ਪਰਸੋਂ ਸ਼ਾਮ ਲਾਹੌਰੋਂ ਪਰਤਦਿਆਂ ਪਰਲੇ ਬੰਨਿਓਂ ਏਧਰ ਤੁਰਦਿਆਂ ਮੇਰਾ ਦਿਲ ਕੀਤਾ ਇਸ ਥਾਂ ਨੂੰ ਆਪਣੇ ਨਾਲ ਲੈ ਜਾਵਾਂ।
ਸਤਿਲੁਜ ਰੇਂਜਰਜ ਦੇ ਜਵਾਨ ਨੂੰ ਪੁੱਛਿਆ ?
ਕਿਓਂ ਬਈ ਵੀਰ! ਏਥੇ ਫੋਟੋ ਖਿੱਚ ਸਕਦੇ ਹਾਂ?
ਉਲ ਕਿਹਾ ਲਿਆਉ ਸਰਦਾਰ ਜੀ, ਭਾਵੇਂ ਸੌ ਖਿੱਚੋ।
ਉਸ ਮੇਰੇ ਫੋਨ ਨਾਲ ਮੇਰੀ ਤਸਵੀਰ ਖਿੱਚੀ।
ਮੇਰੀ ਪਿੱਠ ਤੇ ਦਿਸਦੀ ਇਮਾਰਤ ਪਾਕਿਸਤਾਨ ਚ ਹੈ।
ਪਰ ਮੈਂ ਇਸ ਧਰਤੀ ਤੇ ਨਹੀਂ, ਪੁਰਖਿਆਂ ਦੀ ਜਨਮ ਭੂਮ ਤੇ ਹਾਂ।
ਜਿੱਥੇ ਸਾਡੇ ਬਜ਼ੁਰਗ ਹਲ ਵਾਹੁੰਦੇ ਰਹੇ ਨੇ। ਮੇਰਾ ਜੱਦੀ ਪਿੰਡ ਨਾਰੋਵਾਲ ਚ ਰਹਿ ਗਿਆ ਪਰ ਇਹ ਧਰਤੀ ਵਾਘੇ ਦੀ ਹੋਣ ਕਾਰਨ ਮਨਜਿੰਦਰ ਧਨੋਆ ਦੇ ਪੁਰਖਿਆਂ ਦੀ ਤਾਂ ਹੈ।
ਅਟਾਰੀ ਪਾਰ ਕਰਦਿਆਂ ਹੀ ਤਾਂ ਮੋਦੇ ਧਨੋਏ ਦੋ ਪਿੰਡ ਨੇ, ਪੁਲ ਕੰਜਰੀ ਦੇ ਕੋਲ।
ਮੋਦੇ ਪਾਕਿਸਤਾਨ ਰੇਡੀਓ ਦੇ ਬੇਤਾਜ ਬਾਦਸ਼ਾਹ ਬਰਾਡਕਾਸਟਰ ਨਿਜ਼ਾਮਦੀਨ ਦਾ ਪਿੰਡ ਸੀ। ਧਨੋਏ ਪੰਜਾਬੀ ਸ਼ਾਇਰ ਮਨਜਿੰਦਰ ਧਨੋਆ ਦਾ। ਲਾਹੌਰ ਅਮਨ ਕਾਨਫਰੰਸ ਚ ਨਿਜ਼ਾਨਦੀਨ ਜੀ ਦੀ ਨੂੰਹ ਮਿਲੀ ਸੀ ਸਾਨੂੰ। ਗ਼ਜ਼ਾਲਾ ਨਿਜ਼ਾਮਦੀਨ। ਰੇਡੀਓ ਪਾਕਿਸਤਾਨ ਤੇ ਕੰਮ ਕਰਦੀ ਹੈ। ਮਨਜਿੰਦਰ ਨੂੰ ਮਿਲਣ ਉਪਰੰਤ ਜਦ ਪਤਾ ਲੱਗਾ ਕਿ ਇਹ ਵੀਰ ਮੋਦਿਆਂ ਨੇੜਿਉਂ ਹੈ ਤਾਂ ਅੱਖਾਂ ਛਲਕ ਪਈਆਂ।
ਮੈਨੂੰ ਨਿਜ਼ਾਮਦੀਨ ਦੇ ਮੋਹਾਲੀ ਫਿਲਮ ਫੈਸਟੀਵਲ ਤੇ ਪੰਜਾਬੀ ਟ੍ਰਿਬਿਊਨ ਵਾਲੇ ਅਸ਼ੋਕ ਸ਼ਰਮਾ ਨਾਲ ਮੁਲਾਕਾਤ ਦੌਰਾਨ ਬੋਲੇ ਬੋਲ ਯਾਦ ਆਏ।
ਵਾਹ ਓ
ਮਾਝੇ ਦੀਏ ਜ਼ਰਖ਼ੇਜ਼ ਧਰਤੀਏ!
ਬੰਦਾ ਟੁੱਕ ਕੇ ਸੁੱਟ ਦੇਈਏ
ਤਾਂ ਏਥੇ ਉਹ ਵੀ ਉੱਗ ਪਵੇ।
ਪਰ ਮੈਂ ਗੱਲ ਤਾਂ ਆਪਣੀ ਕਰ ਰਿਹਾ ਸਾਂ। ਮੈਂ ਕਿੱਥੇ ਖੜ੍ਹਾਂ?
ਕਿਤੇ ਵੀ ਨਹੀਂ ਯਾਦਾਂ ਚ ਗੁਆਚਿਆ ਬੇਵਤਨਾ ਜਿਹਾ।
ਚੰਦਰਮਾ ਤੇ ਤੁਰਦੇ ਬੰਦੇ ਵਾਂਗ ਭਾਰ ਹੀਣ।
ਇਸ ਸਰਹੱਦ ਤੇ ਕੰਡਿਆਲੀ ਤਾਰ ਥਾਵੇਂ ਗੁਲਾਬ ਦੀ ਵਾੜ ਸਾਉਣ ਦਾ ਅਭਿਲਾਖੀ ਹਾਂ।
ਵੀਹ ਕੁ ਸਾਲ ਪਹਿਲਾਂ ਏਸੇ ਸਰਹੱਦ ਤੇ ਹੰਸ ਰਾਜ ਹੰਸ ਜੀ ਨੇ ਮੈਥੋਂ ਇਹ ਗੀਤ ਲਿਖਵਾ ਕੇ ਇਥੇ ਗਾਇਆ ਸੀ।
ਜਦ ਤਕ ਸਾਡੇ ਅਤੇ ਤੁਹਾਡੇ
ਘਰ ਦੇ ਅੰਦਰ ਭੁੱਖ ਤੇ ਨੰਗ ਹੈ।
ਦਿਲ ਤੇ ਹੱਥ ਧਰ ਕੇ ਫਿਰ ਦੱਸਿਓ,
ਸਾਡੀ ਤੁਹਾਡੀ ਕਾਹਦੀ ਜੰਗ ਹੈ।
ਸਰਹੱਦ ਪਾਰ ਕਰਕੇ ਅਟਾਰੀ ਪੁੱਜ ਕੇ ਭੁੱਖ ਲੱਗੀ ਤਾਂ ਮਿੱਤਰ ਸਹਿਜਪ੍ਰੀਤ ਮਾਂਗਟ ਤੋਂ ਕੁਝ ਖਾਣ ਲਈ ਮੰਗਿਆ।
ਉਸ ਦੀ ਜੀਵਨ ਸਾਥਣ ਡਾ: ਜਸਵਿੰਦਰ ਮੇਰੇ ਲਈ ਲਾਹੌਰੋਂ ਲਿਆਂਦੀ ਅਸਲ ਖੋਏ ਦੀ ਰਸਵੰਤੀ ਬਰਫ਼ੀ ਲੈ ਆਈ। ਆਵਾਜ਼ ਸੁਣ ਕੇ ਡਾ: ਵਨੀਤਾ ਤੇ ਡਾ: ਗੁਰਦੀਪ ਕੌਰ ਮਾਲਟੇ ਲੈ ਆਈਆਂ।
ਮੈਂ ਇੱਕ ਮਾਲਟਾ ਕੋਟ ਦੀ ਜੇਬ ਚ ਪਾ ਲਿਆ। ਕਾਰ ਸਵਾਰ ਹੋ ਕੇ ਰਾਹ ਵਿੱਚ ਅੱਧਾ ਅੱਧਾ ਮੈਂ ਤੇ ਮਨਜਿੰਦਰ ਨੇ ਖਾਧਾ।
ਏਨਾ ਰਸੀਲਾ ਤੇ ਮਹਿਕੰਦੜਾ!
ਮੇਰੀ ਤੌਬਾ!
ਮਨ ਚ ਆਇਆ,
ਮੇਰੇ ਗਹਿਲੇਵਾਲ ਵਾਲੇ ਬੀਬੀ ਜੀ ਐਵੇਂ ਨਹੀਂ ਵੰਡ ਤੋਂ ਪਹਿਲਾਂ ਸਰਗੋਧੇ ਚ ਲੱਗੇ ਆਪਣੇ ਬਾਬਲ ਦੇ ਮਾਲਟਿਆਂ ਦੇ ਬਾਗ ਨੂੰ ਚੇਤੇ ਕਰਦੇ।
ਸਾਡੇ ਪੰਜਾਬ ਚ ਐਸੇ ਮਾਲਟੇ ਦੇ ਬਾਗ ਕਿਓਂ ਨਹੀਂ ਦਿਸਦੇ?
ਨਾ ਮਾਲਟੇ ਵਿਕਦੇ ਹਨ। ਸੜਕਾਂ ਕੰਢੇ।
ਕੌੜਤੁੰਮਿਆਂ ਦੇ ਢੇਰ ਲੱਗੇ ਪਏ ਨੇ।
ਗੁਰਭਜਨ ਗਿੱਲ
7.2.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.