ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟ ਚੁੱਕੀਆਂ ਜਰਖੜ ਖੇਡਾਂ ਆਪਣੇ 32ਵਰ੍ਹੇ ਪੂਰੇ ਕਰ ਚੁੱਕੀਆਂ ਹਨ। ਖੇਡਾਂ ਪ੍ਰਤੀ ਸੁਹਿਰਦ ਲੋਕਾਂ ਸਪਾਂਸਰ ਅਤੇ ਪ੍ਰਵਾਸੀ ਖੇਡ ਪ੍ਰਮੋਟਰਾਂ ਨੂੰ ਇਹ ਲੇਖ ਲਿਖਣ ਤੋਂ ਪਹਿਲਾ ਇੱਕ ਬੇਨਤੀ ਕਰਾਂਗਾ ਕਿ ਜੇਕਰ ਉਹ ਵਾਕਿਆ ਹੀ ਪੰਜਾਬ ਦੀਆਂ ਖੇਡਾਂ ਪ੍ਰਤੀ ਚਿੰਤਤ ਹਨ ਤਾਂ ਜਰਖੜ ਖੇਡ ਸਟੇਡੀਅਮ ਦਾ ਇੱਕ ਵਾਰ ਗੇੜਾ ਜ਼ਰੂਰ ਮਾਰ ਕੇ ਆਉਣ। ਪਿੰਡ ਜਰਖੜ ਲੁਧਿਆਣਾ ਤੋਂ 12 ਕਿਮੀ ਦੂਰ ਮਲੇਰਕੋਟਲਾ ਰੋਡ ਨੇੜੇ ਆਲਮਗੀਰ ਸਾਹਿਬ ਗੁਰੂ ਗੋਬਿੰਦ ਸਿੰਘ ਮਾਰਗ ਤੇ ਸਥਿਤ ਹੈ। 1800 ਕੁ ਅਬਾਦੀ ਵਾਲੇ ਇਸ ਪਿੰਡ ਨੇ ਖੇਡਾਂ ਦੇ ਖੇਤਰ ਵਿੱਚ ਆਪਣੀ ਪਹਿਚਾਣ ਪੂਰੀ ਦੁਨੀਆ ਵਿੱਚ ਬਣਾ ਲਈ ਹੈ। 1986 ’ਚ 1200 ਰੁਪਏ ਦੇ ਬਜਟ ਨਾਲ ਅਤੇ ਨਿੱਕੇ ਜਿਹੇ ਗਰਾਊਂਡ ‘ਚ ਹੋਈ ਖੇਡਾਂ ਦੀ ਸ਼ੁਰੂਆਤ ਨੇ ਅੱਜ ਪੰਜਾਬ ਦਾ ਹੀ ਨਹੀਂ ਸਗੋਂ ਮੁਲਕ ਦਾ ਇੱਕ ਅਜਿਹਾ ਨਿਵੇਕਲਾ ਸਟੇਡੀਅਮ ਜੋ ਮਾਤਾ ਸਾਹਿਬ ਕੌਰ ਦੇ ਨਾਮ ਤੇ ਹੈ, ਆਪਣੀ ਨਵੀਂ ਬਣਤਰ ਨਾਲ ਪੰਜਾਬ ਦੇ ਪੇਂਡੂ ਖੇਡ ਮੇਲਿਆ ਦਾ ਇੱਕ ਅਜੂਬਾ ਬਣ ਗਿਆ ਹੈ।
ਜਰਖੜ ਖੇਡਾਂ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਨ੍ਹਾਂ ਖੇਡਾਂ ‘ਚ ਉਲੰਪਿਕ ਪੱਧਰ ਦੀਆਂ ਖੇਡਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਸਟੇਡੀਅਮ ਵਿਚ ਇੱਕੋਂ ਸਮੇਂ ਬੈਠਿਆਂ ਦਾ 8 ਖੇਡਾਂ ਆਨੰਦ ਮਾਣਿਆ ਜਾ ਸਕਦਾ ਹੈ। ਇਨ੍ਹਾਂ ਖੇਡਾਂ ਵਿੱਚ ਆਮ ਤੌਰ 'ਤੇ ਹਾਕੀ, ਹੈਂਡਬਾਲ, ਬਾਸਕਟਬਾਲ, ਵਾਲੀਬਾਲ, ਕਬੱਡੀ ਇੱਕ ਪਿੰਡ ਓਪਨ (ਤਿੰਨ ਖਿਡਾਰੀ ਬਾਹਰਲੇ) ਕਬੱਡੀ 75 ਕਿੱਲੋ, ਵਾਲੀਬਾਲ ਸ਼ੂਟਿੰਗ, ਕੁਸ਼ਤੀਆਂ, ਸਾਈਕਲਿੰਗ, ਅਥਲੈਟਿਕਸ ਆਦਿ ਖੇਡਾਂ ਦੇ ਮੁਕਾਬਲੇ ਹੁੰਦੇ ਹਨ। ਇਸੇ ਕਰਕੇ ਇਨ੍ਹਾਂ ਖੇਡਾਂ ਨੂੰ ਪੰਜਾਬ ਦੀਆਂ ਮਾਡਰਨ ਮਿੰਨੀ ਓਲੰਪਿਕ ਵੱਜੋਂ ਪਹਿਚਾਣ ਮਿਲੀ ਹੈ।
ਸਾਲ 2003 ਮਾਰਚ ਤੋਂ ਜਰਖੜ ਸਟੇਡੀਅਮ ਬਣਨਾ ਸ਼ੁਰੂ ਹੋਇਆ, ਅੱਜ ਇਸ ਵਿੱਚ ਐਸਟਰੋਟਰਫ ਹਾਕੀ ਮੈਦਾਨ, ਗਰਾਸ ਹਾਕੀ, ਦੋ ਵਾਲੀਬਾਲ ਕੋਰਟ, ਹੈਂਡਬਾਲ ਅਤੇ ਬਾਸਕਟਬਾਲ ਕੋਰਟ, ਕਬੱਡੀ ਅਤੇ ਕੁਸ਼ਤੀਆਂ ਦੇ ਵਧੀਆ ਮੈਦਾਨ ਬਣੇ ਹੋਏ ਹਨ। ਤਿੰਨ ਪ੍ਰਮੁੱਖ ਵੱਡੀਆਂ ਸਟੇਜਾਂ, ਸਟੇਡੀਅਮ ਵਿੱਚ ਤਿੰਨ ਦਰਜਨ ਦੇ ਕਰੀਬ ਕਮਰੇ, ਜਿੰਮ, ਫੋਟੋ ਗੈਲਰੀ, ਆਧੁਨਿਕ ਸਹੂਲਤਾਂ ਵਾਲਾ ਦਫਤਰ ਆਦਿ ਬਣੇ ਹੋਏ ਹਨ। ਜਰਖੜ ਸਟੇਡੀਅਮ ਪੰਜਾਬ ਦਾ ਪਹਿਲਾ ਇਹ ਸਟੇਡੀਅਮ ਹੈ ਜਿੱਥੇ ਫਲੱਡ ਲਾਈਟਾਂ ਦੀ ਸਹੂਲਤ ਵੀ ਉਪਲਬਧ ਹੈ ਤੇ ਇਸ ਤੋਂ ਇਲਾਵਾ ਸਟੇਡੀਅਮ ਵਿੱਚ ਬਣੀ ਫੋਟੋ ਗੈਲਰੀ ਵਿੱਚ ਪੁਰਾਣੀਆਂ ਖੇਡਾਂ ਦੀਆਂ ਯਾਦਗਾਰਾਂ ਧਿਆਨ ਚੰਦ ਤੋਂ ਲੈ ਕੇ ਨਾਮੀ ਖਿਡਾਰੀਆਂ ਦੀਆਂ ਤਸਵੀਰਾਂ ਜਰਖੜ ਖੇਡਾਂ ਨਾਲ ਸਬੰਧਤ ਵੱਡੀਆਂ ਤਸਵੀਰਾਂ ਸਟੇਡੀਅਮ ਦੀ ਸ਼ਾਨ ਨੂੰ ਵਧਾ ਰਹੀਆਂ ਹਨ। ਇਸ ਤੋਂ ਇਲਾਵਾ 6 ਉੱਘੀਆਂ ਖੇਡ ਸਖਸ਼ੀਅਤਾਂ ਜਿੰਨ੍ਹਾਂ ਵਿੱਚ ਫਲਾਇੰਗ ਸਿੱਖ ਮਿਲਖਾ ਸਿੰਘ, ਹਾਕੀ ਦਾ ਜਾਦੂਗਰ ਧਿਆਨ ਚੰਦ, ਉਲੰਪੀਅਨ ਸੁਰਜੀਤ ਸਿੰਘ ਰੰਧਾਵਾ, ਉਲੰਪੀਅਨ ਪ੍ਰਿਥੀਪਾਲ ਸਿੰਘ, ਪਹਿਲੇ ਸਿੱਖ ਜਿਨ੍ਹਾਂ ਨੇ ਚਾਰ ਉਲੰਪਿਕਾਂ ਖੇਡਣ ਦਾ ਮਾਣ ਹਾਸਲ ਕੀਤਾ ਉਲੰਪੀਅਨ ਊਧਮ ਸਿੰਘ, ਖੇਡ ਪ੍ਰਮੋਟਰ ਅਮਰਜੀਤ ਸਿੰਘ ਗਰੇਵਾਲ ਗੁੱਜਰਵਾਲ ਦੇ ਆਦਮਕੱਦ ਬੁੱਤ ਸਥਾਪਿਤ ਕੀਤੇ ਗਏ ਹਨ। ਇਸਤੋਂ ਇਲਾਵਾ ਲੰਦਨ ਓਲੰਪਿਕ ਨਾਲ ਮੇਲ ਖਾਂਦੀ ਸੈਵਨ-ਏ ਸਾਈਡ ਨੀਲੇ ਰੰਗ ਦੀ ਐਸਟਰੋਟਰਫ ਜੋ ਆਪਣੇ ਹੀਲੇ ਵਸੀਲੇ ਨਾਲ ਲਗਵਾਈ ਹੈ, ਸਟੇਡੀਅਮ ਦੀ ਸ਼ੋਭਾ ਨੂੰ ਵਧਾ ਰਹੀ ਹੈ।
ਸਾਲ 2006 ਵਿੱਚ ਅਪ੍ਰੈਲ ਦੇ ਵਿੱਚ ਜਰਖੜ ਵਿਖੇ ਹਾਕੀ ਅਕੈਡਮੀ ਦੀ ਸਥਾਪਨਾ ਹੋਈ, ਜਰਖੜ ਅਕੈਡਮੀ ’ਚ ਇਸ ਵੇਲੇ 80 ਦੇ ਕਰੀਬ ਖਿਡਾਰੀ ਹਾਕੀ ਦੀ ਟ੍ਰੇਨਿੰਗ ਲੈ ਰਹੇ ਹਨ। ਸਾਰੇ ਹੀ ਖਿਡਾਰੀ ਗਰੀਬ ਘਰਾਂ ਨਾਲ ਸਬੰਧਤ ਹਨ। ਪਿਛਲੇ 1 ਦਹਾਕੇ 'ਚ 100 ਦੇ ਕਰੀਬ ਸਕੂਲ ਨੈਸ਼ਨਲ ਤੇ 50 ਤੋਂ ਵੱਧ ਅੰਤਰ-ਰਾਸ਼ਟਰੀ ਪੱਧਰ ਦੇ ਮੁਕਾਬਲੇ ਖੇਡ ਚੁਕੇ ਹਨ। ਹੁਣ ਤੱਕ ਵੱਖ-ਵੱਖ ਵਿਭਾਗਾਂ 'ਚ 30 ਦੇ ਕਰੀਬ ਖਿਡਾਰੀਆਂ ਨੂੰ ਨੌਕਰੀ ਮਿਲ ਚੁੱਕੀ ਹੈ। ਉੱਤਰ ਭਾਰਤ ਦੇ ਸਾਰੇ ਪ੍ਰਮੁੱਖ ਟੂਰਨਾਮੈਂਟਾਂ 'ਚ ਜਰਖੜ ਅਕਾਦਮੀ ਦੇ ਖਿਡਾਰੀ ਆਪਣੀ ਪਹਿਚਾਣ ਨੂੰ ਦਰਸਾ ਰਹੇ ਹਨ।
ਜਰਖੜ ਖੇਡਾਂ, ਸਟੇਡੀਅਮ ਤੇ ਅਕਾਦਮੀ ਨੂੰ ਇਸ ਮੁਕਾਮ ’ਤੇ ਪਹੁੰਚਦਿਆਂ ਬਹੁਤ ਵੱਡੀਆਂ ਆਫਤਾਂ ਵੀ ਆਈਆਂ ਤੇ ਹਰ ਰੋਜ਼ ਕੋਈ ਨਵੀਂ ਤੋਂ ਨਵੀਂ ਸਮੱਸਿਆ ਆਉਂਦੀ ਹੈ ਪਰ ਪ੍ਰਮਾਤਮਾ ਦੀ ਮਿਹਰ ਸਦਕਾ ਅੱਜ ਜਰਖੜ ਖੇਡਾਂ ਬੁਲੰਦੀਆਂ ਵੱਲ ਵਧ ਰਹੀਆਂ ਹਨ। ਪੰਜਾਬ ਦੇ ਨਾਮੀ ਗਾਇਕ ਹਰਭਜਨ ਮਾਨ, ਦਿਲਜੀਤ ਦੋਸਾਂਝ, ਮਨਮੋਹਣ ਵਾਰਿਸ, ਦੇਬੀ ਮਖਸੂਸਪੁਰੀ, ਹਰਜੀਤ ਹਰਮਨ ਨੇ ਜਰਖੜ ਸਟੇਡੀਅਮ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਸਮੇਂ ਦੌਰਾਨ ਮੁਫਤ ਅਖਾੜੇ ਵੀ ਲਗਾਏ। ਇਹਨਾਂ ਸਾਰਿਆਂ ਦੇ ਯੋਗਦਾਨ ਸਦਕਾ ਜਰਖੜ ਖੇਡ ਅਕਾਦਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਆਪਣੀ ਦਿਨ ਰਾਤ ਦੀ ਮਿਹਨਤ ਨਾਲ ਸਟੇਡੀਅਮ ਨੂੰ ਪੂਰੇ ਵਿਸ਼ਵ 'ਚ ਰੁਸ਼ਨਾਉਣ ਦਾ ਜ਼ੋਰ ਲਗਾ ਰਹੇ ਹਨ। ਜਿਸਦੀ ਮਿਸਾਲ ਜਰਖੜ ਪਿੰਡ ਦੇ ਸਟੇਡੀਅਮ 'ਚ ਪਹੁੰਚਦਿਆਂ ਹੀ ਪਤਾ ਚਲਦਾ ਹੈ। ਇਸ ਵਰ੍ਹੇ ਦੀਆਂ ਜਰਖੜ ਖੇਡਾਂ ਜੋ 25 ਤੋਂ 27 ਜਨਵਰੀ ਤੱਕ ਹੋ ਰਹੀਆਂ ਹਨ। ਇਸ ਵਾਰ ਜਰਖੜ ਖੇਡਾਂ ਦੇ ਪ੍ਰਬੰਧਕਾਂ ਵੱਲੋਂ ਕਬੱਡੀ ਖੇਡ ਵੱਲ੍ਹ ਉਚੇਚਾ ਧਿਆਨ ਦਿੱਤਾ ਗਿਆ ਹੈ। ਕਬੱਡੀ ਆਲ-ਓਪਨ ਦਾ ਕੱਪ ਪੁਰਾਣੇ ਕਬੱਡੀ ਖਿਡਾਰੀ ਅਤੇ ਖੇਡਾਂ ਨੂੰ ਸਮਰਪਿਤ ਉੱਘੀ ਸ਼ਖਸੀਅਤ ਸਵਰਗੀ ਨਾਇਬ ਸਿੰਘ ਗਰੇਵਾਲ ਯੋਧਾਂ ਦੀ ਯਾਦ ਨੂੰ ਸਮਰਪਿਤ ਹੋਵੇਗਾ। ਇਸ ਤੋਂ ਇਲਾਵਾ ਧਰਮ ਸਿੰਘ ਜਰਖੜ ਕਬੱਡੀ ਕੱਪ ਅਤੇ ਚਮਕੌਰ ਸਿੰਘ ਮੋਹੀ ਦੀ ਯਾਦ ਨੂੰ ਸਮਰਪਤ ਕਬੱਡੀ ਕੱਪ ਹੋਣਗੇ। ਕਬੱਡੀ ਦੀਆਂ ਨਾਮੀ ਟੀਮਾਂ ਅਤੇ ਕਬੱਡੀ ਦੇ ਸੁਪਰਸਟਾਰ ਖਿਡਾਰੀ ਆਪਣੇ ਜੌਹਰ ਦਿਖਾਉਣਗੇ। ਇਸ ਤੋਂ ਇਲਾਵਾ ਮਹਿੰਦਰਪ੍ਰਤਾਪ ਗਰੇਵਾਲ ਚੈਰੀਟੇਬਲ ਟਰੱਸਟ , ਕੋਕਾ ਕੋਲਾ - ਏਵਨ ਸਾਈਕਲ ਕੰਪਨੀਆਂ, ਬੈਂਕ ਆਫ ਇੰਡੀਆ ਆਦਿ ਵੱਲੋਂ ਖੇਡਾਂ ਦੀ ਕਾਮਯਾਬੀ ਲਈ ਆਪਣਾ ਵਡਮੁੱਲਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸਦੇ ਨਾਲ ਹੀ ਮਾਤਾ ਸਾਹਿਬ ਕੌਰ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਐਡਵੋਕੇਟ ਹਰਕਮਲ ਸਿੰਘ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਕਬੱਡੀ ਪ੍ਰਮੋਟਰ ਮੋਹਣਾ ਜੋਧਾਂ ਸਿਆਟਲ, ਦਲਜੀਤ ਸਿੰਘ ਜਰਖੜ ਕੈਨੇਡਾ, ਪਰਮਜੀਤ ਸਿੰਘ ਨੀਟੂ, ਜਗਦੀਪ ਸਿੰਘ ਕਾਹਲੋਂ, ਸੰਦੀਪ ਸਿੰਘ ਪੰਧੇਰ, ਸ਼ਿੰਗਾਰਾ ਸਿੰਘ ਜਰਖੜ, ਦਪਿੰਦਰ ਸਿੰਘ, ਰਣਜੀਤ ਸਿੰਘ ਦੁਲੇਅ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ ਆਦਿ ਹੋਰ ਪੂਰੀ ਟੀਮ ਵੱਲੋਂ ਖੇਡਾਂ ਦੀ ਕਾਮਯਾਬੀ ਲਈ ਤਨ ਮਨ ਧਨ ਨਾਲ ਆਪਣਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਸ ਵਾਰ ਜਰਖੜ ਖੇਡਾਂ 'ਚ ਉੱਘੀਆਂ 6 ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿੰਨ੍ਹਾ 'ਚ ਓਲੰਪੀਅਨ ਰੁਪਿੰਦਰਪਾਲ ਸਿੰਘ, ਸੰਤ ਬਲਬੀਰ ਸਿੰਘ ਸੀਚੇਵਾਲ, ਡਿਪਟੀ ਡਾਇਰੈਕਟਰ ਖੇਡਾਂ ਓਂਕਾਰ ਸਿੰਘ ਵਿਰਕ, ਅੰਤਰ-ਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ, ਲੋਕ ਗਾਇਕ ਗਿੱਲ ਹਰਦੀਪ ਆਦਿ ਦੋ ਹੋਰ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਾਕੀ ਮੁਕਾਬਲੇ ਮਹਿੰਦਰਪ੍ਰਤਾਪ ਸਿੰਘ ਗਰੇਵਾਲ ਦੀ ਯਾਦ ਨੂੰ ਸਮਰਪਤ ਹੋਣਗੇ। ਏਵਨ ਸਾਈਕਲ ਕੰਪਨੀ ਵੱਲੋਂ ਜੇਤੂ ਖਿਡਾਰੀਆਂ ਲਈ 100 ਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ। ਟੂਰਨਾਮੈਂਟ ਦਾ ਉਦਘਾਟਨੀ ਸਮਾਰੋਹ ਬਹੁਤ ਹੀ ਲਾਜਵਾਬ ਹੋਵੇਗਾ। ਫਾਈਨਲ ਸਮਾਰੋਹ 'ਤੇ 27 ਜਨਵਰੀ ਨੂੰ ਹਾਕੀ, ਕਬੱਡੀ, ਵਾਲੀਬਾਲ, ਬਾਸਕਟਬਾਲ ਆਦਿ ਖੇਡਾਂ ਦੇ ਫਾਈਨਲ ਮੁਕਾਬਲੇ ਤੋਂ ਇਲਾਵਾ ਉੱਘੇ ਲੋਕ ਗਾਇਕ ਕੰਵਰ ਗਰੇਵਾਲ ਅਤੇ ਰਾਜਵੀਰ ਜਵੰਧਾ ਆਪਣੀ ਗਾਇਕੀ ਦਾ ਹੁਨਰ ਦਿਖਾਉਣਗੇ। ਕੁੱਲ ਮਿਲਾ ਕੇ ਜਰਖੜ ਖੇਡਾਂ ਆਪਣਾ ਇੱਕ ਨਿਵੇਕਲਾ ਇਤਿਹਾਸ ਰਚਣਗੀਆਂ।
ਜਰਖੜ ਖੇਡਾਂ ਦੇ ਫਾਈਨਲ ਸਮਾਰੋਹ 'ਤੇ ਸਮਾਜ-ਸੇਵੀ ਤੇ ਖੇਡ ਜਗਤ ਦੀਆਂ 6 ਸਖਸ਼ੀਅਤਾਂ ਦਾ ਹੋਵੇਗਾ ਸਨਮਾਨ
32ਵੀਆਂ ਮਾਡਰਨ ਪੇਂਡੂ ਮਿਨੀ ਓਲੰਪਿਕ ਜਰਖੜ ਖੇਡਾਂ 'ਚ ਜਿਥੇ ਕਬੱਡੀ, ਹਾਕੀ, ਵਾਲੀਬਾਲ, ਬਾਸਕਟਬਾਲ ਆਦਿ ਖੇਡਾਂ ਦੇ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੋਣਗੇ, ਉਥੇ ਹੀ 27 ਜਨਵਰੀ ਨੂੰ ਖੇਡਾਂ ਦੇ ਫਾਈਲ ਸਮਾਰੋਹ 'ਤੇ 6 ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ। ਜਿੰਨ੍ਹਾਂ 'ਚ ਕਬੱਡੀ ਸੁਪਰਸਟਾਰ ਪਾਲਾ ਜਲਾਲਪੁਰੀਆ ਨੂੰ 'ਪੰਜਾਬ ਦੀ ਕਬੱਡੀ ਦਾ ਮਾਣ ਐਵਾਰਡ', ਹਾਕੀ ਸਟਾਰ ਓਲੰਪੀਅਨ ਰੁਪਿੰਦਰਪਾਲ ਸਿੰਘ ਨੂੰ 'ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਐਵਾਰਡ', ਸੰਤ ਬਲਬੀਰ ਸਿੰਘ ਸੀਚੇਵਾਲ ਨੂੰ 'ਭਗਤ ਪੂਰਨ ਸਿੰਘ ਸਮਾਜਸੇਵੀ ਐਵਾਰਡ', ਕਾਮਨਵੈਲਥ ਖੇਡਾਂ 'ਚ ਸੋਨ ਤਗਮਾ ਜੇਤੂ ਅਥਲੀਟ ਨਵਜੀਤ ਕੌਰ ਢਿੱਲੋਂ ਨੂੰ 'ਪੰਜਾਬ ਦੀ ਧੀ ਦਾ ਮਾਣ ਐਵਾਰਡ', ਲੋਕ ਗਾਇਕ ਗਿੱਲ ਹਰਦੀਪ ਨੂੰ ' ਸੱਭਿਆਚਾਰ ਵਿਰਸਾ ਜਗਦੇਵ ਸਿੰਘ ਜੱਸੋਵਾਲ ਐਵਾਰਡ', ਉੱਘੇ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਨੂੰ 'ਅਮਰਜੀਤ ਸਿੰਘ ਗਰੇਵਾਲ ਖੇਡ ਪ੍ਰਮੋਟਰ ਐਵਾਰਡ' ਵਜੋਂ ਸਨਮਾਨਿਤ ਕੀਤਾ ਜਾਵੇਗਾ।
ਯਾਦਵਿੰਦਰ ਸਿੰਘ ਤੂਰ
20-01-2019
-
ਯਾਦਵਿੰਦਰ ਸਿੰਘ ਤੂਰ, ਨਿਊਜ਼ ਐਡੀਟਰ ਬਾਬੂਸ਼ਾਹੀ
yadwinder12@gmail.com
9501582626
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.