ਪਿਛਲੇ ਹਫ਼ਤੇ ਪਾਕਿਸਤਾਨ ਦੇ ਸ਼ਹਿਰ ਲਾਹੌਰ ਚ ਸਾਂ। ਵਿਸ਼ਵ ਅਮਨ ਤੇ ਪੰਜਾਬੀ ਦੇ ਹਵਾਲੇ ਨਾਲ ਫ਼ਖ਼ਰ ਜ਼ਮਾਂ ਸਾਹਿਬ ਦੀ ਅਗਵਾਈ ਹੇਠ ਪਾਕ ਹੈਰੀਟੇਜ ਹੋਟਲ ਚ ਤਿੰਨ ਰੋਜ਼ਾ ਕਾਨਫਰੰਸ ਸੀ।
ਪਹਿਲੀ ਫਰਵਰੀ ਤੋਂ ਤਿੰਨ ਫਰਵਰੀ ਤੀਕ ਬੜੇ ਸੁਹਿਰਦ ਤੇ ਸਿਰਜਣਸ਼ੀਲ ਸੱਜਣਾਂ ਨਾਲ ਮੁਲਾਕਾਤਾਂ ਹੋਈਆਂ।
ਪਿਆਰੇ ਵੀਰ ਰਾਏ ਅਜ਼ੀਜ਼ਉਲਾ ਖਾਨ, ਨਾਵਲਕਾਰ ਅਬਦਾਲ ਬੇਲਾ, ਡਾ: ਸੁਗਰਾ ਸਦਫ਼, ਤਾਹਿਰਾ ਸਰਾ, ਸਰਵੱਤ ਮੁਹੀਉਦੀਨ, ਬੁਸ਼ਰਾ ਅਜ਼ੀਂ,ਬਾਬਾ ਨਜਮੀ, ਅਫ਼ਜ਼ਲ ਸਾਹਿਰ,ਸਾਂਝ ਪ੍ਰਕਾਸ਼ਨ ਵਾਲੇ ਅਮਜਦ ਸਲੀਮ ਮਿਨਹਾਸ, ਸਾਬਰ ਅਲੀ ਸਾਬਰ,ਡਾ: ਸੱਯਦ ਭੁੱਟਾ, ਐਜ਼ਾਦ਼ ਅਨਵਰ,ਏਜਾਜ ਚੌਧਰੀ , ਗ਼ਜ਼ਾਲਾ ਨਿਜ਼ਾਮਦੀਨ,ਪੰਨਾ ਤੇ ਕਿੰਨੇ ਹੋਰ।
ਪਰ ਸੁਗਰਾ ਸਦਫ ਵੱਲੋਂ ਸਜਾਈ ਪਿਲਾਕ ਵਿੱਚ ਸੁਰਾਂ ਦੀ ਮਹਿਫ਼ਲ ਵਿੱਚ ਗੁਜ਼ਾਰੀ ਦੋ ਫਰਵਰੀ ਦੀ ਸ਼ਾਮ ਕਮਾਲ ਸੀ। ਨੂਰ ਜਹਾਂ ਦੀ ਸੁਰੀਲੀ ਭਤੀਜੀ ਅਜ਼ਰਾ ਜਹਾਂ ਵੇਖਣ ਸਾਰ ਤਾਂ ਲੱਗਿਆ ਕਿ ਇਹ ਭਾਰੀ ਭਰਕਮ ਔਰਤ ਕੀਹ ਗਾਵੇਗੀ ਪਰ ਜਦ ਪਹਿਲਾ ਹੀ ਅਲਾਪ ਲਿਆ ਤਾਂ ਲੱਗਿਆ ਹਨ੍ਹੇਰੀ ਰਾਤ ਵਿੱਚ ਸੁਰਖ਼ ਸੂਹੀ ਲਾਟ ਅੰਬਰਾਂ ਨੂੰ ਜਾ ਛੋਹੀ ਹੈ। ਕਈ ਫ਼ਿਲਮਾਂ ਚ ਗਾ ਚੁਕੀ ਹੈ ਇਹ ਵੀ।
ਸੁਰ ਨੂੰ ਪੌੜੀ ਵਾਂਗ ਖੜ੍ਹੇ ਰੁਖ਼ ਲਾਉਣਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਹੁੰਦੀ। ਦਸ ਬਾਰਾਂ ਮਿੱਠੇ ਗੀਤਾਂ ਨਾਲ ਉਸ ਰੂਹ ਨਸ਼ਿਆ ਦਿੱਤੀ।
ਇਥੇ ਹੀ ਮਲਕੂ ਨੂੰ ਸੁਣਿਆ। ਬੁਲੰਦ ਤੇ ਨਖ਼ਰੀਲੀ ਆਵਾਜ਼ ਦਾ ਸਾਈਂ।
ਇੱਕ ਹੋਰ ਮੁਟਿਆਰ ਸਾਇਰਾ ਤਾਇਰ ਨੇ ਬਿਨ ਸਾਜ਼ਾਂ ਤੋਂ ਕੁਝ ਸੁਰੀਲੇ ਬੋਲ ਅਲਾਏ। ਕਮਾਲ ਸੀ। ਪੁੱਜ ਕੇ ਸੁਰੀਲੀ ਰੇਸ਼ਮੀ ਆਵਾਜ਼। ਭਵਿੱਖ ਦੀ ਰੌਸ਼ਨ ਆਸ ਜਹੀ
ਲੱਗਿਆ ਕਿ ਸ਼ੋਰ ਤੇ ਸੰਗੀਤ ਵਿਚਕਾਰ ਬਾਰੀਕ ਲਕੀਰ ਕਿਹੜੀ ਹੈ। ਤਬਲਾ ਵਾਦਕ ਦੀਆਂ ਥਾਪਾਂ ਹੁਣ ਵੀ ਚੇਤੇ ਆ ਰਹੀਆਂ ਨੇ। ਲੱਗਦਾ ਸੀ ਤਬਲਾ ਵੀ ਗਾ ਤੇ ਨੱਚ ਰਿਹਾ ਹੈ।
ਮਨ ਚ ਉਦਾਸੀ ਸੀ ਕਿ ਮੇਰੇ ਵਤਨ ਚ ਸੰਗੀਤ ਦੇ ਨਾਮ ਤੇ ਸ਼ੋਰ ਹੀ ਸ਼ੋਰ ਪਰੋਸਿਆ ਜਾ ਰਿਹਾ ਹੈ। ਸੰਗੇ ਸੁਰਵੰਤੇ ਪੁੱਤਰ ਧੀਆਂ ਉਦਾਸ ਹੋ ਰਹੇ ਨੇ। ਕਿਵੇਂ ਬਚੇਗਾ ਰਬਾਬੀ ਪੰਜਾਬ। ਸ਼ਰਾਬੀ ਕਬਾਬੀ ਪੰਜਾਬ ਅੰਦਰਲੇ ਸ਼ੋਰ ਤੋਂ ਉੱਚੀ ਆਵਾਜ਼ ਨੂੰ ਪਸੰਦ ਕਰਨ ਲੱਗ ਪਿਆ ਹੈ। ਬੁਰੇ ਦਿਨਾਂ ਦੀ ਨਿਸ਼ਾਨੀ।
ਪਰ ਕੁਝ ਕੁ ਨੌਜਵਾਨ ਅੱਜ ਵੀ ਸੁਰ ਸ਼ਬਦ ਸਾਧਨਾਂ ਸਹਾਰੇ ਸਾਜ਼ ਸੁਰ ਕਰ ਰਹੇ ਨੇ। ਜੀਵੇ ਪੰਜਾਬ ਵਾਲੇ ਨੌਜਵਾਨਾਂ ਦਾ ਕਾਫ਼ਲਾ ਲੁਧਿਆਣੇ ਸਰਗਰਮ ਹੋਇਆ ਹੈ। ਸੁਰੀਲੇ ਕੰਠ ਉਦਾਸ ਨਾ ਹੋਣ, ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਧਿਰ ਬਣੀਏ।
ਪਟਿਆਲਾ ਚ ਪੰਜਾਬੀ ਯੂਨੀਵਰਸਿਟੀ ਵਿੱਚ ਵਿਜੈ ਯਮਲਾਜੱਟ ਨੇ ਸੋਹਣਾ ਮਾਹੌਲ ਸਿਰਜਿਆ ਹੈ। ਪੰਮੀ ਬਾਈ ਦੇ ਲਾਏ ਬੂਟੇ ਨੂੰ ਆਸਾਂ ਦਾ ਸੋਹਣਾ ਬੂਰ ਪਿਆ ਹੈ।
ਉਹ ਸਾਰੇ ਸਾਜ਼ ਕਮਾਲ ਦੀ ਮੁਹਾਰਤ ਨਾਲ ਵਜਾ ਲੈਂਦਾ ਹੈ। ਉਸ ਨਾਲ ਤੁਰਦੇ ਕਾਫ਼ਲੇ ਵਿੱਚ ਸਭ ਕਲਾਵੰਤ ਨੌਜਵਾਨ ਹਨ। ਕੋਈ ਅਲਗੋਜ਼ੇ ਵਜਾਉਂਦਾ ਹੈ, ਕੋਈ ਸਾਰੰਗੀ, ਕੋਈ ਤੂੰਬੀ ਟੁਣਕਾਰਦਾ ਹੈ ਕੋਈ ਢੱਡ ਵਜਾਉਂਦੈ। ਵੰਝਲੀ ਵਜਾਉਂਦੇ ਹਨ ਕੁਝ ਗੱਭਰੂ। ਸੁਰਾਂ ਦਾ ਮੇਲਾ ਲਾਉਂਦੀ ਭਾਗਾਂ ਵਾਲੀ ਧਰਤੀ।
ਨਿੱਕੇ ਨਿੱਕੇ ਸੂਰਜਾਂ ਦੀ ਕਿਆਰੀ ਦਾ ਮਾਲੀ ਲਾਲ ਚੰਦ ਯਮਲਾ ਜੱਟ ਦਾ ਪੋਤਰਾ ਵਿਜੈ। ਮੱਥਾ ਚੁੰਮਣ ਨੂੰ ਜੀਅ ਕਰਦੈ, ਨਿਰੰਤਰ ਕਰਮਸ਼ੀਲ ਪੁੱਤਰ ਦਾ।
ਖਾਲਸਾ ਕਾਲਿਜ ਪਟਿਆਲਾ ਚ ਡਾ: ਧਰਮਿੰਦਰ ਸਿੰਘ ਉੱਭਾ ਇਹੋ ਜਰੇ ਸੁਰੀਲੇ ਪੁੱਤਰ ਸੰਭਾਲ ਰਿਹੈ। ਰੀਕਾਰਡ ਕਰ ਰਿਹੈ।
ਮੇਰੇ ਬੇਲੀ ਹਰਦੇਵ ਸਰਪੰਚ ਦਾ ਪੁੱਤਰ ਨਵਜੋਤ ਸਿੰਘ ਜਰਗ ਲੋਕ ਸੰਗੀਤ ਆਰਕੈਸਟਰਾ ਚ ਲੋਕ ਸਾਜ਼ਾਂ ਦੀ ਸਿਖਲਾਈ ਕਾਲਜਾਂ ਸਕੂਲਾਂ ਚ ਵੰਡ ਰਿਹੈ।
ਪੁਆਧੀ ਅਖਾੜੇ ਦੀਆਂ ਤਰਜਾਂ ਤੇ ਅੰਦਾਜ਼ ਸਮਰ ਸਿੰਘ ਸੰਮੀ ਤੇ ਚਰਨ ਸਿੰਘ ਘਰ ਘਰ ਪਹੁੰਚਾ ਰਹੇ ਨੇ।
ਜਾਗੋ ਗਰੁੱਪ ਵਾਲਾ ਜ਼ੋਰਾਵਰ ਸਿੰਘ ਨੂਰ ਲੋਕ ਮੁਹਾਂਦਰੇ ਵਾਲੀਆਂ ਬੀਬੀਆਂ ਭੈਣਾਂ ਦੀਆ਼ ਤਰਜਾਂ ਵਾਲਾ ਗਿੱਧਾ ਤੇ ਗੀਤ ਬੋਲੀਆਂ ਸ਼ਿੰਗਾਰ ਰਿਹੈ। ਉਸ ਦੀਆਂ ਤਰਜ਼ਾਂ ਚੋਂ ਇੱਕ ਤਰਜ਼ ਤਾਂ ਇੱਕ ਨਾਮਵਰ ਗਾਇਕ ਨੇ ਬਿਨ ਪੁੱਛੇ ਚੁਰਾ ਕੇ ਆਪਣੀ ਧਾਂਕ ਵੀ ਜਮਾ ਲਈ ਹੈ।
ਪਰ ਮੌਲਿਕ ਪੰਜਾਬੀ ਤਰਜ਼ਾਂ ਹੇਕਾਂ, ਸੱਦਾਂ ਦਾ ਖਿੱਲਰਿਆ ਖ਼ਜ਼ਾਨਾ ਸੰਭਾਲਣਾ ਜਿੰਨ੍ਹਾਂ ਦਾ ਕਾਰਜ ਸੀ, ਉਹ ਕੀ ਕਰ ਰਹੇ ਨੇ। ਸਿਰਫ਼ ਇੱਕ ਦੂਜੇ ਦੀ ਕੰਡ ਖੁਰਕ ਰਹੇ ਨੇ।
ਪੀ ਟੀ ਸੀ ਵੱਲੋਂ ਰਾਬਿੰਦਰ ਨਾਰਇਣ ਨੇ ਫੋਕ ਸਟੁਡੀਉ ਦਾ ਆਰੰਭ ਕੀਤੈ। ਕੁਝ ਆਸ ਬੱਝਦੀ ਪ੍ਰਤੀਤ ਹੁੰਦੀ ਹੈ।
ਨਿੱਕੇ ਨਿੱਕੇ ਸੂਰਜਾਂ ਦੀ ਕਿਆਰੀ ਨੂੰ ਜਾਣੋ, ਮਾਣੋ ਤੇ ਪਿਆਰ ਦੁਲਾਰ ਦਿਉ, ਇਸੇ ਨਾਲ ਹੀ ਅਸੀਂ ਪੰਜਾਬੀ ਧਰਤੀਦੀ ਮਾਣ ਮਰਿਆਦਾ ਨੂੰ ਕਾਇਮ ਰੱਖ ਸਕਾਂਗੇ।
ਗੁਰਭਜਨ ਗਿੱਲ
11.2.2018
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.