੌਣ ਕੱਢੂ? ਪੰਜਾਬ ਦੀ ਕਿਸਾਨੀ ਦੇ ਮੰਦੇ ਹਾਲ, ਪੰਜਾਬ ਦੇ ਘਰ ਘਰ 'ਚ ਘਰ ਕਰ ਚੁੱਕੇ ਨਸ਼ੇ ਲਿਆਉਣ ਵਾਲੇ ਦੋਸ਼ੀਆਂ ਨੂੰ, ਨੰਗਾ ਕੌਣ ਕਰੂੰ?
ਕਿਉਂਕਿ ਪੰਜਾਬ ਦੀ ਫਿਕਰ ਕਿਸੇ ਨੂੰ ਨਹੀਂ ਹੈ? ਪੰਜਾਬ ਦੇ ਲੋਕਾਂ ਦੀ ਸਾਰ ਲੈਣ ਵਾਲਾ ਕੌਣ ਹੈ? ਪੰਜਾਬ ਦੇ ਲੋਕਾਂ ਦੇ ਦਰਦ ਦਾ ਭਾਈਵਾਲ ਬਨਣ ਵਾਲਾ ਕੌਣ ਹੈ? ਪੰਜਾਬ ਦੇ ਜ਼ਖ਼ਮਾਂ 'ਤੇ ਫੈਹੇ, ਕੌਣ ਧਰੇਗਾ?
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.