ਛਤਰਪਤੀ ਮੰਨਦੇ ਸਨ ਕਿ ਉਨ੍ਹਾਂ ਨੂੰ ਕੋਈ ਥੱਪੜ ਨਹੀਂ ਮਾਰੇਗਾ ਪ੍ਰੰਤੂ ਉਨ੍ਹਾਂ ਦੀ ਸੱਚੀ ਰਿਪੋਰਟਿੰਗ ਅਤੇ ਤਿੱਖੀ ਟਿੱਪਣੀਆਂ ਤੋਂ ਬੁਖਲਾ ਕੇ ਸਚਾਈ ਨੂੰ ਦਬਾਉਣ ਵਾਲੇ ਉਹਨੂੰ ਗੋਲੀ ਹੀ ਮਾਰਨਗੇ । ਉਹ ਸਦਾ ਹੀ ਕਹਿੰਦੇ ਸੀ ਕਿ ਛਤਰਪਤੀ ਮੌਤ ਤੋਂ ਨਹੀਂ ਡਰਦਾ ਅਤੇ ਇਹੀ ਬੇਖ਼ੌਫ , ਨਿਡਰ ਅਤੇ ਸਾਹਸੀ ਜਜ਼ਬਾ ਹੀ ਉਨ੍ਹਾਂ ਨੂੰ ਅਮਰ ਕਰ ਗਿਆ । ਇਹ ਕਹਿਣਾ ਹੈ ਵਿਸ਼ਵਜੀਤ ਸ਼ਰਮਾ ਦਾ ਜੋ ਕਿ ਸ਼ਹੀਦ ਪੱਤਰਕਾਰ ਰਾਮ ਚੰਦਰ ਛਤਰਪਤੀ ਨੂੰ ਨੇੜੇ ਤੋਂ ਜਾਣਦੇ ਸਨ । ਉਹ ਪੂਰਾ ਸੱਚ ਪੱਤਰ ਦੀ ਪ੍ਰਕਾਸ਼ਨਾ ਵਿੱਚ ਛਤਰਪਤੀ ਦੇ ਸਾਥੀ ਅਤੇ ਰਾਸ਼ਟਰੀ ਸਹਾਰਾ ਅਖ਼ਬਾਰ ਦੇ ਰਿਪੋਰਟਰ ਸਨ ।
ਰਾਮਚੰਦਰ ਛਤਰਪਤੀ ਨੇ ਜਨਮ ਚਾਹੇ ਇੱਕ ਕਿਸਾਨ ਪਰਿਵਾਰ ਵਿੱਚ ਲਿਆ ਪਰ ਉਹ ਅਜੋਕੇ ਚਾਪਲੂਸੀ ਅਤੇ ਖੁੱਦਗਰਜੀ ਭਰੇ ਨਿਜ਼ਾਮ ਦੀਆਂ ਵਲਗਣਾਂ ਨੂੰ ਟੱਪਕੇ ਜਿੱਥੇ ਸੱਚ ਲਈ ਲੜਦਾ ਆਪਣਾ ਜੀਵਨ ਕੁਰਬਾਨ ਕਰ ਗਿਆ ਉੱਥੇ ਸਦੀਆਂ ਤੱਕ ਯਾਦ ਕੀਤੇ ਜਾਣ ਵਾਲੇ ਪੱਤਰਕਾਰਤਾ ਦੇ ਮੀਲ ਪੱਥਰ ਸਥਾਪਤ ਕਰ ਗਿਆ । ਅੱਜ ਜਦੋਂ ਲੋਕਤੰਤਰ ਦਾ ਚੌਥਾ ਕਰਾਰ ਦਿੱਤੇ ਗੲੇ ਮੀਡੀਆ ਦੀ ਭਰੋਸੇਯੋਗਤਾ ਉੱਪਰ ਸਵਾਲ ਉੱਠ ਰਹੇ ਹਨ । ਵੱਡੇ ਧਨਾਢ ਘਰਾਣਿਆਂ ਨੇ ਮੀਡੀਆ ਦੇ ਪ੍ਰਿੰਟ , ਇਲੈਕਟ੍ਰਾਨਿਕ ਸਾਧਨਾਂ ਨੂੰ ਖ਼ਰੀਦ ਲਿਆ ਹੈ ਜਾਂ ਸਥਾਪਤ ਕਰ ਲਿਆ ਹੈ । ਮੀਡੀਆ ਦੇ ਕਈ ਅਦਾਰੇ ਆਪਣੇ ਅਖ਼ਬਾਰ , ਮੈਗਜ਼ੀਨ , ਚੈਨਲ ਉਦਯੋਗ ਵਾਂਗੂੰ ਚਲਾਉਣ ਲੱਗੇ ਹਨ । " ਪੇਡ ਨਿਊਜ਼ " ਐਵੇਂ ਹੀ ਪ੍ਰਚੱਲਿਤ ਨਹੀਂ ਹੋਇਆ । ਓਥੇ ਸ਼ਹੀਦ ਰਾਮ ਚੰਦਰ ਛਤਰਪਤੀ ਜਿਹੇ ਸਿਰੜੀ ਛੋਟੇ ਅਖ਼ਬਾਰ ਦੇ ਵੱਡੇ ਪੱਤਰਕਾਰ ਅੱਜ ਦੇ ਯੁੱਗ ਵਿੱਚ ਵੀ ਮੌਜੂਦ ਹਨ ਜੋ ਪੱਤਰਕਾਰਤਾ ਨੂੰ ਆਪਣਾ ਧਰਮ ਮੰਨਦੇ ਹਨ ।
ਦੇਸ਼ ਦੇ 1947 ਦੇ ਉਜਾੜੇ ਸਮੇਂ ਚੌਧਰੀ ਸੋਹਣ ਲਾਲ ਸੰਧਾ ਦਾ ਪਰਿਵਾਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਰਾਣੀ ਵਾਲਾ ( ਹੁਣ ਜ਼ਿਲ੍ਹਾ ਫ਼ਾਜ਼ਿਲਕਾ ) ਵਿਖੇ ਆਣਕੇ ਆਰਜ਼ੀ ਤੌਰ ਤੇ ਵਸਿਆ ਸੀ । ਇੱਥੇ 19 ਮਾਰਚ 1950 ਨੂੰ ਸ਼੍ਰੀ ਸੋਹਣ ਲਾਲ ਸੰਧਾ ਅਤੇ ਮਾਤਾ ਕਰਮ ਦੇਵੀ ਦੇ ਘਰ ਰਾਮਚੰਦਰ ਛਤਰਪਤੀ ਨੇ ਜਨਮ ਲਿਆ । ਮੰਡੀ ਅਰਨੀਵਾਲਾ ਦੇ ਨੇੜੇ ਵਸਿਆ ਇਹ ਪਿੰਡ ਵੈਸੇ ਸ਼ਹੀਦ ਛਤਰਪਤੀ ਦਾ ਨਾਨਕਾ ਪਿੰਡ ਹੈ । ਇਸ ਪਰਿਵਾਰ ਨੂੰ ਜ਼ਿਲ੍ਹਾ ਸਿਰਸਾ ਦੇ ਪਿੰਡ ਦੜਬੀ ਵਿੱਚ ਜ਼ਮੀਨ ਅਲਾਟ ਹੋਈ ਤਾਂ ਮੁੱਢਲੀ ਸਿੱਖਿਆ ਪਿੰਡ ਦੜਬੀ ਦੇ ਸਕੂਲ ਤੋਂ ਪ੍ਰਾਪਤ ਕਰਨ ਉਪਰੰਤ ਵਕਾਲਤ ਤੱਕ ਦੀ ਪੜ੍ਹਾਈ ਪੂਰੀ ਕਰਦਿਆਂ ਛਤਰਪਤੀ ਨੇ ਹਮੇਸ਼ਾ ਮੋਹਰੀ ਰੋਲ ਅਦਾ ਕੀਤਾ ।
ਸਕੂਲ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਚਾਹੇ ਖੇਡਾਂ ਦਾ ਖੇਤਰ ਹੋਵੇ , ਐਨ ਸੀ ਸੀ ਕੈਂਪ ਹੋਣ , ਐਨ.ਐਸ.ਐਸ. ਕੈਂਪ ਹੋਣ , ਖੂਨਦਾਨ ਕਰਨਾ ਹੋਵੇ , ਵੱਖ ਵੱਖ ਮੌਕਿਆਂ ਤੇ ਲੇਖ , ਕਵਿਤਾਵਾਂ ਲਿਖਣ ਦਾ ਸਬੱਬ ਬਣੇ ਜਾਂ ਫਿਰ ਕਿਸੇ ਪੱਤਰ ਦੀ ਸੰਪਾਦਨਾ ਕਰਨੀ ਹੋਵੇ ਤਾਂ ਇਹ ਨੌਜਵਾਨ ਸਭ ਤੋਂ ਮੋਹਰੇ ਦਿਖਾਈ ਦਿੰਦਾ । ਕਾਲਜ ਦੇ ਜ਼ਮਾਨੇ ਵਿੱਚ ਉਹ ਪੱਤ੍ਰਿਕਾ ਆਵੇਦਨ ਦੇ ਸੰਪਾਦਕ ਰਹੇ । ਦੋ ਸਾਲ ਤੱਕ ਉਨ੍ਹਾਂ ਸਪਤਾਹਿਕ ਪੱਤਰ " ਰਾਜਧਰਮ " ਦੀ ਦੀ ਸੰਪਾਦਨਾ ਕੀਤੀ ।
ਇਸ ਦੌਰਾਨ ਹੀ ਕਰਨਾਲ ਤੋਂ ਪ੍ਰਕਾਸ਼ਿਤ ਹੁੰਦੇ ਰਾਸ਼ਟਰੀ ਦੈਨਿਕ " ਸਵਤੰਤਰ ਵਿਸ਼ਵਮਾਨਵ " ਵਿੱਚ ਗੰਭੀਰ ਮੁੱਦਿਆਂ ਤੇ ਛਤਰਪਤੀ ਦੇ ਛਪਦੇ ਲੇਖਾਂ ਅਤੇ ਖੋਜ ਭਰਪੂਰ ਰਿਪੋਰਟਾਂ ਤੇ ਹੁੰਦੀ ਚਰਚਾ ਨੇ ਉਸਨੂੰ ਪੱਤਰਕਾਰਤਾ ਵਿੱਚ ਸਥਾਪਤ ਕਰ ਦਿੱਤਾ । ਐੱਲ ਐੱਲ ਬੀ ਕਰਨ ਤੋਂ ਬਾਅਦ ਕੁਝ ਸਮਾਂ ਉਸ ਨੇ ਬਤੌਰ ਵਕੀਲ ਵੀ ਕੰਮ ਕੀਤਾ ਪਰ ਉਸ ਅੰਦਰ ਵੱਸਦੇ " ਸੱਚੇ ਮਨੁੱਖ " ਨੂੰ ਇਹ ਕਿੱਤਾ ਪਸੰਦ ਅਤੇ ਰਾਸ ਨਾ ਆਇਆ । ਉਹ ਕਹਿੰਦੇ ਕਿਸੇ ਵੀ ਮਾਮਲੇ ਦੀ ਸਚਾਈ ਅਦਾਲਤ ਸਾਹਮਣੇ ਸਾਬਤ ਕਰਨ ਲਈ ਝੂਠੇ ਗਵਾਹ ਅਤੇ ਝੂਠੀਆਂ ਗਵਾਹੀਆਂ ਭੁਗਤਾਈਆਂ ਜਾਂਦੀਆਂ ਵੇਖ ਕੇ ਉਨ੍ਹਾਂ ਮਹਿਸੂਸ ਕੀਤਾ ਕਿ ਇਹ ਕੰਮ ਮੇਰੇ ਵੱਸ ਦਾ ਨਹੀਂ ਹੈ ਅਤੇ ਉਹ ਇਸ ਖੇਤਰ ਤੋਂ ਪਿੱਛੇ ਹਟ ਗਏ । ਉਹਨਾਂ ਪੱਤਰਕਾਰਤਾ ਨੂੰ ਅਪਣਾਇਆ । ਦਿੱਲੀ ਤੋਂ ਪ੍ਰਕਾਸ਼ਿਤ " ਜੇਵੀਜੀ ਟਾਇਮਜ " ਦੇ 1996 ਸਿਰਸਾ ਤੋਂ ਜ਼ਿਲ੍ਹਾ ਪੱਤਰਕਾਰ ਨਿਯੁਕਤ ਕੀਤੇ ਗਏ । ਇਸ ਤੋਂ ਬਾਅਦ " ਸਮਰਘੋਸ਼ " ਦਾ ਸਿਰਸਾ ਤੋਂ ਪ੍ਰਕਾਸ਼ਨ ਸ਼ੁਰੂ ਹੋਇਆ ਤਾਂ ਉਹਨਾਂ ਆਪਣਾ ਕਾਲਮ " ਪ੍ਰਤੀਦਿਨ " ਲਿਖਣਾ ਸ਼ੁਰੂ ਕੀਤਾ । ਪ੍ਰਤੀ ਦਿਨ ਕਾਲਮ ਵਿੱਚ ਉਸ ਨੇ ਕਈ ਗੰਭੀਰ ਮੁੱਦਿਆਂ ਤੇ ਬਹਿਸ ਛੇੜੀ । ਇਸ ਦੌਰਾਨ ਹੀ ਕਈ ਤਾਕਤਾਂ ਨੂੰ ਇਸ ਕਾਲਮ ਦੇ ਲਿਖਾਰੀ ਦੀ ਕਲਮ ਦੀ ਤਿੱਖੀ ਨੋਕ ਤੋਂ ' ਤਕਲੀਫ ' ਹੋਈ । ਇਸ ਦੌਰਾਨ ਹੀ ਉਨ੍ਹਾਂ ਸਮਾਚਾਰ ਪੱਤਰਾਂ ਦੇ ਸੰਪਾਦਕਾਂ ਵੱਲੋਂ ਤਿਆਰ ਕੀਤੀ ਲਿਖਤ ਉੱਪਰ ਨਿਯਮਾਂ ਅਤੇ ਸੰਪਾਦਨਾ ਲਗਾਏ ਜਾਂਦੇ ਕੱਟ ਕਾਰਨ ਉਹ ਮਹਿਸੂਸ ਕਰਦੇ ਕਿ ਪੂਰੀ ਸਚਾਈ ਬਿਆਨ ਕਰਨੀ ਰਹਿ ਗਈ ਹੈ ।
ਤੇ ਉਹਨਾਂ 2 ਫਰਵਰੀ 2000 ਨੂੰ ਸ਼ਾਮ ਨੂੰ ਛਪਣ ਵਾਲੇ " ਪੂਰਾ ਸੱਚ " ਪੱਤਰ ਦਾ ਪ੍ਰਕਾਸ਼ਨ ਸ਼ੁਰੂ ਕੀਤਾ । ਪੂਰਾ ਸੱਚ ਦੇ ਪਹਿਲੇ ਅੰਕ ਵਿੱਚ ਸੰਪਾਦਕੀ ਲੇਖ " ਸੱਚ ਕੀ ਸੁਗੰਧ ਬਿਖੇਰਨ ਦਾ ਯਤਨ " ਨਾਲ ਸ਼ੁਰੂ ਹੋਈ । ਪੂਰਾ ਸੱਚ ਦੇ ਪ੍ਰਕਾਸ਼ਨ ਦੇ ਨਾਲ ਨਾਲ ਉਹ ਦਿੱਲੀ ਤੋਂ ਛਪਦੇ " ਹਿੰਦੁਸਤਾਨ "ਦੇ ਜ਼ਿਲ੍ਹਾ ਪੱਤਰਕਾਰ ਦੇ ਤੌਰ ਤੇ ਵੀ ਕੰਮ ਕਰ ਰਹੇ ਸਨ । ਪੂਰਾ ਸੱਚ ਦੇ ਪ੍ਰਕਾਸ਼ਨ ਦੌਰਾਨ ਤੋਂ ਪੱਤਰਕਾਰਤਾ ਪ੍ਰਤੀ ਸਮਰਪਿਤ ਹੋ ਗਏ । ਪੱਤਰਕਾਰਤਾ ਕਰਦਿਆਂ ਕਿਸੇ ਵੀ ਪੱਤਰਕਾਰ 'ਤੇ ਆਉਂਦੇ ਸੰਕਟ ਮੌਕੇ ਉਹ ਪੂਰਾ ਸਾਥ ਦੇਣ ਦੀ ਕੋਸ਼ਿਸ਼ ਕਰਦੇ । ਇਸ ਦੌਰਾਨ ਪ੍ਰੈੱਸ ਕਲੱਬ ਸਿਰਸਾ ਦੇ ਪ੍ਰਧਾਨ ਦੇ ਅਹੁਦੇ ਤੇ ਵੀ ਉਨ੍ਹਾਂ ਕੰਮ ਕੀਤਾ ।
ਬਾਕੀ ਅਗਲੀ ਕਿਸ਼ਤ 'ਚ....
-
ਜਗਦੀਸ਼ ਥਿੰਦ , ਪੱਤਰਕਾਰ
thindfzr@gmail.com
+91 98148 08944
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.