ਖ਼ਬਰ ਹੈ ਕਿ ਭਾਰਤੀ ਜਨਤਾ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ ਨੇ ਆਖ਼ਰ ਆਪਣੇ ਗੁੱਸੇ ਨਾਲ ਭਾਜਪਾ ਨੂੰ ਝੁਕਣ ਤੇ ਮਜ਼ਬੂਰ ਕਰ ਦਿੱਤਾ ਹੈ। ਅਕਾਲੀ ਦਲ ਨੂੰ ਜਿਹਨਾ ਮੁੱਦਿਆਂ ਤੇ ਨਰਾਜ਼ਗੀ ਸੀ, ਉਹਨਾ ਸਬੰਧੀ ਇੱਕਠੇ ਹੋਕੇ ਵਿਚਾਰ ਕਰਨ ਦਾ ਫੈਸਲਾ ਲਿਆ ਗਿਆ ਅਤੇ ਰਾਸ਼ਟਰੀ ਸਿੱਖ ਸੰਗਤ ਜੋ ਕਿ ਆਰ ਐਸ ਐਸ ਦੀ ਸੰਸਥਾ ਹੈ, ਜੋ ਸਿੱਖ ਮਾਮਲਿਆਂ 'ਚ ਦਖ਼ਲ ਦੇ ਰਹੀ ਸੀ, ਅਤੇ ਜਿਸਤੋਂ ਅਕਾਲੀ ਦਲ (ਬ) ਨਾਰਾਜ ਸੀ, ਨੂੰ ਦਖ਼ਲ ਅੰਦਾਜ਼ੀ ਕਰਨ ਤੋਂ ਵਰਜ਼ ਦਿੱਤਾ ਗਿਆ ਹੈ।
ਪਿਛਲੇ ਦਿਨੀਂ ਅਕਾਲੀਆਂ, ਕਮਾਲਾਂ ਕਰ ਦਿੱਤੀਆਂ। ਜਿਹੜਾ ਵੀ ਉਠਿਆ ਭਾਜਪਾਈਆਂ, ਆਰ ਐਸ ਐਸ ਵਾਲਿਆਂ, ਰਾਸ਼ਟਰੀ ਸਿੱਖ ਸੰਗਤ ਵਾਲਿਆਂ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰਨ ਲੱਗ ਪਿਆ। ਇੰਜ ਜਾਪਿਆ ਜਿਵੇਂ ਕਿਸੇ ਕਵੀ ਦੀਆਂ ਕਹੀਆਂ ਇਹ ਸਤਰਾਂ ਨੂੰ ਸੱਚ ਕਰ ਰਹੇ ਹੋਣ, "ਨਿੱਤਰੇ ਅਸੀਂ ਮੈਦਾਨੇ ਜੰਗ ਅੰਦਰ, ਤੇਗ਼ਾਂ ਹੱਥ, ਜੰਗਾਲੀਆਂ ਖੁੰਡੀਆਂ ਨੇ। ਜੋਸ਼, ਜਜ਼ਬਾ, ਜੁਆਨੀ ਨਾ ਲੱਭਦੇ ਨੇ, ਮੁੱਛਾਂ ਸਾਡੀਆਂ ਬੇਸ਼ਕ ਕੁੰਡੀਆਂ ਨੇ"।
ਪਰ ਉਸਤੋਂ ਵੀ ਵੱਧ ਕਮਾਲ ਤਾਂ ਅਕਾਲੀਆਂ ਉਦੋਂ ਕਰ ਦਿੱਤੀ, ਜਦੋਂ "ਦੋ ਸੱਸਿਆਂ" 'ਸੁਖਬੀਰ' ਤੇ 'ਸ਼ਾਹ' ਨੇ ਆਪਸੀ ਮਿਲਣੀ ਕੀਤੀ ਤੇ ਮੁੜ ਜੱਫੀਆਂ ਪਾ ਲਈਆਂ। ਗੱਲ ਤਾਂ ਭਾਈ ਇਕੋ ਸੀ ਕਿ ਤੁਸੀਂ ਸਾਨੂੰ ਕੁੱਛੜ ਚੁੱਕੋ, ਅਸੀਂ ਤੁਹਾਨੂੰ ਕੰਧੇੜੀ ਚੁੱਕਾਂਗੇ। ਗੱਲ ਤਾਂ ਇਕੋ ਸੀ ਕਿ ਆਹ ਰਾਸ਼ਟਰੀ ਸਿੱਖ ਸੰਗਤ ਵਾਲੇ ਕਿਧਰੋਂ ਆ ਗਏ? ਆਹ "ਢੀਂਡਸੇ, ਫੂਲਕੇ, ਖਹਿਰਿਆਂ ਨੂੰ ਕੰਧਾੜਿਆਂ 'ਤੇ ਕਿਉਂ ਚੁੱਕੀ ਫਿਰਦੇ ਨੇ ਭਾਜਪਾ ਵਾਲੇ? ਸੁਖਬੀਰ ਨੇ ਸ਼ਾਹ ਨੂੰ ਚਿਤਾਰਿਆ, "ਬੋਣਾ, ਚੁੱਕ ਪਹਾੜ ਤੇ ਚਾੜ੍ਹੀਏ ਜੇ, ਲੰਮਾ ਹੁੰਦਾ ਨਹੀਂ ਉਸਦਾ ਕੱਦ ਯਾਰੋ" ਦੇਖੋ ਸ਼ਾਹ ਉਹਦੀ ਗੱਲ ਮੰਨਦਾ ਆ ਕਿ ਉਹਨੂੰ ਹੀ ਬੋਣਾ ਬਣਾ ਦਿੰਦਾ ਆ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਦੇਸ਼ ਵਿੱਚ ਲਗਾਤਾਰ 8.6 ਲੱਖ ਡਾਕਟਰ ਹਨ, ਜਿਹਨਾ ਵਿਚੋਂ 4.2 ਲੱਖ ਡਾਕਟਰ ਹੀ ਆਮਦਨੀ ਟੈਕਸ ਅਦਾ ਕਰਦੇ ਹਨ। ਤੇਰਾ ਲੱਖ ਵਕੀਲਾਂ ਵਿਚੋਂ ਸਿਰਫ 2.6 ਲੱਖ ਵਕੀਲ ਹੀ ਆਮਦਨੀ ਟੈਕਸ ਸਰਕਾਰ ਨੂੰ ਦਿੰਦੇ ਹਨ। 2.8 ਲੱਖ ਚਾਰਟੈਡ ਅਕਾਊਂਟੈਂਟਾਂ ਵਿਚੋਂ ਸਿਰਫ ਇੱਕ ਲੱਖ ਹੀ ਆਮਦਨੀ ਟੈਕਸ ਅਦਾ ਕਰਦੇ ਹਨ।
ਇੱਕ ਵਿਚਾਰ
ਅਰਥ ਵਿਵਸਥਾ ਹਰ ਚੀਜ਼ ਦੀ ਸ਼ੁਰੂਆਤ ਅਤੇ ਅੰਤ ਹੈ। ਮਜ਼ਬੂਤ ਅਰਥ ਵਿਵਸਥਾ ਦੇ ਬਿਨ੍ਹਾਂ ਤੁਸੀਂ ਸੁਧਾਰ ਨਹੀਂ ਕਰ ਸਕਦੇ।..............ਡੇਵਿਡ ਕੈਮਰਨ
ਗੁਰਮੀਤ ਪਲਾਹੀ
9815802070
-
ਗੁਰਮੀਤ ਪਲਾਹੀ, ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.