ਕਿਲ੍ਹਾ ਰਾਏਪੁਰ ਖੇਡਾਂ ਦਾ ਸਭ ਤੋਂ ਲੰਮਾ ਸਮਾਂ ਸੈਕਟਰੀ ਪਰਮਜੀਤ ਸਿੰਘ ਗਰੇਵਾਲ (ਪੰਮੀ)ਸੈਕਰਾਮੈਂਟੋ( ਅਮਰੀਕਾ) ਵੱਸਦੈ ਪਰ ਰੂਹ ਖੇਡਾਂ ਚ ਵੱਸਦੀ ਹੈ।
ਰਾਤੀਂਆਪਣੇ ਇਕਲੌਤੇ ਪੁੱਤਰ ਦੇ ਵਿਆਹ ਦਾ ਕਾਰਡ ਦੇਣ ਆਇਆ ਤਾਂ ਵਿਆਹ ਨਾਲੋਂ ਵੱਧ ਉਸ ਨੇ ਖੇਡਾਂ ਦਾ ਸੱਦਾ ਦਿੱਤਾ।
ਕਹਿਣ ਲੱਗਾ ਪਹਿਲੀ ਫਰਵਰੀ ਤੋਂ ਖੇਡਾਂ ਸ਼ੁਰੂ ਹੋਣਗੀਆਂ। ਸ਼ਮਸ਼ੇਰ ਵੀ ਆਊ, ਤੂੰ ਵੀ ਸਾਰੇ ਦਿਨ ਆਵੀਂ, ਫਿਰ ਪੁਰਾਣੇ ਦਿਨ ਚੇਤੇ ਕਰਾਂਗੇ।
ਅਜੇ ਕੱਲ੍ਹ ਦੀ ਗੱਲ ਜਾਪਦੀ ਹੈ ਜਦ ਪੰਮੀ ਨੂੰ ਬੜੂੰਦੀ(ਲੁਧਿਆਣਾ) ਵਿਆਹੁਣ ਗਏ ਸਾਂ। ਕਿਲ੍ਹਾਰਾਏਪੁਰ ਦੇ ਸ਼ੌਕੀਨ ਮੁੰਡਿਆਂ ਦੀ ਓਪਨ ਜੀਪ ਉਲਟ ਗਈ ਸੀ ਮੋੜ ਤੇ। ਕਿੰਨੇ ਇਕਲੌਤੇ ਪੁੱਤਰ ਸਨ ਇਸ ਜੀਪ ਚ।
ਰਿੱਚੀ, ਮੀਤੇ ਵਰਗੇ। ਸ਼ੁਕਰ ਹੈ ਸਭ ਦਾ ਸੱਟ ਪੇਟੋਂ ਬਚਾਅ ਹੋ ਗਿਆ। ਮਗਰੋਂ ਹੁਣ ਤੀਕ ਇਸ ਘਟਨਾ ਨੂੰ ਚੇਤੇ ਕਰੀ ਜਾਂਦੇ ਹਾਂ। ਪਰ ਹੁਣ ਤਾਂ ਉਸੇ ਪਰਮਜੀਤ ਦੇ ਪੁੱਤਰ ਦਾ 25 ਜਨਵਰੀ ਨੂੰ ਵਿਆਹ ਹੈ।
ਪਰਮਜੀਤ ਤੇ ਸ਼ਮਸ਼ੇਰ ਸਿੰਘ ਸੰਧੂ ਮੇਰੇ ਤੋਂ ਇੱਕ ਸਾਲ ਅੱਗੇ ਪੜ੍ਹਦੇ ਸਨ ਗੌਰਮਿੰਟ ਕਾਲਿਜ ਲੁਧਿਆਣਾ ਚ।
ਇਹ ਗੱਲ 1974 ਦੀ ਹੈ।
1933 ਚ ਸ਼ੁਰੂ ਹੋਈਆਂ ਕਿਲ੍ਹਾ ਰਾਏਪੁਰ ਖੇਡਾਂ ਨੂੰ ਉਦੋਂ ਪਹਿਲੀ ਪੀੜ੍ਹੀ ਤੋਂ ਅਗਲੀ ਪੀੜ੍ਹੀ ਕਰਵਾਉਂਦੀ ਸੀ। ਸ: ਜੋਗਿੰਦਰ ਸਿੰਘ ਪੀ ਟੀ, ਸ: ਤਾਰਾ ਸਿੰਘ, ਸ: ਬਖਸ਼ੀਸ਼ ਸਿੰਘ, ਸ: ਹਰਭਜਨ ਸਿੰਘ ਕੋਚ,ਸ:ਸਿਕੰਦਰ ਸਿੰਘ ਮੁੱਖ ਨਾਮ ਚੇਤੇ ਰਹਿ ਗਏ ਨੇ।
ਸ: ਦਲੀਪ ਸਿੰਘ, ਸ: ਹਰਚੰਦ ਸਿੰਘ, ਸ: ਸ਼ਿਵਦਿੱਤ ਸਿੰਘ ਪਹਿਲਾ ਪੂਰ ਸੀ।
ਉਨ੍ਹਾਂ ਦੇ ਪੁੱਤਰਾਂ ਚੋਂ ਹੀ ਭਗਵਿੰਦਰ ਸਿੰਘ, ਦਲਜੀਤ ਸਿੰਘ, ਸੁਰਜੀਤ ਸਿੰਘ, ਪਰਮਜੀਤ ਸਿੰਘ ਤੇ ਕਿੰਨੇ ਹੋਰ ਨੌਜਵਾਨ ਅੱਗੇ ਆਏ।
ਧੜੇਬੰਦੀ ਦੀ ਨਜ਼ਰ ਲੱਗੀ ਤਾਂ ਇੱਕ ਦੋ ਵਾਰ ਖੇਡਾਂ ਦੋ ਵਾਰੀ ਵੀ ਹੋਈਆਂ।
ਇੱਕ ਵਾਰ ਰੁਕੀਆਂ ਤਾਂ ਸ: ਬੇਅੰਤ ਸਿੰਘ ਤੇ ਸ: ਜਗਦੇਵ ਸਿੰਘ ਜੱਸੋਵਾਲ ਨੇ ਸਰਕਾਰੀ ਤੰਤਰ ਦੀ ਮਦਦ ਨਾਲ ਰੇੜ੍ਹੇ ਪਾਈਆਂ।
ਪਰਮਜੀਤ ਸਿੰਘ ਗਰੇਵਾਲ ਖੇਡਾਂ ਦਾ ਸੈਕਟਰੀ ਬਣਿਆ ਤਾਂ ਨਵਾਂ ਖ਼ੂਨ ਨਾਲ ਜੁੜਿਆ। ਸ਼ਮਸ਼ੇਰ ਤੇ ਮੇਰੇ ਵਰਗੇ ਵੀ ਮੀਡੀਆ ਯੋਜਨਾਕਾਰੀ ਤੇ ਸਭਿਆਚਾਰਕ ਪ੍ਰੋਗਰਾਮ ਪੇਸ਼ਕਾਰੀ ਚ ਹੱਥ ਵਟਾਉਣ ਲੱਗੇ।
ਇੱਕ ਵਾਰ ਮੈਂ ਸੁਰਜੀਤ ਬਿੰਦਰਖੀਏ ਨੂੰ ਖੇਡਾਂ ਤੇ ਬੁਲਾ ਲਿਆ। ਉਸ ਦੀ ਬੁਲੰਦ ਆਵਾਜ਼ ਦਾ ਮੈਂ ਕਾਇਲ ਸਾਂ 1981-82 ਤੋਂ। ਗਾ ਕੇ ਤੁਰਨ ਲੱਗਾ ਤਾਂ ਮੈਂ ਪਰਮਜੀਤ ਨੂੰ ਕਿਹਾ ਇਸ ਨੂੰ ਖ਼ਰਚ ਪੱਠਾ ਦੇ ਦੇ। ਉਹ ਗੱਲ ਹੀ ਨਾ ਸੁਣੇ।
ਮੈਂ ਬਿੰਦਰਖੀਏ ਨੂੰ ਪੁੱਛਿਆ ਤਾਂ ਉਸ ਸਿਰਫ਼ ਪੰਜ ਸੌ ਰੁਪਏ ਮੰਗੇ ਜਿਸ ਚੋਂ 200 ਰੁਪਏ ਢੋਲਕੀ ਮਾਸਟਰ ਦੇ ਸਨ। ਬਾਕੀ ਕਿਰਾਇਆ ਭਾੜਾ ਸੀ। ਆਪਣੇ ਲਈ ਉਸ ਕੁਝ ਨਾ ਮੰਗਿਆ।
ਪਰਮਜੀਤ(ਪੰਮੀ) ਓਨੇ ਪੈਸੇ ਦੇਣ ਤੋਂ ਵੀ ਟਾਲਾ ਵੱਟ ਰਿਹਾ ਸੀ।
ਅਗਲੇ ਹੀ ਸਾਲ ਉਹ ਸਟਾਰ ਬਣ ਗਿਆ ਤਾਂ ਇਸੇ ਪਰਮਜੀਤ ਨੇ ਸ਼ਮਸ਼ੇਰ ਦੀ ਸਿਫ਼ਾਰਿਸ਼ ਤੇ ਦਸ ਹਜ਼ਾਰ ਦੇ ਕੇ ਬੁਲਾਇਆ। ਉਦੋਂ ਉਹ ਲੋਕਾਂ ਤੋਂ ਪੱਚੀ ਹਜ਼ਾਰ ਲੈਣ ਲੱਗ ਪਿਆ ਸੀ।
ਬੰਦੇ ਤੁਰ ਜਾਂਦੇ ਨੇ, ਗੱਲਾਂ ਰਹਿ ਜਾਂਦੀਆਂ ਨੇ।
ਜੇਜੀ ਬੈਂਸ ਨੂੰ ਵੀ ਕਿਲ੍ਹਾ ਰਾਏਪੁਰ ਖੇਡਾਂ ਤੇ ਪਹਿਲੀ ਵਾਰ ਸ਼ਮਸ਼ੇਰ ਹੀ ਮੇਰੇ ਕਹਿਣ ਤੇ ਲੈ ਕੇ ਆਇਆ ਸੀ।
ਉਸ ਦਾ ਕੈਸਿਟ ਘੁੱਗੀਆਂ ਦਾ ਜੋੜਾ ਇੰਦਰਜੀਤ ਬੈਂਸ ਨੇ ਪੇਸ਼ ਕੀਤਾ ਸੀ। ਸੁਖ਼ਸ਼ਿੰਦਰ ਸ਼ਿੰਦਾ ਨਾਲ ਸ਼ਮਸ਼ੇਰ ਦੇ ਘਰ ਹੀ ਪਹਿਲੀ ਵਾਰ ਇੰਦਰਜੀਤ ਬੈਂਸ ਤੇ ਜੇਜੀ ਬੈਂਸ ਮਿਲੇ ਸਨ ਮੈਨੂੰ। ਉਥੇ ਹੀ ਕਿਲ੍ਹਾਰਾਏਪੁਰ ਖੇਡਾਂ ਤੇ ਆਉਣ ਦੀ ਤਿੰਨਾਂ ਨੂੰ ਦਾਅਵਤ ਦਿੱਤੀ ਸੀ।
ਜੇਜੀ ਬੈਂਸ ਦੀ ਸ਼ਕਲ ਸੂਰਤ ਹੁਣ ਵਰਗੀ ਨਹੀਂ ਸੀ।
ਸਾਰੇ ਪਾਿਸਓਂ ਕੱਟੇ ਵਾਲਾਂ ਵਿਚਕਾਰ ਇੱਕ ਕਰੇਲਾ ਨੁਮਾ ਗੁੱਤ ਜਹੀ ਗੁੰਦੀ ਹੁੰਦੀ ਸੀ। ਵੇਖਣ ਵਾਲਿਆਂ ਤੇ ਵਲੈਤੀ ਅਸਰ ਪੈਂਦਾ ਹੋਣ ਕਰਕੇ ਪੰਮੀ ਸਿਰ ਫੇਰੀ ਜਾਵੇ, ਅਖੇ ਸ਼ਾਮ ਦਾ ਅਖਾੜਾ ਜੰਮਿਆ ਪਿਆ ਹੈ, ਉੱਖੜ ਨਾ ਜਾਵੇ।
ਮੈਂ ਸੁਰਜੀਤ ਸਿੰਘ ਗਰੇਵਾਲ ਨੂੰ ਕਿਹਾ ਕਿ ਮਹਿਮਾਨ ਗਾਇਕ ਬਾਹਰੋਂ ਆਇਆ ਹੈ, ਇੱਕ ਗੀਤ ਤਾਂ ਸੁਣ ਲਵੋ। ਉਸ ਪੰਮੀ ਨੂੰ ਸਮਝਾਇਆ ਤੇ ਗੀਤ ਗੰਵਾਇਆ।
ਬੁਲੰਦ ਆਵਾਜ਼ ਸਿਰ ਚੜ੍ਹ ਬੋਲੀ।
ਇੱਕ ਹੋਰ ਇੱਕ ਹੋਰ ਕਹਿ ਕੇ ਸਰੋਤਿਆਂ ਚਾਰ ਗੀਤ ਸੁਣੇ।
ਮਗਰੋਂ ਕਾਰਪੋਰੇਟ ਘਰਾਣਿਆਂ ਦੇ ਦਖ਼ਲ ਨੇ ਖੇਡਾਂ ਲਈ ਪੈਸਾ ਤਾਂ ਬਹੁਤ ਲਾਇਆ ਪਰ ਲੋਕ ਦੂਰ ਕਰ ਦਿੱਤੇ।
ਪਰਚੀ ਤੇ ਉਗਰਾਹੀ ਦੇਣ ਵਾਲੇ ਹਟਵੇਂ ਬਹਿਣ ਲੱਗੇ। ਅਜਬ ਬੇਗਾਨਗੀ ਨੇ ਸਾਡਾ ਮਨ ਵੀ ਖੱਟਾ ਕੀਤਾ।
ਲੱਗਦਾ ਸੀ, ਸ਼ੁਭ ਭਾਵਨਾ ਨੂੰ ਨਜ਼ਰਾਂ ਲੱਗ ਗਈਆਂ।
ਨਵੇਂ ਖ਼ੂਨ ਨੇ ਫਿਰ ਡੋਲਦੀ ਕਿਸ਼ਤੀ ਸੰਭਾਲੀ ਹੈ। ਪਹਿਲੇ ਦਿਨੋਂ ਹੀ ਇਨ੍ਹਾਂ ਖੇਡਾਂ ਤੇ ਮੁੱਖ ਮੰਤਰੀ, ਗਵਰਨਰ, ਮੰਤਰੀ ਤੇ ਹੋਰ ਉੱਚ ਅਧਿਕਾਰੀ ਆਉਂਦੇ ਰਹੇ ਨੇ।
ਡਿਪਟੀ ਕਮਿਸ਼ਨਰ ਲੁਧਿਆਣਾ ਹੁੰਦਿਆਂ ਸਾਡੇ ਮਿੱਤਰ ਸ: ਸਰਵਣ ਸਿੰਘ ਚੰਨੀ ਨੇ ਪੂਰੀ ਸਰਪ੍ਰਸਤੀ ਦਿੱਤੀ।
ਸ੍ਵ:ਅਮਰਜੀਤ ਗਰੇਵਾਲ (ਗੁੱਜਰਵਾਲ)
ਨੇ ਦੂਰਦਰਸ਼ਨ ਤੇ ਘੰਟੇ ਘੰਟੇ ਦੀਆਂ ਰੀਪੋਰਟਾਂ ਪੇਸ਼ ਕੀਤੀਆਂ।
ਗੱਲ ਲੰਮੀ ਨਾ ਹੋ ਜਾਵੇ ਪਰਮਜੀਤ ਜਦ ਅਮਰੀਕਾ ਚ ਵੀ ਹੁੰਦਾ ਹੈ ਤਾਂ ਮਨ ਚਿੱਚ ਚ ਯੋਜਨਾਵਾਂ ਖੇਡਾਂ ਦੀਆਂ ਹੀ ਚੱਲਦੀਆਂ ਨੇ।
ਪਿਛਲੇ ਸਾਲ ਅਮਰੀਕਾ ਚੋਂ ਅੱਧੀ ਰਾਤੀਂ ਬੋਲਿਆ,
ਛੋਟੇ ਭਾਈ
ਖੂਹ ਪੁੱਟ ਭਾਵੇਂ ਖਾਤਾ ਪੁੱਟ
ਨਵਜੋਤ ਸਿੰਘ ਸਿੱਧੂ ਖੇਡਾਂ ਤੇ ਆਉਣਾ ਚਾਹੀਦੈ। ਨਵੇਂ ਮੁੰਡੇ ਨੇ ਪ੍ਰਬੰਧਕ। ਮਦਦ ਕਰ।
ਐਤਕੀਂ ਉਹ ਆਸਵੰਦ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਡਾਂ ਤੇ ਆਉਣਗੇ। ਬੈਲ ਗੱਡੀਆਂ ਭਜਾਉਣ ਤੇ ਲੱਗੀ ਪਾਬੰਦੀ ਵੀ ਹਟਵਾਉਣਗੇ। ਇਹ ਵਿਸ਼ਵਾਸ ਐੱਨ ਆਰ ਆਈ ਭਾਈਚਾਰੇ ਵੱਲੋਂ ਫੱਲੇਵਾਲੀਏ ਵੀਰ ਗੈਰੀ ਗਰੇਵਾਲ ਨੇ ਦਿਵਾਇਐ।
ਮੇਰੀ ਵੀ ਕਾਮਨਾ ਹੈ ਕਿ ਪਰਮਜੀਤ ਤੇ ਸਾਥੀਆਂ ਦੀ ਰੀਝ ਨੂੰ ਫ਼ਲ ਪਵੇ।
ਗੁਰਭਜਨ ਗਿੱਲ
10.1. 2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.