ਪੰਜਾਬ ਅੰਦਰ ਕਾਂਗਰਸ ਸਰਕਾਰ ਅਤੇ ਇਸ ਨੂੰ ਚਲਾ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਅਤੇ ਕਾਰਜਸ਼ੈਲੀ ਤੇ ਵਿਰੋਧੀ ਧਿਰਾਂ ਦੇ ਨਾਲ-ਨਾਲ ਕਾਂਗਰਸ ਪਾਰਟੀ ਦੇ ਉੱਘੇ ਆਗੂ ਅਤੇ ਵਿਧਾਨਕਾਰ ਤੇਜ਼ ਧਾਰ ਤਿੱਖੀਆਂ ਸੁਰਾਂ ਅਲਾਪਦੇ ਉਂਗਲਾਂ ਖੜੀਆਂ ਕਰ ਰਹੇ ਹਨ। ਕਰੀਬ ਦੋ ਸਾਲਾਂ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾ ਹੀ ਪੰਜਾਬ ਦਾ ਹਰ ਵਰਗ ਕੈਪਟਨ ਸਰਕਾਰ ਤੋਂ ਠੱਗਿਆ ਮਹਿਸੂਸ ਕਰ ਰਿਹਾ ਹੈ ਅਤੇ ਆਪਣੇ ਮਾਸ ਨੂੰ ਆਪ ਹੀ ਦੰਦੀਆ ਵੱਢਦਾ ਪਛਤਾ ਰਿਹਾ ਹੈ ਕਿ ਉਹ ਵਾਕਿਆ ਹੀ ਉਸ ਲਈ ਕੁਲਹਿਣੀ ਘੜੀ ਸੀ ਜਦੋਂ ਉਸ ਨੇ ਕਾਂਗਰਸ ਪਾਰਟੀ ਦੇ ਲੋਕ ਲੁਭਾਊ ਐਸੇ ਵਾਅਦਿਆਂ ਤੋਂ ਕੀਲੇ ਜਾਣ ਵਾਂਗ ਪ੍ਰਭਾਵਿਤ ਹੋ ਕੇ ਉਸ ਦੇ ਹੱਕ ਵਿਚ ਵੋਟ ਪਾ ਦਿਤੀ ਜਿਨ੍ਹਾਂ ਨੂੰ ਖ਼ੁਦ ਰਬ ਵੀ ਇਸ ਧਰਤੀ ਤੇ ਆ ਕੇ ਪੂਰੇ ਨਹੀਂ ਕਰ ਸਕਦਾ।
ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਨਿਕੰਮੀ ਅਗਵਾਈ ਅਤੇ ਆਪਹੁਦਰੀ ਏਕਾਧਿਕਾਰਵਾਦੀ ਕਾਰਜਸ਼ੈਲੀ ਕਰਕੇ ਵਿਲਕਦੇ ਵੇਖ ਕੇ ਪ੍ਰੌਢ ਅਕਾਲੀ ਆਗੂ ਸ. ਪ੍ਰਕਾਸ਼ ਸਿੰਘ ਬਾਦਲ ਜੋ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਹਨ, ਕਹਿੰਦੇ ਹਨ ਕੈਪਟਨ ਅਮਰਿੰਦਰ ਸਿੰਘ ਕੋਲ ਸਾਸ਼ਨ ਦੇ ਤਜ਼ਰਬੇ ਦੀ ਘਾਟ ਕਰਕੇ ਅਜ ਪੰਜਾਬ ਰਾਜ ਅਤੇ ਇਥੋਂ ਦੇ ਵਸਨੀਕ ਅਤਿ ਦੀ ਮੰਦਹਾਲੀ ਅਤੇ ਭੜੇ ਕੁਸਾਸ਼ਨ ਦੇ ਸ਼ਿਕਾਰ ਹਨ।
ਪੰਜਾਬ ਵਿਧਾਨ ਸਭਾ ਅੰਦਰ ਆਮ ਆਦਮੀ ਪਾਰਟੀ ਸਬੰਧਿਤ ਵਿਰੋਧੀ ਧਿਰ ਦੇ ਆਗੂ ਸ਼੍ਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਕਾਂਗਰਸ ਚੋਣ ਮੈਨੀਫੈਸਟੋ ਅੰਦਰ ਕੀਤੇ ਵਾਅਦਿਆਂ ਵਿਚੋਂ ਅਜੇ ਤਕ ਇਕ ਵੀ ਪੂਰਾ ਨਾ ਕਰ ਸਕਣ ਕਰਕੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਅਸਫਲ ਮੁੱਖ ਮੰਤਰੀ ਸਾਬਤ ਹੋਇਆ ਹੈ।
20 ਜਨਵਰੀ, 2019 ਨੂੰ ਬਰਨਾਲਾ ਵਿਖੇ ਆਮ ਆਦਮੀ ਪਾਰਟੀ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਸ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਇਕੱਠ ਵਿਚ ਬੈਠੇ ਲੋਕਾਂ ਨੂੰ ਪੁੱਛਿਆ ਕਿ ਹੱਥ ਖੜੇ ਕਰਕੇ ਦਸੋ ਕਿ ਕੀ ਕਿਸੇ ਕਿਸਾਨ ਦਾ ਕਰਜਾ ਮੁਆਫ ਹੋਇਆ ਹੈ? ਕੀ ਕਿਸੇ ਘਰ ਦੇ ਇਕ ਵਿਅਕਤੀ ਨੂੰ ਨੌਕਰੀ ਮਿਲੀ ਹੈ (ਜੋ ਮੁੱਖ ਮੰਤਰੀ ਬਣਨ ਤੋਂ 30 ਦਿਨਾਂ ਵਿਚ ਦੇਣ ਦਾ ਵਾਅਦਾ ਕੀਤਾ ਸੀ)? ਕੀ ਕਿਸੇ ਨੌਜਵਾਨ ਸਮਾਰਟ ਫੋਨ ਮਿਲਿਆ ਹੈ? ਕੀ ਪੰਜਾਬ ਵਿਚੋਂ ਨਸ਼ਾ ਖਤਮ ਹੋਇਆ ਹੈ? (ਜੋ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਸਹੁੰ ਖਾਧੀ ਸੀ ਕਿ ਚਾਰ ਹਫਤਿਆਂ ਵਿਚ ਖ਼ਤਮ ਕਰ ਦੇਣਗੇ) ਇਸ ਮੁੱਖ ਮੰਤਰੀ ਨੇ ਪੰਜਾਬੀਆਂ ਨਾਲ ਕੀਤਾ ਕੋਈ ਜਾ ਰਿਹਾ ਹੈ। ਜੇ ਜਨਤਕ ਕਰਨਾ ਸੀ ਹੁਣ ਸਕੂਲ ਅਤੇ ਹਸਪਤਾਲ ਨਿੱਜੀ ਹੱਥਾਂ ਵਿਚ ਦੇਣ ਜਾ ਰਿਹਾ ਹੈ। ਜੇ ਜਨਤਕ ਭਲਾਈ ਵਾਲੇ ਮਹਿਕਮੇ ਹੀ ਨਿੱਜੀ ਹੱਥਾਂ ਵਿਚ ਦੇ ਦੇਣੇ ਹਨ ਤਾਂ ਫਿਰ ਇਹ ਕੈਪਟਨ ਕਿਸ ਸਰਕਾਰ ਦਾ ਰਹੇਗਾ?
ਪੰਜਾਬ ਅੰਦਰ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਸਾਹਿਬ ਲਈ ਸਭ ਤੋਂ ਵੱਡੀ ਨਮੋਸ਼ੀ ਭਰੀ ਗੱਲ ਦਾ ਇਹ ਹੈ ਕਿ ਕਾਂਗਰਸ ਪਾਰਟੀ ਨਾਲ ਸਬੰਧਿਤ ਸੀਨੀਅਰ ਆਗੂ ਅਤੇ ਵਿਧਾਇਕ ਉਨ੍ਹਾਂ ਦੀ ਨਿਕੰਮੀ ਕਾਰਗੁਜਾਰੀ ਅਤੇ ਕਾਰਜਸ਼ੈਲੀ ਵਿਰੁੱਧ ਆਵਾਜ਼ ਉਠਾਉਣ ਲੱਗ ਪਏ ਹਨ। ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਹਲਕੇ ਤੋਂ ਨੌਜਵਾਨ ਵਿਧਾਇਕ ਨੇ ਇਸ ਸਰਕਾਰ ਦੇ ਅਤਿ ਨਾ ਅਹਿਲ ਅਤੇ ਹਰ ਵਰਗ ਦੀ ਕੜੀ ਆਲੋਚਨਾ ਦੇ ਸ਼ਿਕਾਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਵਿਚ ਹੋ ਰਹੇ ਪੰਚਾਂ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਇਸ ਕਰਕੇ ਕੀਤਾ ਕਿਉਂਕਿ ਉਨ੍ਹਾਂ ਨੂੰ ਨਸ਼ੇ ਰੋਕਣ ਸੰਬੰਧੀ ਸਹੁੰ ਆਈ.ਜੀ. ਫਿਰੋਜ਼ਪੁਰ ਮੁੱਖਵਿੰਦਰ ਸਿੰਘ ਛੀਨਾ ਚੁੱਕਾ ਰਿਹਾ ਸੀ। ਉਸ ਨੇ ਸਪਸ਼ਟ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਸਰਕਾਰ, ਮੰਤਰੀ, ਵਿਧਾਇਕ ਜਾਂ ਪੰਚ-ਸਰਪੰਚ ਉੰਨਾ ਚਿਰ ਪੰਜਾਬ ਵਿਚ ਨਸ਼ਾ ਨਹੀਂ ਰੋਕ ਸਕਦੇ ਜਦ ਤਕ ਪੁਲਸ ਅਤੇ ਸਿਵਲ ਪ੍ਰਸਾਸ਼ਨ ਵਿਚ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਦੀ ਹਮਾਇਤ ਕਰਨ ਵਾਲੀਆਂ ਕਾਲੀਆਂ ਭੇਡਾਂ ਮੌਜੂਦ ਹਨ। ਇਹ ਪਿਛਲੀ ਸਰਕਾਰ ਵਾਂਗ ਹੁਣ ਵੀ ਲੋਕਾਂ ਨੂੰ ਲੁੱਟ ਤੇ ਕੁੱਟ ਰਹੇ ਹਨ।
ਉਸ ਵਲੋਂ ਬਾਈਕਾਟ ਕਰਨ ਅਤੇ ਐਸਾ ਸੰਵੇਦਨਸ਼ੀਲ ਮੁਦਾ ਬੇਬਾਕੀ ਨਾਲ ਉਠਾਉਣ ਲਈ ਸ਼ਾਬਾਸ਼ੀ ਦੀ ਥਾਂ ਮੁਅੱਤਲ ਕਰ ਦਿਤਾ। ਉਸ ਵਲੋਂ ਬਿਨਾਂ ਸ਼ਰਤ ਆਪਣੇ 'ਪਵਿੱਤਰ ਗੁਨਾਹ' ਦੀ ਮੁੱਖ ਮੰਤਰੀ ਤੋਂ ਮੁਆਫੀ ਮੰਗਣ ਦੇ ਬਾਵਜੂਦ ਬਹਾਲੀ ਵਿਚ ਦੇਰੀ ਕੀਤੀ ਗਈ। ਹੋਰ ਬੇਇੱਜ਼ਤ ਕਰਦਿਆਂ ਮਾਲਵੇ ਦੇ ਵਿਧਾਇਕਾਂ ਦੀ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਾਲ ਮੀਟਿੰਗ ਵਿਚ ਸ਼ਾਮਲ ਨਹੀਂ ਹੋਣ ਦਿਤਾ।
ਇਵੇਂ ਹੀ ਹਲਕਾ ਸ਼੍ਰੀ ਹਰਗੋਬਿੰਦਪੁਰ ਵਿਖੇ ਬਾਜਵਾ ਭਰਾਵਾਂ (ਸਾਂਸਦ ਸ. ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਹਿਕ ਫਤਿਹਜੰਗ ਬਾਜਵਾ) ਦੀ ਮੌਜੂਦਗੀ ਵਿਚ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਆਉਣ ਵਾਲੇ ਕੁਝ ਮਹੀਨਿਆਂ ਵਿਚ ਪੰਜਾਬ ਦੇ ਮੁੱਖ ਮੰਤਰੀ ਸਾਂਸਦ ਸ. ਪ੍ਰਤਾਪ ਸਿੰਘ ਬਾਜਵਾ ਹੋਣਗੇ। ਇਸ ਤੋਂ ਕੈਪਟਨ ਖੇਮਾ ਭੜਕਿਆ ਨਜ਼ਰ ਆਇਆ। ਵਿਚਾਰੇ ਦਲਿਤ ਵਿਧਾਇਕ ਨੂੰ ਆਪਣੇ ਆਪ ਨੂੰ ਸ਼ਾਹੀ ਕਰੋਧੀ ਤੋਂ ਬਚਣ ਲਈ ਮੁੱਖ ਮੰਤਰੀ ਤੋਂ ਮੁਆਫ਼ੀ ਮੰਗ ਕੇ ਜਾਨ ਛੁਡਾਉਣੀ ਪਈ।
ਸਾਰੇ ਦੇਸ਼ ਵਿਚ ਕਾਂਗਰਸ ਪਾਰਟੀ ਪ੍ਰਚਾਰ ਕਰ ਰਹੀ ਹੈ ਕਿ ਸ਼੍ਰੀ ਨਰੇਂਦਰ ਮੋਦੀ ਦੀ ਸਰਕਾਰ ਆਮ ਆਦਮੀ ਅਤੇ ਮੀਡੀਆ ਦੀ ਵਿਚਾਰ ਪ੍ਰਗਟ ਕਰਨ ਦਾ ਮੌਲਿਕ ਅਧਿਕਾਰ ਖੋਹ ਰਹੀ ਹੈ। ਹਕੀਕਤ ਵਿਚ ਮਨੁੱਖੀ ਅਧਿਕਾਰਾਂ, ਨਾਗਰਿਕਾਂ ਦੇ ਮੁਢਲੇ ਅਧਿਕਾਰਾਂ, ਪਾਰਟੀ ਅੰਤਰ ਅੰਦਰੂਨੀ ਲੋਕਤੰਤਰ ਦਾ ਗਲਾ ਘੁੱਟਣ, ਦੇਸ਼ ਨੂੰ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਐਮਰਜੈਂਸੀ ਵਰਗੇ ਖੂੰਖਾਰ ਭੇੜੀਏ ਅੱਗੇ ਸੁੱਟਣ, ਨਹਿਰੂ, ਗਾਂਧੀ ਪਰਿਵਾਰ ਵਿਰੁੱਧ ਕਿਸੇ ਕਾਂਗਰਸੀ ਨੂੰ ਆਵਾਜ਼ ਨਾ ਉਠਾਉਣ ਦੇਣ ਜਿਹੇ ਗੈਰ-ਲੋਕਤੰਤਰੀ, ਗੈਰ ਸੰਵਿਧਾਨਿਕ ਸਭਿਆਚਾਰ ਲਈ ਬਦਨਾਮ ਕਾਂਗਰਸ ਪਾਰਟੀ ਹੈ। ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਅਤੇ ਏਕਾਧਿਕਾਰਵਾਦੀ ਆਗੂ ਵਜੋਂ ਆਪਣੀ ਪਾਰਟੀ ਅਤੇ ਵਿਧਾਇਕਾਂ ਲਈ ਅਣ-ਐਲਾਨੀ ਐੈਮਰਜੈਂਸੀ ਨਾਫ਼ਜ ਕਰ ਰਖੀ ਹੈ।
ਲੋਕ ਸਭਾ ਚੋਣਾਂ ਸਿਰ 'ਤੇ ਆਉਣ ਕਰਕੇ ਮੁੱਖ ਮੰਤਰੀ ਨੂੰ ਆਪਣੇ ਵਿਧਾਇਕ ਯਾਦ ਆ ਗਏ। ਉਸ ਨੇ ਮਾਝੇ, ਮਾਲਵੇ ਅਤੇ ਦੁਆਬੇ ਦੇ ਕਾਂਗਰਸ ਵਿਧਾਇਕਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੇ ਗੁੱਸੇ ਨੂੰ ਸ਼ਾਂਤ ਕਰਨ, 5-5 ਕਰੋੜ ਹਰ ਹਲਕੇ ਦੇ ਵਿਕਾਸ ਲਈ ਦੇਣ, 1500 ਕਰੋੜ ਦੇ ਵੱਖ-ਵੱਖ ਪ੍ਰਾਜੈਕਟਾਂ ਨੂੰ ਸਵੀਕ੍ਰਿਤੀ ਦੇਣ ਤੋਂ ਇਲਾਵਾ ਕਈ ਲਾਲੀਪਾਪ ਥਮਾਏ। ਭਲਾ ਕੋਈ ਕੈਪਟਨ ਸਾਹਿਬ ਨੂੰ ਪੁੱਛੇ ਕੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਵਿਚੋਂ ਇਕ ਧੇਲਾ ਵੀ ਖ਼ਰਚ ਹੋਵੇਗਾ?
ਇਨ੍ਹਾਂ ਮੀਟਿੰਗਾ ਵਿਚ ਕੁਝ ਬੇਬਾਕ ਵਿਧਾਇਕਾਂ ਨੇ ਕੈਪਟਨ ਸਾਹਿਬ ਦੀ ਨਿਜੀ ਫ਼ੌਜ, ਜਨਤਕ ਵਿਕਾਸ ਕਾਰਜ ਠੱਪ ਹੋਣ, ਵਿਧਾਹਿਕਾਂ ਨੂੰ ਮਿਲਣ ਲਈ ਸਮਾਂ ਨਾ ਦੇਣ ਅਤੇ ਹੋਰ ਠੋਸ ਪ੍ਰਸ਼ਨ ਉਠਾਏ। ਅਮਲੋਹ ਤੋਂ ਵਿਧਾਇਕਾਂ ਨੂੰ ਮਿਲਣ ਲਈ ਸਮਾਂ ਨਾ ਦੇਣ ਅਤੇ ਹੋਰ ਠੋਸ ਪ੍ਰਸ਼ਨ ਉਠਾਏ। ਅਮਲੋਹ ਤੋਂ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਉਨ੍ਹਾਂ ਨੂੰ 8 ਮਹੀਨੇ ਬਾਅਦ ਮੁੱਖ ਮੰਤਰੀ ਦੇ ਦਰਸ਼ਨ ਨਸੀਬ ਹੋਏ ਹਨ। ਉਨ੍ਹਾਂ ਇਸ ਬਾਰੇ ਹਾਈ ਕਮਾਨ ਨੂੰ ਵੀ ਦਸਿਆ ਹੈ।
ਸੁਖਪਾਲ ਸਿੰਘ ਭੁੱਲਰ ਸਮੇਤ ਕੁਝ ਵਿਧਾਇਕਾਂ ਨੇ ਪੰਜਾਬ ਪ੍ਰਸਾਸ਼ਨ ਦੇ ਸਮਾਨੰਤਰ ਪ੍ਰਸਾਸ਼ਨ ਮੁੱਖ ਮੰਤਰੀ ਵਲੋਂ ਸਲਾਹਕਾਰ ਲੈਫ: ਜਨਰਲ ਟੀ.ਐੱਸ. ਸ਼ੇਰਗਿਲ ਦੀ ਕਮਾਨ ਹੇਠ ਗਾਰਡੀਅਨਜ਼ ਆਫ ਗਵਰਨੈਂਸ ਪ੍ਰੋਗਰਾਮ ਹੇਠ ਖੜਾ ਕਰਨ ਦਾ ਕਰੜਾ ਨੋਟਿਸ ਲਿਆ। ਉਨ੍ਹਾਂ ਸਪਸ਼ਟ ਕਿਹਾ ਕਿ ਪੰਚ-ਸਰਪੰਚਾਂ ਦੀ ਚੋਣ ਉਪਰੰਤ ਐਸੇ ਅੜਿਕਾਬਾਜ਼ ਤੰਤਰ ਦੀ ਕੋਈ ਲੋੜ ਨਹੀਂ।
ਕੁਝ ਵਿਧਾਇਕਾਂ ਨੇ ਕਰਜ਼ਾ ਮੁਆਫੀ ਸਕੀਮ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ 6 ਹਜ਼ਾਰ ਕਰੋੜ ਇਸ 'ਤੇ ਖਰਚ ਕਰਨ 'ਤੇ ਇਸ ਤੋਂ ਕੋਈ ਲਾਭ ਨਹੀਂ ਹੋਇਆ। ਰੋਜ਼ਾਨਾ ਪੰਜਾਬ ਵਿਚ ਦੋ-ਤਿੰਨ ਕਿਸਾਨ ਖੁਦਕੁਸ਼ੀਆਂ ਦੇ ਸ਼ਿਕਾਰ ਹੋ ਰਹੇ ਹਨ। ਕੀ ਐਸੀ ਸਰਕਾਰ ਨੂੰ ਚੱਪਣੀ 'ਚ ਨੱਕ ਡੋਬ ਕੇ ਮਰ ਨਹੀਂ ਜਾਣਾ ਚਾਹੀਦਾ? ਆਪ ਕਿਸਾਨ ਐਸੇ ਕਹਿੰਦੇ ਸੁਣੇ ਜਾ ਸਕਦੇ ਹਨ।
ਬਟਾਲਾ (ਗੁਰਦਾਸਪੁਰ) ਹਲਕੇ ਤੋਂ ਆਪਣੀ ਪਾਰਟੀ ਦੀ ਸਾਜਿਸ਼ ਤਹਿਤ ਹਾਰੇ ਸੀਨੀਅਰ ਆਗੂ ਅਸ਼ਵਨੀ ਸੇਖੜੀ ਸ਼ਹਿਰ ਵਿਚ ਪਏ ਨਰਕ, ਵਿਕਾਸ ਕਾਰਜਾਂ ਦੀ ਅਣਹੋਂਦ, ਹਲਕੇ ਦੀ ਅਣਦੇਖੀ ਨੂੰ ਕੈਪਟਨ ਸਰਕਾਰ ਦੇ ਗੁਰਦਾਸਪੁਰ ਸਬੰਧਿਤ ਮੰਤਰੀਆਂ ਅਤੇ ਆਗੂਆਂ ਦੀ ਸਾਜਿਸ਼ ਮੰਨਦੇ ਹਨ ਜਿਸਦਾ ਮੁੱਖ ਮੰਤਵ ਉਸ ਨੂੰ ਪਾਰਟੀ ਅਤੇ ਸਿਆਸਤ ਵਿਚੋਂ ਮਨਫੀ ਕਰਨਾ ਹੈ। ਲੇਕਿਨ ਉਲਟ ਇਸਦਾ ਖਾਮਿਆਜ਼ਾ ਕੈਪਟਨ ਸਰਕਾਰ ਅਤੇ ਪਾਰਟੀ ਨੂੰ ਭੁਗਤਣਾ ਪਵੇਗਾ। ਗੁਰਦਾਸਪੁਰ ਹਲਕੇ ਵਿਚ ਪਿੰਡ ਬਬੇਹਾਲੀ ਦੀਆਂ ਦੋਂ ਪੰਚਾਇਤਾਂ ਦੇ ਇਕ ਹੋਣ ਪਿੱਛੇ ਸਥਾਨਿਕ ਵਿਧਾਇਕ ਸ. ਬਰਿੰਦਰਮੀਤ ਸਿੰਘ ਪਾਹੜਾ ਵੀ ਜ਼ਿਲਾ ਸਬੰਧਿਤ ਮੰਤਰੀ ਦੀ ਸਾਜਿਸ਼ ਦਾ ਦੋਸ਼ ਲਗਾਉਂਦਾ ਹੈ।
ਪੰਜ ਦੇ 5 ਲੱਖ ਮੁਲਾਜ਼ਮ ਅਤੇ 4 ਲੱਖ ਸਰਕਾਰ ਤੇ ਬਹੁਤ ਖਫ਼ਾ ਹਨ। ਉਨ੍ਹਾਂ ਦੀਆਂ 11 ਮੰਗਾਂ ਤੋਂ ਸਰਕਾਰ ਬਾਰ-ਬਾਰ ਮੁੱਕਰੀ ਹੈ। ਦੋ ਮੂੰਹਾਂ ਮੋਮਣਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਜੋ ਪਿਛਲੇ ਦੋ ਸਾਲ ਤੋਂ ਖਜ਼ਾਨਾ ਖਾਲੀ ਦੀ ਰੱਟ ਲਗਾ ਰਿਹਾ ਹੈ, ਕੋਲ ਵਿਧਾਇਕਾਂ ਦੇ ਤਨਖਾਹ-ਭੱਤੇ ਵਧਾਉਣ ਅਤੇ 5-5 ਕਰੋੜ ਪ੍ਰਤੀ ਹਲਕਾ ਫੰਡ ਕਿੱਥੋਂ ਟਪਕ ਪਏ? ਬਜਟ ਸ਼ੈਸ਼ਨ ਵੇਲੇ ਵੱਡੇ ਰੈਲੇ ਬਾਅਦ ਮੁਲਜ਼ਮ 'ਕਰੋ ਜਾਂ ਮਰੋ' ਨਾਅਰੇ ਨਾਲ ਕੈਪਟਨ ਸਰਕਾਰ ਵਿਰੁੱਧ ਸੰਘਰਸ਼ ਵਿੱਢ ਦੇਣਗੇ।
ਕਿਸਾਨੀ ਦਾ ਪੂਰਾ ਕਰਜ਼ਾ ਮੁਆਫ ਕਰਨ ਤੋਂ ਮੁਕਰਨ, ਗੰਨੇ ਦੇ ਬਕਾਇਆ ਦੀ ਅਦਾਇਗੀ ਨਾ ਕਰਨ, ਫਸਲਾਂ ਦੀ ਵਾਜਬ ਕੀਮਤ ਨਾ ਦੇਣ, ਬੀਜ, ਕੀੜੇ ਮਾਰ ਦਵਾਈਆਂ, ਖਾਦਾਂ ਅਤੇ ਮਸ਼ੀਨਰੀ ਦੀਆਂ ਕੀਮਤਾਂ ਵਧਾਉਣ, ਮੰਡੀਕਰਨ ਅਤੇ ਫੂਡ ਪ੍ਰੋਸੈਸਿੰਗ ਆਦਿ ਸਮੱਸਿਆਵਾਂ ਦੇ ਨਿਵਾਰਨ ਲਈ ਉਹ ਸੰਘਰਸ਼ ਦੇ ਰਾਹ ਅਤੇ ਸਰਕਾਰ ਨਾਲ ਟਕਰਾਅ ਦੇ ਰਸਤੇ ਤੁਰ ਚੁੱਕਾ ਹੈ। ਖੇਤ ਮਜ਼ਦੂਰ ਉਸ ਨਾਲ ਹੈ।
ਪੁਲਸ ਅਤੇ ਸਿਵਲ ਪ੍ਰਸਾਸ਼ਨ ਅੰਦਰ ਭ੍ਰਿਸ਼ਟਾਚਾਰ ਜਾਰੀ ਹੈ। ਉਸ ਦਾ ਜਨਤਕ ਸੇਵਾ ਵਲ ਕੋਈ ਧਿਆਨ ਨਹੀਂ। ਪ੍ਰਸਾਸ਼ਨ ਮੁੱਖ ਸਕੱਤਰ ਨੂੰ ਮੁੱਖ ਮੰਤਰੀ ਦਾ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਚਲਾ ਰਿਹਾ ਹੈ। ਮੁੱਖ ਮੰਤਰੀ ਨਾਲ ਦੁਆਬੇ ਦੇ ਵਿਧਾਇਕਾਂ ਦੀ ਮੀਟਿੰਗ ਸਮੇਂ ਰਾਣਾ ਗੁਰਜੀਤ ਸਿੰਘ ਨਾਲ ਉਹ ਖੁੜਬ ਪਿਆ। ਵਿਧਾਇਕ ਨੇ ਮਾਕੂਲ ਸਮੇਂ ਊਸ ਨਾਲ ਟਕਰਨ ਦਾ ਡਰਾਵਾ ਦਿਤਾ।
ਕੈਪਟਨ ਅਮਰਿੰਦਰ ਹਾਈਕਮਾਨ ਅਤੇ ਸ਼੍ਰੀ ਰਾਹੁਲ ਗਾਂਧੀ ਦੀ ਬਾਂਹ ਮਰੋੜ ਕੇ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਅਤੇ ਫਿਰ ਮੁੱਖ ਮੰਤਰੀ ਬਣਿਆ ਸੀ। ਭਾਵੇਂ ਉਹ ਇਸ ਸਮਂ ਕਾਂਗਰਸ ਦਾ ਸਭ ਤੋਂ ਤਾਕਤਵਰ ਮੁੱਖ ਮੰਤਰੀ ਹੈ। ਉਸ ਕੋਲ ਬਹੁਤ ਵੱਡਾ ਬਹੁਮੱਤ ਹੈ। ਪਰ ਉਹ ਆਪਣੇ ਪਿਛਲੇ ਕਾਰਜਕਾਲ (2002-07) ਵਾਂਗ ਵਧੀਆ ਮੁੱਖ ਮੰਤਰੀ ਸਾਬਤ ਨਹੀਂ ਹੋਇਆ। ਪਿਛਲੇ ਕਾਰਜਕਾਲ ਸਮੇਂ ਬੀਬੀ ਰਾਜਿੰਦਰ ਕੌਰ ਭੱਠਲ ਦੀ ਅਗਵਾਈ ਵਿਚ ਬਹੁਮਤ ਕਾਂਗਰਸ ਵਿਧਾਇਕਾਂ ਬਗਾਵਤ ਕਰ ਦਿਤੀ ਸੀ ਜਿਸ ਨੂੰ ਉਸ ਨੇ ਮਹਰੂਮ ਹਰੀਕ੍ਰਿਸ਼ਨ ਸਿੰਘ ਸੁਰਜੀਤ ਸੀ.ਪੀ.ਐੱਮ. ਜਨਰਲ ਸਕੱਤਰ ਰਾਹੀਂ ਹੱਲ ਕਰਾ ਲਿਆ ਸੀ। ਹੁਣ ਵੀ ਐਸੇ ਹਾਲਾਤ ਬਣ ਰਹੇ ਹਨ। ਵੈਸੇ ਵੀ ਕਾਂਗਰਸ ਹਾਈਕਮਾਨ ਕਦੇ ਕਿਸੇ ਮੁੱਖ ਮੰਤਰੀ ਜਾਂ ਇਲਾਕਾਈ ਆਗੂ ਨੂੰ ਤਾਕਤਵਰ ਸਤਰਾਪ ਵਜੋਂ ਨਹੀਂ ਉਭਰਨ ਦਿੰਦੀ। ਜੇਕਰ ਮੁੱਖ ਮੰਤਰੀ ਨੇੜੇ ਦੇ ਭਵਿੱਖ ਵਿਚ ਆਪਣੀ ਸਾਸ਼ਨ ਕਾਰਜਸ਼ੈਲੀ ਅਤੇ ਸਰਕਾਰੀ ਕਾਰਗੁਜ਼ਾਰੀ 'ਚ ਸੁਧਾਰ ਨਹੀਂ ਲਿਆਉਂਦੇ ਤਾਂ ਲਗਾਤਾਰ ਤਾਕਤਵਰ ਹੁੰਦੇ ਜਾ ਰਹੇ ਕਾਂਗਰਸ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਉਨ੍ਹਾਂ ਦਾ ਬਦਲ ਲਭਣ ਵਿਚ ਇਕ ਮਿੰਟ ਨਹੀਂ ਲਾਉਣਗੇ।
-
ਦਰਬਾਰਾ ਸਿੰਘ ਕਾਹਲੋ, ਸਾਬਕਾ ਰਾਜ ਸੂਚਨ, ਕਮਿਸ਼ਨਰ ਪੰਜਾਬ
kahlondarbarasingh@gmail.com
94170-94034
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.