ਖ਼ਬਰ ਹੈ ਕਿ ਨਰੇਂਦਰ ਮੋਦੀ ਬੜੇ ਜ਼ੋਰ ਸ਼ੋਰ ਨਾਲ ਦਾਅਵੇ ਕਰ ਰਹੇ ਹਨ ਕਿ ਉਹ ਕਿਸਾਨਾਂ ਦੇ ਹਿੱਤੂ ਹਨ ਅਤੇ ਉਹਨਾ ਦੀ ਆਮਦਨ ਦੁਗਣੀ ਕਰਨ ਲਈ ਕੰਮ ਕਰ ਰਹੇ ਹਨ। ਉਹ ਇਹ ਵੀ ਕਹਿ ਰਹੇ ਸਨ ਕਿ ਮੋਦੀ ਸਰਕਾਰ ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦੇਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਲਾਰੇ ਲਾਏ ਸਨ। ਲੈਪਟਾਪ ਦੇਣ ਦਾ ਲਾਲੀਪਾਪ ਦਿੱਤਾ ਸੀ। ਕਰਜ਼ੇ ਮੁਆਫ ਕਰਨ ਲਈ ਕਿਸਾਨਾਂ ਨਾਲ ਵੱਡੇ ਵਾਅਦੇ ਕੀਤੇ ਸਨ ਅਤੇ ਇਹ ਸਾਰੀਆਂ ਖ਼ਬਰਾਂ ਅੱਜ ਤੱਕ ਵੀ ਮੀਡੀਆ 'ਚ ਛਾਪੀਆਂ ਜਾ ਰਹੀਆਂ ਹਨ, ਪਰ ਦੇਸ਼ 'ਚ ਮਰ ਰਹੇ ਕਿਸਾਨਾਂ, ਮਜ਼ਦੂਰਾਂ, ਬਲਤਕਾਰਾਂ, ਠੱਗਾਂ, ਨਸ਼ਾ ਤਸਕਰਾਂ ਬਲੈਕ ਮਾਰਕੀਟੀਆਂ ਦੀਆਂ ਖ਼ਬਰਾਂ ਛਾਪਣ ਤੋਂ ਮੀਡੀਆ ਗੁਰੇਜ਼ ਕਰਦਾ ਹੈ।
ਝੂਠ ਮੇਰੇ ਤੋਂ ਕਿਹਾ ਨਹੀਂ ਜਾਂਦਾ, ਤੇ ਸੱਚ ਲਿਖਣ ਦੀ ਤਾਕਤ ਤਾਂ ਭਾਈ ਜਿਗਰੇ ਵਾਲਿਆਂ ਕੋਲ ਆ, ਜਿਹੜੇ ਨੰਗੇ ਧੜ ਲੜਦੇ ਆ। ਇਹੋ ਜਿਹਾ ਨੰਗੇ ਧੜ ਲੜਨ ਵਾਲੇ ਕਿੰਨੇ ਕੁ ਆ ਭਾਈ?
ਮੰਤਰੀ ਕੋਈ ਗੱਲ ਆਂਹਦਾ ਆ, ਤਾਂ ਮੀਡੀਆ ਉਹ ਗੱਲ ਸੱਤ ਅਸਮਾਨੀਂ ਪਹੁੰਚਾ ਦਿੰਦਾ ਆ। ਨੇਤਾ ਕੋਈ ਗੱਲ ਆਂਹਦਾ ਆ, ਤਾਂ ਮੀਡੀਆ ਉਹ ਗੱਲ ਵਾਰ-ਵਾਰ ਟੀ.ਵੀ, ਰੇਡੀਓ, ਫੇਸਬੁੱਕ, ਵਰਡਜ਼ ਐਪ ਅਤੇ ਪਤਾ ਨਹੀਂ ਹੋਰ ਕਿਹੜੇ ਕਿਹੜੇ ਸਾਧਨਾਂ ਰਾਹੀ ਲੋਕਾਂ ਨੂੰ ਸੁਣਾਈ ਜਾਂਦਾ ਆ, ਜਿਵੇਂ ਲੋਕ ਬੋਲੇ ਹੋਣ, ਜਿਵੇਂ ਲੋਕ ਅਨਪੜ੍ਹ ਹੋਣ, ਜਿਵੇਂ ਲੋਕ-ਲਾਈ ਲੱਗ ਹੋਣ।ਸਰਕਾਰ ਕੋਈ ਗੱਲ ਆਂਹਦੀ ਆ ਕਿ ਵੇਖੋ ਦੇਸ਼ ਦਾ ਵਿਕਾਸ ਹੋ ਗਿਆ। ਵੇਖੋ ਦੇਸ਼ ਤਰੱਕੀ ਕਰ ਗਿਆ। ਵੇਖੋ ਦੇਸ਼ ਦੁਨੀਆਂ ਦੀ ਮੂਹਰਲੀ ਕਤਾਰ 'ਚ ਖੜ ਗਿਆ। ਤਾਂ ਮੀਡੀਆ ਵਾਲੇ ਧੁਤੂ ਫੜ, ਰੌਲਾ ਪਾਉਣ ਲੱਗ ਪੈਂਦੇ ਆ ਤੇ ਵੇਖਦੇ ਹੀ ਨਹੀਂ ਕਿ ਲੱਛੂ ਬਾਬੇ ਦਾ ਢਿੱਡ ਤਾਂ ਰਾਤੀਂ ਭਰਿਆ ਹੀ ਨਹੀਂ, ਦੇਸ਼ ਤਰੱਕੀ ਕਿਵੇਂ ਕਰ ਗਿਆ? ਮਾਈ ਭਾਨੀ ਦੀਆਂ ਚੁੰਨੀਆਂ ਅੱਖਾਂ ਨੂੰ ਐਨਕ ਤਾਂ ਕਿਸੇ ਲਾਈ ਨਹੀਂ, ਦੇਸ਼ ਤਰੱਕੀ ਕਿਵੇਂ ਕਰ ਗਿਆ? ਕੇਹਰੂ ਚਾਚੇ ਦੇ ਨਿਆਣੇ ਤਾਂ ਦੋ ਜਮਾਤਾਂ ਵੀ ਨਹੀਂ ਪੜ੍ਹੇ, ਬੱਕਰੀਆਂ ਚਾਰਨ ਲੱਗ ਪਏ ਆ, ਦੇਸ਼ ਤਰੱਕੀ ਕਿਵੇਂ ਕਰ ਗਿਆ ਪਰ ਭਾਈ ਸਭ ਪੈਸੇ ਦਾ ਖੇਲ ਆ। ਨਿਊਜ਼ ਚੈਨਲ ਸਰਕਾਰ ਦੀ ਜੇਬ ਵਿੱਚ ਹਨ, ਉਹ ਤਾਂ ਉਹੀ ਕੁਝ ਸੁਣਾਉਣਗੇ ਜੋ ਸਰਕਾਰ ਆਖੂ! ਉਹ ਤਾਂ ਉਹੀ ਕੁਝ ਲੋਕਾਂ ਨੂੰ ਪਰੋਸਣਗੇ ਜੋ ਸਰਕਾਰ ਆਖੂ! ਉਹ ਤਾਂ ਉਹੀ ਢੋਲ ਪਿੱਟਣਗੇ, ਜਿਹੜੇ ਉਹਦੇ ਗ਼ਲ ਪਾਇਆ ਹੋਊ ਤਦੇ ਤਾਂ ਕਹਿੰਦੇ ਆ। "ਵਿਕਿਆ ਮੀਡੀਆ ਖ਼ਬਰਾਂ ਪਰੋਸਦਾ ਉਹ, ਨਿਊਜ਼ ਰੀਡਰ ਉਹ ਮੁੜ ਮੁੜ ਪੜ੍ਹਨ ਖ਼ਬਰਾਂ।"
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਇਕਨੋਮਿਸਟ ਇੰਟੈਲੀਜੈਂਸ ਯੂਨਿਟਸ ਡੈਮੋਕ੍ਰੇਸੀ ਇੰਡੈਕਸ 2018 ਦੇ ਮਤਾਬਿਕ ਯੂਰਪੀ ਦੇਸ਼ ਨਾਰਵੇ ਦੁਨੀਆ ਦਾ ਸਭ ਤੋਂ ਬੇਹਤਰੀਨ ਲੋਕਤੰਤਰ ਹੈ। ਇਸ ਸੂਚੀ ਵਿੱਚ ਅਮਰੀਕਾ ਦਾ 25ਵਾਂ ਅਤੇ ਭਾਰਤ ਦਾ 41ਵਾਂ ਸਥਾਨ ਹੈ।
ਇੱਕ ਵਿਚਾਰ
ਕਲਾ, ਆਜ਼ਾਦੀ ਅਤੇ ਰਚਨਾਤਮਕਤਾ ਸਿਆਸਤ ਦੇ ਮੁਕਾਬਲੇ 'ਚ ਸਮਾਜ ਨੂੰ ਤੇਜ਼ੀ ਨਾਲ ਬਦਲੇਗੀ।..........ਵਿਕਟਰ ਪਿੰਚੁਕ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.