ਖ਼ਬਰ ਹੈ ਕਿ ਮੈਂਬਰ ਰਾਜਸਭਾ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਬਚਾਉਣੀ ਹੈ ਤਾਂ ਪਾਰਟੀ ਤੇ ਕਬਜ਼ਾ ਕਰੀ ਬੈਠੇ ਆਗੂ ਨੂੰ ਇੱਕ ਪਾਸੇ ਹੋ ਜਾਣਾ ਚਾਹੀਦਾ ਹੈ। ਉਹਨਾ ਕਿਹਾ ਕਿ ਜੇਕਰ ਇਹ ਆਗੂ ਕੁਰਬਾਨੀ ਦੇਣ ਲਈ ਅੱਗੇ ਆਉਣ ਤਾਂ ਪਾਰਟੀ ਬਚ ਸਕਦੀ ਹੈ ਅਤੇ ਦੁਖੀ ਹੋਕੇ ਪਾਰਟੀ ਛੱਡਣ ਵਾਲੇ ਆਗੂ ਵੀ ਸ਼੍ਰੋਮਣੀ ਅਕਾਲੀ ਦਲ 'ਚ ਵਾਪਿਸ ਆ ਸਕਦੇ ਹਨ। ਢੀਂਡਸਾ ਨੂੰ ਜਦੋਂ ਇਸ ਆਗੂ ਬਾਰੇ ਪੁਛਿਆ ਗਿਆ ਤਾਂ ਉਹਨਾ ਦਾ ਇਸ਼ਾਰਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲ ਸੀ। ਉਹਨਾ ਕਿਹਾ ਕਿ ਉਹਨਾ ਨੇ ਕੋਰ ਕਮੇਟੀ ਦੀ ਮੀਟਿੰਗ ਵਿੱਚ ਵੀ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਅਕਾਲੀ ਦਲ ਦੇ ਪ੍ਰਧਾਨ ਬਣ ਜਾਣਾ ਚਾਹੀਦਾ ਹੈ। ਲੋਕ ਸਭਾ ਚੋਣਾਂ ਲੜਨ ਬਾਰੇ ਪੁੱਛੇ ਜਾਣ ਤੇ ਉਹਨਾ ਨੇ ਕਿਹਾ ਕਿ ਉਹਨਾ ਆਪਣੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਵਿਧਾਇਕ ਨੂੰ ਲੋਕ ਸਭਾ ਚੋਣ ਨਾ ਲੜਨ ਬਾਰੇ ਕਹਿ ਦਿੱਤਾ ਹੈ ਕਿਉਂਕਿ ਪਾਰਟੀ ਦੇ ਹਾਲਾਤ ਠੀਕ ਨਹੀਂ ਹਨ।
ਪੱਚੀ ਸਾਲ ਰਾਜ ਕਰਨ ਦੀਆਂ ਟਾਹਰਾਂ ਮਾਰਨ ਵਾਲੇ ਵੱਡੇ "ਬਾਦਲ", ਦਸੀਂ ਸਾਲੀਂ ਬੋਰੀ ਬਿਸਤਰਾ ਚੁੱਕ ਪਿੰਡ ਪਰਤ ਗਏ। ਪੱਚੀ ਸਾਲ ਰਾਜ ਕਰਨ ਦੀਆਂ "ਬੜਕਾਂ" ਮਾਰਨ ਵਾਲੇ 'ਛੋਟੇ' ਬਾਦਲ ਨੂੰ ਪਿੰਡ ਪਸੰਦ ਨਹੀਂ ਆਇਆ ਤੇ ਉਹਨਾ ਦਿੱਲੀ ਡੇਰੇ ਜਾ ਲਾਏ। ਬਥੇਰਾ ਦਸ ਸਾਲਾਂ 'ਚ ਉਹਨਾ ਮਰਜੀਆਂ ਕੀਤੀਆਂ, ਚੰਮ ਦੀਆਂ ਚਲਾਈਆਂ, ਜਿਹੜੀਆਂ ਭਾਈ ਬਾਦਲਾਂ ਨੂੰ ਰਾਸ ਨਾ ਆਈਆਂ ਅਤੇ ਉਹਨਾ ਅੰਤ ਗੱਦੀਆਂ ਗੁਆਈਆਂ।
ਵੇਖੋ ਇਕੋ ਗੱਦੀ ਕੋਲ ਆ, ਅਤੇ ਆਹ ਭਾਈਬੰਦ ਹੁਣ 'ਛੋਟੇ' ਬਾਦਲ ਤੋਂ ਉਹ ਵੀ ਖੋਹਣ ਦੇ ਰਾਹ ਤੁਰ ਪਏ ਆ। ਵੇਖੋ ਇਕੋ ਗੱਦੀ ਆ ਆਹ ਭਾਈਬੰਦ ਜਿਹੜੇ ਬਾਦਲਾਂ ਦੀਆਂ ਬਾਹਾਂ ਸਨ, ਉਹਨਾ ਨੂੰ ਸਲਾਹਾਂ ਦੇਣ ਲੱਗ ਪਏ ਆ ਕਿ ਛੋਟੇ ਬਾਦਲ ਮਰਜ਼ੀ ਨਾਲ ਹੀ ਪ੍ਰਧਾਨਗੀ ਛੱਡ ਦੇਣ। ਉਹਨਾ ਨੂੰ ਕੋਈ ਪੁੱਛੇ ਭਲਾ ਗੱਦੀਆਂ ਵੀ ਕੋਈ ਛੱਡਦਾ? ਗੱਦੀਆਂ ਤਾਂ ਖੋਹਣੀਆਂ ਪੈਂਦੀਆਂ ਨੇ।
ਉਂਝ ਅਕਾਲੀਆਂ ਦੇ ਮਨ 'ਚ ਟੀਸ ਬੜੀ ਆ। ਉਂਝ ਅਕਾਲੀ ਪ੍ਰੇਸ਼ਾਨ ਬੜੇ ਆ। ਉਂਝ ਅਕਾਲੀਆਂ ਨੇ ਜਿਸ ਰੁੱਖ ਨੂੰ ਲਹੂ ਨਾਲ ਸਿੰਜਿਆ, ਉਸ ਰੁੱਖ ਨੂੰ ਇਹਨਾ ਨਵਿਆਂ ਨੇ ਛਾਂਗ ਦਿੱਤਾ। ਉਂਝ ਅਕਾਲੀਆਂ ਜਿਸ ਰੁੱਖ ਦੀ ਰਾਖੀ ਕੀਤੀ, ਉਸ ਰੁੱਖ ਦੇ ਫਲ ਖਾਕੇ ਉਹਦੀਆਂ ਜੜ੍ਹੀਂ ਤੇਲ ਦੇ ਦਿੱਤਾ। ਤਦੇ ਭਾਈ ਆਹ ਟਕਸਾਲੀ, ਆਹ "ਅਸਲੀ" ਅਕਾਲੀ, ਸਾਹੋ ਸਾਹ ਹੋਏ ਬਸ ਇੱਕੋ ਗੱਲ ਆਖੀ ਜਾਂਦੇ ਆ, "ਛਾਂਗ ਦਿੱਤਾ ਹੈ ਰੁੱਖ ਕਮਾਲ ਵਾਲਾ, ਬਿਨ੍ਹਾਂ ਛੁਰੀ ਤੋਂ ਇਹਨੂੰ ਹਲਾਕ ਕੀਤਾ"।
29-1-2019
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.