ਮੇਰੇ ਪਿਆਰੇ ਨਿੱਕੇ ਵੀਰ ਹਰਪ੍ਰੀਤ ਸਿੰਘ ਸਿੱਧੂ ਨੇ ਮੈਨੂੰ ਖ਼ਬਰ ਦਿੱਤੀ ਹੈ ਕਿ ਮੇਰੇ ਨਾਨਕਿਆਂ ਨੇੜਲੇ ਪਿੰਡ ਨੜਾਂਵਾਲੀ(ਗੁਰਦਾਸਪੁਰ) ਚ ਡਾ: ਕੁਲਜੀਤ ਸਿੰਘ ਗੋਸਲ ਨੇ 75 ਲੱਖ ਰੁਪਏ ਖ਼ਰਚ ਕੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਉਸਾਰੀ ਕਰਵਾਈ ਹੈ।
ਮੇਰੇ ਲਈ ਇਹ ਸੁਭਾਗੀ ਖ਼ਬਰ ਹੈ।
ਬਚਪਨ ਚ ਮੈਂ ਆਪਣੇ ਨਾਨਕੇ ਪਿੰਡ ਅਮੀਪੁਰ (ਨੇੜੇ ਜੌੜਾ ਛਤਰਾਂ)ਅਕਸਰ ਸਾਈਕਲ ਤੇ ਜਾਂਦਾ ਹੁੰਦਾ ਸਾਂ।
ਆਪਣੇ ਪਿੰਡ ਬਸੰਤਕੋਟ ਤੋਂ ਪੋਣੇ ਚ ਰੋਟੀ ਬੰਨ੍ਹ ਕੇ ਤੁਰਦਾ ਤਾਂ ਅੱਧ ਚ ਪੈਂਦੇ ਕਲਾਨੌਰ ਦੇ ਸ਼ਿਵਦੁਆਰੇ ਨੇੜਿਓਂ ਚਵਾਨੀ ਦੇ ਛੋਲੇ ਲੈ ਕੇ ਰੋਟੀ ਖਾ ਲੈਂਦਾ।
ਨਲਕੇ ਤੋਂ ਦੋ ਬੁੱਕ ਪਾਣੀ ਪੀ ਕੇ ਤੁਰ ਪੈਂਦਾ।
ਨੜਾਂਵਾਲੀ ਦਾ ਪੁਲ ਚੜ੍ਹਦਿਆਂ ਲੱਤਾਂ ਫੁੱਲ ਜਾਂਦੀਆਂ। ਕਿਰਨ ਨਾਲੇ ਉੱਪਰ ਬੰਣਿਆ ਇਹ ਪੁਲ ਮੈਨੂੰ ਹੁਣ ਵੀ 50 ਸਾਲ ਬਾਅਦ ਵੀ ਸੁਪਨੇ ਚ ਭੈ ਭੀਤ ਕਰ ਜਾਂਦਾ ਹੈ।
ਉਸੇ ਨੜਾਂਵਾਲੀ ਤੋਂ ਚੰਗੀ ਖ਼ਬਰ ਆਈ ਹੈ।
ਮੈਂ ਡਾ: ਕੁਲਜੀਤ ਸਿੰਘ ਗੋਸਲ ਨੂੰ ਨਹੀਂ ਜਾਣਦਾ ਪਰ ਹਰਪ੍ਰੀਤ ਦੱਸਦਾ ਹੈ ਕਿ ਕੁਲਜੀਤ ਪੰਜਾਬ ਖੇਤੀ ਯੂਨੀਵਰਸਿਟੀ ਚ ਪੜ੍ਹਿਆ ਹੈ। 1978 ਚ ਦਾਖਲ ਹੋਇਆ ਸੀ। ਹੁਣ ਆਸਟਰੇਲੀਆ ਚ ਵੱਸਦਾ ਹੈ।
ਮੈਂ ਜੇ ਕਦੇ ਨਹੀਂ ਮਿਲਿਆ ਤਾਂ ਫਿਰ ਕੀ ਹੋਇਆ? ਚੰਗਾ ਕੰਮ ਕਰਨ ਵਾਲੇ ਵੀਰ ਨੂੰ ਹੁਣ ਜਾਣ ਲਵਾਂਗਾ। ਧਰਤੀ ਪੁੱਤਰ ਨੂੰ ਸਲਾਮ ਕਹਾਂਗਾ। ਆਖਰ ਸ਼ੁਭ ਕਰਮੀ ਵੀਰ ਹੈ ਮੇਰੇ ਨਾਨਕਿਆਂ ਵੱਲ ਦਾ। ਹੋਰਨਾਂ ਲਈ ਪ੍ਰੇਰਨਾ ਸਰੋਤ ਬਣੇਗਾ।
23ਫਰਵਰੀ ਨੂੰ ਇਸ ਨਵ ਨਿਰਮਿਤ ਪ੍ਰਾਇਮਰੀ ਸਕੂਲ ਦਾ ਉਦਘਾਟਨ ਪੰਜਾਬ ਦੇ ਸਹਿਕਾਰਤਾ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਕਰ ਰਹੇ ਹਨ। ਚੰਗੀ ਗੱਲ ਹੈ ,ਹਲਕਾ ਵਿਧਾਇਕ ਵੀ ਤਾਂ ਓਹੀ ਹੈ, ਵਿਕਾਸ ਦਾ ਰਾਹ ਮੋਕ੍ਹਲਾ ਹੋਵੇਗਾ ਪਿੰਡ ਲਈ।
ਮੈਨੂੰ ਹੁਣ ਤੀਕ ਇਹੀ ਪਤਾ ਸੀ ਕਿ ਇਸ ਪਿੰਡ ਨੇ ਕੇਵਲ ਗੁਰਪਰਗਟ ਸਿੰਘ ਕਾਹਲੋਂ ਵਰਗਾ ਸਫ਼ਲ ਕਾਰੋਬਾਰੀ ਇੰਜਨੀਅਰ ਹੀ ਪੈਦਾ ਕੀਤਾ ਹੈ। ਮੋਟਰ ਪਾਰਟਸ ਨਿਰਮਾਣ ਚ ਅੰਤਰ ਰਾਸ਼ਟਰੀ ਪ੍ਰਸਿੱਧੀ ਵਾਲਾ। ਲੰਮੇ ਸਮੇਂ ਤੋਂ ਮੋਟਰ ਪਾਰਟਸ ਤਿਆਰ ਕਰਨ ਵਾਲਿਆਂ ਦੀ ਸੰਸਥਾ ਦਾ ਪ੍ਰਧਾਨ।
ਹੁਣ ਡਾ: ਕੁਲਜੀਤ ਸਿੰਘ ਗੋਸਲ ਰਾਹੀਂ ਮੇਰੇ ਲਈ ਇਹ ਪਿੰਡ ਹੋਰ ਸਨਮਾਨਜਨਕ ਬਣ ਗਿਆ ਹੈ।
ਧਰਤੀ ਪੁੱਤਰ ਨੂੰ ਸਲਾਮ!
ਗੁਰਭਜਨ ਗਿੱਲ
25.1.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.