ਖ਼ਬਰ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਰਤ 'ਭੁੱਖ' ਵਰਗੀ ਵੱਡੀ ਚਣੌਤੀ ਦਾ ਸਾਹਮਣਾ ਕਰ ਰਿਹਾ ਹੈ। ਉਹਨਾ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਭਾਰਤ ਵਿੱਚ ਅਸਹਿਣਸ਼ੀਲਤਾ ਅਤੇ ਗੁੱਸਾ ਵਧਿਆ ਹੈ ਅਤੇ ਇਹ ਸੱਤਾ ਵਿੱਚ ਬੈਠੇ ਲੋਕਾਂ ਦੀ ਮਾਨਸਿਕਤਾ ਦੀ ਉਪਜ ਹੈ। ਉਧਰ ਮਾਇਆਵਤੀ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਐਲਾਨੀ ਐਮਰਜੈਂਸੀ ਸੀ ਹੁਣ ਤਾਂ ਦੇਸ਼ ਵਿੱਚ ਅਣਐਲਾਨੀ ਐਮਰਜੈਂਸੀ ਹੈ। ਯੂ.ਪੀ. ਦੇ ਸਾਬਕਾ ਮੁੱਖਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਮੋਦੀ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋ ਚੁੱਕੀ ਹੈ ਅਤੇ ਭਾਜਪਾ ਨੇ ਮਾੜੇ ਕੰਮ ਕਰਨ ਵਾਲਿਆਂ ਤੇ ਕਾਰਵਾਈ ਕਰਨ ਦੀ ਥਾਂ ਉਹਨਾ ਨੂੰ ਮੰਤਰੀ ਬਣਾਕੇ ਇਨਾਮ ਦੇ ਦਿੱਤਾ ਹੈ।
ਕੀ ਫਰਕ ਪੈਂਦਾ ਭਾਈ, ਲੋਕ ਭੁੱਖ ਝੱਲਣ ਜਾਂ ਦੁੱਖ ਝੱਲਣ। ਜਦੋਂ ਬਿੱਲਾ ਦੁੱਧ ਦੀ ਰਾਖੀ ਬੈਠਾ ਹੋਵੇ, ਤਾਂ ਚਾਟੀ ਵਿਚੋਂ ਮੱਖਣ ਕਿੱਥੋਂ ਨਿਕਲੂ? ਜਦੋਂ ਵਾੜ ਹੀ ਖੇਤ ਨੂੰ ਖਾ ਰਹੀ ਹੋਊ ਤਾਂ ਖੇਤ ਵਿਚੋਂ ਹਦਵਾਣੇ, ਖਰਬੂਜਿਆਂ ਦੀ ਆਸ ਕਿਸਨੂੰ ਰਹੂ, ਰਾਤੋ ਰਾਤ ਗਿੱਦੜ ਹਜ਼ਮ ਕਰ ਜਾਂਦੇ ਆ। ਰਾਹੁਲ ਹੋਵੇ ਜਾਂ ਮੋਦੀ! ਸੋਨੀਆ ਹੋਵੇ ਜਾਂ ਸ਼ਾਹ! ਮਾਇਆ ਹੋਵੇ ਜਾਂ ਮਮਤਾ! ਅੰਬਾਨੀ ਹੋਵੇ ਜਾਂ ਅੰਡਾਨੀ! ਜਾਂ ਫਿਰ ਆਰ ਐਸ ਐਸ ਹੋਵੇ ਜਾਂ ਮੁਸਲਿਮ ਲੀਗ! ਸੱਭੋ, ਭਾਈ, ਆਪੋ ਆਪਣੀਆਂ ਰੋਟੀਆਂ ਸੇਕਦੇ ਆ।
ਲੋਕ ਬਿਨ੍ਹਾਂ ਛੱਤੋਂ ਸੜਕਾਂ ਤੇ ਸੌਂਦੇ ਆ, ਬਿਨ੍ਹਾਂ ਕੱਪੜਿਉਂ ਜੀਵਨ ਬਸਰ ਕਰਦੇ ਆ, ਇਸਦਾ ਰਾਹੁਲ ਜਾਂ ਮੋਦੀ ਨਾਲ ਕੀ ਵਾਹ-ਵਸਤਾ? ਲੋਕਾਂ ਨੂੰ ਭ੍ਰਿਸ਼ਟਾਚਾਰ ਨੇ ਮਾਰਿਆ ਹੈ ਜਾਂ ਮਹਿੰਗਾਈ ਨੇ, ਲੋਕਾਂ ਨੂੰ ਭੁੱਖ ਨੰਗ, ਗਰੀਬੀ ਨੇ ਮਧੋਲਿਆ ਹੈ ਜਾਂ ਨਸ਼ੇ ਨੇ, ਮੋਦੀ ਨੂੰ ਕੀ ਜਾਂ ਪੱਪੂ ਰਾਹੁਲ ਕੀ ਜਾਣੇ? ਲੋਕਾਂ ਦੇ ਬੱਚਿਆਂ ਲਈ ੳ ਅ ੲ ਪੜ੍ਹਨ ਲਈ ਸਕੂਲ ਨਹੀਂ, ਜਾਂ ਧੀਆਂ ਪੁੱਤ ਜੰਮਣ ਲਈ ਹਸਪਤਾਲ ਨਹੀਂ ਤਾਂ ਮੋਦੀ ਕੀ ਕਰੇ? ਰਾਹੁਲ ਨੂੰ ਇਸ ਬਾਰੇ ਫਿਕਰ ਕਰਨ ਦੀ ਕੀ ਲੋੜ! ਤੱਪੜ ਵਾਲੇ ਸਕੂਲ 'ਚ ਕਾਕਾ ਪੜ੍ਹਦਾ ਆ, ਪਿੰਡ ਦੀ ਮਾਲਾਂ ਜਾਂ ਜੀਣੀ ਪ੍ਰਸੂਤੀ ਪੀੜਾਂ ਸਹਿੰਦੀ ਜੁਆਨ ਧੀ ਦੀ ਕੁਖੋਂ ਮਰੀ ਹੋਈ ਕੁੜੀ ਪੈਦਾ ਕਰਵਾ ਦਿੰਦੀ ਆ, ਤਾਂ ਮੋਦੀ ਜਾਂ ਰਾਹੁਲ ਨੂੰ ਕੀ ਪਤਾ, ਦੋਵੇਂ ਛੜੇ ਨੇ, ਜੁਆਨਾਂ ਦਾ ਦਰਦ ਉਹ ਕੀ ਜਾਨਣ? ਤਦੇ ਤਾਂ ਭਾਈ ਬੇਦਰਦ ਸਰਕਾਰਾਂ ਫੇਲ੍ਹ ਹੋ ਰਹੀਆਂ ਨੇ, ਲੋਕ ਮਾਰੇ ਮਾਰੇ ਫਿਰ ਰਹੇ ਆ ਤੇ ਆਪਣੀ ਹਾਲਾਤ ਤੇ ਝੂਰੀ ਜਾਂਦੇ ਆ, ਤੇ ਕਵੀ ਲੋਕਾਂ ਨੂੰ ਢਾਰਸ ਦਿੰਦਾ ਕੁਝ ਇੰਝ ਬਿਆਨ ਕਰਦਾ ਆ, "ਹੋਇਆ ਫੇਲ੍ਹ ਕਾਕਾ, ਕਾਹਨੂੰ ਝੂਰਦਾ ਏਂ, ਏਥੇ ਕਵੀਆ ਫੇਲ੍ਹ ਸਰਕਾਰ ਹੋਈ"।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.