ਖ਼ਬਰ ਹੈ ਕਿ ਸੰਸਦ ਦੇ ਬਜ਼ਟ ਇਜਲਾਸ 'ਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਬਿਗਲ ਵਜਾਉਂਦਿਆਂ ਸੱਤਾ ਧਿਰ ਅਤੇ ਵਿਰੋਧੀ ਧਿਰ ਨੇ ਇੱਕ ਦੂਜੇ ਤੇ ਖ਼ੂਬ ਸ਼ਬਦੀ ਹਮਲੇ ਕਰਦਿਆਂ ਖੁਦ ਨੂੰ ਬਿਹਤਰੀਨ ਸਾਬਤ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ। ਨਰੇਂਦਰ ਮੋਦੀ ਨੇ ਕਾਂਗਰਸ ਦੇ 55 ਸਾਲ ਬਨਾਮ ਭਾਜਪਾ ਦੇ 55 ਮਹੀਨਿਆਂ ਦੀਆਂ ਪ੍ਰਾਪਤੀਆਂ ਦੀ ਚਰਚਾ ਕੀਤੀ ਅਤੇ ਵਿਰੋਧੀਆਂ ਦੇ ਮਹਾਂਗੱਠਜੋੜ ਨੂੰ ਮਹਾਂਮਿਲਾਵਟ ਦੱਸਿਆ। ਕਾਂਗਰਸ ਨੇ ਪ੍ਰਧਾਨਮੰਤਰੀ ਉਤੇ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਨੋਟਬੰਦੀ ਅਤੇ ਰਾਫੇਲ ਸੌਦੇ ਨੂੰ ਲੈ ਕੇ ਗੋਲਾਬਾਰੀ ਕੀਤੀ। ਜਿਥੇ ਰਾਹੁਲ ਗਾਂਧੀ ਨੇ ਮੋਦੀ ਨੂੰ "ਚੌਕੀਦਾਰ ਚੋਰ ਹੈ" ਕਿਹਾ, ਉਥੇ ਮੋਦੀ ਨੇ ਉਲਟਾ ਚੋਰ ਕੋਤਵਾਲ ਨੂੰ ਡਾਂਟੇ" ਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ।
ਦੇਸ਼ ਦੇ ਲੁਟੇਰੇ ਕੌਣ? ਸਿਆਸਤਦਾਨ! ਦੇਸ਼ ਦੇ ਚੋਰ ਕੌਣ? ਸਿਆਸਤਦਾਨ। ਦੇਸ਼ ਦੇ ਭ੍ਰਿਸ਼ਟਾਚਾਰੀ ਕੌਣ? ਸਿਆਸਤਦਾਨ। ਦੇਸ਼ ਦੇ ਹਿਟਲਰ ਕੌਣ? ਸਿਆਸਤਦਾਨ। ਇਹ ਮੈਂ ਨਹੀਂ ਕਹਿੰਦਾ, ਪਾਰਲੀਮੈਂਟ 'ਚ ਦਿੱਤੇ ਜਾਣ ਵਾਲੇ ਭਾਸ਼ਨਾਂ ਦੀ ਤਫਸੀਲ ਹੈ। ਪਾਰਲੀਮੈਂਟ 'ਚ ਮੋਦੀ ਦਾ ਜਿੰਨ "ਰਾਫੇਲ" ਗੂੰਜਿਆ। ਕਾਂਗਰਸ ਦਾ ਜਿੰਨ "ਰਾਬਰਟ ਬਾਡਰਾ" ਪ੍ਰਗਟ ਹੋਇਆ। ਪਾਰਲੀਮੈਂਟ 'ਚ ਮਾਇਆ ਦੀਆਂ "ਮੂਰਤੀਆਂ" ਗੂੰਜੀਆਂ। ਲਾਲੂ ਦਾ ਚਾਰਾ, ਸੁਖ ਰਾਮ ਦਾ "ਟੈਲੀਕਾਮ", ਨੋਟਬੰਦੀ ਵਾਲੀ "ਚੁੜੇਲ", ਕਲਕੱਤੇ ਵਾਲੀ ਮਾਈ ਦਾ ਚਿੱਟ ਫੰਡ, ਮੋਦੀ ਦਾ ਜੀ.ਐਸ.ਟੀ ਅਤੇ "ਹਵਾਲੇ" ਦਾ ਕਮਾਲ ਵੇਖਣ ਨੂੰ ਮਿਲਿਆ। ਕੌਣ ਕਿਥੋਂ ਅਤੇ ਕੀ ਛੱਕ ਗਿਆ, ਕਿੰਨਾ ਛੱਕ ਗਿਆ, ਇਹਦੇ ਪੋਤੜੇ ਫੋਲੇ ਗਏ। ਕੀਹਨੇ, ਕਿੰਨੀ ਜਾਇਦਾਦ ਹੜੱਪੀ, ਬੇਨਾਮੀ ਜਾਇਦਾਦ ਬਣਾਈ ਇਹਦਾ ਕੱਚਾ ਚਿੱਠਾ ਪਾਰਲੀਮੈਂਟ ਦੀਆਂ ਕੰਧਾਂ ਨੇ ਵੀ ਸੁਣਿਆ ਤੇ ਇਹਦੀ ਕੰਨਸੋ "ਰਤਾ-ਰਤਾ" ਬਾਹਰ ਵੀ ਸੁਣੀ-ਵੇਖੀ ਗਈ। "ਜਿਹੜੇ ਦੇਸ਼ ਲੁੱਟ ਰਹੇ ਹਨ, ਗਰੀਬਾਂ ਦਾ ਪੈਸਾ ਲੁੱਟ ਰਹੇ ਹਨ, ਉਹਨਾ ਨੂੰ ਡਰਾਉਣਾ ਹੀ ਪਵੇਗਾ, ਕੋਈ ਨਹੀਂ ਬਚੇਗਾ" ਵਾਲਾ ਭਾਸ਼ਣ ਸੁਣਕੇ ਇੱਕ ਬਰੀਕ ਜਿਹੀ ਆਵਾਜ਼ ਆਈ, ਇਹਨਾ 'ਚੋਂ ਜਿਹੜਾ "ਮੋਦੀ" ਵੱਲ ਹੋ ਜਾਏਗਾ, ਉਹਨੂੰ "ਵਸ਼ਿਸ਼ਟ" ਐਵਾਰਡ ਮਿਲੇਗਾ।
ਅਸਲ 'ਚ ਭੈਣੋ ਔਰ ਭਾਈਓ, ਇਹਨਾ ਸਿਆਸਤਦਾਨਾਂ ਨੂੰ, ਕੰਮ ਕੋਈ ਨਾ! ਅਸਲ 'ਚ ਭੈਣੋ ਔਰ ਭਾਈਓ, ਇਹ ਸਿਆਸਤਦਾਨ ਤਾਂ ਹਮਾਮ 'ਚ ਸਾਰੇ ਹੀ ਨੰਗੇ ਆ। ਅਸਲ 'ਚ ਭੈਣੋ ਔਰ ਭਾਈਓ, ਇਹ ਸਿਆਸਤਦਾਨ ਅਖਾੜੇ 'ਚ ਗੱਜਦੇ ਹਨ, ਇੱਕ ਦੂਜੇ ਪਿੱਛੇ ਭੱਜਦੇ ਹਨ ਅਤੇ ਰਾਤਾਂ ਨੂੰ ਇੱਕਠਿਆਂ 'ਡਿਨਰ' ਕਰਦੇ ਹਨ, ਮਹਿਫਲਾਂ ਸਜਾਉਂਦੇ ਆ ਅਤੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ। ਤੇ ਇਹਨਾ ਸਿਆਸਤਦਾਨਾਂ ਬਾਰੇ ਭੈਣੋ ਔਰ ਭਾਈਓ ਕਿਸੇ ਕਵੀ ਨੇ ਸੱਚ ਹੀ ਲਿਖਿਆ ਹੈ, "ਜੀਹਨੂੰ ਸਾਥੀਓ ਕੋਈ ਨਾ ਕੰਮ ਹੁੰਦਾ, ਉਹਦਾ ਸਿੰਗ ਫਸਾਉਣ ਨੂੰ ਜੀਅ ਕਰਦਾ"। ਪਰ ਇਹ ਗੱਲ ਕਿਸੇ ਕਿਸੇ ਨੂੰ ਹੀ ਪਤਾ ਹੈ ਕਿ ਇਹ ਸਿੰਗ ਫਸਾਉਂਦੇ ਆ ਤੇ ਫਿਰ ਸਫਾਈ ਨਾਲ ਕੱਢ ਵੀ ਲੈਂਦੇ ਆ।
-
ਗੁਰਮੀਤ ਪਲਾਹੀ, ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.