ਦਲਬੀਰ ਸਿੰਘ ਸੁਮਨ ਹਲਵਾਰਵੀ
ਬਰਿਸਬੇਨ,
ਆਸਟਰੇਲੀਆ
ਹੱਸਦੇ ਹੱਸਦੇ ਇਕ ਦਿਨ ਡੰਡੀਉ, ਟੁੱਟ ਜਾਂ ‘ਗੇ।
ਜਿਸ ਮਿੱਟੀ ਚੋ’ ਜਨਮੇ, ਉਸੇ ਵਿਚ ਮੁੱਕ ਜਾਂ ,ਗੇ।
ਯਾਰਾਂ ਦਾ ਯਾਰ, ਸਾਥੀ ਲੁਧਿਆਣਵੀ ਜੀ, ਸਾਨੂੰ ਅਲਵਿਦਾ ਕਹਿ ਗਏ ਹਨ, ਦਿਲ ਨੂੰ ਯਕੀਨ ਹੀ ਨਹੀਂ ਆਉਦਾ। ਅਨੇਕਾ ਵਾਰ ੳਹਨਾਂ ਦੀ ਮਹਿਫਲਾਂ ਦਾ ਰੰਗ ਮਾਣਿਆ। ਪੰਜਾਬੀ ਸਾਹਿਤ ਸਭਾ ਗਲਾਸਗੋ, ਸਕਾਟਲੈਂਡ ਵਲੋਂ ਕਈ ਵਰੇ ਪਹਿਲਾ ਇਕ ਵਿਸ਼ੇਸ਼ ਸਮਾਗਮ ਵਿਚ ਮੈਂ, ਸਾਥੀ ਲੁਧਿਆਣਵੀ ਜੀ ਅਤੇ ਪ੍ਰਸਿੱਧ ਗੀਤਕਾਰ ਤਰਲੋਚਨ ਸਿੰਘ ‘ਚੰਨ ਜੰਡਿਆਲਵੀ ( ਜਿੰਨਾ ਨੇ ਮਧਾਣੀਆਂ, ਹਾਏ ਉਏ ਮੇਰੇ ਡਾਢਿਆ ਰੱਬਾ ਵਰਗੇ ਕਈ ਗੀਤ ਲਿਖੇ) ਅਪਣੇ ਪ੍ਰਵਾਰ ਸਮੇਤ ਤਿੰਨ ਦਿਨ, ਗਲਾਸਗੋ ਦੇ ਪੰਜਾਬੀ ਸਾਹਿਤਕਾਰਾਂ ਦੀ ਪ੍ਰਾਹੁਣਚਾਰੀ ਚਾਰੀ ਦਾ ਅਨੰਦ ਮਾਣਿਆ। ਹਰ ਸ਼ਾਮ ਸ਼ਾਇਰੋ ਸ਼ਾਇਰੀ ਦੀ ਮਹਿਫਲ ਲਗਦੀ ਅਤੇ ਦੇਰ ਰਾਤ ਤੱਕ ਚਲਦੀ ਰਹਿਦੀ। ਮੈਂ ਹਮੇਸ਼ਾ ਹੀ ਉਹਨਾਂ ਦਾ ਪ੍ਰਸੰਸਕ ਰਿਹਾ ਹਾਂ। ਉਹਨਾਂ ਦੀਆਂ ਸਾਰੀਆ ਹੀ ਕਿਤਾਬਾਂ ਅਤੇ ਲੇਖ ਮੈਂ ਵਾਰ ਵਾਰ ਅਨੰਦ ਲੈ ਲੈ ਕੇ ਪੜੇ ਹਨ।
ਪਹਿਲੀ ਮੁਲਾਕਾਤ 1980 ਦੀ ਵਿਸ਼ਵ ਲਿਖਾਰੀ ਕਾਨਫੰਰਸ ਵਿਚ ਵੁਲਵਰਹੈਂਪਟਨ ਵਿਖੇ ਹੋਈ। 1987 ਵਿਚ ਮੈ ‘ਅਪਣਾ ਰੇਡੀਉ’ ਉਪਰ ਪੰਜਾਬੀ ਪ੍ਰੋਗਰਾਮ ‘ਗਾਉਦਾ ਪੰਜਾਬ’ ਕਰਨ ਲਗਾ। ਸਾਥੀ ਜੀ ਵੀ ‘ਸਨਰਾਈਜ਼ ਰੇਡੀਉ’ ਤੇ ਬ੍ਰਾਡਕਾਸਟਰ ਸਨ। ਮੈਨੂੰ ਵੀ 2 ਸਾਲ ਇਸ ਰੇਡੀਉ ਉਪਰ ਕੰਮ ਕਰਨ ਮੌਕਾ ਮਿਲਿਆ। ਭਾਵੇ ਕੰਮ ਮੈਂ ਬ੍ਰਮਿੰਘਮ ਕਰਦਾ ਸੀ, ਪਰ ਅਕਸਰ ਹੀ ‘ਸਨਰਾਈਜ਼ ਰੇਡੀਉ’ ਦੇ ਸਟੂਡੀਉ ਵਿਚ ਸਾਡੀਆਂ ਮੁਲਾਕਾਤਾਂ ਹੁੰਦੀਆਂ ਹੀ ਰਹਿੰਦੀਆ ਸਨ।
ਜਨਵਰੀ 2009 ਵਿਚ ਮੈ ਆਸਟਰੇਲੀਆ ਪ੍ਰਵਾਰ ਸਮੇਤ ਵਸੇਰਾ ਕਰ ਲਿਆ। ਪਰ ਸਾਥੀ ਜੀ ਨਾਲ ਫੋਨ ਰਾਹੀ ਸੰਪਰਕ ਹੁੰਦਾ ਰਹਿਦਾ ਸੀ। ਮੈਂ 2017 ਵਿਚ ਇੰਗਲੈਂਡ ਗਿਆ ਤਾਂ ਸਭ ਤੋਂ ਪਹਿਲਾ ਸਾਥੀ ਜੀ ਦਾ ਫੋਨ ਆਇਆ ਕਿ ਕੀ ਇਸ ਤਾਰੀਖ ਨੁੰ ਟੀਵੀ ਇਟੰਰਵਿਊ ਲਈ ਆ ਸਕਦਾ ਹੈ?
ਮੇਰੇ ਹੁੰਗਾਰਾ ਭਰਨ ਤੇ ਉਹਨਾਂ ਕਿਹਾ ਕਿ ਪ੍ਰਵਾਰ ਸਮੇਤ ਆਉਣਾ, ਅਤੇ ਸ਼ਾਮ ਦਾ ਡਿਨਰ ਵੀ ਮੇਰੇ ਹੀ ਘਰ ਕਰਨਾ। ਉਹਨਾਂ ਫੇਰ ਚਿਤਾਵਣੀ ਦਿੱਤੀ, “ਤੇਰੀ ਮੁਲਾਕਾਤ ਲਈ ਮੈਂਨੂੰ 2 ਖਾਸ ਵਿਆਕਤੀਆਂ ਨਾਲ ਵਾਰਤਾਲਾਪ ਕੈਂਸਲ ਕਰਨੀ ਪਈ ਹੈ। ਮੈਨੂੰ ਪਤਾ ਹੈ ਕਿ ਤੂੰ ਮੁੜਕੇ ਫਿਰ ਮੇਰੇ ਹੱਥ ਨਹੀਂ ਆਉਣਾ”......ਅਜੇਹੇ ਮੋਹ ਭਿੱਜੇ ਸੱਦੇ ਲਈ ਮੈ ਦੋਸਤੋ ਕਿਵੇਂ ਇਨਕਾਰ ਕਰ ਸਕਦਾ ਸੀ? ਇਹ ਫੋਟੋ ਸਾਥੀ ਜੀ ਦੇ ਘਰ ਦੀ ਹੈ।
ਸਾਥੀ ਜੀ ਬਹੁਤ ਹੀ ਜਿੰਦਾਦਿਲ ਇਨਸਾਨ ਸਨ, ਲੇਖਕ ਹੋਣ ਦੇ ਨਾਲ-ਨਾਲ ਇਕ ਵਧੀਆ ਮਿੱਤਰ ਅਤੇ ਬੋਹੜ ਦੇ ਬਿਰਖ ਵਰਗਾ ਮਹਿਮਾਨ ਨਿਵਾਜ਼ ਸੀ- ਪਿਆਰਾ ਸਾਥੀ ।
ਸਾਥੀ ਜੀ ਜਿਨ੍ਹਾ ਨੇ ਸੈਂਕੜੇ ਮਹਾਨ ਹਸਤੀਆਂ ਨਾਲ ਮੁਲਾਕਾਤਾਂ ਕੀਤੀਆਂ, ਉਹ ਹਜ਼ਾਰਾਂ ਹੀ ਅਣਛੋਹੇ ਸਾਹਿਤਕ ਪ੍ਰਸੰਗਾਂ ਦੀ ਸੰਨਦ ਸਨ । ਲੰਡਨ ਵਿੱਚ ਸਾਥੀ ਜੀ ਦਾ ਘਰ ਅਦਬੀ ਮਿੱਤਰਾਂ ਲਈ ਸਾਹਿਤਕ ਮੱਕਾ ਸੀ, ਜਿਥੇ ਮੈਨੁੰ ਵੀ ਜਾਣ ਦਾ ਸੁਭਾਗ ਮਿਲਿਆ । ਇਸ ਸਾਲ ਮੇਰੇ ਕੋਲ ਆਸਟਰੇਲੀਆ ਆਉਣ ਦਾ ਸਾਥੀ ਜੀ ਵਾਅਦਾ ਸੀ, ਪਰ ਵਾਅਦਾ ਤੋੜ ਗਏ ਸਾਥੀ ਜੀ ।
ਛੇ ਦਹਾਕੇ ਬਾਹਰ ਰਹਿ ਕੇ ਅਜੇ ਵੀ ਉਹਦੇ ਦਿਲ ਵਿੱਚ ਪੰਜਾਬ ਧੜਕਦਾ ਸੀ । ਅੱਜ ਇਕ ਵਿਅਕਤੀ ਨਹੀਂ........ਇਕ ਪੂਰੀ ਸੰਸਥਾ ਰੁਖ਼ਸਤ ਹੋਈ ਹੈ । ਪੰਜਾਬੀ ਸਾਹਿਤਕ ਜਗਤ ਲਈ ਇਕ ਨਾਪੂਰਨਯੋਗ ਘਾਟਾ ਹੈ......
-
ਦਲਬੀਰ ਸਿੰਘ ਸੁਮਨ ਹਲਵਾਰਵੀ, ਲੇਖਕ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.