ਇਸ ਵਾਰ ਮਾਘੀ ਦਾ ਸਿਆਸੀ ਰੰਗ ਫਿੱਕਾ ਫਿੱਕਾ ਰਿਹੈ। ਸਿਰਫ਼ ਅਕਾਲੀਆਂ ਨੇ ਸਟੇਜ ਲਾਈ। ਕੈਪਟਨ ਨੇ ਤਾਂ ਪਹਿਲਾਂ ਹੀ ਆਖ ਦਿੱਤਾ ਸੀ ਕਿ ਮਾਘੀ ਦੇ ਇਸ ਪਵਿੱਤਰ ਦਿਨ ਉਤੇ ਕਾਂਗਰਸ ਸਿਆਸੀ ਅਖਾੜਾ ਨਹੀਂ ਮਘਾਉਣਾ ਚਾਹੁੰਦੀ। ਪਰ ਬਾਦਲ ਨਹੀਂ ਟਲੇ! ਤਾਹਨੇ-ਮਿਹਣਿਆਂ ਦੇ ਰਾਗ ਤੇ ਡਫਲ਼ੀਆਂ ਖੂਬ ਗੂੰਜਾ ਗਏ। ਮਾਘੀ ਮੇਲੇ ਦਾ ਪਹਿਲਾ ਦਿਨ ਨੇਤਾਵਾਂ ਦੇ ਨਾਂ ਹੁੰਦੈ ਤੇ ਬਾਕੀ ਦਾ ਲਗਭਗ ਇੱਕ ਹਫ਼ਤਾ ਲੋਕਾਂ ਦੇ ਨਾਂ ਰਹਿੰਦੈ। ਇਹ ਮਾਘੀ ਮੇਲਾ ਕਈ ਦਿਨ ਮਘਦਾ ਰਹਿੰਦਾ ਹੈ! ਇਹਨਾਂ ਮਗਰਲੇ ਦਿਨਾਂ ਵਿੱਚ ਨਿਹੰਗ-ਸਿੰਘਾਂ ਦੇ ਗਤਕੇ ਦੇਖਣ ਨੂੰ ਮਿਲਦੇ ਨੇ, ਬਾਜ਼ੀਆਂ ਪੈਂਦੀਆਂ ਨੇ ਤੇ ਚੰਡੋਲਾਂ ਝੂਟਦੀਆਂ ਹਨ। ਲੱਖਾਂ ਰੁਪਏ ਦੇ ਘੋੜੇ-ਘੋੜੀਆਂ ਦੀਆਂ ਨੁਮਾਇਸ਼ਾਂ ਲਗਦੀਆਂ ਨੇ। ਡਾਂਗਾਂ ਤੇ ਖੂੰਡਿਆਂ ਦੀਆਂ ਦੁਕਾਨਾਂ ਕਈ-ਕਈ ਦਿਨ ਖੁੱਲ੍ਹੀਆਂ ਰਹਿੰਦੀਆਂ ਨੇ। ਪਿੰਡਾਂ ਤੋਂ ਟਰਾਲੀਆਂ ਭਰ-ਭਰ ਆਏ ਵੰਨ-ਸੁਵੰਨੇ ਭੋਜਨ-ਭੰਡਾਰੇ ਛਕਦੀਆਂ ਸੰਗਤਾਂ 'ਬੋਲੋ ਸੋ ਨਿਹਾਲ' ਦੇ ਜੈਕਾਰੇ ਗੁੰਜਾਉਂਦੀਆਂ ਦੂਰ ਤੱਕ ਸੁਣੀਂਦੀਆਂ ਹਨ।
ਅਕਸਰ ਦੇਖਦਾ ਰਿਹਾ ਹਾਂ ਕਿ ਸਿਆਣੇ ਲੋਕ ਤਾਂ ਸਿਆਣੇ ਨੇਤਾਵਾਂ ਦੇ ਭਾਸ਼ਣ ਸੁਣਕੇ ਸੁੱਖ ਸ਼ਾਂਤੀ ਨਾਲ ਘਰਾਂ ਨੂੰ ਪਰਤ ਆਉਂਦੇ ਨੇ। ਵੱਖ-ਵੱਖ ਪਾਰਟੀਆਂ ਦੇ ਹੇਠਲੇ ਦਰਜੇ ਦੇ ਵਰਕਰ ਤੇ ਆਮ ਲੋਕ ਭਾਸ਼ਣ ਸੁਣਨ ਮਗਰੋਂ ਰਾਹ ਵਿੱਚ ਪੈਂਦੇ ਸ਼ਰਾਬ ਦੇ ਠੇਕਿਆਂ ਉੱਤੇ ਖੜ੍ਹ ਗਏ ਕਿ ਘੁਟ-ਘੁਟ ਹਾੜਾ ਲਾਉਂਦੇ ਨੇ, ਇਹ ਪੁਰਾਣੀ ਰੀਤ ਹੈ। ਲੀਡਰਾਂ ਲਈ ਸੰਘ ਪਾੜ-ਪਾੜ ਕੇ ਲਾਏ ਨਾਹਰਿਆਂ ਕਾਰਨ ਦਿਨ ਭਰ ਦਾ ਥਕੇਵਾਂ ਲਾਹੁੰਦੇ ਨੇ ਤੇ ਠੰਢ ਵੀ ਦੂਰ ਭਜਾਉਂਦੇ ਨੇ! ਇਹ ਵੀ ਦੇਖਿਆ ਹੈ ਕਿ ਸ਼ਰਾਬੀ ਹੋਏ ਵਰਕਰ ਕੁਝ ਪਿੰਡ ਆਣਕੇ ਲੜਦੇ ਨੇ, ਕੁਝ ਘਰ ਆਣ ਕੇ ਦਾਲ ਤੱਤੀ-ਠੰਢੀ ਦਾ ਬਹਾਨਾ ਬਣਾ ਕੇ ਆਪਣੀਆਂ ਤੀਮੀਆਂ ਨਾਲ ਖਹਿਬੜਦੇ ਨੇ, ਤੇ ਕੁਝ ਰਾਹ ਵਿੱਚ ਹੀ ਨਾਲ ਦਿਆਂ ਨਾਲ ਛਿੱਤਰੋ ਛਿੱਤਰੀ ਹੋ ਕੇ ਪਰਤਦੇ ਨੇ। ਚਾਲੀ ਮੁਕਤਿਆਂ ਦੀ ਧਰਤੀ 'ਤੇ ਖਿਦਰਾਣੇ ਦੀ ਢਾਬ ਦਾ ਇਹ ਸਾਡਾ ਮਾਘੀ ਮੇਲਾ ਸਭਨਾਂ ਤੋਂ ਨਿਆਰਾ ਤੇ ਪਿਆਰਾ ਹੈ ਪਰ ਅਜਿਹਾ ਦੁਖਦਾਈ ਵਰਤਾਰਾ ਦਿਲ ਦੁਖਾ ਦਿੰਦਾ ਹੈ! ਸਵਾਲ ਹੈ ਕਿ ਕੀ ਕਿਸੇ ਨੇਤਾ ਨੂੰ ਪਤਾ ਹੈ ਕਿ ਅਸੀਂ ਕਿੱਥੇ ਆਏ ਹੋਏ ਹਾਂ? ਕੀ ਬੋਲ ਰਹੇ ਹਾਂ? ਕਿਸ ਲਈ ਬੋਲ ਰਹੇ ਹਾਂ? ਕਿਉਂ ਬੋਲ ਰਹੇ ਹਾਂ? ਮੰਨੋ ਚਾਹੇ ਨਾ ਮੰਨੋ, ਜਵਾਬ 'ਨਾਂਹ' ਵਿੱਚ ਹੀ ਮਿਲੇਗਾ।ਇਤਿਹਾਸਿਕ ਪਿਛੋਕੜ ਬਾਰੇ ਬੋਲਣ ਤੇ ਵਾਚਣ-ਵੇਖਣ ਦੀ ਵਿਹਲ ਕਿਸ ਕੋਲ ਹੈ ਭਲਾ? ਅਫੜਾ-ਤਫੜੀ ਪਈ ਹੋਈ ਦਿਸਦੀ ਹੈ। ਮੇਲਾ ਮਾਘੀ ਉਤੇ ਸਿਆਸੀ ਕਾਨਫਰੰਸਾਂ ਹਰ ਵਰ੍ਹੇ ਹੁੰਦੀਆਂ ਨੇ ਤੇ ਹੁੰਦੀਆਂ ਰਹਿਣਗੀਆਂ। ਜੇਕਰ ਕਾਂਗਰਸੀ ਇਸ ਵਾਰ ਛੁੱਟੀ ਲੈ ਗਏ ਨੇ ਤਾਂ ਅਗਲੀ ਵਾਰੀ ਹਾਜਰ ਹੋ ਜਾਣਗੇ। 2019 ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਚੋਣ ਜ਼ਾਬਤਾ ਇੱਕ ਮਹੀਨਾ ਪਹਿਲਾਂ ਲੱਗ ਜਾਵੇਗਾ। ਫਰਵਰੀ ਮਹੀਨਾ ਖਿਸਕਿਆ ਤਾਂ ਸਿਆਸੀ ਅਖਾੜਾ ਹੋਰ ਮਘ ਜਾਵੇਗਾ। ਇਹ ਗੱਲ ਸੁਟ੍ਹਣ ਵਾਲੀ ਨਹੀਂ ਕਿ ਸਾਡੇ ਮੁਲਕ ਦੇ ਨੇਤਾਵਾਂ ਨੂੰ ਮੇਲਿਆਂ ਤੇ ਰੈਲੀਆਂ ਦੀ ਕੀ ਥੋੜ੍ਹ ਹੈ ਭਲਾ? ਅਜਿਹਾ ਕੁਝ ਤਾਂ ਇਨ੍ਹਾਂ ਨੂੰ ਕੋਈ ਰੋਜ਼ ਦੇਵੇ। ਦੇਖਣ ਵਿਚ ਆਉਂਦਾ ਰਿਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੀਆਂ ਰੈਲੀਆਂ ਵਿਚ 'ਬਲੂੰਗੜਾ' 'ਬਿੱਲਾ' ਤੇ 'ਲੂੰਬੜ' ਜਿਹੇ ਸ਼ਬਦ ਆਪਣੇ ਭਾਸ਼ਨਾਂ ਵਿੱਚ ਵਰਤਦੇ ਰਹੇ ਹਨ, ਜੋ ਸ਼ੋਭਦੇ ਨਹੀਂ ਸਨ ਤੇ ਸੁਖਬੀਰ ਸਿੰਘ ਬਾਦਲ ਨੇ ਵੀ ਆਮ ਆਦਮੀ ਪਾਰਟੀ ਵਾਲਿਆਂ ਦੀਆਂ ਟੋਪੀਆਂ ਦੀ ਰਤਾ ਖੈਰ ਨਹੀਂ ਮੰਗੀ, "ਚੱਕ ਦਿਓ ਏਹ ਟੋਪੀਆਂ-ਟੂਪੀਆਂ।" ਬੋਲੇ ਉਹਨਾਂ ਦੇ ਬੋਲ ਆਮ ਆਦਮੀ ਵਾਲਿਆਂ ਨੂੰ ਰੜਕਦੇ ਰਹੇ ਨੇ। ਇਸ ਵਾਰੀ ਸੁਖਬੀਰ ਨੇ ਮਾਘੀ ਮੇਲੇ 'ਤੇ ਕੈਪਟਨ ਨੂੰ ਇਹ ਵੀ ਆਖ ਦਿੱਤਾ ਕਿ ਉਹ ਤਾਂ ਦਾਰੂ ਪੀ ਕੇ ਡੱਕਿਆ ਰਹਿੰਦੈ। ਮਜੀਠਿਆ ਮਨਪ੍ਰੀਤ ਬਾਦਲ ਨੂੰ 'ਡੁਪਲੀਕੇਟ ਬਾਦਲ' ਦੱਸ ਗਿਆ।
ਵੱਡੇ ਬਾਦਲ ਨੂੰ ਨਾਂ ਕਿਉਂ ਭੁੱਲਦੇ ਨੇ?
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਾਸ਼ਨ ਦਾ ਰੰਗ-ਰਾਗ ਹੁਣ ਚਾਹੇ ਪਹਿਲਾਂ ਵਾਲਾ ਨਹੀਂ ਰਿਹਾ ਪਰ ਆਪਣੇ ਭਾਸ਼ਣ ਦੌਰਾਨ ਦਿਲ-ਲਗੀਆਂ ਖੂਬ ਕਰ ਜਾਂਦੇ ਨੇ। ਬੜੀ ਵਾਰੀ ਹਾਸਾ ਵੀ ਖੂਬ ਖਿਲੇਰਦੇ ਹਨ। ਮੈਨੂੰ ਯਾਦ ਹੈ ਕਿ ਇੱਕ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਬਦਲੇ ਸਨਮਾਨਿਆ ਤਾਂ ਸ੍ਰ. ਜੱਸੋਵਾਲ ਖੂੰਡੀ ਦੇ ਸਹਾਰੇ ਸਟੇਜ ਉੱਤੇ ਪੁੱਜੇ। ਬਾਦਲ ਸਾਹਿਬ ਆਪਣੇ ਭਾਸ਼ਣ ਵਿੱਚ ਬੋਲੇ, "ਆਹ ਵੇਖੋ, ਮੈਥੋਂ ਛੋਟਾ ਐ ਤੇ ਖੂੰਡੀ ਲਈ ਫਿਰਦੈ, ਮੈਂ ਅਜੇ ਵੀ ਜੁਆਨ ਆਂ।" ਇਹੋ ਗੱਲ ਆਪਣੇ ਜੁਆਨ ਹੋਣ ਵਾਲੀ, ਉਹ ਮਾਘੀ ਮੇਲੇ ਉੱਤੇ ਕਹਿ ਗਏ। ਤੇ ਹਾਂ ਸੱਚ...ਉੱਥੇ ਹੀ ਉਨ੍ਹਾਂ ਆਪਣੇ ਨਾਲ ਖਲੋਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੂੰ ਪੁੱਛਿਆ, "ਏਸ ਬੰਦੇ ਦਾ ਨਾਂ ਕੀ ਐ, ਮੈਂ ਭੁੱਲ ਗਿਆ?" ਹਾਲਾਂਕਿ ਬਾਦਲ ਨਾਲ ਜੱਸੋਵਾਲ ਨੇ ਦੋ ਵਾਰ ਵਿਧਾਨ ਸਭਾ ਦੀ ਚੋਣ ਵੀ ਲੜੀ ਹੋਈ ਸੀ ਤੇ ਉਹ ਜੱਸੋਵਾਲ ਨੂੰ ਚੰਗੀ ਤਰਾਂ ਜਾਣਦੇ-ਪਛਾਣਦੇ ਵੀ ਸਨ। ਸਿਆਣੇ ਕਹਿੰਦੇ ਹਨ ਕਿ ਸਟੇਜ ਉੱਤੇ ਬੋਲਦਿਆਂ ਜਦੋਂ ਕਿਸੇ ਦਾ ਨਾਂ ਭੁੱਲ ਜਾਓ ਤੇ ਨਾਲ ਖਲੋਤੇ ਨੂੰ ਪੁੱਛੋ ਤਾਂ ਅਗਲੇ ਨੂੰ ਭੁੰਜੇ (ਥੱਲੇ) ਲਾਹੁੰਣ ਵਾਲੀ ਗੱਲ ਹੀ ਹੁੰਦੀ ਹੈ। ਸੋ, ਇੱਕ ਵਾਰ ਨਹੀਂ, ਵੱਡੇ ਬਾਦਲ ਸਾਹਿਬ ਬਥੇਰੇ ਵਾਰੀ 'ਵੱਡੇ-ਵੱਡੇ' ਇਉਂ ਹੀ ਭੁੰਜੇ ਲਾਹੇ ਹਨ। ਪਿਛਲੇ ਮਾਘੀ ਮੇਲੇ ਉੱਤੇ ਉਹ ਸੁਖਪਾਲ ਸਿੰਘ ਖਹਿਰਾ, ਜਿਸਦਾ ਬਾਪ ਬਾਦਲ ਸਾਹਿਬ ਦਾ ਨਜ਼ਦੀਕੀ ਰਿਹਾ ਤੇ ਸੁੱਚਾ ਸਿੰਘ ਛੋਟੇਪੁਰ, (ਜੋ ਅਕਾਲੀ ਸਰਕਾਰ ਵਿੱਚ ਮੰਤਰੀ ਰਿਹਾ) ਦਾ ਨਾਂ ਵੀ ਭੁੱਲ ਗਏ ਤੇ ਲਾਗਿਓਂ ਕਿਸੇ ਨੂੰ ਦੋ ਵਾਰ ਪੁੱਛਿਆ।ਉਂਝ ਕਹਿੰਦੇ ਹਨ ਕਿ ਵੱਡੇ ਬਾਦਲ ਸਾਹਬ ਦੀ ਯਾਦਦਸ਼ਤ ਬੜੀ ਕਮਾਲ ਦੀ ਹੈ ਤੇ ਉਹਨਾਂ ਆਪਣੇ ਪਿੰਡਾਂ ਲਾਗਲੇ ਪੁਰਾਣੇ ਸਾਥੀਆਂ ਦੇ ਨਾਂ ਹਾਲੇ ਵੀ ਚੇਤੇ ਰੱਖੇ ਹੋਏ ਹਨ। ਪਰ ਸਿਆਸੀ ਸਟੇਜ ਦੇ ਰੰਗ ਹੋਰ ਹੁੰਦੇ ਨੇ, ਮੌਕੇ 'ਤੇ ਹੀ ਪਤਾ ਚਲਦਾ ਹੈ ਕਿ ਜਦੋਂ ਇਹ ਰੰਗ ਬਦਲ ਜਾਂਦੇ ਨੇ!
-
ਨਿੰਦਰ ਘੁਗਿਆਣਵੀ, ਪੰਜਾਬੀ ਲੇਖਕ ਤੇ ਕਾਲਮਿਸਟ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.