ਜਾਪਾਨ ਵੱਸਦਾ ਸ਼ਾਇਰ ਮਿੱਤਰ ਪਰਮਿੰਦਰ ਸੋਢੀ ਹਰ ਸਾਲ ਵਧਾਈ ਕਾਰਡ ਲਿਖ ਕੇ ਭੇਜਦਾ ਹੈ।
ਉਸ ਦੀ ਭਾਵਨਾ ਤੇ ਲਿਖਾਈ ਮੈਨੂੰ ਹਰ ਸਾਲ ਤਰੋ ਤਾਜ਼ਾ ਕਰਦੀ ਹੈ।
ਸੱਜਰੇਪਨ ਦਾ ਕੋਮਲ ਇਹਸਾਸ ਜਗਾਉਂਦੀ।
ਪਰਮਿੰਦਰ ਸੋਢੀ ਉਸ ਦੇਸ਼ ਚ ਵੱਲਦਾ ਹੈ ਜਿੱਥੇ ਪਰਮਾਣੂੰ ਨੇ ਪ੍ਰਥਮ ਤਬਾਹੀ ਦੇ ਖ਼ੂਨੀ ਧੱਬੇ ਪਾਏ।
ਅਮਰੀਕਾ ਦਾ ਕਲੰਕਿਤ ਚਿਹਰਾ ਨੰਗਾ ਕਰਦਾ ਦੇਸ। ਨਵੇਂ ਸਿਰੋਂ ਉੱਸਰਿਆ ਤੇ ਉੱਭਰਿਆ ਏਸ਼ਿਆਈ ਸ਼ੇਰ।
ਪਰਮਿੰਦਰ ਹਰ ਸਾਲ ਮੁਬਾਰਕ ਲਿਖਦਿਆਂ ਊਰਜਾ ਨਾਲ ਲਬਰੇਜ਼ ਕਰ ਦਿੰਦਾ ਹੈ। ਰੂਹ ਖਿੜ ਜਾਂਦੀ ਹੈ ਲਬਾਲਬ।
ਕਦੇ ਵਧਾਈ ਕਾਰਡਾਂ ਦਾ ਅੰਬਾਰ ਲੱਗ ਜਾਂਦਾ ਸੀ ਪਰ ਹੁਣ ਵਟਸਐਪ ਤੇ ਈ ਮੇਲਜ਼ ਕਮਲੀਆਂ ਹੋ ਜਾਂਦੀਆਂ ਨੇ ਇਹ ਸ਼ੁਭ ਸੁਨੇਹੇ ਸੰਭਾਲਦੀਆਂ।
ਕਿਸੇ ਪਰਦੇਸ ਗਏ ਪਤੀ ਦੀ ਬਿਰਹਣ ਵਾਲਾ ਹਾਲ ਹੋ ਜਾਂਦਾ ਹੈ, ਇਹ ਬਿਜਲਈ ਡਾਕ ਪੜ੍ਹਦਿਆਂ।
ਕਾਗਤਾਂ ਦਾ ਰੁੱਗ ਆ ਗਿਆ,
ਚਿੱਠੀ ਇੱਕ ਨਾ ਆਉਣ ਦੀ ਪਾਈ।
ਪਰ ਪਰਮਿੰਦਰ ਸੋਢੀ ਦੀ ਚਿੱਠੀ ਤਾਂ ਪੂਰਨ ਮਿਲਾਪ ਵਰਗੀ ਹੈ।
ਨਿਰਛਲ, ਨਿਰਕਪਟ, ਨਿਰਵਿਕਾਰ।
ਪਾਰਦਰਸ਼ੀ ਮਨ।
ਮੇਰੇ ਪਿਆਰੇ ਪਰਮਿੰਦਰ
ਯਾਰ ਤੂੰ ਇਕੱਲਾ ਸ਼ਾਇਰ ਨਹੀਂ, ਹੋਰ ਬਹੁਤ ਕੁਝ ਹੈਂ। ਮਨ ਦੇ ਬਾਗਾਂ ਦਾ ਸੁਤੇਤ ਮਾਲੀ ਵੀ। ਤੇਰੇ ਸ਼ਬਦ ਸਾਨੂੰ ਗੋਡਦੇ, ਪਾਣੀ ਦਿੰਦੇ, ਫੁੱਲਾਂ ਫਲਾਂ ਨਾਲ ਲੱਦਦੇ ਨੇ।
ਅੱਜ ਹੀ ਪਿਆਰੇ ਵੀਰ ਬਲਜੀਤ ਬੱਲੀ ਮੁੱਖ ਸੰਪਾਦਕ ਬਾਬੂ ਸ਼ਾਹੀ ਡਾਟ ਕਾਮ ਨੇ ਦੱਸਿਐ ਕਿ ਉਸ ਨੂੰ ਵੀ ਪਰਮਿੰਦਰ ਸੋਢੀ ਦਾ ਮੁਹੱਬਤੀ ਕਾਰਡ ਪੁੱਜਾ ਹੈ।
ਹੋਰ ਸੱਜਣਾਂ ਨੂੰ ਵੀ ਆਏ ਹੋਣਗੇ।
ਪਰ ਮੇਰਾ ਫ਼ਰਜ਼ ਹੈ ਕਿ ਪਰਮਿੰਦਰ ਨੂੰ ਆਪ ਸ਼ੁਭ ਕਾਨਮਾਵਾਂ ਦਿਆਂ
ਮੇਰੀ ਕੁਝ ਸਮਾਂ ਪਹਿਲਾਂ ਲਿਖੀ ਇੱਰ ਨਜ਼ਮ ਮੇਰੀ ਮਦਦਗਾਰ ਬਣੀ ਹੈ।
ਨਵੇਂ ਸਾਲ ਵਿੱਚ
ਨਵੇਂ ਸਾਲ ਵਿੱਚ ਇਸ ਧਰਤੀ ਤੇ
ਰੱਬ ਹੁਣ ਮਿਹਰ ਕਰੇ।
ਵਣ ਤ੍ਰਿਣ ਮੌਲਣ ਮਹਿਕਣ ਟਹਿਕਣ
ਪੱਲ੍ਹਰਨ ਬਿਰਖ਼ ਹਰੇ।
ਮਾਂ ਦੀ ਗੋਦੀ ਬਾਲ ਅਲੂਆਂ
ਬੈਠ ਕਲੋਲ ਕਰੇ।
ਉਹ ਨਾ ਇਸ ਧਰਤੀ ਤੇ ਆਵੇ
ਜਿਸ ਤੋਂ ਬਾਲ ਡਰੇ।
ਤ੍ਰੇਲ ਦੇ ਮੋਤੀ ਖਿੱਲਰੇ ਵੇਖੋ
ਸ਼ਗਨ ਸਵੇਰ ਕਰੇ।
ਦੁਸ਼ਮਣ ਦੀ ਵੀ ਅੱਖ ਵਿੱਚ ਅੱਥਰੂ
ਹੁਣ ਨਾ ਜਾਣ ਜਰੇ।
ਜਿਉਂਦਾ ਵੱਸਦਾ ਰਹੁ
ਗੁਰਭਜਨ ਗਿੱਲ
23-1-2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.