ਹਰ ਕੋਈ ਮੋਬਾਈਲ ਫੋਨ ਨਾਲ ਹੀ ਖੇਡ੍ਹਦਾ ਦਿਸ ਰਿਹਾ ਹੈ। ਹੁਣ ਤਾਂ ਨਿਆਣੇ ਵੀ ਨਿਆਣਿਆਂ ਨਾਲ ਨਹੀਂ ਖੇਡ੍ਹਦੇ ਦਿਸਦੇ, ਸਗੋਂ ਮੋਬਾਈਲ ਹੀ ਹੱਥਾਂ ਦਾ ਖਿਡੌਣਾ ਬਣ ਕੇ ਰਹਿ ਗਿਆ ਹੈ। ਕੀ ਨਿਆਣਾ, ਕੀ ਸਿਆਣਾ, ਸਭ ਕਾਬੂ ਕਰ ਰੱਖੇ ਨੇ ਸੈਮ ਸੌਂਗ ਨੇ! ਜਾਂ ਇਹ ਆਖ ਲਓ ਕਿ ਸਾਡੇ ਹੱਥ ਬੰਨ੍ਹ ਲਏ ਨੇ ਸੈਮ ਸੌਂਗ ਦੀ ਡੱਬੀ ਹੱਥਾਂ ਵਿਚ ਫੜਾ ਕੇ! ਲਗਦੈ ਇਹ ਜਲਦੀ ਕਿਤੇ ਹੱਥਾਂ ਵਿਚੋਂ ਛੁੱਟਣ ਵਾਲੀ ਨਹੀਂ ਹੈ। 'ਜੀਓ' ਕਹਿ ਰਹੀ ਹੈ-ਮਰੋ! ਸੱਚ ਮੁੱਚ ਹੀ ਮਰੋ ਮਰੋ ਹੋਣ ਲੱਗੀ ਹੁਣ ਤਾਂ....!
ਕਿਆ ਜ਼ਮਾਨਾ ਸੀ, ਪੇਂਡੂ ਖੇਡ੍ਹਾਂ ਖੇਡ੍ਹਦੇ ਸਾਂ ਹਾਣੀ-ਹਾਣੀ। ਕਦੇ ਨਾ ਥੱਕਣਾ, ਨਾ ਅੱਕਣਾ ਤੇ ਹੌਲੇ ਫੁੱਲ ਜਿਹੇ ਹੋਕੇ, ਆਥਣੇ ਭੁੱਖ ਲੱਗੀ ਤੋਂ ਘਰੀਂ ਵੜਨਾ, ਤੇ ਮਾਂ ਦੇ ਗੋਡੇ ਮੁੱਢ ਬਹਿ ਕੇ ਤਵੀ ਉਤੋਂ ਲਹਿੰਦੀ-ਲਹਿੰਦੀ ਤੱਤੀ ਤੱਤੀ ਰੋਟੀ ਖਾਣੀ, ਤੇ ਪਤਾ ਹੀ ਨਹੀਂ ਸੀ ਲਗਦਾ ਕਦੋਂ ਨੀਂਦ ਆ ਜਾਣੀ। ਏਨੀਆਂ ਪਿਆਰੀਆਂ ਰਾਤਾਂ ਹੁੰਦੀਆਂ ਸਨ ਨੀਂਦ ਨਾਲ ਲੱਦੀਆਂ ਤੇ ਹੁਣ ਰਾਤਾਂ ਉਹ ਨਹੀਂ ਰਹੀਆਂ, ਨੀਂਦਾਂ ਉਡ-ਪੁਡ ਗਈਆਂ ਖੰਭ ਲਾ ਕੇ ਕਿਧਰੇ! ਕੱਚ ਦੇ ਬੰਟੇ ਮੈਂ ਨਹੀੰ ਸੀ ਕਦੇ ਖੇਡ੍ਹੇ, ਮੇਰੇ ਹਾਣੀ ਜ਼ਰੂਰ ਖੇਡ੍ਹਦੇ ਸਨ। ਲ਼ੁਕਣ ਮੀਚੀ, ਫੜ੍ਹਨ-ਫੜਾਈ ਸਾਡੀ ਆਥਣੇ ਦੀ ਖੇਡ ਪੱਕੀ ਹੁੰਦੀ ਸੀ। ਭੱਜਣ ਨਾਲ ਤੇ ਹਫਦੇ ਰਹਿਣ ਨਾਲ ਮਨ ਚਾਓ ਵਿਚ ਆ ਜਾਂਦਾ ਸੀ। ਅੱਜ ਬਾਬੇ ਦੀ ਬਾਣੀ ਵਾਰ-ਵਾਰ ਚੇਤਾ ਕਰਵਾਉਂਦੀ ਹੈ-ਖੇਲਣ੍ਹ ਕੁੱਦਣ ਮਨ ਕਾ ਚਾਓ। ਅੱਜ ਫੋਨ ਦੀ ਡੱਬੀ ਵਿਚ ਭਰੀਆਂ-ਭਰਾਈਆਂ ਖੇਡ੍ਹਾਂ ਆ ਗਈਆਂ ਹਨ, ਹਰ ਕੋਈ ਇਹਨਾਂ ਨਬਾਲ ਖੇਡ੍ਹੀ ਜਾਂਦਾ ਹੈ। ਨਿਗਾ੍ਹ ਕਮਜ਼ੋਰ ਪੈ ਰਹੀ ਹੈ ਲੋਕਾਂ ਦੀ ਤੇ ਧੌਣਾਂ ਸਰਵਾਈਕਲ ਤੋਂ ਪੀੜਤ ਹਨ। ਕੋਈ ਘੜੀ ਨਹੀਂ ਦੇਖਦਾ, ਇਸੇ ਡੱਬੀ ਵਿਚ ਟਾਈਮ ਹੈ। ਨਾ ਤਾਰੀਕ ਦੇਖੋ ਕੈ਼ਲੰਡਰ ਤੋਂ। ਨਾ ਵਾਰ, ਨਾ ਮਹੀਨਾ, ਤੇ ਨਾ ਦਿਨ-ਤਿਓਹਾਰ। ਸਭ ਕੁਝ ਅੱਖਾਂ ਦੇ ਮੂਹਰੇ ਪਿਆ ਹੈ। ਜੰਤਰੀ ਤਾਂ ਹੁਣ ਬਿਲਕੁਲ ਗਈ ਗੁਜ਼ਰੀ ਹੈ। ਨਿਆਣਿਆਂ ਨੇ ਤਾਂ ਇਸਦਾ ਨਾਂ ਵੀ ਨਹੀਂ ਸੁਣਿਆ ਹੋਣਾ। ਰੇਡੀਓ ਵੀ ਹੁਣ ਇਸੇ ਵਿਚ ਤੇ ਟੀਵੀ ਵੀ ਇਸੇ ਵਿਚ ਤੇ ਅਖਬਾਰ ਤੇ ਬਾਣੀ ਦੇ ਨਾਲ ਨਾਲ ਗੀਤ ਸੰਗੀਤ ਸਭ ਕੁਝ! ਪਹਿਲੋਂ ਰਾਹ ਪੁੱਛ ਕੇ ਜਾਣ ਨਾਲ ਤਸੱਲੀ ਹੁੰਦੀ ਸੀ, ਤੇ ਰਾਹ ਦੱਸਣ ਵਾਲੇ ਨੂੰ ਵੀ ਭਲਾ ਕਾਰਜ ਕਰ ਕੇ ਸਕੂਨ ਮਿਲਦਾ ਸੀ, ਹੁਣ ਰਾਹ ਵੀ ਏਹੋ ਹੀ ਲੱਭਦਾ ਹੈ ਤੇ ਫਿਰ ਵੀ ਡਰ ਬਣਿਆ ਰਹਿੰਦਾ ਹੈ ਕਿ ਕਿਧਰੇ ਗਲਤ ਥਾਂ ਨਾ ਲੈ ਜਾਵੇ! ਸਵਾਲ ਕਰੋ ਕਿ ਕੀ ਨਹੀਂ ਹੈ ਇਸ ਵਿਚ? ਸੱਭੋ ਕੁਝ ਹੀ ਹੈ ਇਸ ਵਿਚ। ਇਸ ਸਭ ਦੇ ਕਾਸੇ ਦੇ ਨਾਲ-ਨਾਲ ਦੁੱਖ ਤੇ ਤਕਲੀਫਾਂ ਵੀ ਲਿਆਇਆ ਹੈ ਇਹ ਫੋਨ। ਇਹਨਾਂ ਦਾ ਲੇਖਾ-ਜੋਖਾ ਫਿਰ ਕਰਾਂਗੇ ਕਦੀ। ਹੁਣ ਮੇਰੇ ਫੋਨ 'ਤੇ ਵੈਟਸ-ਐਪ ਦੀ ਮੀਸਜ਼ ਘੰਟੀ ਟਿਕਣ ਨਹੀਂ ਦੇ ਰਹੀ, ਮੈਸਿਜ਼ 'ਤੇ ਮੈਸਿਜ਼ ਆਈ ਜਾ ਰਹੇ ਨੇ, ਪਤਾ ਨਹੀਂ ਕਿਸਦੇ ਹਨ? ਦੇਖਦਾ ਹਾਂ, ਫਿਰ ਲਿਖ ਲਵਾਂਗਾ ਡਾਇਰੀ।
ਖੁਸ਼ਕੀ ਮਾਰੀ ਠੰਢ
ਇਸ ਵਾਰੀ ਜਨਵਰੀ ਦੇ ਅੰਤਲੇ ਦਿਨ ਕੋਰੇ ਲੱਦੇ ਤੇ ਕੱਕਰ ਮਾਰੇ ਸਨ। ਸੁੱਕੀ ਠੰਢ ਨੇ ਲੋਕਾਂ ਦੀ ਬੱਸ ਕਰਾ ਦਿੱਤੀ। ਸੰਗਰੂਰ ਜਿਲੇ ਵਿਚ ਪਈ ਬਰਫ ਦੀਆਂ ਫੋਟੂਆਂ ਦੇਖ ਕੇ ਬੜੇ ਹੈਰਾਨ ਹੋਏ ਲੋਕ। ਕਹਿੰਦੇ ਨੇ ਕਿ ਠੰਡ ਜਦ ਆਉਂਦੀ-ਆਉਂਦੀ ਹੈ ਤਾਂ ਰਗੜਦੀ ਹੈ, ਜਾਂ ਫਿਰ ਜਾਂਦੀ-ਜਾਂਦੀ ਰਗੜਦੀ ਹੈ। ਇਸ ਵਾਰ ਬੱਚੇ-ਬੁੱਢੇ ਖੂਬ ਰਗੜੇ ਖੁਸ਼ਕੀ ਮਾਰੀ ਠੰਢ ਨੇ। ਵਾਇਰਲ ਬੁਖਾਰ ਤੇ ਸਵਾਈਨ ਫਲੂ ਨੇ ਲੋਕਾਂ ਨੂੰ ਆਪਣੀ ਜਕੜ ਵਿਚ ਲਈ ਰੱਖਿਆ ਤੇ ਪੰਜਾਬ ਵਿਚ ਸਵਾਈਨ ਫਲੂ ਨਾਲ ਕਈ ਮੌਤਾਂ ਵੀ ਹੋਈਆਂ। ਡਾਇਰੀ ਦਾ ਇਹ ਪੰਨਾ ਲਿਖਦੇ ਵੇਲੇ ਤੱਕ ਰਾਜਿਸਥਾਨ ਵਿਚ ਹੁਣ ਤੀਕ 70 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਹੁਣ ਨਿਆਣਿਆਂ ਨੇ ਪਤੰਗ ਉਡਾਣੇ ਸੂਰੂ ਕੀਤੇ ਹਨ, ਕੁਝ ਹੌਸਲਾ ਜਿਹਾ ਬੱਝਾ ਠੰਡ ਦੇ ਮਾਰਿਆਂ ਨੂੰ ਕਿ ਆਈ ਬਸੰਤ ਪਾਲਾ ਉਡੰਤ! ਹੁਣ ਪਾਲਾ ਉਡ ਜਾਏਗਾ। ਅੱਜ 31 ਜਨਵਰੀ ਹੈ ਤੇ ਚੰਡੀਗੜ ਵਿਚ ਬੱਦਲ ਬਣੇ ਹੋਏ ਨੇ। ਮੋਸਮੀ ਮਾਹਰ ਕਹਿ ਗਏ ਨੇ ਕਿ 2 ਦਿਨ ਪੰਜਾਬ ਤੇ ਚੰਡੀਗੜ ਵਿਚ ਮੀਂਹ ਪਵੇਗਾ ਤੇ ਫਿਰ ਠੰਢ ਘਟੇਗੀ।
6 - 2 - 2019
-
ਨਿੰਦਰ ਘੁਗਿਆਣਵੀ, ਪੰਜਾਬੀ ਲੇਖਕ ਤੇ ਕਾਲਮਿਸਟ
ninder_ghugianvi@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.