ਖ਼ਬਰ ਹੈ ਕਿ ਅਧਿਆਪਕ ਬਣਨ ਦੀਆਂ ਸਾਰੀਆਂ ਯੋਗਤਾਵਾਂ ਪੂਰੀਆਂ ਕਰ ਚੁੱਕੇ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਵੱਲੋਂ ਨੌਕਰੀ ਦੀ ਮੰਗ ਨੂੰ ਲੈਕੇ ਸਿੱਖਿਆ ਮੰਤਰੀ ਦਾ ਘਿਰਾਉ ਕਰਨ ਪੁੱਜੇ ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਇਸ ਦੌਰਾਨ ਪੰਜ ਅਧਿਆਪਕ ਜ਼ਖਮੀ ਹੋ ਗਏ ਜਦਕਿ ਇੱਕ ਅਧਿਆਪਕ ਦੀ ਲੱਤ ਟੁੱਟ ਗਈ। ਇਸ ਤੋਂ ਪਹਿਲਾਂ ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਦੀ ਕੋਠੀ ਤੱਕ ਰੋਸ ਮਾਰਚ ਕੀਤਾ ਗਿਆ। ਇਸ ਸਭ ਕੁਝ ਦੇ ਸੰਦਰਭ ਵਿੱਚ ਸਿੱਖਿਆ ਮੰਤਰੀ ਨੇ ਕਿਹਾ ਕਿ ਧਰਨੇ, ਮੁਜ਼ਾਹਰੇ ਕਰਨ ਵਾਲੇ ਤਾਂ ਅਧਿਆਪਕ ਹੀ ਨਹੀਂ, ਇਹ ਤਾਂ ਮੁੱਠੀ ਭਰ ਕੁਝ ਇੱਕ ਸਿਰ ਫਿਰੇ ਬੇਰੁਜ਼ਗਾਰ ਨੌਜਵਾਨ ਹਨ। ਟੈਟ ਪਾਸ ਕਰਨ ਨਾਲ ਕੋਈ ਅਧਿਆਪਕ ਨਹੀਂ ਬਣ ਜਾਂਦਾ।
ਵੇਖੋ ਨਾ ਜੀ, ਸਰਕਾਰ ਤਾਂ ਬਥੇਰਾ ਯਤਨ ਕਰ ਰਹੀ ਆ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ। ਪਰ ਨੌਜਵਾਨ ਆ ਕਿ ਮੰਨਦੇ ਨਹੀਂ, ਅੰਗਰੇਜ਼ੀ ਪੜ੍ਹਦੇ ਆਇਲਿਟਸ ਕਰਦੇ ਆ ਤੇ ਭੱਜ ਜਾਂਦੇ ਆ ਵਿਦੇਸ਼। ਤੇ ਸਰਕਾਰ ਕੋਲ ਇਸ ਤੋਂ ਚੰਗਾ ਹੋਰ ਕਿਹੜਾ ਸੌਦਾ ਆ। ਲਿਖਾਓ, ਪੜ੍ਹਾਓ ਤੇ ਭਜਾਓ ਵਿਦੇਸ਼ਾਂ ਨੂੰ ਬਲਾਅ ਟਾਲ ਦੇਂਦੇ ਆ। ਆਲ ਤੂੰ ਬਲਾਲ ਤੂੰ ਆਈ ਬਲਾਅ ਨੂੰ ਟਾਲ ਤੂੰ। ਜਿਹਨਾ ਦਾ ਸੂਤ ਨਹੀਂਓ ਲੱਗਦਾ ਉਹ ਬਣ ਜਾਂਦੇ ਆ ਮਾਸਟਰ।
ਵੇਖੋ ਨਾ ਜੀ, ਸਰਕਾਰ ਕੋਲ ਨਾ ਪੈਸਾ, ਨਾ ਧੈਲਾ। ਜਿਹੜਾ ਹੈਗਾ ਆ, ਉਹ ਮੰਤਰੀਆਂ, ਅਫ਼ਸਰਾਂ ਦੀਆਂ ਕਾਰਾਂ, ਦਫ਼ਤਰਾਂ ਤੇ ਖਰਚਿਆਂ ਲਈ ਮਸਾਂ ਪੂਰਾ ਹੁੰਦਾ ਅਤੇ ਜਿਹੜਾ ਮਾੜਾ ਮੋਟਾ ਬਚਦਾ ਆਹ, ਆ ਪੁਲਿਸ ਨੂੰ ਦੇਣਾ ਪੈਂਦਾ ਆ, ਡੰਡੇ ਡੁੰਡੇ ਖਰੀਦਣ ਲਈ ਤਾਂ ਕਿ ਜਿਹੜੇ ਪਾਹੜੇ ਐਂਵੇ ਭੂਤਰੇ ਫਿਰਦੇ ਆ, ਉਹਨਾ ਦੀਆਂ ਲੱਤਾਂ, ਬਾਹਾਂ ਭੰਨੀਆਂ ਜਾ ਸਕਣ। ਵੇਖੋ ਨਾ ਜੀ, ਆਹ ਉਪਰਲੀ ਮੋਦੀ ਸਰਕਾਰ ਤਾਂ ਪਾੜ੍ਹਿਆ ਨੂੰ ਵੱਡਾ ਸਬਕ ਸਿਖਾਉਂਦੀ ਆ, ਆਹ ਹੇਠਲੀ ਸਰਕਾਰ ਹਾਲੇ ਸਬਕ ਸਿਖਾਉਣ ਦੀ ਰਿਹਰਸਲ ਜਿਹੀ ਕਰਦੀ ਆ। ਉਪਰਲੀ ਸਰਕਾਰ ਤਾਂ ਬਗਾਵਤਾਂ ਦੇ ਕੇਸ ਦਰਜ਼ ਕਰਦੀ ਆ, ਅਦਾਲਤਾਂ 'ਚ ਪਾੜ੍ਹਿਆਂ ਨੂੰ ਭਿਜਵਾਉਂਦੀਆ ਅਤੇ ਆਹ ਆਪਣੀ ਸਰਕਾਰ ਦੇ ਮੰਤਰੀ ਤਾਂ ਬਸ ਕੌੜਾ ਬੋਲਦੇ ਆ ਜਾਂ ਫਿਰ ਪੁਲਸੀਆਂ ਤੋਂ ਲੋਕਾਂ ਦੇ ਡੰਡੇ ਮਰਵਾਉਂਦੇ ਆ ਜਾਂ ਕੌੜੇ ਬੋਲ ਬੋਲਦੇ ਨੇ। ਤਾਂ ਹੀਤਾਂ ਇਹੋ ਜਿਹੇ ਨੇਤਾ ਬਾਰੇ ਕਵੀ ਆਂਹਦਾ ਆ, "ਫੂੰ ਫਾਂ ਬੇੜਾ ਡੋਬਾ ਦੇਂਦੀ, ਬੰਦਾ ਬਦਕਲਾਮੀ ਨੇ ਮਾਰਿਆ ਏ"।
ਗੰਦੀਆਂ ਬਸਤੀਆਂ ਨੇਰ੍ਹੀਆਂ ਕੁੱਲੀਆਂ 'ਚ,
ਦੇਵੀ ਵਿੱਦਿਆ ਵੀ ਵੜਨੋਂ ਸੰਗਦੀ ਏ।
ਖ਼ਬਰ ਹੈ ਕਿ ਨਿੱਜੀ ਖੇਤਰ ਦੇ ਮੁਕਾਬਲੇ ਕਿਧਰੇ ਜਿਆਦਾ ਟਰੇਂਡ ਅਧਿਆਪਕ ਹੋਣ ਦੇ ਬਾਵਜੂਦ ਵੀ ਸਰਕਾਰੀ ਸਕੂਲਾਂ ਵਿੱਚ ਬੱਚੇ ਦਾਖਲ ਨਹੀਂ ਹੋ ਰਹੇ। ਦਿਲਚਸਪ ਗੱਲ ਇਹ ਹੈ ਕਿ ਪਿਛਲੇ ਸਾਲ ਬਿਹਾਰ ਦੀ ਨਤੀਸ਼ ਸਰਕਾਰ ਨੇ 25,000 ਕਰੋੜ ਤੋਂ ਸਿੱਖਿਆ ਬਜ਼ਟ ਵਧਾ ਕੇ 32,125 ਕਰੋੜ ਕਰ ਦਿੱਤਾ ਪਰ ਤਦ ਵੀ ਬੱਚਿਆਂ ਦੀ ਗਿਣਤੀ 'ਚ ਵਾਧਾ ਨਹੀਂ ਹੋਇਆ।
ਉਤਰ ਪ੍ਰਦੇਸ਼ ਵਿੱਚ 2015-16 ਦੇ ਮੁਕਾਬਲੇ 2016-17 ਵਿੱਚ 15, 21,379 ਬੱਚਿਆਂ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚੋਂ ਪੜ੍ਹਾਈ ਛੱਡ ਦਿੱਤੀ। ਸਰਕਾਰੀ ਸਕੂਲਾਂ ਤੋਂ ਮੋਹ ਭੰਗ ਦੇ ਮਾਮਲੇ ਇਹਨਾ ਦੋਹਾਂ ਰਾਜਾਂ ਵਿੱਚ ਹੀ ਨਹੀਂ ਹਨ, ਸਗੋਂ ਦੇਸ਼ ਦੇ ਹੋਰ ਰਾਜਾਂ ਵਿੱਚ ਵੀ ਹਨ।
ਰੰਗ ਵੇਖੋ ਦੁਨੀਆ ਦੇ, ਇਥੇ ਹਰ ਕੋਈ ਲਾਭ ਤੇ ਨਫਾ ਸੋਚਦਾ ਆ। ਰੰਗ ਵੇਖੋ ਦੁਨੀਆ ਦੇ, ਇਥੇ ਹਰ ਕੋਈ ਲੁੱਟ-ਪੁੱਟਕੇ ਆਪਣਾ ਘਰ ਭਰ ਲੈਣਾ ਚਾਹੁੰਦਾ ਆ। ਰੰਗ ਵੇਖੋ ਦੁਨੀਆ ਦੇ, ਇਥੇ ਸਿਆਸਤਦਾਨ ਲੋਕਾਂ ਦੀ 'ਅਕਲ' ਆਪਣੀ ਡੱਬੀ 'ਚ ਬੰਦ ਕਰਕੇ ਉਪਰੋਂ 'ਸੀਲ' ਲਾਈ ਫਿਰਦਾ ਆ। ਤਦੇ ਭਾਈ ਉਹ ਚੋਣ ਜਿੱਤਦਾ ਹੈ, ਕੁਰਸੀ ਹਥਿਆਉਂਦਾ ਹੈ ਅਤੇ ਮੌਜਾਂ ਮਾਣਦਾ ਹੈ। ਅਤੇ ਇਧਰ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਹੈ। ਅਤੇ ਉਪਕਾਰ ਹੁਣ ਨੇਤਾਵਾਂ ਦੀ ਡਿਕਸ਼ਨਰੀ ਵਿਚੋਂ ਖਤਮ ਹੋ ਚੁੱਕਾ ਆ। ਤਦੇ ਉਹ ਗਰੀਬ ਲੋਕਾਂ ਦੀਆਂ ਸਿੱਖਿਆ ਸਹੂਲਤਾਂ ਕਾਬੂ 'ਚ ਰੱਖਦੇ ਨੇ, ਇਹ ਸੋਚਦੇ ਕਿ ਜੇਕਰ ਉਹ ਪੜ੍ਹ ਲਿਖ ਗਏ ਤਾਂ ਕੁਰਸੀ ਨੂੰ ਹੱਥ ਪਾਉਣਗੇ। ਤਦੇ ਉਹ ਗਰੀਬ ਲੋਕਾਂ ਦੀ ਸਿਹਤ ਸਹੂਲਤਾਂ ਕਾਬੂ 'ਚ ਰੱਖਦੇ ਨੇ, ਇਹ ਸੋਚਕੇ ਕਿ ਜੇ ਦਲਿੱਦਰ ਉਹਨਾ ਦੇ ਘਰੋਂ ਨਿਕਲ ਗਿਆ ਤਾਂ ਤਕੜੇ ਜੁੱਸਿਆ ਨਾਲ 'ਨੇਤਾ' ਦੀ ਕੁਰਸੀ ਹਥਿਆ ਲੈਣਗੇ
ਬਾਕੀ ਭਾਈ ਇਹ ਸਿਹਤ, ਸਿੱਖਿਆ ਉਤੇ ਰਕਮਾਂ ਖਰਚਣ ਵਾਲੇ ਤਾਂ ਅੰਕੜੇ ਆ। ਇਹਦੇ ਵਿਚੋਂ ਅੱਧ-ਪਚੱਧਾ ਤਾਂ ਪਹਿਲਾਂ ਹੀ "ਕਾਲੀਆ ਕਲਮਾਂ' ਨਾਲ ਬਾਬੂਸ਼ਾਹੀ ਜੇਬ 'ਚ ਤੁੰਨ ਲੈਂਦੀ ਆ। ਬਾਕੀ ਜੋ ਬਚਦਾ ਆ, ਉਹਦੇ ਨਾਲ ਸਰਕਾਰੀ ਸਕੂਲਾਂ ਦੇ ਕਮਰਿਆਂ 'ਚ ਛੱਤ ਹੀ ਨਹੀਂ ਪੈਂਦੀ,ਸਕੂਲਾਂ 'ਚ ਰੱਖੇ ਉਸਤਾਦਾਂ ਨੂੰ ਤਨਖਾਹ ਵੀ ਸਮੇਂ ਸਿਰ ਨਹੀਂ ਥਿਆਉਂਦੀ। ਉਂਜ ਵੀ ਭਾਈ ਵਿਦਿਆ ਉਚੇ ਘਰਾਂ 'ਚ ਜਾਂਦੀ ਆ, ਪੈਲਾਂ ਪਾਉਂਦੀ ਆ, ਨੇਤਾਵਾਂ ਤੇ ਮੁਹਤਬਰਾਂ ਦੇ ਗੀਤ ਗਾਉਂਦੀ ਆ ਤੇ ਗਰੀਬਾਂ ਦੇ ਘਰ ਜਾਣੋ ਕੰਨੀ ਕਤਰਾਉਂਦੀ ਆ, ਵੇਖੋ ਤੇ ਸੁਣੋ ਕਾਵਿ ਬੰਦ, "ਗੰਦੀਆਂ ਬਸਤੀਆਂ ਨੇਰ੍ਹੀਆਂ ਕੁੱਲੀਆਂ 'ਚ, ਦੇਵੀ ਵਿੱਦਿਆ ਦੀ ਵੜ੍ਹਨੋਂ ਸੰਗਦੀ ਏ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ ਦੇਸ਼ ਮਹਾਨ ਦੀ 134 ਕਰੋੜ ਦੀ ਆਬਾਦੀ ਉਤੇ ਪ੍ਰਤੀ ਵਿਅਕਤੀ 61,000 ਰੁਪਏ ਦਾ ਕਰਜ਼ਾ ਹੈ। ਸਾਲ 2014 ਵਿੱਚ ਦੇਸ਼ ਉਤੇ ਕੁਲ ਕਰਜ਼ਾ 54,90263 ਕਰੋੜ ਸੀ ਜੋ ਮੋਦੀ ਸ਼ਾਸ਼ਨ ਵੇਲੇ 2018 ਵਿੱਚ ਵਧਕੇ 82,03,253 ਕਰੋੜ ਰੁਪਏ ਹੋ ਗਿਆ ਹੈ।
ਇੱਕ ਵਿਚਾਰ
ਇੱਕ ਆਜ਼ਾਦ ਅਤੇ ਨਿਰਪੱਖ ਨਿਆਪਾਲਿਕਾ ਕਿਸੇ ਵੀ ਸੰਵਾਧਾਨਿਕ ਗਣਤੰਤਰ ਲਈ ਜ਼ਰੂਰੀ ਹੈ।..................ਬਰੇਟ ਕਵਾਨਾਗ-ਅਮਰੀਕੀ ਜੱਜ
ਗੁਰਮੀਤ ਪਲਾਹੀ
ਮੋਬ. 9815802070
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.