ਖ਼ਬਰ ਹੈ ਕਿ ਮੋਦੀ ਸਰਕਾਰ ਨੇ ਆਪਣੇ ਇਸ ਸਾਲ ਦੇ ਅੰਤਰਿਮ ਬਜ਼ਟ ਵਿੱਚ ਰੱਖਿਆ ਲਈ ਤਿੰਨ ਲੱਖ ਕਰੋੜ ਰੱਖੇ ਹਨ, ਆਮਦਨ ਕਰ 'ਚ ਪੰਜ ਲੱਖ ਤੱਕ ਛੋਟ ਦਿੱਤੀ ਹੈ, ਮਗਨਰੇਗਾ ਲਈ 60 ਹਜ਼ਾਰ ਕਰੋੜ ਰੁਪਏ ਰੱਖੇ ਹਨ ਜਦਕਿ ਰੇਲਵੇ ਲਈ 1.58 ਲੱਖ ਕਰੋੜ ਰੁਪਏ ਅਤੇ ਕਿਸਾਨਾਂ ਲਈ ਸਲਾਨਾ 6000 ਰੁਪਏ ਜਾਣੀ ਹਰ ਇੱਕ ਕਿਸਾਨ ਪਰਿਵਾਰ ਲਈ 17 ਰੁਪਏ ਇੱਕ ਦਿਨ ਲਈ ਦੇਣ ਦਾ ਫੈਸਲਾ ਕੀਤਾ ਹੈ। ਇਥੇ ਹੀ ਬੱਸ ਨਹੀਂ 2030 ਤੱਕ "ਸਿਹਤਮੰਦ ਭਾਰਤ" ਬਣਾਉਣ ਦਾ ਟੀਚਾ ਵੀ ਮੋਦੀ ਸਰਕਾਰ ਨੇ ਮਿਥਿਆ ਹੈ। ਸਿੱਖਿਆ ਖੇਤਰ ਲਈ ਬਜ਼ਟ ਵਿੱਚ 93847 ਕਰੋੜ ਅਤੇ ਸਿਹਤ ਖੇਤਰ ਲਈ 61398 ਕਰੋੜ ਰੱਖੇ ਗਏ ਹਨ ਜਦਕਿ ਇੱਕ ਲੱਖ ਪਿੰਡਾਂ ਨੂੰ ਡਿਜ਼ੀਟਲ ਬਨਾਉਣਾ ਤਹਿ ਕੀਤਾ ਗਿਆ ਹੈ। ਮੋਦੀ ਜੀ ਨੇ ਕਿਹਾ ਕਿ ਇਹ ਅੰਤਰਿਮ ਬਜ਼ਟ ਤਾਂ ਇੱਕ ਟਰੈਲਰ ਹੈ।
ਅਕਲ ਦੇ ਬਾਦਸ਼ਾਹ, ਦੇਸ਼ ਵਿਚੋਂ ਭੁੱਖ ਨੰਗ, ਗਰੀਬੀ, ਅਨਪੜ੍ਹਤਾ, ਭ੍ਰਿਸ਼ਟਾਚਾਰ, ਗੁੰਡਾ ਗਰਦੀ ਖਤਮ ਕਰਨ ਦੀ ਗੱਲ ਕਰਦੇ ਨੇ ਤੇ ਨਹੀਂ ਜਾਣਦੇ ਕਿ ਇਥੇ ਤਾਂ ਬੇਇਲਮੇ, ਬੇਅਕਲੇ, ਅਨਪੜ੍ਹ ਤੇ ਅੰਨਪੜ੍ਹ ਨੇਤਾ ਮਲਾਈ ਛਕੀ ਜਾਂਦੇ ਆ।
ਅਕਲ ਦੇ ਬਾਦਸ਼ਾਹ, ਦੇਸ਼ ਵਿੱਚ ਚੰਗੀ ਪੜ੍ਹਾਈ, ਚੰਗੀ ਸਿਹਤ, ਚੰਗੇ ਵਾਤਾਵਰਨ, ਸਮੁੱਚੇ ਆਚਾਰ ਵਿਵਹਾਰ ਦੀ ਗੱਲ ਕਰਦੇ ਨੇ ਤੇ ਨਹੀਂ ਜਾਣਦੇ ਕਿ ਇਥੇ ਤਾਂ ਟੰਗਾਂ ਖਿੱਚਣ ਤੇ ਵੋਟਾਂ ਵਟੋਰਨ ਦੀ ਸਿਆਸਤ ਕਰੀ ਜਾਂਦੇ ਆ ਹਾਕਮ।
ਅਕਲ ਦੇ ਬਾਦਸ਼ਾਹ, ਦੇਸ਼ ਵਿੱਚ ਲੋਕਤੰਤਰ ਲਿਆਉਣ, ਇਨਸਾਫ ਦੇਣ, ਚੰਗਾ ਰੁਜ਼ਗਾਰ ਦੇਣ ਦੀ ਗੱਲ ਕਰਦੇ ਨੇ। ਤੇ ਨਹੀਂ ਜਾਣਦੇ ਕਿ ਇਥੇ ਤਾਂ ਬਹੂਬਲੀ, ਗੁੰਡੇ-ਮਾਫੀਆ ਵਾਲੇ, ਚੋਰ ਉਚੱਕੇ, ਬਾਂਦਰ ਵੰਡ 'ਚ ਰੁੱਝੇ ਸੱਭੋ ਕੁਝ ਆਪੂੰ ਹਜ਼ਮ ਕਰੀ ਜਾਂਦੇ ਆ।
ਪਰ ਪਤਾ ਨਹੀਂ ਅਕਲ ਦੇ ਬਾਦਸ਼ਾਹਾਂ ਤੱਕ ਇਹ ਗੱਲ ਪੁੱਜਦੀ ਕਿਉਂ ਨਹੀਂ ਕਿ ਆਮ ਬੰਦੇ ਨੂੰ ਦੁੱਖਾਂ ਨਪੀੜਿਆ ਹੋਇਆ ਹੈ। ਆਮ ਬੰਦੇ ਦੀ ਹਰ ਅੱਖ ਸਿੱਲੀ ਹੈ। ਮੋਮੋਠਗਣੀ ਦਿਲੀ ਮਨੁੱਖਾਂ ਦੇ ਅੱਖਾਂ ਦਾ ਘਾਣ ਕਰੀ ਬੈਠੀ ਹੈ, ਜਿਹੜੀ "ਬਜ਼ਟਾਂ" ਰਾਹੀਂ ਸੁਰਗਾਂ ਦੇ ਬੂਹੇ ਖੋਲ੍ਹਣ ਦੀ ਗੱਲ ਕਰਦੀ ਆ ਪਰ ਕਿਸਾਨ ਪਰਿਵਾਰ ਪੱਲੇ 17 ਰੁਪਏ ਜਾਣੀ ਸਾਢੇ ਤਿੰਨ ਰੁਪਏ ਪ੍ਰਤੀ ਜੀਅ ਪ੍ਰਤੀ ਦਿਹਾੜੀ ਪਾਉਂਦੀ ਆ। ਨਹੀਂ ਜਾਣਦੇ ਅਕਲ ਦੇ ਬਾਦਸ਼ਾਹ ਕਿ ਲੋਕ ਕਿਵੇਂ ਜੀਉਂਦੇ ਆ? ਰਤਾ ਇੱਕ ਕਵੀ ਦੀਆਂ ਸਤਰਾਂ ਤਾਂ ਸੁਣ ਲੈਣ "ਬੁਲ੍ਹੇ ਨਰਕ ਦੇ ਲੁੱਟੀਏ ਅਸੀਂ ਜੀਕੂੰ, ਤੂੰ ਵੀ ਸੁਣ ਲੈ ਤੈਨੂੰ ਵੀ ਦੱਸਦੇ ਆ"।
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.