ਖ਼ਬਰ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਵਜੋਂ ਅਸਤੀਫਾ ਦੇ ਚੁੱਕੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਉਹ ਵਿਧਾਇਕ ਵਜੋਂ ਦਿੱਤਾ ਗਿਆ ਅਸਤੀਫਾ ਵਾਪਿਸ ਨਹੀਂ ਲੈਣਗੇ ਪਰ 12 ਫਰਵਰੀ ਤੋਂ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਸਮਾਗਮ 'ਚ ਹਿੱਸਾ ਲੈਣਗੇ। ਉਹਨਾ ਕਿਹਾ ਕਿ ਉਹ ਬਰਗਾੜੀ ਕਾਂਡ ਤੇ ਸੂਬਾ ਸਰਕਾਰ ਨੂੰ ਸਵਾਲ ਕਰਨਗੇ ਅਤੇ 1986 ਵਿੱਚ ਨਕੋਦਰ 'ਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਘਟਨਾ ਵਿਰੁੱਧ ਰੋਸ ਪ੍ਰਗਟਾਉਂਦੇ ਸਿੱਖਾਂ 'ਤੇ ਗੋਲੀ ਚਲਾਉਣ ਕਾਰਨ ਹੋਈਆਂ ਚਾਰ ਮੌਤਾਂ ਦਾ ਮਾਮਲਾ ਵੀ ਚੁਕਣਗੇ। ਉਹਨਾ ਇਹ ਵੀ ਕਿਹਾ ਕਿ ਬਾਦਲਾਂ ਦਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਤੋਂ ਗਲਬਾ ਖਤਮ ਕਰਵਾਉਣਾ ਚਾਹੁੰਦੇ ਹਨ ਅਤੇ ਉਹ ਭਾਜਪਾ ਜਾ ਕਿਸੇ ਹੋਰ ਸਿਆਸੀ ਧਿਰ ਵਿੱਚ ਸ਼ਾਮਲ ਨਹੀਂ ਹੋਣਗੇ।
ਲਉ ਜੀ, ਆ ਗਈਆਂ ਚੋਣਾਂ। ਲਉ ਜੀ, ਨੇਤਾ ਲੋਕ ਬਨਣ ਲੱਗ ਪਏ ਨੇ ਵੱਡੇ ਨੇਤਾਵਾਂ ਤੇ ਸਿਆਸੀ ਪਾਰਟੀਆਂ ਦੀਆਂ ਬੱਸ ਦੀਆਂ ਸਵਾਰੀਆਂ। ਲਉ ਜੀ, ਜਿਹੜਾ ਵੀ ਉੱਠਦਾ ਕੋਈ ਨਾ ਕੋਈ ਨਵਾਂ ਮਸਲਾ ਚੁੱਕਦਾ, ਪਿਛਲੇ ਕਈ ਸਾਲ ਪਤਾ ਨਹੀਂ ਕਿਹੜੀਆਂ ਕੁੰਦਰਾਂ 'ਚ ਲੁੱਕਿਆ ਰਿਹਾ। ਕਿਧਰੇ ਗੱਠਜੋੜ ਬਣ ਰਿਹਾ, ਕਿਧਰੇ ਮਹਾਂਗੱਠਜੋੜ, ਕਿਧਰੇ ਮਿਲਾਵਟੀ ਗੱਠਜੋੜ। ਲਉ ਜੀ, ਹਰੇਕ ਪਾਰਟੀ ਕੋਲ ਉਮੀਦਵਾਰਾਂ ਦੀ ਝੜੀ ਲੱਗ ਰਹੀ ਆ, ਕਵੀ ਦੀ ਕਹੀ ਗੱਲ "ਹਾਈਕਮਾਂਡ ਦੀ ਚੱਕਰੀ ਘੁੰਮ ਗਈ ਏ, ਕੈਂਡੀਡੇਟਾਂ ਦੀ ਫਿਰੇ ਪਈ ਹੇੜ ਮੀਆਂ" ਸੱਚ ਹੁੰਦੀ ਜਾਪਦੀ ਆ। ਲਉ ਜੀ, ਕਿਧਰੇ ਗੈਸਾਂ ਸਸਤੀਆਂ ਹੋ ਰਹੀਆਂ, ਕਿਧਰੇ ਬੱਸਾਂ ਦੇ ਕਿਰਾਏ ਘੱਟ ਰਹੇ ਆ। ਕਿਧਰੇ ਨਕਦੋ-ਨਕਦੀ ਦੇਕੇ ਕਿਸਾਨਾਂ ਨੂੰ ਟਾਫੀਆਂ ਦੇਕੇ ਪਰਚਾਇਆ ਜਾ ਰਿਹਾ ਆ ਅਤੇ ਕਿਧਰੇ ਆਹ ਆਪਣੇ ਫੂਲਕਾ ਜੀ, ਇਨਾਮ-ਸਨਮਾਨ ਲੈ ਕੇ ਕੇਦਰੋਂ, ਅਗਲੀ ਉਪਰਲੀ ਸੀਟ ਲੱਭਣ ਦੇ ਆਹਾਰ 'ਚ "ਪੰਜਾਬ ਏਕਤਾ ਪਾਰਟੀ" ਨਾਲ ਸੌਦੇ ਕਰ ਰਹੇ ਆ ਤੇ ਕਿਧਰੇ "ਪੀਲਿਆਂ" ਨਾਲ ਸਾਂਝਾਂ ਪਾਕੇ "ਮੋਦੀ ਦੀ ਗੋਦੀ" ਬਹਿਣ ਦਾ ਚੱਕਰ ਚਲਾ ਰਹੇ ਆ। ਜਾਪਦਾ ਆ, ਸਾਰੀ ਅਕਲ ਹੁਣ ਇਹਨਾ ਨੇਤਾਵਾਂ ਨੂੰ ਆ ਗਈ ਆ, ਜਿਹੜੇ ਆਪਣੀਆਂ "ਪ੍ਰਾਪਤੀਆਂ" ਦੇ ਪੁੱਲ ਬੰਨ੍ਹ ਰਹੇ ਆ ਉਪਰਲਿਆਂ ਕੋਲ ਅਤੇ ਆਪਣੀ ਅਕਲ ਦਾ ਸਬੂਤ ਪੇਸ਼ ਕਰ ਰਹੇ ਆ। ਲੋਕਾਂ ਦੇ ਦਰਦ ਕੀ ਨੇ? ਲੋਕਾਂ ਦੀਆਂ ਮੁਸੀਬਤਾਂ ਕੀ ਨੇ, ਉਹ ਕੀ ਜਾਨਣ! ਪਰ ਵੇਖੋ ਨਾ ਜੀ ਦੇਸ਼ ਦੇ ਸਾੜਸਤੀ ਦੇ ਮੌਸਮ ਵਿੱਚ ਤਾਂ ਲੋਕਾਂ ਦੀ ਸੋਚ ਮੁਤਾਬਕ, "ਸਾਨੂੰ ਕੌਮ ਲਈ ਚਾਹੀਦਾ ਇੱਕ ਨੇਤਾ, ਜੀਹਦੀ ਅਕਲ ਦੀ ਉੱਗੀ ਨਾ ਦਾੜ੍ਹ ਹੋਵੇ" ਵਾਲੇ ਨੇਤਾ ਚਾਹੀਦੇ ਆ। ਪਰ ਇਥੇ ਤਾਂ ਨੇਤਾਵਾਂ ਦੇ ਇੱਕ ਇੱਕ ਨਹੀਂ ਕਈ ਕਈ ਅਕਲ ਦੀਆਂ ਦਾੜਾਂ ਉੱਗੀਆਂ ਹੋਈਆਂ ਨੇ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ ਵਿੱਚ ਹਰ ਦਸ ਮਿੰਟ ਬਾਅਦ ਤਿੰਨ ਲੋਕ ਆਪਣੀ ਜਾਨ ਸੜਕ ਹਾਦਸਿਆਂ 'ਚ ਗੁਆ ਬੈਠਦੇ ਹਨ। ਸਾਲ 2016 ਵਿੱਚ 1,50,785 ਅਤੇ ਸਾਲ 2017 ਵਿੱਚ 1,47,913 ਸੜਕ ਹਾਦਸੇ ਹੋਏ।
ਇੱਕ ਵਿਚਾਰ
ਮੈਂ ਚਾਹੁੰਦੀ ਹਾਂ ਕਿ ਔਰਤਾਂ ਖ਼ੁਦ 'ਤੇ ਰਾਜ ਕਰਨ, ਨਾ ਕਿ ਮਰਦਾਂ 'ਤੇ...............ਮੈਰੀ ਬੈਲਸਟੋਨਕਰਾਪਟ
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.