1954 ਦੀ ਗੱਲ ਹੈ। ਜਰਨੈਲ ਸੇਖਾ, ਪ੍ਰੀਤਮ ਬਰਾੜ ਤੇ ਮੈਂ ਮੋਗੇ ਆਤਮ ਹਮਰਾਹੀ ਦੇ ਘਰ ਇਕੱਠੇ ਹੋਏ। ਸਾਹਿਤਕ ਇਕੱਤਰਤਾ ਸੀ। ਜ ਸਵੰਤ ਸਿੰਘ ਕੰਵਲ ਵੀ ਹਾਜ਼ਰ ਸੀ। ਅਸੀਂ ਤਿੰਨੇਂ ਰੋਡੇ ਹਾਈ ਸਕੂਲ ਵਿਚ ਪੜ੍ਹਦੇ ਸੀ। ਮੈਂ ਅੱਠਵੀਂ ਸ਼੍ਰੇਣੀ ਵਿਚ ਸੀ ਤੇ ਜਰਨੈਲ ਤੇ ਪ੍ਰੀਤਮ ਮੈਥੋਂ ਅੱਗੇ ਸਨ।
ਇਕੱਤਰਤਾ ਪਿੱਛੋਂ ਮੈਂ ਕਿਹਾ ਚਲੋ ਮੋਹਨ ਸਿੰਘ ਨੂੰ ਮਿਲ ਕੇ ਆਈਏ। ਓਦੋਂ ਲੇਖਕਾਂ ਨੂੰ ਮਿਲਣ ਦਾ ਚਾਅ ਚੜ੍ਹਿਆ ਰਹਿੰਦਾ ਸੀ। ਜਸਵੰਤ ਸਿੰਘ ਕੰਵਲ ਨੂੰ ਮਿਲ ਕੇ ਇਹ ਚਾਅ ‘ਚੌਗੁਣਾ’ ਹੋ ਗਿਆ ਸੀ।
ਓਦੋਂ ਤਕ ਮੇਰੀ ਇਕ ਕਵਿਤਾ ਪੰਜ ਦਰਿਆ ਵਿਚ ਛਪ ਚੁਕੀ ਸੀ ਤੇ ਮੋਹਨ ਸਿੰਘ ਨੇ ਕਾਰਡ ਤੇ ਚਿੱਠੀ ਵੀ ਲਿਖੀ ਸੀ। ਓਦੋਂ ਚਿੱਠੀ ਲਿਖਣ ਵਾਲਾ ਆਪਣਾ ਸਕਾ ਸੋਧਰਾ ਈ ਲਗਦਾ ਸੀ। ਉਹਦੇ ਤੇ ਮੇਰ ਜਿਹੀ ਹੋ ਜਾਂਦੀ ਸੀ।
ਸਾਡੇ ਕੋਲ ਆਉਣ ਜਾਣ ਜੋਗਾ ਕਿਰਾਇਆ ਹੀ ਸੀ। ਤਿੰਨੇ ਰਾਤ ਦੀ ਗੱਡੀ ਚੜ੍ਹ ਕੇ ਸਵੇਰੇ ਜਲੰਧਰ ਪਹੁੰਚ ਗਏ। ਉਨੀਦੀਆਂ ਅੱਖਾਂ, ਢਿਲਕੀਆਂ ਪੱਗਾਂ, ਤੇ ਖੁਲ੍ਹੇ ਕੁੜਤੇ ਪਜਾਮਿਆਂ ਵਿਚ ਤਿੰਨ ਛੋਹਰ ਵੇਖ ਕੇ ਮੋਹਨ ਸਿੰਘ ਨੇ ਕਿਹਾ ਆਓ। ਮੈਂ ਕਿਹਾ ਜੀ ਮੈਂ ਨਵਤੇਜ ਭਾਰਤੀ ਹਾਂ ਤੇ ਅਸੀ ਮੋਗਿਓਂ ਤੁਹਾਨੂੰ ਮਿਲਣ ਆਏ ਆਂ। ਇਹ ਜਰਨੈਲ ਸੇਖਾ, ਤੇ ਇਹ ਪ੍ਰੀਤਮ ਬਰਾੜ ਹਨ ਇਹ ਵੀ ਕਵਿਤਾ ਲਿਖਦੇ ਹਨ।
ਮੋਹਨ ਸਿੰਘ ਨੇ ਮੇਰੇ ਵਲ ਵੇਖਿਆ ਤੇ ਸਾਨੂੰ ਆਪਣੇ ‘ਦਫਤਰ’ ਵਿਚ ਲੈ ਗਿਆ।
“ਪੰਜ ਦਰਿਆ ਪੜ੍ਹਦੇ ਹੋ”, ਉਹਨੇ ਪੁੱਛਿਆ।
“ਹਾਂ ਜੀ ਲਗਾਤਾਰ। ਥੋਡੀਆਂ ਕਵਿਤਾਵਾਂ ਵੀ। ਕਲ ਮੋਗੇ ਲਿਖਾਰੀ ਸਭਾ ਦੀ ਮੀਟਿੰਗ ਸੀ। ਥੋਨੂੰ ਵੇਖਣ ਨੂੰ ਜੀਅ ਕੀਤਾ ਤੇ ਅਸੀ ਰਾਤੋ ਰਾਤ ਆ ਗਏ”।
“ਬੜੀ ਹਿੰਮਤ ਕੀਤੀ ਤੁਸੀਂ। ਬਸ ਲਿਖਦੇ ਰਹੋ। ਪੰਜ ਦਰਿਆ ਪੜ੍ਹਦੇ ਰਹੋ ਤੇ ਹੋਰ ਲੋਕਾਂ ਨੂੰ ਵੀ ਕਹੋ ਕਿ ਉਹ ਪੰਜ ਦਰਿਆ ਪੜ੍ਹਨ ਤੇ ਇਹਨੂੰ ਖਰੀਦਣ”। ਇਹ ਕਹਿ ਕੇ ਮੋਹਨ ਸਿੰਘ ਆਪਣੀ ਇਕ ਫਾਈਲ ਫਰੋਲਣ ਲਗ ਪਿਆ।
ਅਸੀਂ ਇਕ ਦੂਜੇ ਵਲ ਵੇਖਿਆ, ਖੜ੍ਹੇ ਹੋਏ ਤੇ ਮੋਹਨ ਸਿੰਘ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਬਾਹਰ ਨਿਕਲ ਆਏ। ਮੋਹਨ ਸਿੰਘ ਸਾਨੂੰ ਬੂਹੇ ਤਕ ਛਡ ਕੇ ਆਪਣੇ ਕਮਰੇ ਵਿਚ ਚਲਾ ਗਿਆ।
ਅਸੀਂ ਚੁੱਪ ਸੀ, ਸ਼ਾਇਦ ਨਹੀਂ ਸੀ। ਜਦੋਂ ਭਰਮ ਟੁਟਦਾ ਹੈ ਉਹਦੇ ਭੁੱਲਣ ਤਕ ਖੜਕਾ ਹੁੰਦਾ ਰਹਿੰਦਾ ਹੈ। ਜਿਸ ਮੋਹਨ ਸਿੰਘ ਨੂੰ ਅਸੀ ਵੇਖਣ ਆਏ ਸੀ, ਉਹ ਜਲੰਧਰ ਨਹੀ ਰਹਿੰਦਾ ਸੀ। ਸਾਡੇ ਅੰਦਰ ਸੀ, ਅਸੀਂ ਹੀ ਬਣਾਇਆ ਸੀ ਉਹਦੀ ਕਵਿਤਾ ਪੜ੍ਹ ਕੇ। ਅੰਦਰਲੀ ਵਸਤ ਨੂੰ ਬਾਹਰੋਂ ਭਾਲਿਆਂ ਏਹੀ ਕੁਝ ਹੁੰਦਾ ਹੋਣਾ ਹੈ।
ਓਦੋਂ ਅਸੀਂ ਸ਼ਹਿਰ ਨਹੀਂ ਵੇਖਿਆ ਸੀ। ਮੋਗੇ ਨੂੰ ਹੀ ਸ਼ਹਿਰ ਕਹਿੰਦੇ ਸੀ ਜਿੱਥੇ ਸੌਦਾ ਲੈਣ ਵਾਲੇ ਦੁਕਾਨਾਂ ਮੂਹਰੇ ਬੋਤੇ ਖੜ੍ਹੇ ਕਰ ਦਿੰਦੇ ਸਨ। ਰੋਟੀ ਖਾਣ ਦੇ ਤੇ ਲੱਸੀ ਪੀਣ ਦੇ ਪੈਸੇ ਲਗਦੇ ਸੀ। ਕਰਮ ਸਿੰਘ ਹਰਨਾਮ ਸਿੰਘ ਦੀ ਦੁਕਾਨ ਤੋਂ ਨਾਨਕ ਸਿੰਘ ਦਾ ਸਤਿਗੁਰ ਮਹਿਮਾ ਗੁਟਕਾ ਤੇ ਕਰਮ ਸਿੰਘ ਗੰਗਾਵਾਲੇ ਦੇ ਬਾਲ ਉਪਦੇਸ਼ ਤੇ ਹੋਰ ਪੋਥੀਆਂ ਮਿਲਦੀਆਂ ਸਨ। ਮਥਰਾ ਦਾਸ ਅੱਖਾਂ ‘ਬਣਾ’ ਕੇ ਹਰੀ ਪੱਟੀ ਬੰਨ੍ਹ ਦਿੰਦਾ ਸੀ।
ਤੇ ਸਾਨੂੰ ਲਗਦਾ ਸੀ ਲੇਖਕ ਵੀ ਜਸਵੰਤ ਸਿੰਘ ਕੰਵਲ ਵਰਗੇ ਹੁੰਦੇ ਸਨ। ਜੀਹਦੇ ਘਰ ਜਦੋਂ ਮਰਜ਼ੀ ਚਲੇ ਜਾਂਦੇ ਸੀ।
ਸੋ ਨਾ ਸਾਨੂੰ ਸ਼ਹਿਰ ਦਾ ਪਤਾ ਸੀ ਨਾ ਪਤਾ ਸੀ ਸ਼ਹਿਰ ਵਿਚ ਲੇਖਕ ਨੂੰ ਕਿਵੇਂ ਰਹਿਣਾ ਪੈਂਦਾ ਹੈ ਕੀ ਸਮਝੌਤੇ ਕਰਨੇ ਪੈਂਦੇ ਹਨ। ਸਾਡਾ ਭੋਲਾਪਣ ਸੀ ਜਾਂ ਅਗਿਆਨ, ਅਸੀਂ ਮੋਹਨ ਸਿੰਘ ਵਿਚੋਂ ਜਸਵੰਤ ਕੰਵਲ ਭਾਲਦੇ ਨਿਰਾਸ ਹੋ ਗਏ।
“ਹੁਣ ਆਪਾਂ ਵਾਪਸ ਚੱਲੀਏ”? ਪ੍ਰੀਤਮ ਨੇ ਕਿਹਾ, ਜਿਵੇਂ ਉਹਨੂੰ ਲਗਦਾ ਹੋਵੇ ਕਿ ਆਪਾਂ ਅਸਲੀ ਮੋਹਨ ਸਿੰਘ ਨੂੰ ਨਹੀਂ ਮਿਲੇ।
“ਜਾਣ ਤੋਂ ਪਹਿਲਾਂ ਜੇ ਆਪਾਂ ਹੀਰਾ ਸਿੰਘ ਦਰਦ ਜੀ ਨੂੰ ਮਿਲ ਚੱਲੀਏ”, ਮੈਂ ਸਲਾਹ ਦਿੱਤੀ”।
“ਚਲੋ”, ਜਰਨੈਲ ਸੇਖਾ ਨੇ ਕਿਹਾ।
ਦਰਦ ਜੀ ਵਿਹੜੇ ਵਿਚ ਮੰਜੀ ਉਤੇ ਬੈਠੇ ਅਖਬਾਰ ਪੜ੍ਹ ਰਹੇ ਸਨ। ਸਾਡੇ ਸਤਿ ਸ੍ਰੀ ਅਕਾਲ ਕਹਿਣ ਤੇ ਉਨ੍ਹਾਂ ਅਖਬਾਰ ਤੋਂ ਸਿਰ ਚੁਕਿਆ।
“ਆਓ ਬਈ ਜੁਆਨੋ, ਆਓ ਬੈਠੋ”, ਉਹ ਮੰਜੀ ਦੇ ਸਿਰਹਾਣੇ ਵਲ ਹੋ ਗਏ।
“ਕਿੱਥੋਂ ਆਉਣਾ ਹੋਇਆ”?
“ਅਸੀਂ ਮੋਗੇ ਤੋਂ ਆਏ ਹਾਂ। ਮੋਹਣ ਸਿੰਘ ਨੂੰ ਮਿਲਣ ਆਏ ਸੀ, ਸੋਚਿਆ ਤੁਹਾਨੂੰ ਵੀ ਮਿਲ ਜਾਈਏ”।
ਜੀਅ ਆਇਆ ਨੂੰ ਕਦੋਂ ਆਏ ਸੀ?
ਰਾਤ ਦੀ ਗੱਡੀ ਆਏ ਸੀ ਅਜ ਸਵੇਰੇ ਹੀ ਉਤਰੇ ਹਾਂ।
“ਮਹਾਂਬੀਰ”, ਉਨ੍ਹਾਂ ਆਪਣੇ ਬੇਟੇ ਨੂੰ ਆਵਾਜ਼ ਦਿੱਤੀ। ਚਾਹ ਬਣਾਈ ਬੇਟਾ। ਪਤੀਲਾ ਪਾਣੀ ਦਾ ਭਰ ਕੇ। ਮਲਵਈ ਆਏ ਹਨ ਗਲਾਸਾਂ ਤੇ ਬਾਟੀਆਂ ਵਿਚ ਚਾਹ ਪੀਣ ਵਾਲੇ।
ਅਸੀਂ ਭੁੱਲ ਗਏ ਕਿ ਅਸੀਂ ਜਲੰਧਰ ਸ਼ਹਿਰ ਵਿਚ ਬੈਠੇ ਸੀ। ਲਗਦਾ ਸੀ ਅਸੀਂ ਆਪਣੇ ਪਿੰਡ ਮੰਜੇ ਤੇ ਬਾਬੇ ਕੋਲ ਬੈਠੇ ਸੀ।
18-01-2019
-
ਨਵਤੇਜ ਭਾਰਤੀ, ਕਵੀ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.