ਡਾ: ਹਮਦਰਦ ਦੀ ਸੰਗੀਤ ਐਲਬਮ "ਰੂਹਾਨੀ ਰਮਜ਼ਾਂ" ਉਹਨਾ ਦੀ ਗਿਆਰਵੀਂ ਸੰਗੀਤ ਐਲਬਮ ਹੈ। ਇੱਕ ਪਰਪੱਕ ਗਾਇਕ ਦੇ ਤੌਰ 'ਤੇ ਗਾਇਕ ਹਮਦਰਦ ਨੇ ਆਪਣੀਆਂ ਵੱਖੋ-ਵੱਖਰੀਆਂ ਸੰਗੀਤਕ ਐਲਬਮਾਂ ਵਿੱਚ ਲੋਕ ਗੀਤਾਂ, ਗ਼ਜ਼ਲਾਂ, ਕਾਫੀਆਂ, ਸੂਫੀ ਕਲਾਮ ਅਤੇ ਹੋਰ ਵੰਨਗੀਆਂ ਨੂੰ ਲਗਾਤਾਰ ਗਾਕੇ ਗਾਇਕੀ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾਈ ਹੈ। 2003 'ਚ ਆਪਣੀ ਐਲਬਮ ਜਜ਼ਬਾਤ ਤੋਂ ਸਫ਼ਰ ਸ਼ੁਰੂ ਕਰਕੇ ਡਾ: ਬਰਜਿੰਦਰ ਸਿੰਘ ਹਮਦਰਦ ਨੇ ਗਾਇਕੀ ਦੇ ਖੇਤਰ ਵਿੱਚ ਵੱਡਾ ਨਾਮ ਪੈਦਾ ਕੀਤਾ ਹੈ ਅਤੇ ਨਾਮਣਾ ਖੱਟਿਆ ਹੈ।
ਮੌਲਾ ਸ਼ਾਇਰ ਬੁਲ੍ਹੇ ਸ਼ਾਹ, ਪੰਜਾਬੀਆਂ ਦਾ ਹਰਮਨ ਪਿਆਰਾ ਸ਼ਾਇਰ ਹੈ। ਜਿਹੜਾ ਰੱਬ ਦੇ ਰੰਗ ਵਿੱਚ ਰੰਗਿਆ, ਆਪਣੇ ਪਿਆਰੇ ਨੂੰ ਮਿਲਣ ਦੀ ਚਾਹਤ ਵਿੱਚ ਅਜਿਹਾ ਕੁਝ ਲਿਖਦਾ ਰਿਹਾ, ਬੋਲਦਾ ਰਿਹਾ, ਹੰਡਾਉਂਦਾ ਰਿਹਾ ਤੇ ਫਿਰ ਆਪਣੇ 'ਸੱਜਣ' ਦੇ ਦਰਸ਼ਨ ਦੀਦਾਰੇ ਕਰਦਾ ਰਿਹਾ। ਖੁਲ੍ਹੇ-ਡੁਲ੍ਹੇ ਸੁਭਾਅ ਵਾਲਾ ਬੇਬਾਕ ਸ਼ਾਇਰ ਸਦੀਆਂ ਬੀਤਣ ਬਾਅਦ ਅੱਜ ਵੀ ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਹੈ। ਤਦੇ ਹੀ ਤਾਂ ਗਾਹੇ-ਬਗਾਹੇ ਪੰਜਾਬੀ ਗਾਇਕ ਉਸਦੀ ਸ਼ਾਇਰੀ ਨੂੰ ਆਪਣੇ ਰੰਗ ਵਿੱਚ ਗਾਕੇ ਆਪਣੇ ਆਪ ਨੂੰ "ਧੰਨ ਭਾਗ" ਹੋ ਗਿਆ ਸਮਝਦੇ ਹਨ। ਗਾਇਕ ਡਾ: ਹਮਦਰਦ ਵਲੋਂ ਬਾਬਾ ਬੁਲ੍ਹੇ ਸ਼ਾਹ ਦੀਆਂ 8 ਬਿਹਤਰੀਨ ਕਾਫੀਆਂ ਨੂੰ ਇੱਕ ਲੜੀ 'ਚ ਪਰੋਕੇ ਅਸਲ ਅਰਥਾਂ 'ਚ ਬਾਬੇ ਬੁਲ੍ਹੇ ਸ਼ਾਹ ਦੇ 'ਪਿਆਰ ਫਲਸਫੇ' ਨੂੰ ਉਜਾਗਰ ਕਰਨ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। "ਰੂਹਾਨੀ ਰਮਜ਼ਾਂ" ਵਰਗੀ ਸੰਗੀਤ ਐਲਬਮ ਵਿਚਲੀ ਗਾਇਕੀ ਦੀ ਤਵੱਕੋ ਸਿਰਫ ਤੇ ਸਿਰਫ ਡਾ: ਹਮਦਰਦ ਵਰਗੇ ਗਾਇਕ ਤੋਂ ਹੀ ਕੀਤੀ ਜਾ ਸਕਦੀ ਹੈ।
ਡਾ: ਹਮਦਰਦ ਦੀ ਆਵਾਜ਼ ਵਿੱਚ ਦਮ ਹੈ, ਉਸਦੀ ਆਪਣੀ ਦਮਦਾਰ ਸਖਸ਼ੀਅਤ ਵਾਂਗਰ। ਡਾ: ਹਮਦਰਦ ਦੀ ਲਿਖਤ ਵਿੱਚ ਪੀੜ ਹੈ, ਚੀਸ ਹੈ, ਦਰਦ ਹੈ। ਉਸਦਾ ਹਿਰਦਾ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਸ਼ੌਦਾਈ ਹੈ। ਪੰਜਾਬ ਦੇ ਪੈਰ 'ਚ ਕੰਡਾ ਚੁੱਭਦਾ ਹੈ, ਉਹ ਤੜਫ ਉਠਦਾ ਹੈ।ਪੰਜਾਬੀ ਨੂੰ ਕਿਧਰੇ ਢਾਅ ਲੱਗਦੀ ਹੈ ਤਾਂ ਉਹ ਗੜਕ ਨਾਲ ਪੰਜਾਬੀ ਵਿਰੋਧੀਆਂ ਵਿਰੁੱਧ ਖਲੋ ਉਠਦਾ ਹੈ। ਪੰਜਾਬੀਅਤ ਨੂੰ ਜੇ ਕਿਧਰੇ ਆਂਚ ਆਉਂਦੀ ਹੈ ਤਾਂ ਉਹ ਦਹਾੜਦਾ ਹੈ ਸ਼ੇਰ ਵਾਂਗਰ, ਬੱਬਰ ਸ਼ੇਰ ਵਾਂਗਰ। ਪਰ ਇਸ ਸਭ ਕੁਝ ਦੇ ਨਾਲ-ਨਾਲ ਇਹ ਪਿਆਰਾ, ਰੰਗਲਾ ਇਨਸਾਨ ਪੰਜਾਬ ਦੀਆਂ ਉਹਨਾ ਰਾਂਗਲੀਆਂ ਸਖਸ਼ੀਅਤਾਂ ਦੇ ਲਿਖੇ ਬੋਲਾਂ ਨੂੰ ਆਪਣੀ ਆਵਾਜ਼ ਵਿੱਚ ਪੇਸ਼ ਕਰਦਾ ਹੈ ਤਾਂ ਇੰਜ ਲੱਗਦਾ ਹੈ ਜਿਵੇਂ ਉਹ ਆਪ "ਬੁਲ੍ਹੇ ਸ਼ਾਹ" ਬਣ ਗਿਆ ਹੋਵੇ, ਆਪ "ਰਾਂਝਾ ਫਕੀਰ" ਬਣ ਗਿਆ ਹੋਵੇ। ਉਹ ਬੁਲ੍ਹੇ ਸ਼ਾਹ ਵਰਗੇ ਸ਼ਾਇਰਾਂ ਦੇ ਵਿਛੋੜੇ ਦੇ ਦਰਦ ਨੂੰ , ਬਿਰਹਾ ਦੇ ਦਰਦ ਨੂੰ ਆਪ ਹੰਢਾਉਂਦਾ ਹੈ ਅਤੇ ਆਪਣੇ ਪਿਆਰਿਆਂ ਸੰਗ, ਸੰਗੀਤਕ ਸਾਂਝ ਪਾਕੇ 'ਅਮਰ' ਹੋ ਗਏ ਸ਼ਾਇਰਾਂ ਦੀ ਸ਼ਾਇਰੀ ਨੂੰ 'ਅਮਰ' ਕਰਨ 'ਚ ਆਪਣਾ ਹਿੱਸਾ ਪਾਉਂਦਾ ਹੈ।
ਬੁਲ੍ਹੇ ਸ਼ਾਹ ਦੀ ਕਾਫੀ, "ਜੋ ਕੋਈ ਸਾਡੇ ਅੰਦਰ ਬੋਲੇ ਜਾਤ ਅਸਾਡੀ ਸੋਈ", ਦਾ ਸੱਚ ਹੰਢਾਉਂਦਾ ਗਾਇਕ ਡਾ: ਹਮਦਰਦ ਆਪਣੇ "ਤਨ ਦਾ ਲਹੂ ਛਾਣਦਾ", ਪੀੜਾਂ ਦੇ ਪਰਾਗੇ ਪਾ ਕੇ 'ਕੇਹੇ ਲਾਰੇ ਦੇਨਾ ਏਂ- ਸਾਨੂੰ, "ਕੀ ਬੇਦਰਦਾਂ ਸੰਗ ਯਾਰੀ" ਦੇ ਬੋਲ ਬੋਲਦਾ, ਆਪੂੰ ਰੂਹਾਨੀ-ਰੂਹਾਨੀ ਹੁੰਦਾ, ਸੁਨਣ ਵਾਲਿਆਂ ਦੀ ਵੀ "ਬੁਲ੍ਹੇ ਸ਼ਾਹ" ਨਾਲ ਰੂਹਾਨੀ ਸਾਂਝ ਪੁਆ ਦਿੰਦਾ ਹੈ।
ਕੌਣ ਹੈ ਜੋ ਇਹੋ ਜਿਹੇ ਗਾਇਕ ਤੋਂ ਮੁੱਖ ਮੋੜਕੇ ਜਾਂ ਮੂੰਹ ਭੁਆਕੇ ਉਹਦੇ ਬੋਲਾਂ ਨਾਲ ਸਾਂਝ ਨਹੀਂ ਪਾਏਗਾ, ਜਦੋਂ ਉਹ ਬੁਲ੍ਹੇ ਸ਼ਾਹ ਦੀ ਕਾਫੀ "ਸਾਡੇ ਵੱਲ ਮੁਖੜਾ ਮੋੜ" ਗਾ ਰਿਹਾ ਹੋਵੇ ਤੇ ਜਾਂ ਫਿਰ "ਦਿਲ ਲੋਚੇ ਮਾਹੀ ਯਾਰ" ਨੂੰ ਅਤੇ "ਕਦੀ ਮੋੜ ਮੁਹਾਰਾ ਢੋਲਿਆ" ਗਾਉਂਦਾ ਉਹ ਬੁਲ੍ਹੇ ਸ਼ਾਹ ਨਾਲ ਆਪ ਇੱਕ ਮਿੱਕ ਹੋਇਆ ਗਾ ਰਿਹਾ ਹੋਵੇ ? ਉਹਦੀ ਗਾਇਕੀ ਸਮੇਂ ਉਹਦੀ ਆਵਾਜ਼ ਤੋਂ ਬਿਨ੍ਹਾਂ ਹੋਰ ਕੋਈ ਆਵਾਜ਼ ਸੁਣਦੀ ਹੀ ਨਹੀਂ, ਉਸ ਸਮੇਂ ਇਵੇਂ ਲੱਗਦਾ ਹੈ ਗਾਇਕ ਗਾਉਂਦਾ ਹੈ ਤੇ ਮਹਿਫ਼ਲ ਵਿੱਚ ਬੁਲ੍ਹੇ ਸ਼ਾਹ ਆਪ ਬੈਠਾ ਹੈ ਤੇ ਸਰੋਤੇ ਮੰਤਰ ਮੁਗਧ ਹੋਕੇ ਬੁਲ੍ਹੇ ਸ਼ਾਹ ਦੀਆਂ ਰਮਜ਼ਾਂ "ਡਾ: ਹਮਦਰਦ" ਦੇ ਬੋਲਾਂ ਰਾਹੀਂ ਸੁਣ ਰਹੇ ਹੋਣ।
30-1-2019
9815802070
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.