ਖ਼ਬਰ ਹੈ ਕਿ ਕਲਕੱਤਾ 'ਚ ਸ਼ਨਿਚਰਵਾਰ ਨੂੰ ਵਿਰੋਧੀ ਪਾਰਟੀਆਂ ਵਲੋਂ ਕਰਵਾਈ ਗਈ ਰੈਲੀ 'ਤੇ ਨਿਸ਼ਾਨਾ ਲਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਗੱਠਜੋੜ ਮੋਦੀ ਵਿਰੁਧ ਨਹੀਂ ਦੇਸ਼ ਦੇ ਲੋਕਾਂ ਵਿਰੁਧ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੱਠਜੋੜ ਦੇ ਨੇਤਾ ਡਰ ਕਾਰਨ ਇੱਕਠੇ ਹੋਏ ਹਨ। ਉਹ ਖੁਦ ਨੂੰ ਬਚਾਉਣ ਲਈ ਸਮਰੱਥਨ ਮੰਗ ਰਹੇ ਹਨ। ਗਠਜੋੜ ਵਲੋਂ ਸੱਦੀ ਗਈ ਰੈਲੀ ਵਿੱਚ ਉਮੜੀ ਲੱਖਾਂ ਲੋਕਾਂ ਦੀ ਭੀੜ ਦਰਮਿਆਨ 23 ਵਿਰੋਧੀ ਪਾਰਟੀਆਂ ਨੇ ਇੱਕਠਿਆਂ ਮੋਦੀ ਸਰਕਾਰ ਨੂੰ ਜੜ੍ਹੋਂ ਉਖਾੜ ਸੁੱਟਣ ਦਾ ਸੱਦਾ ਦਿੱਤਾ ਹੈ।
ਭਲਾ ਇਹ ਛੋਟੀ ਗੱਲ ਆ ਕਿ ਮੋਦੀ ਸਰਕਾਰ ਨੇ ਦੇਸ਼ ਨੂੰ ਹਾਲੋਂ-ਬੇਹਾਲ ਕਰ ਦਿੱਤਾ ਆ। ਭਲਾ ਇਹ ਛੋਟੀ ਗੱਲ ਆ ਕਿ ਮੋਦੀ ਦੁਨੀਆਂ ਦੇ ਦੇਸ਼ਾਂ ਵਿੱਚ ਜਾ ਰਿਹਾ ਅਤੇ ਦੱਸ ਰਿਹਾ ਆ ਕਿ ਭਾਰਤ ਦੇਸ਼ ਮਹਾਨ ਹੈ, ਕੁੱਲ ਦੁਨੀਆਂ ਦੀ ਸ਼ਾਨ ਆ। ਭਲਾ ਇਹ ਛੋਟੀ ਗੱਲ ਆ ਕਿ ਦੇਸ਼ ਦੇ ਲੋਕ ਬੇਰੁਜ਼ਗਾਰੀ ਨਾਲ ਜੂਝ ਰਹੇ ਆ, ਭੁੱਖੇ ਢਿੱਡ ਸੜਕਾਂ 'ਤੇ ਮਾਰੇ ਮਾਰੇ ਤੁਰੇ ਫਿਰਦੇ ਆ, ਅਤੇ ਭਾਜਪਾ ਵਾਲੇ ਨਿੱਤ ਦਿਨ ਨਵੇਂ ਪ੍ਰਾਜੈਕਟ ਹੱਸਦੇ-ਖੇਡਦੇ 'ਲਾਂਚ' ਕਰ ਰਹੇ ਆ। ਭਲਾ ਇਹ ਛੋਟੀ ਗੱਲ ਆ ਕਿ ਦੇਸ਼ ਵਿੱਚ 'ਮੰਦਰ' ਉਸਰੇਗਾ, ਪਟੇਲ ਦਾ ਬੁੱਤ ਲਗਾ ਦਿੱਤਾ ਗਿਆ ਆ। ਭਲਾ ਇਹ ਛੋਟੀ ਗੱਲ ਆ ਕਿ ਲੋਕਤੰਤਰ ਨੂੰ ਡੱਬੇ 'ਚ ਬੰਦ ਕਰ ਦਿੱਤਾ ਗਿਆ ਅਤੇ ਢਾਈ ਬੰਦੇ ਦੇਸ਼ ਦੀ ਸਰਕਾਰ ਚਲਾਉਣ ਲੱਗੇ ਹੋਏ ਆ ਅਤੇ ਜਦੋਂ ਦੇਸ਼ 'ਚ ਇੱਡੇ ਵੱਡੇ ਕੰਮ ਕਰਾਉਣ ਵਾਲੇ ਵਿਰੁੱਧ ਕੋਈ ਬੋਲੇਗਾ, ਭਲਾ ਉਹਨੂੰ ਚੰਗਾ ਲੱਗੂ? ਭਲਾ ਤੁਸੀਂ ਹੀ ਦੱਸੋ, ਚੰਗਾ ਲੱਗੂ? ਉਹ ਭਾਈ, ਬਾਗ 'ਚ ਸਭ ਕੁਝ ਹਰਾ ਹਰਾ ਦਿਸਣ ਵਾਲਿਆਂ ਨੂੰ ਬਾਗ 'ਚ ਲੱਗੇ ਕੂੜੇ ਦੇ ਢੇਰ ਨਹੀਂਓ ਦਿਸਦੇ। ਉਂਜ ਵੀ ਮਨੁੱਖ ਦੀ ਫਿਤਰਤ ਆ, ਉਹ ਦੇ ਕੰਨ "ਚੰਗਾ ਚੰਗਾ" ਸੁਨਣ ਨੂੰ ਹੀ ਬਣੇ ਹੋਏ ਆ ਅਤੇ ਦੇਸ਼ ਦੇ ਰਾਜਿਆਂ ਦੇ ਕੰਨ ਤਾਂ ਸਭ ਅੱਛਾ ਸੁਨਣ ਦੇ ਆਦੀ ਹੋ ਚੁੱਕੇ ਆ। ਤਦੇ ਤਾਂ ਕਵੀ ਲਿਖਦਾ ਆ, "ਜਿਹੜਾ ਕੋਇਲ ਦੇ ਨਗਮੇ ਸੁਣ ਲੈਂਦਾ, ਸੁਣਦਾ ਕਾਂ ਦੀ ਉਹ ਕੈਂ ਕੈਂ ਕਿੱਥੇ?"
ਹਰ ਵਰਕਰ ਹੀ ਆਖਦਾ, ਸਿੱਧਾ ਵਜ਼ੀਰ ਬਣ ਜਾਂ,
ਬਿਨਾ ਰਿੱਝੇ ਹੀ, ਦੁੱਧ ਤੋਂ ਖੀਰ ਬਣ ਜਾਂ।
ਖ਼ਬਰ ਹੈ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਕਿਹਾ ਕਿ ਮਾੜੇ ਲੋਕ 'ਆਪ' 'ਚੋਂ ਨਿਕਲ ਗਏ ਅਤੇ ਹੁਣ ਪਾਰਟੀ ਇੱਕਜੁਟ ਹੈ। ਉਹਨਾ ਕਿਹਾ ਕਿ ਕਾਂਗਰਸ ਅਤੇ ਭਾਜਪਾ-ਅਕਾਲੀ ਦਲ ਨੇ ਆਮ ਆਦਮੀ ਪਾਰਟੀ ਨੂੰ ਤੀਲਾ-ਤੀਲਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿਸੇ ਦੀ ਹਿੰਮਤ ਨਹੀਂ ਕਿ ਪਾਰਟੀ ਨੂੰ ਖਿਲਾਰ ਸਕੇ। ਇਸੇ ਤਰ੍ਹਾਂ ਹੀ ਕੁਝ ਲੋਕ ਜੋ ਪਾਰਟੀ ਛੱਡ ਗਏ ਹਨ ਉਹ ਸਵਾਰਥੀ ਤੇ ਅਹੁਦਿਆਂ ਦੇ ਲਾਲਚੀ ਸਨ, ਜਿਹਨਾ ਪਾਰਟੀ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਅਜਿਹੇ ਲੋਕਾਂ ਦੀ ਪਾਰਟੀ 'ਚੋਂ ਸਫਾਈ ਕੀਤੀ ਜਾ ਰਹੀ ਹੈ।
ਕੇਜਰੀਵਾਲ ਜੀ ਆਏ, ਪੰਜਾਬ ਲਈ ਵੇਖੋ 'ਕਿੱਡਾ' ਵੱਡਾ ਐਲਾਨ ਕਰਕੇ ਚਲੇ ਗਏ, ਅਖੇ, ਭਗਵੰਤ ਮਾਨ ਨੇ ਸ਼ਰਾਬ ਛੱਡ ਦਿੱਤੀ ਆ। ਕੇਜਰੀਵਾਲ ਜੀ ਆਏ ਅਤੇ ਐਲਾਨ ਕਰਕੇ ਚਲੇ ਗਏ ਕਿ ਪਾਰਟੀ 'ਚੋਂ ਮਾੜੇ ਬੰਦੇ ਤੁਰ ਗਏ ਆ ਜਾਂ ਤੋਰ ਦਿੱਤੇ ਗਏ ਆ। ਕੇਜਰੀਵਾਲ ਜੀ ਆਏ ਅਤੇ ਐਲਾਨ ਕਰਕੇ ਚਲੇ ਗਏ ਕਿ ਪੰਜਾਬ 'ਚ ਸਾਰੀਆਂ ਲੋਕ ਸਭਾ ਸੀਟਾਂ 'ਤੇ 'ਆਪ' ਆਪੇ ਇੱਕਲਿਆਂ ਚੋਣ ਲੜੇਗੀ।
ਬਈ ਵਾਹ, ਕਿੱਡੇ ਵੱਡੇ ਐਲਾਨ ਆ। 'ਮਾਨ' ਨੇ ਸ਼ਰਾਬ ਛੱਡ ਦਿੱਤੀ ਆ ਅਤੇ ਪੰਜਾਬ ਦੇ ਸਾਰੇ ਨੌਜਵਾਨਾਂ ਨੇ ਨਸ਼ਾ ਤਿਆਗ ਦੇਣਾ ਆ। ਬਈ ਵਾਹ, 'ਆਪ' ਮਾੜੇ ਬੰਦੇ ਪਾਰਟੀ 'ਚੋਂ ਕੱਢ ਦਿੱਤੇ ਆ ਅਤੇ ਹੁਣ 'ਖਾਲਸ' ਲੋਕਾਂ ਨੇ ਪੰਜਾਬ ਦੇ ਸਾਰੇ ਮੁੱਦੇ ਮਸਲੇ, ਸਮੱਸਿਆਵਾਂ 'ਆਪ' ਹੱਲ ਕਰ ਦੇਣੀਆਂ ਆਂ। ਬੇਰੁਜ਼ਗਾਰੀ ਦੂਰ ਕਰ ਦੇਣੀ ਆਂ। ਪੰਜਾਬ 'ਚੋਂ ਮਾਫੀਆ ਖਤਮ ਕਰ ਦੇਣਾ ਆ। ਪੰਜਾਬ 'ਚੋਂ ਨਿੱਤ ਪ੍ਰਤੀ ਕੱਢਿਆ ਜ਼ਮੀਨੀ ਪਾਣੀ ਗੱਲੀਂਬਾਤੀਂ ਪੂਰਾ ਕਰ ਦੇਣਾ ਆਂ ਤੇ ਸਾਰੀਆਂ ਲੋਕ ਸਭਾ ਸੀਟਾਂ ਉਤੇ ਨੇਤਾ ਖੜੇ ਕਰਕੇ ਵਰਕਰਾਂ ਨੂੰ ਉਮੀਦਵਾਰੀ ਦਾ ਮੌਕਾ ਦੇਣਾ ਆਂ ਅਤੇ ਸਾਰੀਆਂ ਸੀਟਾਂ ਜਿੱਤ ਲੈਣੀਆਂ ਆਂ।
ਬਈ ਵਾਹ, ਕੇਜਰੀਵਾਲ ਜੀ ਵੀ ਹੁਣ 'ਮੋਦੀ' ਬਣ ਗਏ ਆ। ਕੇਜਰੀਵਾਲ ਜੀ ਵੀ ਹੁਣ 'ਸ਼ਾਹ' ਬਣ ਗਏ ਆ। ਕੇਜਰੀਵਾਲ ਜੀ ਵੀ ਹੁਣ 'ਰਾਹੁਲ' ਬਣ ਗਏ ਆ। ਤਦੇ ਪਾਣੀ 'ਚ ਮਧਾਣੀ ਪਾਕੇ ਘਿਓ ਕੱਢਣ ਦੇ ਰਾਹ ਤੁਰੇ ਹੋਏ ਆ। ਉਹਨਾ ਨੇ ਵੀ ਬਾਕੀ ਨੇਤਾਵਾਂ ਵਾਂਗਰ ਲੋਕਾਂ ਦੀਆਂ ਇੱਛਾਵਾਂ ਦੀ ਪੂਰਤੀ ਛੱਡ ਵਰਕਰਾਂ ਨੇਤਾਵਾਂ ਦੀ ਇੱਛਾ ਪੂਰਤੀ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਆਂ। ਤਦੇ ਉਹਨਾ ਵਰਗਿਆਂ ਬਾਰੇ ਸੁਣੋ ਕਵੀਓ ਵਾਚ "ਹਰ ਵਰਕਰ ਹੀ ਆਖਦਾ, ਵਜ਼ੀਰ ਬਣ ਜਾਂ, ਬਿਨ੍ਹਾਂ ਰਿੱਝੇ ਹੀ, ਦੁੱਧ ਤੋਂ ਖੀਰ ਬਣ ਜਾਂ।"
ਉਹ ਕੀ ਤੱਕੜੀ , ਜਿਸਦਾ ਇੱਕ ਛਾਬਾ
ਖ਼ਬਰ ਹੈ ਕਿ ਪੰਜਾਬ ਦੇ ਆਲੂ ਉਤਪਾਦਕ ਕਿਸਾਨ ਫਿਰ ਸੰਕਟ ਵਿੱਚ ਹਨ। ਕਿਸਾਨਾਂ ਨੂੰ ਆਲੂ ਦਾ ਉਤਮ ਮੁੱਲ ਨਹੀਂ ਮਿਲ ਰਿਹਾ ਅਤੇ 6 ਰੁਪਏ ਕਿਲੋ ਆਲੂ ਦਾ ਉਤਪਾਦਨ ਕਰਕੇ ਕਿਸਾਨ ਬਾਜ਼ਾਰ ਵਿੱਚ 2 ਰੁਪਏ ਕਿਲੋ ਆਲੂ ਵੇਚਣ ਲਈ ਮਜ਼ਬੂਰ ਹੈ। ਸੂਬੇ ਵਿੱਚ ਇਹ ਤੀਜਾ ਸਾਲ ਹੈ ਜਦੋਂ ਆਲੂ ਦੀ ਬੇਕਦਰੀ ਹੋ ਰਹੀ ਹੈ। ਆਲੂ ਦੀ ਖੇਤੀ ਘਾਟੇ ਦਾ ਸੌਦਾ ਸਾਬਤ ਹੋ ਚੁੱਕੀ ਹੈ। ਆਲੂ ਉਤਪਾਦਨ ਦੇ ਮਾਮਲੇ 'ਚ ਪੰਜਾਬ ਦਾ ਦੇਸ਼ ਵਿੱਚ ਛੇਵਾਂ ਥਾਂ ਹੈ। ਲੁਧਿਆਣਾ ਦੇ ਇੱਕ ਕਿਸਾਨ ਅਨੁਸਾਰ ਆਲੂ ਦੀ ਬੇਕਦਰੀ ਦਾ ਕਾਰਨ ਨੋਟਬੰਦੀ ਹੈ। ਨੋਟੇਬੰਦੀ ਤੋਂ ਪਹਿਲਾਂ ਵਪਾਰੀ ਗੁਜਰਾਤ, ਦਿੱਲੀ, ਬੰਗਾਲ, ਮੁੰਬਈ ਤੋਂ ਆਇਆ ਕਰਦੇ ਸਨ ਅਤੇ ਬਹੁਤ ਸਾਰਾ ਆਲੂ ਖਰੀਦਕੇ ਲੈ ਜਾਂਦੇ ਸਨ। ਇਸਤੋਂ ਇਲਾਵਾ ਕੰਪਨੀਆਂ ਵੀ ਆਲੂ ਕਿਸਾਨਾਂ ਦੇ ਖੇਤਾਂ ਵਿੱਚ ਬਿਜਾਈ ਕਰਵਾਉਂਦੀਆਂ ਸਨ, ਪਰ ਹੁਣ ਇਹ ਕਾਰੋਬਾਰ ਵੀ ਬੰਦ ਹੈ।
ਕਿਸਾਨ ਬੀਜਦਾ ਹੈ ਫਸਲ! ਕਿਸਾਨ ਉਗਾਉਂਦਾ ਹੈ ਫਸਲ! ਕਿਸਾਨ ਸੱਪਾਂ ਦੀਆਂ ਸਿਰੀਆਂ ਮਿੱਧ ਪਾਲਦਾ ਹੈ ਫਸਲ। ਕਿਸਾਨ 'ਜਾਨਵਰਾਂ, ਜਨੌਰਾਂ ਤੋਂ ਬਚਾਉਂਦਾ ਹੈ ਫਸਲ।
ਪਰ ਫਸਲ ਨੂੰ ਕਿਸਾਨ ਉਹਨਾ "ਜਨੌਰਾਂ" ਤੋਂ ਕਿਵੇਂ ਬਚਾਵੇ ਜਿਹੜੇ ਹਾਬੜੀਆਂ ਨਜ਼ਰਾਂ ਨਾਲ ਉਹਦੀ ਫਸਲ 'ਤੇ ਅੱਖ ਟਿਕਾਈ ਬੈਠੇ ਹੁੰਦੇ ਆ। ਕਿਸਾਨ ਫਸਲ ਵੇਚਦਾ ਨਹੀਂ, ਮੰਡੀ ਸੁੱਟ ਆਉਂਦਾ ਹੈ, ਉਹਦਾ ਮੁੱਲ "ਕਮਿਸ਼ਨੀਏ", "ਦਲਾਲ" ਅਤੇ ਵਿਹਲੜ ਲਗਾਉਂਦੇ ਆ ਤੇ ਸੋਨੇ ਵਰਗੇ ਦਾਣੇ ਮਿੱਟੀ ਦੇ ਭਾਅ' ਲੈ ਆਪਣੇ ਬੋਝੇ ਪਾਉਂਦੇ ਆ।
ਸੁਣਿਆ ਵੀ ਆ ਅਤੇ ਵੇਖਿਆ ਵੀ ਆ ਕਿ ਤੱਕੜੀ ਦੇ ਦੋ ਛਾਬੇ ਹੁੰਦੇ ਆ। ਪਰ ਕਿਸਾਨੀ ਤਕੱੜੀ ਦਾ ਤਾਂ ਇਕੋ ਛਾਬਾ ਆ, ਜਿਹਨੂੰ ਜਿਹੜਾ ਵੀ ਉਠਾਉਂਦਾ ਆ, ਠੂੰਗਾ ਮਾਰਦਾ ਆ ਤੇ ਬੁੱਲ੍ਹੇ ਲੁੱਟਦਾ ਆ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਸੈਂਟਰ ਫਾਰ ਮਾਨੀਟਰਿੰਗ ਇੰਡੀਆ ਅਕਾਨਮੀ ਦੇ ਅੰਕੜਿਆਂ ਅਨੁਸਾਰ ਦੇਸ਼ ਭਾਰਤ ਵਿੱਚ ਬੇਰੁਜ਼ਗਾਰੀ ਵੱਧ ਰਹੀ ਹੈ। ਸਾਲ 2018 ਵਿੱਚ ਦੇਸ਼ 1.1 ਕਰੋੜ ਨੌਕਰੀਆਂ ਖਤਮ ਹੋ ਗਈਆਂ।
ਇੱਕ ਵਿਚਾਰ
ਸਾਰੇ ਧਰਮ, ਸਾਰੀਆਂ ਸਵਦੇਸ਼ੀ ਪਰੰਪਰਾਵਾਂ, ਪੈਦਾਇਸ਼ ਦੀਆਂ ਸਾਰੀਆਂ ਕਹਾਣੀਆਂ ਇਹ ਦਸਦੀਆਂ ਹਨ ਕਿ ਤੁਸੀਂ ਕਿਥੇ ਹੋ।......ਡੇਵਿਡ ਕਰਿਸ਼ਚੀਅਨ-ਰੂਸੀ ਇਤਿਹਾਸਕਾਰ
ਗੁਰਮੀਤ ਪਲਾਹੀ
ਮੋਬ: 9815802070
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.