ਗੁਰਦਾਸਪੁਰੋਂ ਡੇਰਾ ਬਾਬਾ ਨਾਨਕ ਜਾਂਦੀ ਸੜਕ ਤੇ ਬਖ਼ਸ਼ੀਵਾਲ ਲੰਘ ਕੇ ਨਿੱਕਾ ਜਿਹਾ ਪਿੰਡ ਨੜਾਂਵਾਲੀ ਮੇਰੇ ਧਿਆਨ ਚ ਮੰਡੀਕਰਨ ਬੋਰਡ ਦੇ ਸੀਨੀ: ਜਨਰਲ ਮੈਨੇਜਰ ਹਰਪ੍ਰੀਤ ਸਿੱਧੂ ਨੇ ਲਿਆਂਦਾ।
ਇਹ ਦੱਸਦਿਆਂ ਕਿ ਉਸ ਦੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਚ ਰਹੇ ਸਹਿਪਾਠੀ ਤੇ ਇਸ ਵੇਲੇ ਸਿਡਨੀ ਵੱਸਦੇ ਮਿੱਤਰ ਕੁਲਜੀਤ ਸਿੰਘ ਨੇ ਆਪਣੇ ਪਿੰਡ ਨੜਾਂਵਾਲੀ ਦੇ ਪ੍ਰਾਇਮਰੀ ਸਕੂਲ ਨੂੰ ਢਾਹ ਕੇ ਆਧੁਨਿਕ ਸਹੂਲਤਾਂ ਵਾਲਾ ਨਵ ਨਿਰਮਿਤ ਢਾਂਚਾ ਉਸਾਰਿਆ ਹੈ।
ਮੈਨੂੰ ਇਹ ਗੱਲ ਬਹੁਤ ਚੰਗੀ ਲੱਗਣ ਕਰਕੇ ਲਿਖਤੀ ਰੂਪ ਚ ਦੋਸਤਾਂ ਨਾਲ ਸਾਂਝੀ ਕੀਤੀ।
ਇਹ ਪੜ੍ਹ ਕੇ ਮੈਨੂੰ ਕੁਲਜੀਤ ਦਾ ਫੋਨ ਆਇਆ ਕਿ ਮੈਂ 10 ਫਰਵਰੀ ਨੂੰ
ਪੰਜਾਬ ਆ ਰਿਹਾਂ। ਇਸ ਸਕੂਲ ਦਾ ਪਰਵੇਸ਼ ਸਮਾਗਮ ਹੈ 23 ਫਰਵਰੀ ਨੂੰ।
ਉਸ ਦੱਸਿਆ ਕਿ ਮੈਂ ਡੰਗਰ ਚਾਰਦਿਆਂ ਹੀ ਕਲਾਨੌਰ ਸਕੂਲੋਂ ਦਸਵੀਂ ਪਾਸ ਕੀਤੀ ਤਾਂ ਮੇਰੇ ਸਰਪੰਚ ਬਾਪ ਨੂੰ ਸੜਕ ਤੇ ਰੋੜੀ ਪੁਆਉਂਦੇ ਇੱਕ ਮੇਟ ਨੇ ਕਿਹਾ ਕਿ ਤੇਰੇ ਪੁੱਤਰ ਦੇ ਸੋਹਣੇ ਨੰਬਰ ਆਏ ਨੇ ਇਹਨੂੰ ਓਵਰਸੀਅਰ ਦਾ ਕੋਰਸ ਕਰਵਾ।
ਫੇਰ ਤੇਰੇ ਮੁੰਡੇ ਕੋਲ ਵੀ ਦੋ ਸਾਈਲੈਂਸਰਾਂ ਵਾਲਾ ਯੈਜਦੀ ਮੋਟਰ ਸਾਈਕਲ ਹੋਊ,ਸਾਡੇ ਓਵਰਸੀਅਰ ਵਰਗਾ।
ਅਜੇ ਦਾਖਲੇ ਲਈ ਪਾਲੀਟੈਕਨਿਕ ਲੱਭਦੇ ਹੀ ਸਾਂ ਕਿ ਸਾਡੇ ਪਿੰਡ ਆਏ ਖੇਤੀਬਾੜੀ ਇੰਸਪੈਕਟਰ ਨੇ ਮੇਰੇ ਪਿਤਾ ਜੀ ਨੂੰ ਕਿਹਾ ਕਿ ਹਾਇਰ ਸੈਕੰਡਰੀ ਕਰਵਾ ਕੇ ਲੁਧਿਆਣੇ ਖੇਤੀਬਾੜੀ ਦੀ ਪੜ੍ਹਾਈ ਕਰਾਉ।
ਮੈਂ ਗੁਰਦਾਸਪੁਰ ਦਾਖ਼ਲ ਹੋ ਗਿਆ। ਹਾਇਰ ਸੈਕੰਡਰੀ ਕਰਕੇ ਲੁਧਿਆਣਾ ਦਾ ਫਾਰਮ ਭਰ ਦਿੱਤਾ।
ਖੇਤੀ ਕਾਲਿਜ ਦੇ ਡੀਨ ਡਾ: ਖੇਮ ਸਿੰਘ ਗਿੱਲ ਨੇ ਅੱਟਣਾਂ ਵਾਲੇ ਹੱਥ ਟੋਹੇ, ਪੁੱਛਿਆ ਕਣਕ ਕਿਵੇਂ ਬੀਜਦੇ ਹੋ?
ਮੈਂ ਕਿਹਾ ਛੱਟੇ ਨਾਲ।
ਉਹ ਕਹਿਣ ਲੱਗੇ ਪੋਰਦੇ ਕਿਉਂ ਨਹੀਂ?
ਮੈਂ ਕਿਹਾ ਪੋਰਾ ਲੈਣ ਪੈਸੇ ਨਹੀਂ।
ਦਾਖ਼ਲਾ ਮਿਲ ਗਿਆ।
ਪਤਾ ਹੀ ਨਾ ਲੱਗਾ ਕਦੋਂ ਬੀ ਐੱਸ ਸੀ ਹੋ ਗਈ।
ਐੱਮ ਐੱਸ ਸੀ ਕਰਨ ਨੂੰ ਦਿਲ ਤਾਂ ਕਰਦਾ ਸੀ, ਨੰਬਰ ਵੀ ਸੋਹਣੇ ਸਨ ਪਰ ਘਰ ਦੀ ਆਰਥਿਕਤਾ ਨੇ ਹੁੰਗਾਰਾ ਨਾ ਭਰਿਆ।
ਘਰ ਦੀ ਖੇਤੀ ਚ ਹੱਥ ਵਟਾਉਣ ਦੇ ਨਾਲ ਨਾਲ ਖੇਤੀ ਨਾਲ ਸਬੰਧਿਤ ਪ੍ਰਾਈਵੇਟ ਕੰਪਨੀਆਂ ਚ ਦੋ ਸਾਲ ਕੰਮ ਕਰਕੇ ਪੈਸੇ ਜੋੜੇ ਤੇ ਅਗਲੇਰੀ ਮੰਜ਼ਿਲ ਲਈ ਲੁਧਿਆਣੇ ਆ ਗਿਆ।
ਫ਼ਸਲ ਵਿਗਿਆਨ ਚ ਗੋਲਡ ਮੈਡਲ ਵਾਲੀ ਐੱਮ ਐੱਸ ਸੀ ਕਰਕੇ ਏਥੇ ਹੀ ਅਸਿਸਟੈਂਟ ਪ੍ਰੋਫੈਸਰ ਲੱਗ ਗਿਆ।
1996 ਚ ਆਸਟਰੇਲੀਆ ਚ ਆ ਗਿਆ। ਏਥੇ ਪੀ ਐੱਚ ਡੀ ਕਰਨ ਲੱਗ ਪਿਆ।
ਮੁਕੰਮਲ ਕਰਕੇ ਵਕਾਲਤ ਦਾ ਚਾਅ ਚੜ੍ਹ ਗਿਆ, ਹੁਣ ਮੈਂ ਵਕੀਲ ਹਾਂ।
ਪੰਜਾਬ ਖੇਤੀ ਯੂਨੀਵਰਸਿਟੀ ਵਾਲੇ ਦੋਸਤਾਂ ਦਾ ਵੱਡਾ ਕਾਫ਼ਲਾ ਹੈ ਏਥੇ।
ਕੁਲਜੀਤ ਕਹਿਣ ਲੱਗਾ ਕਿ ਤਿੰਨ ਕੁ ਸਾਲ ਪਹਿਲਾਂ ਮੇਰੇ ਮਾਤਾ ਜੀ ਚੜ੍ਹਾਈ ਕਰ ਗਏ ਸਨ। ਉਨ੍ਹਾਂ ਦੇ ਭੋਗ ਤੇ ਅਸਾਂ ਪ੍ਰਣ ਕਰ ਲਿਆ ਕਿ ਜਿਸ ਪ੍ਰਾਇਮਰੀ ਸਕੂਲ ਨੇ ਸਾਨੂੰ ਵਿਕਾਸ ਮਾਰਗ ਵਿਖਾਇਆ ਹੈ , ਉਸ ਦੀ ਮੁੜ ਉਸਾਰੀ ਕੀਤੀ ਜਾਵੇ। 25 ਲੱਖ ਖ਼ਰਚਣ ਦਾ ਫ਼ੈਸਲਾ ਕੀਤਾ ਸੀ ਪਰ 75 ਲੱਖ ਲੱਗ ਗਿਐ।
ਮੇਰੀ ਜੀਵਨ ਸਾਥਣ ਦਾ ਉਤਸ਼ਾਹਤ ਕਰਨਾ ਮੇਰੀ ਸ਼ਕਤੀ ਹੈ। ਮੈਂ ਤਾਂ ਕੇਵਲ ਵਸੀਲਾ ਹਾਂ ,ਦੇਣ ਵਾਲਾ ਬੇਅੰਤ ਪਰਮੇਸ਼ਰ ਹੈ।
ਮੇਰਾ ਦਿਲ ਕਰਦੈ ਸਭ ਪਰਦੇਸੀਂ ਵੱਸਦੇ ਵੀਰ ਆਪਣੀਆਂ ਜੜ੍ਹਾਂ ਸਾਂਭਣ।
ਉਸ ਕਿਹਾ, ਸਰਕਾਰਾਂ ਵੀ ਹਿੱਲਣ!
ਕੁਲਜੀਤ 10 ਫਰਵਰੀ ਨੂੰ ਪੰਜਾਬ ਆ ਜਾਵੇਗਾ, ਉਸ ਦਾ ਆਸਟਰੇਲੀਆ ਵਾਲਾ ਨੰਬਰ +61 412 317 957
ਹੀ ਵਟਸਐਪ ਤੇ ਮਿਲੇਗਾ।
ਨੰਬਰ ਨੋਟ ਕਰ ਲਵੋ, ਚੰਗੇ ਕੰਮ ਦੀ ਸ਼ਲਾਘਾ ਕਰਨੀ ਬਣਦੀ ਹੈ।
ਗੁਰਭਜਨ ਗਿੱਲ
28.1.2019
ਪਹਿਲਾਂ ਲਿਖਿਆ ਵੀ ਨੱਥੀ ਕਰ ਰਿਹਾਂ ਤਾਂ ਜੋ ਗੱਲ ਸੰਪੂਰਨ ਸਮਝ ਪੈ ਜਾਵੇ।
ਧਰਤੀ ਪੁੱਤਰ ਡਾ: ਕੁਲਜੀਤ ਸਿੰਘ ਗੋਸਲ ਨੂੰ ਸਲਾਮ
ਮੇਰੇ ਪਿਆਰੇ ਨਿੱਕੇ ਵੀਰ ਹਰਪ੍ਰੀਤ ਸਿੰਘ ਸਿੱਧੂ ਨੇ ਮੈਨੂੰ ਖ਼ਬਰ ਦਿੱਤੀ ਹੈ ਕਿ ਮੇਰੇ ਨਾਨਕਿਆਂ ਨੇੜਲੇ ਪਿੰਡ ਨੜਾਂਵਾਲੀ(ਗੁਰਦਾਸਪੁਰ) ਚ ਡਾ: ਕੁਲਜੀਤ ਸਿੰਘ ਗੋਸਲ ਨੇ 75 ਲੱਖ ਰੁਪਏ ਖ਼ਰਚ ਕੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਉਸਾਰੀ ਕਰਵਾਈ ਹੈ।
ਮੇਰੇ ਲਈ ਇਹ ਸੁਭਾਗੀ ਖ਼ਬਰ ਹੈ।
ਬਚਪਨ ਚ ਮੈਂ ਆਪਣੇ ਨਾਨਕੇ ਪਿੰਡ ਅਮੀਪੁਰ (ਨੇੜੇ ਜੌੜਾ ਛਤਰਾਂ)ਅਕਸਰ ਸਾਈਕਲ ਤੇ ਜਾਂਦਾ ਹੁੰਦਾ ਸਾਂ।
ਆਪਣੇ ਪਿੰਡ ਬਸੰਤਕੋਟ ਤੋਂ ਪੋਣੇ ਚ ਰੋਟੀ ਬੰਨ੍ਹ ਕੇ ਤੁਰਦਾ ਤਾਂ ਅੱਧ ਚ ਪੈਂਦੇ ਕਲਾਨੌਰ ਦੇ ਸ਼ਿਵਦੁਆਰੇ ਨੇੜਿਓਂ ਚਵਾਨੀ ਦੇ ਛੋਲੇ ਲੈ ਕੇ ਰੋਟੀ ਖਾ ਲੈਂਦਾ।
ਨਲਕੇ ਤੋਂ ਦੋ ਬੁੱਕ ਪਾਣੀ ਪੀ ਕੇ ਤੁਰ ਪੈਂਦਾ।
ਨੜਾਂਵਾਲੀ ਦਾ ਪੁਲ ਚੜ੍ਹਦਿਆਂ ਲੱਤਾਂ ਫੁੱਲ ਜਾਂਦੀਆਂ। ਕਿਰਨ ਨਾਲੇ ਉੱਪਰ ਬੰਣਿਆ ਇਹ ਪੁਲ ਮੈਨੂੰ ਹੁਣ ਵੀ 50 ਸਾਲ ਬਾਅਦ ਵੀ ਸੁਪਨੇ ਚ ਭੈ ਭੀਤ ਕਰ ਜਾਂਦਾ ਹੈ।
ਉਸੇ ਨੜਾਂਵਾਲੀ ਤੋਂ ਚੰਗੀ ਖ਼ਬਰ ਆਈ ਹੈ।
ਮੈਂ ਡਾ: ਕੁਲਜੀਤ ਸਿੰਘ ਗੋਸਲ ਨੂੰ ਨਹੀਂ ਜਾਣਦਾ ਪਰ ਹਰਪ੍ਰੀਤ ਦੱਸਦਾ ਹੈ ਕਿ ਕੁਲਜੀਤ ਪੰਜਾਬ ਖੇਤੀ ਯੂਨੀਵਰਸਿਟੀ ਚ ਪੜ੍ਹਿਆ ਹੈ। 1978 ਚ ਦਾਖਲ ਹੋਇਆ ਸੀ। ਹੁਣ ਆਸਟਰੇਲੀਆ ਚ ਵੱਸਦਾ ਹੈ।
ਮੈਂ ਜੇ ਕਦੇ ਨਹੀਂ ਮਿਲਿਆ ਤਾਂ ਫਿਰ ਕੀ ਹੋਇਆ? ਚੰਗਾ ਕੰਮ ਕਰਨ ਵਾਲੇ ਵੀਰ ਨੂੰ ਹੁਣ ਜਾਣ ਲਵਾਂਗਾ। ਧਰਤੀ ਪੁੱਤਰ ਨੂੰ ਸਲਾਮ ਕਹਾਂਗਾ। ਆਖਰ ਸ਼ੁਭ ਕਰਮੀ ਵੀਰ ਹੈ ਮੇਰੇ ਨਾਨਕਿਆਂ ਵੱਲ ਦਾ। ਹੋਰਨਾਂ ਲਈ ਪ੍ਰੇਰਨਾ ਸਰੋਤ ਬਣੇਗਾ।
23ਫਰਵਰੀ ਨੂੰ ਇਸ ਨਵ ਨਿਰਮਿਤ ਪ੍ਰਾਇਮਰੀ ਸਕੂਲ ਦਾ ਉਦਘਾਟਨ ਪੰਜਾਬ ਦੇ ਸਹਿਕਾਰਤਾ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਕਰ ਰਹੇ ਹਨ। ਚੰਗੀ ਗੱਲ ਹੈ ,ਹਲਕਾ ਵਿਧਾਇਕ ਵੀ ਤਾਂ ਓਹੀ ਹੈ, ਵਿਕਾਸ ਦਾ ਰਾਹ ਮੋਕ੍ਹਲਾ ਹੋਵੇਗਾ ਪਿੰਡ ਲਈ।
ਮੈਨੂੰ ਹੁਣ ਤੀਕ ਇਹੀ ਪਤਾ ਸੀ ਕਿ ਇਸ ਇਲਾਕੇ ਨੇ ਕੇਵਲ ਲੁਧਿਆਣੇ ਵੱਸਦਾ ਸ: ਗੁਰਪਰਗਟ ਸਿੰਘ ਕਾਹਲੋਂ ਵਰਗਾ ਸਫ਼ਲ ਕਾਰੋਬਾਰੀ ਇੰਜਨੀਅਰ ਹੀ ਪੈਦਾ ਕੀਤਾ ਹੈ। ਮੋਟਰ ਪਾਰਟਸ ਨਿਰਮਾਣ ਚ ਅੰਤਰ ਰਾਸ਼ਟਰੀ ਪ੍ਰਸਿੱਧੀ ਵਾਲਾ। ਲੰਮੇ ਸਮੇਂ ਤੋਂ ਮੋਟਰ ਪਾਰਟਸ ਤਿਆਰ ਕਰਨ ਵਾਲਿਆਂ ਦੀ ਸੰਸਥਾ ਦਾ ਪ੍ਰਧਾਨ।
ਹੁਣ ਡਾ: ਕੁਲਜੀਤ ਸਿੰਘ ਗੋਸਲ ਰਾਹੀਂ ਮੇਰੇ ਲਈ ਇਹ ਪਿੰਡ ਹੋਰ ਸਨਮਾਨਜਨਕ ਬਣ ਗਿਆ ਹੈ।
ਧਰਤੀ ਪੁੱਤਰ ਨੂੰ ਸਲਾਮ!
ਗੁਰਭਜਨ ਗਿੱਲ
25.1.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.