ਜਦੋਂ ਜਲੰਧਰ
ਤੋਂ ਪਹਿਲਾਂ 1974 ਚ ਪੰਜਾਬ ਤੋਂ ਟੈਲੀਵੀਯਨ ਅੰਬਰਸਰੋਂ ਸ਼ੁਰੂ ਹੋਇਆ ਸੀ ਤਾਂ ਉਸ ਚ ਕਵੀ ਦਰਬਾਰ ਚ ਬੋਲਦਿਆਂ ਸ: ਸੂਬਾ ਸਿੰਘ ਜੀ ਨੇ ਇੱਕ ਗ਼ਜ਼ਲ ਪੜ੍ਹੀ ਸੀ ਜਿਸ ਦਾ ਪਹਿਲਾ ਸ਼ਿਅਰ ਸੀ
ਸ਼ਹਿਰ ਲਾਹੌਰੋਂ ਅੰਬਰਸਰ ਦਾ।
ਕਿੰਨਾ ਪੈਂਡਾ ਘਰ ਤੋਂ ਘਰ ਦਾ।
ਰੂਹ ਚ ਖੁਭ ਗਿਆ।
ਵੀਹ ਕੁ ਸਾਲ ਪਹਿਲਾਂ ਜਦ ਸਰਹੱਦ ਤੇ ਅਮਨ ਦੀ ਰੀਝ ਦੀਆਂ ਮੋਮਬੱਤੀਆਂ ਜਗਣੀਆਂ ਸ਼ੁਰੂ ਹੋਈਆਂ ਤਾਂ ਅਸੀਂ ਵੀ ਲੁਧਿਆਣਿਓ ਜਗਦੇਵ ਸਿੰਘ ਜੱਸੋਵਾਲ ਤੇ ਕੁਲਵੰਤ ਜਗਰਾਉਂ ਸਮੇਤ ਪਹੁੰਚਦੇ ਰਹੇ। ਇਕ ਵਾਹ ਹੰਸ ਰਾਜ ਹੰਸ ਨੇ ਓਥੇ ਗਾਉਣ ਲਈ ਮੈਥੋਂ ਦੋ ਗੀਤ ਮੰਗ ਲਏ।
ਮੈਂ ਪਹਿਲਾ ਗੀਤ ਸ: ਸੂਬਾ ਸਿੰਘ ਜੀ ਤੋਂ ਪ੍ਰੇਰਤ ਹੋ ਕੇ ਲਿਖਿਆ। ਚਾਰ ਬੰਦ ਸਨ।
ਸ਼ਹਿਰ ਲਾਹੌਰੋਂ ਅੰਬਰਸਰ ਦਾ।
ਕਰੀਏ ਪੈਂਡਾ ਘਰ ਤੋਂ ਘਰ ਦਾ।
ਮੈਥੋਂ ਦੂਰ ਵੱਸਦਿਆ ਯਾਰਾ।
ਬਾਤ ਮੇਰੀ ਦਾ ਭਰੀਂ ਹੁੰਗਾਰਾ
ਜਦ ਤੀਕਰ ਸੂਰਜ ਨਹੀਂ ਚੜ੍ਹਦਾ।
ਇੱਕ ਹੋਰ ਗੀਤ ਲਿਖਿਆ
ਜਦ ਤਕ ਸਾਡੇ ਅਤੇ ਤੁਹਾਡੇ
ਘਰ ਦੇ ਅੰਦਰ ਭੁੱਖ ਤੇ ਨੰਗ ਹੈ।
ਦਿਲ ਕੇ ਹੱਥ ਧਰ ਕੇ ਫਿਰ ਦੱਸਿਓ
ਸਾਡੀ ਤੁਹਾਡੀ ਕਾਹਦੀ ਜੰਗ ਹੈ?
ਉਸ ਗਾਇਆ ਤਾਂ ਸਭ ਨੇ ਸਲਾਹਿਆ।
ਕੁਝ ਅਰਸੇ ਬਾਦ 2005 ਚ ਹਿੰਦ ਪਾਕ ਰਿਸ਼ਤਿਆਂ ਨਾਲ ਸਬੰਧਿਤ ਆਪਣੀਆਂ ਕਵਿਤਾਵਾਂ, ਗੀਤਾਂ ਤੇ ਗ਼ਜ਼ਲਾਂ ਦੀ ਕਿਤਾਬ
ਖ਼ੈਰ ਪੰਜਾਂ ਪਾਣੀਆਂ ਦੀ ਛਾਪੀ ਤਾਂ ਇਹ
ਸ਼ਾਹਮੁਖੀ ਤੇ ਗੁਰਮੁਖੀ ਦੋਹਾਂ ਲਿਪੀਆਂ ਵਿੱਚ ਛਾਪੀ ਤਾਂ ਚੰਗਾ ਹੁੰਗਾਰਾ ਮਿਲਿਆ।
ਮੈਂ ਪੰਜਵੀਂ ਵਾਰ ਪਾਕਿਸਤਾਨ ਆਇਆ ਹਾਂ। ਪਹਿਲੀ ਵਾਰ 1997 ਚ ਗੁਰੂ ਨਾਨਕ ਗੁਰਪੁਰਬ ਤੇ ਜਥੇ ਵਿੱਚ ਜੀਵਨ ਸਾਥਣ ਜਸਵਿੰਦਰ ਸਮੇਤ ਆਇਆ ਸਾਂ। ਇਨਾਇਤ ਹੁਸੈਨ ਭੱਟੀ, ਸ਼ੌਕਤ ਅਲੀ,ਗੁਲਾਮ ਅਲੀ, ਇਕਬਾਲ ਬਾਹੂ, ਪਰਵੇਜ਼ ਮਹਿੰਦੀ ਆਰਿਫ ਲੋਹਾਰ ਅਕਰਮ ਰਾਹੀ,ਤੇ ਕਿੰਨੇ ਹੋਰ ਕਲਾਕਾਰਾਂ ਨਾਲ ਮੁਲਾਕਾਤ ਹੋਈ।
ਦੂਜੀ ਵਾਰ 2002 ਚ ਫ਼ਖਰ ਜਮਾਂ ਜੀ ਦੇ ਬੁਲਾਵੇ ਤੇ ਡਾ: ਸੁਤਿੰਦਰ ਸਿੰਘ ਨੂਰ ਲੈ ਕੇ ਆਏ।
ਤੀਜੀ ਵਾਰ 2006 ਚ ਭਾਰਤ ਸਰਕਾਰ ਵੱਲੋਂ ਚਲਾਈ ਨਨਕਾਣਾ ਸਾਹਿਬ ਵਾਲੀ ਪਹਿਲੀ ਬੱਸ ਤੇ ਸਵਾਰ ਹੋ ਕੇ ਮੈਂ ਤੇ ਰਣਜੋਧ ਸਿੰਘ ਆਏ।
ਸਾਡੇ ਨਾਲ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਰਾਧਾ ਸਵਾਮੀ ਮੱਤ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਮਾਪੇ ਵੀ ਸਨ। ਕੁੱਲ 22 ਸਵਾਰ।
ਫਿਰ 2013 ਚ ਫ਼ਖ਼ਰ ਜਮਾਂ ਜੀ ਦੇ ਬੁਲਾਵੇ ਤੇ ਹੀ ਵਿਸ਼ਵ ਅਮਨ ਕਾਨਫਰੰਸ ਤੇ ਡਾ: ਦੀਪਕ ਮਨਮੋਹਨ ਸਿੰਘ ਨਾਲ ਆਏ ਸਾਂ।
ਤੇ ਹੁਣ ਫੇਰ ਉਹੀ ਲੈ ਆਏ ਨੇ।
ਲੁਧਿਆਣਿਓਂ ਮਨਜਿੰਦਰ ਧਨੋਆ ਤੇ ਸਹਿਜਪ੍ਰੀਤ ਮਾਂਗਟ ਦੰਪਤੀ ਹੈ।
ਕੁੱਲ 19 ਜਣੇ ਭਾਰਤੀ ਡੈਲੀਗੇਸ਼ਨ ਹੈ।
ਕੱਲ੍ਹ ਤੁਰਦਿਆਂ ਰਾਹ ਚ ਅਮਰੀਕਾ ਦੇ ਸ਼ਹਿਰ ਫਰਿਜਨੋ ਤੋਂ ਹਰਜਿੰਦਰ ਕੰਗ
ਨੇ ਸੁਨੇਹਾ ਲਿਖ ਭੇਜਿਆ
ਲਾਹੌਰ ਦੇ ਨਾਮ ਸ਼ੁਭ ਇੱਛਾਵਾਂ
ਸਾਂਝੇ ਪੰਜਾਬ ਨੂੰ ਸਲਾਮ
ਦਿਲਾਂ ਚ ਇੱਕ ਪੰਜਾਬ ਹੈ ਕਹਿਣਾ ਦੁੱਲੇ ਨੂੰ।
ਮਿਲ ਕੇ ਆਉਣਾ ਵਾਰਿਸ ਸ਼ਾਹ ਤੇ ਬੁੱਲ੍ਹੇ ਨੂੰ।
ਜਿਸਦੇ ਉੱਤੇ ਰਲ ਕੇ ਤਾਮ ਪਕਾਈਦਾ,
ਭਖਦਾ ਰੱਖੀਏ ਬੁੱਲ੍ਹੇ ਦੇ ਉਸ ਚੁੱਲ੍ਹੇ ਨੂੰ।
ਹਰਜਿੰਦਰ ਕੰਗ
ਤੇ ਸਵੇਰੇ ਉੱਠਿਆਂ ਤਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪ੍ਰਬੁੱਧ ਅਧਿਆਪਕ ਤੇ ਮੇਰੇ ਪਿਆਰੇ ਸ਼ਾਇਰ ਮਿੱਤਰ ਡਾ: ਜਗਵਿੰਦਰ ਜੋਧਾ ਨੇ ਦਰਦੀਲਾ ਗੀਤ ਲਿਖ ਭੇਜਿਆ ਹੈ।
ਵੰਡੇ ਗਏ ਲੋਕ ਬਣ ਗਈਆਂ ਸੀ ਰਿਆਸਤਾਂ।
ਦਿਲਾਂ ਵਿਚ ਕੰਧ ਪਾ ਕੇ ਬਹਿ ਗਈਆਂ ਸਿਆਸਤਾਂ।
ਬੁੱਢੀਆਂ ਅੱਖਾਂ ਨੂੰ ਸਾਂਝਾ ਦੌਰ ਨਹੀਂ ਸੀ ਭੁੱਲਿਆ।
ਕਦੇ ਮੇਰੇ ਬਾਬੇ ਨੂੰ ਲਾਹੌਰ ਨਹੀਂ ਸੀ ਭੁੱਲਿਆ।
ਤੋੜ ਕੇ ਵਿਚਾਲਿਓਂ ਮੁਹੱਬਤਾਂ ਦੀ ਬਾਤ ਨੂੰ।
ਧੁੱਸ ਦੇ ਆ ਵੜੀ ਆਜ਼ਾਦੀ ਅੱਧੀ ਰਾਤ ਨੂੰ।
ਜਬਰੀ ਉਜਾੜੇ ਦਾ ਉਹ ਤੌਰ ਨਹੀਂ ਸੀ ਭੁੱਲਿਆ।
ਕਦੇ ਮੇਰੇ ਬਾਬੇ ਨੂੰ ਲਾਹੌਰ ਨਹੀਂ ਸੀ ਭੁੱਲਿਆ।
ਗੁਜਰਾਂਵਾਲੇ ਤੋਂ ਅੱਗੇ ਗੱਲ ਨਹੀਂ ਸੀ ਤੁਰਦੀ।
ਬੈਲ ਮੀਆਂਵਾਲੀ ਦੇ ਤੇ ਗੱਡੀ ਲਾਇਲਪੁਰ ਦੀ।
ਚੰਨੂ, ਸਰਗੋਧਾ ਤੇ ਪਿਸ਼ੌਰ ਨਹੀਂ ਸੀ ਭੁੱਲਿਆ।
ਕਦੇ ਮੇਰੇ ਬਾਬੇ ਨੂੰ ਲਾਹੌਰ ਨਹੀਂ ਸੀ ਭੁੱਲਿਆ।
ਇਕ ਵਾਰੀ ਧਰਨੇ ਤੇ ਚੰਡੀਗੜ੍ਹ ਗਿਆ ਸੀ।
ਲਾਠੀ ਖਾ ਕੇ ਕਾਲ਼ੀ ਸੜਕ ਤੇ ਡਿਗ ਪਿਆ ਸੀ।
ਮੁੜ ਕਦੇ ਨੀਲਾ ਹੋਇਆ ਮੌਰ ਨਹੀਂ ਸੀ ਭੁੱਲਿਆ।
ਕਦੇ ਮੇਰੇ ਬਾਬੇ ਨੂੰ ਲਾਹੌਰ ਨਹੀਂ ਸੀ ਭੁੱਲਿਆ।
ਕਸੂਰ,ਸਿਆਲਕੋਟ,ਲੜਕਾਣਾ ਉਹਨੂੰ ਯਾਦ ਸੀ।
ਆਖਰੀ ਸਮੇਂ ਵੀ ਨਨਕਾਣਾ ਉਹਨੂੰ ਯਾਦ ਸੀ।
ਬਾਰ ਚ ਹੰਢਾਈ ਕਦੇ ਟੌਹਰ ਨਹੀਂ ਸੀ ਭੁੱਲਿਆ।
ਕਦੇ ਮੇਰੇ ਬਾਬੇ ਨੂੰ ਲਾਹੌਰ ਨਹੀਂ ਸੀ ਭੁੱਲਿਆ।
ਜਗਵਿੰਦਰ ਜੋਧਾ
ਮੈਨੂੰ ਲੱਗਿਆ ਗੰਗਾ ਨੂੰ ਜਾਣ ਵੇਲੇ ਜਿਵੇਂ ਪੇਂਡੂ ਲੋਕ ਗੰਗਾ ਦਰਿਆ ਨੂੰ ਮੱਈਆ ਸਮਝ ਕੇ ਅਪਣਾ ਦਾਨ ਭੇਜਦਿਆਂ ਕਹਿੰਦੇ ਸਨ।
ਲੈ ਜਾ ਪਿਆਰਿਆ ਵੇ
ਮੇਰੀ ਦਮੜੀ ਗੰਗਾ ਨੂੰ।
ਇਹੋ ਜਹੀਆਂ ਅਨੇਕਾਂ ਦਮੜੀਆਂ ਲੈ ਕੇ ਸਾਡਾ ਕਾਫਲਾ ਵਿਸ਼ਵ ਅਮਨ ਲਹਿਰ ਲਈ ਕਾਨਫਰੰਸ ਚ ਸ਼ਾਮਿਲ ਹੋਣ ਲਈ ਲਾਹੌਰ ਆਇਆ ਹੈ। ਕੱਲ੍ਹ ਸ਼ਾਮੀਂ ਇੱਕ ਪਾਕਿਸਤਾਨ ਵੱਸਦਾ ਲੇਖਕ ਦੋਸਤ ਮੈਨੂੰ ਪੁੱਛਣ ਲੱਗਾ,
ਨਨਕਾਣਾ ਸਾਹਿਬ ਤੇ ਕਰਤਾਰ ਪੁਰ ਸਾਹਿਬ ਵੀ ਜਾਉਗੇ?
ਮੈਂ ਠੰਢਾ ਹਾਉਕਾ ਭਰਿਆ ਤਾਂ ਉਸ ਕਾਰਨ ਪੁੱਛਿਆ?
ਮੈਂ 2013 ਚ ਲਾਹੌਰ ਫੇਰੀ ਦੌਰਾਨ ਲਿਖੀ ਗ਼ਜ਼ਲ ਦੇ ਦੋ ਸ਼ਿਅਰ ਸੁਣਾ ਦਿੱਤੇ।
ਆਪਣੇ ਘਰ ਪਰਦੇਸੀਆਂ ਵਾਂਗੂੰ, ਪਰਤਣ ਦਾ ਅਹਿਸਾਸ ਕਿਉਂ ਹੈ?
ਮੈਂ ਸੰਤਾਲੀ ਮਗਰੋਂ ਜੰਮਿਆਂ, ਮੇਰੇ ਪਿੰਡੇ ਲਾਸ ਕਿਉਂ ਹੈ?
ਸ਼ਹਿਰ ਲਾਹੌਰ ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ,
ਧਾਹ ਗਲਵੱਕੜੀ ਪਾ ਕੇ ਮਿਲਦਾ,ਸਤਿਲੁਜ ਨਾਲ ਬਿਆਸ ਕਿਉਂ ਹੈ?
ਇਹ ਸੁਣ ਕੇ ਉਹ ਵੀ ਸੁੰਨ ਹੋ ਗਿਆ।
ਗੁਰਭਜਨ ਗਿੱਲ
ਪਾਕ ਹੈਰੀਟੇਜ ਹੋਟਲ
ਲਾਹੌਰ ਤੋਂ
1 ਫਰਵਰੀ,2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.