ਸੁਪਨੇ ਏਦਾਂ ਵੀ ਸੱਚ ਹੁੰਦੇ
ਖ਼ਾਬਾਂ ਵਿੱਚ ਵੀ ਸੋਚਿਆ ਨਹੀਂ ਸੀ।
ਖ਼ਾਕਾ ਤਾਂ ਸੀ ਬਹੁਤ ਸੁਹਾਣਾ।
ਪਰ ਡੱਬੀ ਵਿੱਚ ਰੰਗ ਨਹੀਂ ਸਨ।
ਰੰਗ ਨਹੀਂ ਸਨ।
ਚਿਤਰ ਕਿਵੇਂ ਸੰਪੂਰਨ ਹੁੰਦਾ।
ਧਰਤ ਓਪਰੀ ਤੇਜ਼ ਰਫ਼ਤਾਰੀ।
ਸੱਜੇ ਹੱਥ ਨੂੰ
ਖੱਬਾ ਨਾ ਜਾਣੇ ਪਹਿਚਾਣੇ।
ਵਾਹੋਦਾਹੀ ਵਕਤ ਤਬਾਹੀ।
ਸਹਿਜਵੰਤੇ ਕੁਝ ਬਿਰਖ਼ ਅਡੋਲ
ਚੁੱਪ ਅਬੋਲ ਕੌਣ ਖਲੋਵੇ ਕੋਲ।
ਵੇਖ ਰਹੇ ਸੀ ਜਗਤ ਤਮਾਸ਼ਾ।
ਸੜਕਾਂ ਉੱਤੇ ਦੌੜਦੀਆਂ ਸੀ
ਤੇਜ਼ ਤਰਾਰੀਆਂ ਮਹਿੰਗੀਆਂ ਕਾਰਾਂ।
ਕੌਣ ਸੁਣੇਗਾ ਕਿਸ ਨੂੰ ਏਥੇ ਵਾਜਾਂ ਮਾਰਾਂ।
ਅਚਨਚੇਤ ਇੱਕ ਵਾਜ਼ ਸੁਣੀ ਮੈਂ
ਕੌਣ ਬੁਲਾਵੇ ਦਰਵੇਸ਼ਾਂ ਨੂੰ
ਸਾਡੇ ਸੁਪਨੇ ਕੌਣ ਵਿਹਾਜੇ?
ਮੋਹਨ ਕਿਹਾ
ਇੱਕ ਤੜਫ਼ੀ ਰੂਹ ਹੈ!
ਮੋਹ ਦੀ ਮਾਰੀ
ਲੱਭਦੀ ਮਨ ਦਾ ਕ੍ਰਿਸ਼ਨ ਮੁਰਾਰੀ।
ਕੋਰਾ ਵਰਕਾ ਢੂੰਡ ਰਿਹਾ ਹੈ
ਦਰਦ ਸਿਆਹੀ।
ਅਣਲਿਖਿਆ ਸੀ ਜੋ ਕੁਝ ਹਾਲੇ
ਪਾ ਦਿੱਤੀ ਕੁਲਦੀਪ ਗਵਾਹੀ।
ਮੁਲਾਕਾਤ ਤਾਂ ਇੱਕ ਦੋ ਪਲ ਸੀ
ਸ਼ਬਦ ਕਹੇ ਤੇ ਸੁਪਨਾ ਉੱਗਿਆ।
ਸੱਤ ਜਨਮ ਜੋ ਸੋਚਿਆ ਨਾ ਸੀ
ਵੇਖੋ ਕਿੱਦਾਂ
ਸੁੱਖੀ ਵੀਰੇ ਬਚਨ ਨਿਭਾਇਆ।
ਕਿੱਦਾਂ ਹੋਇਆ,
ਮੈਨੂੰ ਅੱਜ ਤੱਕ ਸਮਝ ਨਾ ਆਇਆ।
ਵੇਖੋ ਕਿੰਜ ਗੁਲਜ਼ਾਰ ਖਿੜੀ ਹੈ।
ਕਿੰਜ ਸੁਰਜੀਤ ਗੁਲਾਬੀ ਸੁਪਨਾ।
ਸੂਰਜ ਮਗਰੋਂ ਚੜ੍ਹਦਾ
ਪਹਿਲਾਂ ਸੁਪਨਾ ਆਵੇ।
ਵਿੱਚ ਹਕੀਕਤ ਘੁਲ਼ ਮਿਲ ਜਾਵੇ।
ਜਗਮਗ ਜਗਮਗ ਰੂਹ ਰੁਸ਼ਨਾਵੇ।
ਤੀਆਂ ਵਾਂਗ ਸਵਾਣੀਆਂ ਧੀਆਂ
ਚਾਈਂ ਚਾਈਂ ਜੀਕੂੰ
ਪੇਕੀਂ ਆਉਂਦੀਆਂ ਨੇ ਮੁਟਿਆਰਾਂ।
ਏਥੇ ਆ ਕੇ ਲਾਉਣ ਬਹਾਰਾਂ।
ਹਰ ਮਸਲੇ ਤੇ ਹੋਣ ਵਿਚਾਰਾਂ।
ਦੀਵਾਰਾਂ ਤੇ
ਸ਼ਬਦ ਸਿਰਜਕਾਂ ਦੀ ਸਰਦਾਰੀ।
ਜਿਹੜੇ ਆਦਰ ਦੇ ਅਧਿਕਾਰੀ।
ਸ਼ਬਦ ਸੁਹਾਵੀ ਇਸ ਧਰਤੀ ਤੇ
ਦੱਸੋ ਐਸਾ ਫੁੱਲ ਹੈ ਕਿਹੜਾ?
ਜਿਹੜਾ ਏਥੇ ਰੰਗ ਭਰੇ ਨਾ
ਖਿੜ ਜਾਵੇ ਨਾ ਪੂਰਾ ਜਿਹੜਾ।
ਭਰਿਆ ਲੱਗਦਾ
ਬਾਬਲ ਅਰਜਨ ਸਿੰਘ ਦਾ ਵਿਹੜਾ।
ਗੁਰਭਜਨ ਗਿੱਲ
25 - 01 - 2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.