ਸ਼੍ਰੋਮਣੀ ਅਕਾਲੀ ਦਲ ਦੀ ਡਿਕਟੇਟਰਾਨਾਂ ਦੂਰਅੰਦੇਸ਼ੀਹੀਨ ਨੌਜਵਾਨ ਲੀਡਰਸ਼ਿਪ ਦੀ ਹਰ ਮੁਹਾਜ਼ ਤੇ ਇਸ ਦੀਆਂ ਜੜ੍ਹਾਂ ਵੱਢੂ ਨਾਕਾਮੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਬਚਗਾਨੀ ਅਤੇ ਏਕਾਧਿਕਾਰਵਾਦੀ ਅਗਵਾਈ ਨੇ ਕਾਂਗਰਸ ਪਾਰਟੀ ਨੂੰ ਵਿਧਾਨ ਸਭਾ ਚੋਣਾਂ 2017 ਵਿਚ ਸੱਤਾ ਥਾਲੀ ਵਿਚ ਪਰੋਸ਼ ਕੇ ਭੇਟੇ ਕਰ ਦਿਤੀ। ਕਾਂਗਰਸ ਪਾਰਟੀ ਨੇ 117 ਵਿਚੋਂ ਰਿਕਾਰਡ 78 ਸੀਟਾਂ ਪ੍ਰਾਪਤ ਕਰਦਿਆਂ 16 ਮਾਰਚ, 2017 ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਰਕਾਰ ਗਠਤ ਕਰ ਲਈ। ਇੰਨਾਂ ਚੋਣਾਂ ਵਿਚ ਸੱਤਾ ਪ੍ਰਾਪਤੀ ਤੋਂ ਬੁਰੀ ਤਰ੍ਹਾਂ ਖੁੰਝੀ ਆਮ ਆਦਮੀ ਪਾਰਟੀ ਫਿਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੂੰ ਲਤਾੜ ਤੇ ਵਿਰੋਧੀ ਧਿਰ ਦਾ ਰੁੱਤਬਾ ਹਾਸਲ ਕਰਨ ਵਿਚ ਸਫਲ ਰਹੀ। ਲੇਕਿਨ ਇਸ ਨੇ ਜਿਵੇਂ ਪੰਜਾਬ ਵਾਸੀਆਂ ਅਤੇ ਵੱਡੇ ਹਮਾਇਤੀ ਪ੍ਰਵਾਸੀਆਂ ਦੀ ਸੰਵੇਦਨ ਸ਼ੀਲਤਾ ਅਤੇ ਰਾਜਨੀਤਕ ਅਰਮਾਨਾਂ ਦਾ ਮਜ਼ਾਕ ਉਡਾਇਆ ਉਸ ਕਰਕੇ ਉੰਨਾਂ ਦਾ ਦਿਲ ਹੀ ਨਹੀਂ ਟੁੱਟਾ ਬਲਕਿ ਇਸ ਨਵਗਠਤ ਪਾਰਟੀ ਵਿਚ ਭਰੋਸੇ ਯੋਗਤਾ ਤਾਰ-ਤਾਰ ਹੋ ਗਈ।
ਹੈਰਾਨੀ ਦੀ ਗੱਲ ਤਾਂ ਇਹ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿਚ ਸੀਨੀਅਰ ਅਤੇ ਪ੍ਰੌਢ ਲੀਡਰਸ਼ਿਪ ਵਲੋਂ ਵਿਧਾਨ ਸਭਾ ਚੋਣਾਂ ਵਿਚ ਇਤਿਹਾਸਿਕ ਸ਼ਰਮਨਾਕ ਪਾਰਟੀ ਹਾਰ ਦੀ ਸਮੀਖਿਆ ਕਰਨ ‘ਤੇ ਜ਼ੋਰ ਦੇਣ ਦੇ ਬਾਵਜੂਦ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਸਮੀਖਿਆ ਨਹੀਂ ਕੀਤੀ। ਉਲਟਾ ਐਸੇ ਅਤੇ ਹੋਰ ਠੋਸ ਰਾਜਨੀਤਕ ਮੁੱਦਿਆਂ ਨੂੰ ਉਠਾਉਣ ਵਾਲੇ ਪ੍ਰੌਢ ਆਗੂਆਂ ਨੂੰ ਰਾਜਨੀਤਕ ਤੌਰ ‘ਤੇ ਨੁੱਕਰੇ ਲਾਉਣ ਲਈ ਉੰਨਾਂ ਦੇ ਹਲਕਿਆਂ ਵਿਚ ਆਪਣੇ ਪਿਠੂੱ ਤੱਕੜੇ ਕਰਨੇ ਅਰੰਭ ਦਿਤੇ।
ਇਸ ਤਰਜ਼ ‘ਤੇ ਆਮ ਆਦਮੀ ਪਾਰਟੀ ਅੰਦਰ ਪੰਜਾਬ ਅੰਦਰ ਪਾਰਟੀ ਵਿੰਗ ਨੂੰ ਖੁਦਮੁਖਤਾਰੀ ਪ੍ਰਦਾਨ ਕਰਨ ਤਾਂ ਕਿ ਉਹ ਪਾਰਟੀ ਦੇ ਭਵਿੱਖ ਅਤੇ ਰਾਜ ਅੰਦਰ ਭੱਖਦਿਆਂ ਮਸਲਿਆਂ ਤੇ ਸਹੀ ਸਟੈਂਡ ਲੈ ਸਕਣ, ਸਬੰਧੀ ਨੀਤੀਗਤ ਮੁੱਦੇ ਉਠਾਉਣ ਵਾਲਿਆਂ ਨੂੰ ਪਾਰਟੀ ਅੰਦਰ ਕਮਜ਼ੋਰ ਕਰਕੇ ਨੁੱਕਰੇ ਲਾਉਣ ਸਿਲਸਿਲਾ ਜਾਰੀ ਰਿਹਾ। ਲਿਹਾਜਾ ਪਾਰਟੀ ਦੋਫਾੜ ਹੋ ਗਈ। ਬਾਵਜੂਦ ਇਸ ਦੇ ਲੰਬਾ ਸਮਾਂ ਪਾਰਟੀ ਨੂੰ ਇਕਜੁੱਟ ਕਰਨ ਲਈ ਕੁਝ ਨਾ ਕੀਤਾ ਗਿਆ।
ਇਸੇ ਦੋਰਾਨ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਅਤੇ ਉਸਦੀ ਸਰਕਾਰ ਨੇ ਰਾਜਨੀਤਕ, ਧਾਰਮਿਕ, ਆਰਥਿਕ ਅਤੇ ਪ੍ਰਸਾਸ਼ਨਿਕ ਤੌਰ ‘ਤੇ ਮੰਨ ਆਈ ਮੰਨਮਾਨੀ ਸ਼ੁਰੂ ਕਰ ਦਿਤੀ। ਲੋਕਾਂ ਦੇ ਵੱਖ-ਵੱਖ ਵਰਗਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਗਈ। ਉੰਨਾਂ ਨਾਲ ਧਾਰਮਿਕ ਪਵਿੱਤਰ ਗੁੱਟਕਾ ਹੱਥ ਵਿਚ ਫੜ੍ਹ ਕੇ ਸਹੁੰ ਚੁੱਕ ਕੇ ਕੀਤੇ ਵਾਅਦਿਆਂ ਨੂੰ ਪਿੱਠ ਦੇ ਗਈ। ਸੰਵੇਦਨਸ਼ੀਲ ਧਾਰਮਿਕ ਮੁੱਦਿਆਂ ਸਬੰਧੀ ਇਨਸਾਫ ਤੋਂ ਟਾਲਾ ਵੱਟ ਗਈ। ਮੁਲਾਜ਼ਮਾਂ, ਕਿਸਾਨਾਂ, ਨੌਜਵਾਨਾਂ, ਕਾਮਿਆਂ, ਔਰਤਾਂ ਨਾਲ ਕੀਤੇ ਵੱਡੇ-ਵੱਡੇ ਲੋਕ ਲੁਭਾਊ ਵਾਅਦਿਆਂ ਤੋਂ ਨੱਸ ਗਈ। ਉਲਟਾ ਉੰਨਾਂ ਵਿਰੁੱਧ ਦਮਨਕਾਰੀ ਢੰਗ ਨਾਲ ਪੇਸ਼ ਆਈ। ਖੁਦ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਵਰਗੇ ਤੇਜ਼-ਤਰਾਰ ਮੰਤਰੀ ਨੂੰ ਅੰਮਿਰਤਸਰ ਰੇਲ ਕਾਂਡ ਅਤੇ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਵਿਵਾਦ ਅਧੀਨ ਕੈਬਨਿਟ ਤੋਂ ਬਰਖਾਸਤ ਕਰ ਦਿੰਦਾ। ਜੇਕਰ ਅਜੋਕੀਆਂ 5 ਵਿਧਾਨ ਸਭਾ ਚੋਣਾਂ ਵਿਚ ਹਿੰਦੀ ਭਾਸ਼ੀ ਰਾਜਾਂ ਵਿਚ ਕਾਂਗਰਸ ਜਿੱਤ ਹਾਸਿਲ ਨਾ ਕਰਦੀ ਅਤੇ ਪ੍ਰਧਾਨ ਰਾਹੁਲ ਗਾਂਧੀ ਦਾ ਉਸ ਨੂੰ ਥਾਪੜਾ ਨਾ ਹੁੰਦਾ।
ਸੋ ਐਸੇ ਉਥਲ-ਪੁਥਲ, ਬੇਚੈਨੀ, ਰਾਜਕੀ ਦਮਨਕਾਰੀ ਵਿਵਸਥਾ ਤੋਂ ਬੁਰੀ ਤਰਾਂ ਸਤੇ ਅਤੇ ਅੱਕੇ ਆਪਣੇ ਸੁਭਾਅ ਤੋਂ ਇਨਕਲਾਬੀ ਪੰਜਾਬੀਆਂ ਨੇ 16 ਦਸੰਬਰ, 2018 ਨੂੰ ਤਿੰਨ ਵੱਖ-ਵੱਖ ਦਲ ਅਤੇ ਸੰਗਠਨ ਖੜੇ ਕਰਕੇ ਪੰਜਾਬ ਦੀ ਰਾਜਨੀਤੀ ਵਿਚ ਭਰਥੱਲੀ ਮਚਾ ਦਿਤੀ।
ਸ਼੍ਰੋਮਣੀ ਅਕਾਲੀ ਦਲ ਦੇ ਤਾਕਤਵਰ ਥੰਮ ਰਹੇ ਮਾਝੇ ਦੇ ਤਿੰਨ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਸੇਵਾ ਸਿੰਘ ਸੇਖਵਾਂ, ਡਾ: ਰਤਨ ਸਿੰਘ ਅਜਨਾਲਾ ਆਦਿ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਗਠਤ ਕਰ ਲਿਆ ਜੋ ਮੌਲਿਕ ਸ਼੍ਰੋਮਣੀ ਅਕਾਲੀ ਦਲ ਜੋ 14 ਦਸੰਬਰ, 1920 ਨੂੰ ਗਠਤ ਕੀਤਾ ਗਿਆ ਸੀ ਦੇ ਵਿਧਾਨ ਅਨੁਸਾਰ, ਸ਼੍ਰੀ ਅਨੰਦਪੁਰ ਸਾਹਿਬ ਮਤੇ ਦੇ ਪ੍ਰਮੁੱਖ ਅਸੂਲਾਂ ਤੇ ਸਿੱਖ ਪੰਥ ਤੇ ਪੰਜਾਬੀਆਂ ਨੂੰ ਅਜੋਕੀਆਂ ਦਰਪੇਸ਼ ਚਣੌਤੀਆਂ ਨੂੰ ਨਜਿਠਣ ਲਈ ਇੱਕ ਵਿਧਾਨ, ਇੱਕ ਨਿਸ਼ਾਨ ਅਤੇ ਇੱਕ ਪ੍ਰਧਾਨ ਦੇ ਆਸ਼ੇ ਅਧੀਨ ਸੰਘਰਸ਼ਸ਼ੀਲ ਰਹੇਗਾ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸ: ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਦਾਸੀ ਰੂਪੀ ਕਬਜ਼ੇ ਵਿਚ ਅਜ਼ਾਦ ਕਰਾ ਕੇ ਇੱਕ ਅਜ਼ਾਦ, ਖੁਦਮੁਖਤਾਰ, ਸਿੱਖ ਪੰਥ ਨੂੰ ਸਮਰਪਿਤ ਸੰਸਥਾ ਵਜੋਂ ਸਥਾਪਿਤ ਕਰੇਗਾ। ਇਸ ਵਿਚ ਦੇਸ਼-ਵਿਦੇਸ਼ ਦੇ ਮੈਂਬਰ ਕੋਆਪਟ ਕੀਤੇ ਜਾਣਗੇ। ਸ਼੍ਰੀ ਅਕਾਲ ਤਖਤ ਸਾਹਿਬ ਅਤੇ ਦੂਸਰੇ ਤਖ਼ਤਾਂ ਦੇ ਜਥੇਦਾਰ ਰਾਜਨੀਤੀ, ਸ਼੍ਰੋਮਣੀ ਕਮੇਟੀ ਦੇ ਪ੍ਰਭਾਵ ਤੇ ਦਬਾਅ ਤੋਂ ਮੁਕਤ ਕੀਤੇ ਜਾਣਗੇ। ਉੰਨਾਂ ਦੀ ਨਿਯੁੱਕਤੀ, ਅਧਿਕਾਰ ਖੇਤਰ, ਸੇਵਾ ਮੁੱਕਤੀ ਅਤੇ ਗੁਜ਼ਾਰਾ ਭੇਟਾ ਸਿੱਖ ਵਿਦਵਾਨਾਂ ਦੀ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਤਹਿ ਕੀਤੇ ਜਾਣਗੇ। ਗੁਰਦਵਾਰੇ ਜਾਤ-ਪਾਤ, ਊਚ-ਨੀਚ ਤੋਂ ਮੁਕੱਤ ਕੀਤੇ ਜਾਣਗੇ। ਸ਼੍ਰੋਮਣੀ ਕਮੇਟੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ, ਸ਼੍ਰੋਮਣੀ ਕਮੇਟੀ ਉਮੀਦਵਾਰਾਂ ਵਜੋਂ ਚੋਣਾਂ ਨਹੀਂ ਲੜ ਸਕਣਗੇ।
ਸੌਦਾ ਸਾਧ ਨੂੰ ਮੁਆਫ ਕਰਨ ਵਾਲੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਰਗਾੜੀ ਅਤੇ ਕੋਟਕਪੂਰਾ ਗੋਲੀਬਾਰੀ ਕਰਕੇ ਦੋ ਨੌਜਆਨ ਸਿੱਖਾਂ ਨੂੰ ਸ਼ਹੀਦ ਅਤੇ ਅਨੇਕਾਂ ਨੂੰ ਜ਼ਖਮੀ ਕਰਨ ਦੇ ਜੁਮੇਂਵਾਰ, ਭ੍ਰਿਸਟਾਚਾਰ ਰਾਹੀਂ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਸੰਸਥਾ ਨੂੰ ਬਦਨਾਮ ਕਰਨ ਵਾਲੇ ਸਿੱਖ ਸੰਗਤ ਤੇ ਕਾਨੂੰਨ ਹਵਾਲੇ ਕੀਤੇ ਜਾਣਗੇ।
ਪੰਜਾਬ ਦੇ ਆਰਥਿਕ, ਸਮਾਜਿਕ, ਪੈਂਡਿੰਗ ਮਸਲੇ, ਨਸ਼ਾ, ਬੋਰੋਜਗਾਰੀ, ਅਨਪਰ੍ਹਤਾ, ਭ੍ਰਿਸ਼ਟਾਚਾਰ ਮੁੱਕਤ, ਪੰਜਾਬ ਸਿਰਜਿਆ ਜਾਵੇਗਾ। ਇਸ ਦਲ ਦੀ ਸਰਕਾਰ ਵਿਚ ਅਨੁਸੂਚਿਤ ਜਾਤੀ ਸਬੰਧਿਤ ਆਗੂ ਉੱਪ ਮੁੱਖ ਮੰਤਰੀ ਨਿਯੁੱਕਤ ਕੀਤਾ ਜਾਵੇਗਾ। ਵਧੀਆ ਸਿਖਿਆ, ਸਿਹਤ, ਸੜਕ, ਸੀਵਰੇਜ਼, ਮਕਾਨ ਉਸਾਰੀ, ਸੁਅੱਛ ਪਾਣੀ, ਪ੍ਰਦੂਸ਼ਣ ਰਹਿਤ ਵਾਤਾਵਰਨ ਦਿਤੇ ਜਾਣਗੇ।
ਕੀ ਇਹ ਅਕਾਲੀ ਦਲ ਸਥਾਪਿਤ ਅਕਾਲੀ ਦਲ ਬਾਦਲ ਮੁਕਾਬਲੇ ਤਾਕਤਵਰ ਬਣ ਸਕੇਗਾ ਇਹ ਤਾਂ ਸਮਾਂ ਦਸੇਗਾ ਜਾਂ ਫਿਰ ਸਰਬ ਹਿੰਦ ਅਕਾਲੀ ਦਲ, ਅਕਾਲੀ ਦਲ ਮਾਨ, ਪੰਥਕ, ਸੰਨ 1920 ਇਤ ਆਦਿ ਵਾਂਗ ਠੁੱਸ ਹੋ ਜਾਵੇਗਾ। ਪਰ ਇਹ ਗੱਲ ਤਾਂ ਨਿਸਚਿਤ ਹੈ ਕਿ ਇਹ ਸ਼੍ਰੋਮਣੀ ਅਕਾਲੀ ਬਾਦਲ ਨੂੰ ਕਮਜ਼ੋਰ ਜ਼ਰੂਰ ਕਰੇਗਾ। ਐਸੀ ਸਥਿੱਤੀ ਵਿਚ ਮੌਜੂਦਾ ਪੰਜਾਬ ਦੇ ਪਹਿਲੀ ਨਵੰਬਰ, 1966 ਨੂੰ ਕਾਂਗਰਸ ਪਾਰਟੀ ਨੂੰ ਚਣੌਤੀ ਦੇਣ ਦੀ ਸਮਰਥਾ ਤੇ ਸੱਤਾ ਪ੍ਰਾਪਤ ਕਰਨ ਦੀ ਸਮਰਥਾ ਰਖਣ ਵਾਲਾ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋ ਜਾਵੇਗਾ।
ਦੂਸਰੀ ਨਵੀਂ ਪਾਰਟੀ, ਆਮ ਆਦਮੀ ਪਾਰਟੀ ਤੋਂ ਮੁਅਤੱਲ, ਸਾਬਕਾ ਵਿਰੋਧੀ ਧਿਰ ਆਗੂ ਸ: ਸੁਖਪਾਲ ਸਿੰਘ ਖਹਿਰਾ ਨੇ ਹਮਖਿਆਲੀ ਪਾਰਟੀਆਂ ਜਿਵੇਂ ਯੂਨਾਈਟਿਡ ਅਕਾਲੀ ਦਲ (ਭਾਈ ਮੁਹਰਮ ਸਿੰਘ, ਲੋਕ ਇਨਸਾਫ ਪਾਰਟੀ, ਸਿਮਰਜੀਤ ਸਿੰਘ ਬੈਂਸ) ਪੰਜਾਬ ਮੰਚ (ਡਾ: ਧਰਮਵੀਰ ਗਾਂਧੀ) ਅਤੇ ਬਸਪਾ ਆਗੂ ਰਛਪਾਲ ਸਿੰਘ ਰਾਜੂ ਆਦਿ ਨਾਲ ਮਿਲ ਕੇ ‘ਪੰਜਾਬ ਜਮਹੂਹੀ ਗਠਜੋੜ’ ਪਾਰਟੀ ਦਾ ਐਲਾਨ ਕੀਤਾ। ਇਹ ਗਠਜੋੜ ਪੰਜਾਬ ਨੂੰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਮੁੱਕਤ ਕਰਾਏਗਾ, ਪੰਜਾਬ, ਪੰਜਾਬੀਆਂ, ਸਿੱਖਾਂ ਨਾਲ ਹੋਈਆਂ ਬੇਇਨਸਾਫੀਆਂ ਦੂਰ ਕਰੇਗਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਰਗਾੜੀ-ਕੋਟਕਪੂਰਾ ਗੋਲੀ ਕਾਡਾਂ ਲਈ ਜੁਮੇਂਵਾਰ ਲੋਕਾਂ ਨੂੰ ਸਜ਼ਾਵਾਂ ਦੇਣ, ਪੰਜਾਬ ਨੂੰ ਮੁੜ੍ਹ ਤੋਂ ਇੱਕ ਵਧੀਆਂ ਨੰਬਰ ਇੱਕ ਖੁਸਹਾਲ ਸੂਬਾ ਸਿਰਜਣ ਲਈ ਜਨਤਕ ਲਾਮਬੰਦੀ ਸਦਕਾ ਸੱਤਾ ਪ੍ਰਾਪਤੀ ਉਪਰੰਤ ਵਧੀਆ, ਭ੍ਰਿਸ਼ਟਾਚਾਰ ਰਹਿਤ, ਧਰਮ ਨਿਰਪੱਖ, ਸੁਅੱਛ ਅਤੇ ਗਤੀਸ਼ੀਲ ਸਰਕਾਰ ਚਲਾਏਗਾ। ਇਸ ਦਾ ਮੁੱਖ ਆਸ਼ਾ ਪੰਜਾਬ ਦੇ ਲੋਕਾਂ ਨੂੰ ਇੱਕ ਤੀਸਰਾ ਰਾਜਨੀਤਕ ਬਦਲ ਪ੍ਰਦਾਨ ਕਰਨਾ ਹੋਵੇਗਾ।
ਦਰਅਸਲ ਪੰਜਾਬ ਅੰਦਰ ਆਮ ਆਦਮੀ ਪਾਰਟੀ ਬੜੀ ਤੇਜ਼ੀ ਨਾਲ ਤੀਸਰੇ ਰਾਜਨੀਤਕ ਬਦਲ ਵਜੋਂ ਉੱਭਰੀ ਸੀ ਜਿਸ ਨੇ ਸੰਨ 2014 ਵਿਚ 4 ਲੋਕ ਸਭਾ ਸੀਟਾਂ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿਤਾ ਸੀ। ਜੇਕਰ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੇ ਪੰਜਾਬ ਤੋਂ ਬਾਹਰੀ ਸਿਪਾਹ ਸਲਾਰਾਂ ਦੇ ਢਹੇ ਨਾ ਚੜ੍ਹਦਾ ਅਤੇ ਪੰਜਾਬ ਦੀ ਮੁੱਖ ਮੰਤਰੀਸ਼ਿਪ ਦੀ ਕੁਰਸੀ ਤੇ ਅੱਖ ਨਾ ਰਖਦਾ, ਪੰਜਾਬ ਦੇ ਆਗੂਆਂ ਤੇ ਵਿਸ਼ਵਾਸ਼ ਕਰਕੇ ਵਿਧਾਨ ਸਭਾ ਚੋਣਾਂ ਲੜਦਾ ਤੇ ਪੰਜਾਬ ਵਿਚ ਨਿਸਚਿਤ ਤੌਰ ‘ਤੇ ਆਮ ਆਦਮੀ ਪਾਰਟੀ ਦੀ ਮਜ਼ਬੂਤ ਸਰਕਾਰ ਬਣਦੀ। ਲੇਕਿਨ ਚੋਣਾਂ ਤੋਂ ਪਹਿਲਾਂ ਹੀ ਇਹ ਰਾਜਨੀਤਕ ਦਿਸਾਹੀਨਤਾ ਦੇ ਸ਼ਿਕਾਰ ਹੋ ਗਈ।
ਸੁਖਪਾਲ ਸਿੰਘ ਖਹਿਰਾ ਅਤੇ ਉਸਦਾ ਗਰੁਪ ਵਲੋਂ ਪਾਰਟੀ ਅਨੁਸਾਸ਼ਨ ਤੋਂ ਬਾਗੀ ਹੋਣ ਕਰਕੇ ਇਹ ਪਾਰਟੀ ਦੋ ਗਰੁਪਾਂ ਵਿਚ ਵੰਡੀ ਗਈ। ਹੁਣ ਖਹਿਰਾ ਪੰਜਾਬ ਦੇ ਨਿੱਕੇ-ਮੋਟੇ ਰਾਜਨੀਤਕ ਗੁੱਟਾਂ ਨੂੰ ਲੈ ਕੇ ਤੀਸਰ ਰਾਜਨੀਤਕ ਬਦਲ ਉਸਾਰਨਾ ਚਾਹੁੰਦਾ ਹੈ। ਇਹ ਆਮ ਆਦਮੀ ਪਾਰਟੀ ਦੇ ਬਗੈਰ ਸੰਭਵ ਨਹੀਂ ਬਲਕਿ ਇਹ ਆਮ ਆਦਮੀ ਪਾਰਟੀ ਨੂੰ ਰਾਜਨੀਤਕ ਤੌਰ ਤੇ ਕਮਜ਼ੋਰ ਕਰ ਦੇਵੇਗਾ।
16 ਦਸੰਬਰ ਨੂੰ ਹੀ ਪੰਜਾਬ ਦੇ ਸਥਾਪਿਤ ਨਿਜ਼ਾਮ ਅਧਾਰਤ ਅਸਫਲਵਿਕਾਸ ਏਜੰਡੇ ਦੀ ਥਾਂ ਬਦਲਵਾਂ ਕਾਰਜਸ਼ੀਲ ਅਤੇ ਨਤੀਜੇ ਦਰਸਾਊ ਮਾਡਲ ਲੈ ਕੇ ‘ਜੈ ਪੰਜਾਬ ਫੋਰਮ’ ਗਠਤ ਕੀਤਾ ਗਿਆ ਜਿਸ ਦਾ ਚੇਅਰਮੈਨ ਉੱਘਾ ਅਰਥ ਸਾਸ਼ਤਰੀ ਅਤੇ ਖੇਤੀ ਵਿਗਿਆਨ ਡਾ: ਸਰਦਾਰਾ ਸਿੰਘ ਜੌਹਲ ਚੁਣਿਆ ਗਿਆ। ਬੁੱਧੀਜੀਵੀਆਂ ਦਾ ਇਹ ਗੈਰ-ਰਾਜਨੀਤਕ ਫੋਰਮ ਪੰਜਾਬ ਨੂੰ ਬਦਲਵਾਂ ਵਿਕਾਸ ਮਾਡਲ ਦੇਣ ਲਈ ਵੱਖ-ਵੱਖ ਵਿਸ਼ਿਆਂ ਜਿਵੇਂ ਸਿਖਿਆ, ਸਿਹਤ, ਖੇਤੀ, ਸੇਵਾ ਖੇਤਰ ਅਤੇ ਹੋਰ ਵਿਸ਼ਿਆਂ ਤੇ ਨੀਤੀਗਤ ਖਰੜੇ ਤਿਆਰ ਕਰੇਗਾ। ਇਹ ਅਤਿ ਸੁਲਾਘਾਯੋਗ ਕਦਮ ਹੈ, ਇਸ ਦੀ ਸੱਤਾਧਾਰੀ ਅਤੇ ਵਿਰੋਧੀ ਧਿਰਾਂ ਨੂੰ ਪੰਜਾਬ ਦੇ ਵਤੇਰੇ ਹਿਤਾਂ ਲਈ ਹਮਾਇਤ ਦੀ ਲੋੜ ਹੈ।
ਲੇਕਿਨ ਇਸ ਸਾਰੀ ਉਥਲ-ਪੁੱਥਲ ਸੱਤਾਧਾਰੀ ਕਾਂਗਰਸ ਪਾਰਟੀ ਅਤੇ ਸਰਕਾਰ ਨੂੰ ਪੰਜਾਬ ਵਿਚ ਦਮਨਕਾਰੀ ਮੰਨਮਾਨੀਆਂ ਕਰਨ ਲਈ ਮਜ਼ਬੂਤ ਕੀਤਾ। ਕਮਜ਼ੋਰ ਅਤੇ ਬੁਰੀ ਤਰ੍ਹਾਂ ਧੜੇਬੰਦੀ ਦਾ ਸ਼ਿਕਾਰ ਵਿਰੋਧੀ ਧਿਰ ਹੋਣ ਕਰਕੇ ਅਜਿਹਾ ਹੀ ਹੁੰਦਾ ਹੈ। ਇਸੇ ਦੌਰਾਨ ਕਾਂਗਰਸ ਸਰਕਾਰ ਲਈ ਆਪਣੇ ਵਾਅਦਿਆਂ ਤੋਂ ਭਜਣਾ ਸੌਖਾ ਹੋ ਗਿਆ। ਉਹੋ ਸਭ ਕੁੱਝ ਕਾਂਗਰਸ ਸਰਕਾਰ, ਵਿਧਾਇਕਾਂ, ਆਗੂਆਂ ਦੇ ਇਸ਼ਾਰੇ ਤੇ ਧੱੜਲੇ ਨਾਲ ਹੋਣਾ ਸ਼ੁਰੂ ਹੋ ਗਿਆ ਜੋ ਅਕਾਲੀ-ਭਾਜਪਾ ਰਾਜ ਵੇਲੇ ਹੋ ਰਿਹਾ ਸੀ। ਪੰਜਾਬ ਸਿਰ ਕਰਜ਼ਾ ਵੱਧ ਕੇ ਝਾਈ ਲੱਖ ਕਰੋੜ, ਖਾਲ੍ਹੀ ਖਜ਼ਾਨੇ ਦਾ ਰੋਣਾ, ਕਿਸਾਨੀ ਨੂੰ ਜੋ ਊਠ ਤੋਂ ਛਾਨਣੀ ਲਾਹੁਣ ਵਾਲੀ ਕਰਜ਼ਾ ਰਾਹਤ ਦਿਤੀ ਉਹ ਮਾਰਕੀਟ ਫੀਸ ਵਧਾ ਕੇ ਡੀਜ਼ਲ ਤੇ ਵੈਟ ਵਧਾ ਕੇ, ਕੀੜੇਮਾਰ ਦਵਾਈਆਂ, ਬੀਜਾਂ ਮਸ਼ੀਨਰੀ ਦਾ ਮੁੱਲ ਵਧਾ ਕੇ, ਫਸਲਾਂ ਦੇ ਉਚਿੱਤ ਬਾਅ ਮੁਹਈਆ ਨਾ ਕਰਵਾ ਕੇ ਵਾਪਸ ਲੈ ਲਈ। ਦੋ ਤੋਂ ਤਿੰਨ ਕਿਸਾਨ ਰੋਜ਼ਾਨਾ ਖੁਦਕਸ਼ੀ ਕਰ ਰਹੇ ਹਨ, ਸਰਕਾਰੀ ਮਹਿਕਮਿਆਂ ਦੀਆ ਖਾਲੀ ਪੋਸਟਾਂ ਨਹੀਂ ਭਰੀਆਂ, ਕਿਸਾਨੀ ਦੇ ਗੰਨੇ ਦੇ 450 ਕਰੋੜ ਬਕਾਏ ਅਜ ਤੱਕ ਨਹੀਂ ਦਿਤੇ। ਅਧਿਆਪਕ ਜੋ ਪੱਕੇ ਕੀਤੇ ਉੰਨਾਂ ਵਲੋਂ ਲਈਆਂ ਜਾ ਰਹੀਆਂ ਤਨਖਾਹਾਂ ਕਰੀਬ 44500 ਰੁਪਏ ਦੀ ਥਾਂ 15,300 ਰੁਪਏ ਧੱਕਾਸ਼ਾਹੀ ਨਾਲ ਦੇਣੇ, ਦੂਸਰੇ ਕਾਡਰਾਂ ਦੇ ਅਧਿਆਪਕਾ ਅਤੇ ਮੁਲਾਜਮ ਪੱਕੇ ਨਾ ਕਰਨਾ, ਮੁਲਾਜਮਾਂ ਅਤੇ ਪੈਨਸਰਾਂ ਨੂੰ ਡੀ.ਏ ਦੀਆਂ ਕਿਸ਼ਤਾ ਅਤੇ ਬਕਾਏ ਨਾ ਦੇਣਾ, ਮੁਜਾਹਿਰਾਕਾਰੀਆਂ ਨੂੰ ਪੁਲਸ ਤੋਂ ਕੁੱਟਵਾਉਣਾ ਜਾਰੀ ਰਖਣਾ। ਰੇਤ, ਬਜ਼ਰੀ, ਨਸ਼ੀਲੇ ਪਦਾਰਥਾਂ ਦੀ ਵਿੱਕਰੀ ਬਾਦਸਤੂਰ ਜਾਰੀ ਰਹਿਣੀ। ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਵਲੋਂ ਸ਼੍ਰੀ ਕਰਤਾਰਪੁਰ ਲਾਂਘੇ ਨੂੰ ਸੁਰਖਿਆ ਅਤੇ ਅੱਤਵਾਦ ਦਾ ਹਊਆ ਖੜਾ ਕਰਕੇ ਤਾਰਪੀਡੋ ਕਰਨ ਦਾ ਯਤਨ ਕਰਨਾ। ਆਪਣੀਆਂ ਨਾਕਾਮੀਆਂ ਤੋਂ ਜਨਤਾ ਦਾ ਧਿਆਨ ਹਟਾਉਣ ਲਈ ਬਰਗਾੜੀ ਮੋਰਚਾ ਲਵਾਉਣਾ ਅਤੇ ਰਾਜਨੀਤਕ ਉਥਲ-ਪੁਥਲ ਦੇ ਚਲਦੇ ਉਸਨੂੰ ਬਗੈਰ ਮੰਗਾਂ ਮੰਨੇ ਉਠਾ ਦੇਣਾ।
ਪੰਜਾਬ ਅੰਦਰ ਕਾਰਪੋਰੇਸ਼ਨ, ਪੰਚਾਇਤ ਸੰਮਤੀ, ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਚੋਣਾਂ ਧੱਕੇਸ਼ਾਹੀ ਨਾਲ ਜਿੱਤਣਾ। ਸਥਾਨਿਕ ਸਰਕਾਰਾਂ ਅਤੇ ਪੰਚਾਇਤੀ ਸਿਸਟਮ ਦਾ ਘਾਣ ਕਰਨਾ। ਇਸ ਤੋਂ ਬਿਹਤਰ ਸੀ ਕਿ ਉਹ ਇੰਨਾਂ ਅਦਾਰਿਆਂ ਵਿਚ ਆਪਣੇ ਪ੍ਰਤੀਨਿਧ ਨਾਮਜ਼ਦ ਕਰ ਲੈਂਦੀ।
ਪੰਜਾਬ ਵਿਧਾਨ ਸਭਾ ਅੰਦਰ ਜਮਹੂਰੀਅਤ ਦਾ ਲਗਾਤਾਰ ਕਤੱਲ ਕੀਤਾ ਗਿਆ। ਵਿਰੋਧੀ ਧਿਰ ਨੂੰ ਆਪਣੀ ਭਾਰੀ ਬਹੁਸੰਮਤੀ ਦੇ ਪੈਰਾਂ ਹੇਠ ਰੌਂਦ ਕੇ ਰਖ ਦਿਤਾ।
ਪੰਜਾਬੀਆਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਮਜ਼ਾਕ ਉਦੋਂ ਸਾਹਮਣੇ ਆਇਆ ਜਦੋਂ ਵਿਧਾਇਕਾਂ ਦੀਆਂ ਤਨਖਾਹਾ-ਭੱਤੇ ਵਧਾਉਣ ਸਬੰਧੀ ਰਾਜਕੁਮਾਰ ਵੇਰਕਾ ਦੀ ਅਗਵਾਈ ਵਿਚ ਬਣੀ ਕਮੇਟੀ ਨੇ ‘ਖਾਲੀ ਖਜ਼ਾਨਾ’ ਸਰਕਾਰ ਨੂੰ ਢਾਈ ਗੁਣਾਂ ਵਾਧੇ ਦੀ ਸਿਫਾਰਸ਼ ਕੀਤੀ ਜਿੰਨਾਂ ਵਿਚ 81 ਪ੍ਰਤੀਸ਼ਤ ਕਰੋੜਪਤੀ ਹਨ।
ਤਨਖਾਹ ਭੱਤੇ ਪਹਿਲਾ ਹੁਣ
ਮਹੀਨਾਵਾਰ ਤਨਖਾਹ 25000 ਰੁਪਏ 55000 ਰੁਪਏ
ਖੇਤਰੀ ਭੱਤਾ 25000 60000
ਪ੍ਰਤੀਪੂਰਕ ਫੰਡ 5000 15000
ਦਫਤਰੀ ਭੱਤਾ 10000 30000
ਵਿਸ਼ਯਕ ਖਰਚ 3000 15000
ਪਾਣੀ ਬਿਜਲੀ ਭੱਤਾ 1000 10000
ਸਕਭਰੇਤ ਭੱਤਾ 10000 15000
ਸੜਕ ਸਟਰ ਭੱਤਾ 15 ਰੁਪਏ 18 ਰੁਪਏ
ਪ੍ਰਤੀ ਕਿਲੋਮੀਟਰ
ਰੋਜ਼ਾਨਾ ਭੱਤਾ 1500 1800 ਰੁਪਏ
ਕੁਲ ਤਨਖਾਹ 95,500 2.18 ਲੱਖ ਰੁਪਏ
ਇੰਨਾਂ ਇਲਾਵਾ ਰੇਲ ਅਤੇ ਹਵਾਈ ਸਫ਼ਰ ਭੱਤਾ
ਰਾਜ ਦਾ ਬੁਰੀ ਤਰ੍ਹਾਂ ਅਸਫਲ ਵਿੱਤ ਮੰਤਰੀ ਕਹਿੰਦਾ ਹੈ ਕਿ ਤਨਖਾਹਾਂ ਭੱਤੇ ਵਧਾਉਣਾ ਵਿਧਾਇਕਾਂ ਦਾ ਵਿਸੇਸ਼ਾਧਿਕਾਰ ਹੈ ਜੇ ਉਹ ਵਧਾਉਂਦੇ ਹਨ ਤਾਂ ਉਸ ਨੂੰ ਖਜ਼ਾਨੇ ਵਿਚੋਂ ਦੇਣੇ ਪੈਣਗੇ।
ਜਿਸ ਰਾਜ ਦਾ ਮੁੱਖ ਮੰਤਰੀ ਰਾਜ ਵਿਚ ਅੱਤਵਾਦ ਵੱਧਣ ਬਾਰੇ ਬਿਆਨਬਾਜ਼ੀ ਕਰਦਾ ਹੋਵੇ ਉੱਥੇ ਕੋਈ ਵੀ ਨਿਵੇਸ਼ਕਾਰ ਨਿਵੇਸ਼ ਲਗਾਉਣ ਲਈ ਤਿਆਰ ਨਹੀਂ ਹੋਵੇਗਾ। ਇਸ ਦੀ ਸੱਟ ਨੌਜਵਾਨ ਵਰਗ ਨੂੰ ਲਗੇਗੀ ਜੋ ਪਹਿਲਾਂ ਹੀ ਬੇਰੁਜ਼ਗਾਰੀ ਨਾਲ ਹਾਲੋ-ਬੇਹਾਲ ਹੈ। ਸੇਵਾ ਖੇਤਰਾਂ ਦੀ ਨੀਲਾਮੀ ਹੋਣੀ ਜਾਰੀ ਰਹਿਣ ਕਰਕੇ ਸਥਿੱਤੀ ਹੋਰ ਵੀ ਬੱਦਤਰ ਹੈ।
ਐਸੀ ਸਥਿੱਤੀ ਵਿਚ ਪੰਜਾਬ ਨੂੰ ਇੱਕ ਮਜ਼ਬੂਤ ਵਿਰੋਧੀ ਦਿਰ ਦੀ ਸਥਾਪਨਾ ਜਰੂਰੀ ਹੈ। ਪਾਟੋਧਾੜ ਦੀ ਸਿਕਾਰ ਵਿਰੋਧੀ ਧਿਰਾਂ ਨੂੰ ਪੰਜਾਬ ਤੇ ਪੰਜਾਬੀਆਂ ਇੱਕੋ ਰਾਜਨੀਤਕ ਪਲੇਟਫਾਰਮ ਤੇ ਇੱਕਠੇ ਹੋਣਾ ਜ਼ਰੂਰੀ ਹੈ ਤਾਂ ਕਿ ਸੱਤਾ ਧਾਰੀ ਪਾਰਟੀ ਮੰਨਮਾਨੀ ਨਾ ਕਰ ਸਕੇ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
kahlondarbarasingh@gmail.com
94170-94034
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.